DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੀਐੱਮ ਕੇਅਰਜ਼ ਦਾ ਆਡਿਟ

ਪ੍ਰਧਾਨ ਮੰਤਰੀ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ ਇਨ ਐਮਰਜੈਂਸੀ ਸਿਚੂਏਸ਼ਨ ਯਾਨੀ ਪੀਐੱਮ ਕੇਅਰਜ਼ ਫੰਡ ਦੇ ਸਾਲ 2023-24 ਅਤੇ 2024-25 ਦੇ ਆਡਿਟ ਕੀਤੇ ਵਿੱਤੀ ਅੰਕੜੇ ਆਖ਼ਰਕਾਰ ਸਾਹਮਣੇ ਆ ਗਏ ਹਨ। ਸਾਲ 2024-25 ਦੌਰਾਨ ਸਿਰਫ਼ 87.85 ਲੱਖ ਰੁਪਏ ਹੀ ਖ਼ਰਚ ਕੀਤੇ ਗਏ, ਜੋ...

  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ ਇਨ ਐਮਰਜੈਂਸੀ ਸਿਚੂਏਸ਼ਨ ਯਾਨੀ ਪੀਐੱਮ ਕੇਅਰਜ਼ ਫੰਡ ਦੇ ਸਾਲ 2023-24 ਅਤੇ 2024-25 ਦੇ ਆਡਿਟ ਕੀਤੇ ਵਿੱਤੀ ਅੰਕੜੇ ਆਖ਼ਰਕਾਰ ਸਾਹਮਣੇ ਆ ਗਏ ਹਨ। ਸਾਲ 2024-25 ਦੌਰਾਨ ਸਿਰਫ਼ 87.85 ਲੱਖ ਰੁਪਏ ਹੀ ਖ਼ਰਚ ਕੀਤੇ ਗਏ, ਜੋ ਪਿੱਛੇ ਬਚੀ ਕੁੱਲ ਰਕਮ ਦਾ ਸਿਰਫ਼ 0.01 ਫ਼ੀਸਦੀ ਹਿੱਸਾ ਹੈ ਅਤੇ ਪਿਛਲੇ ਸਾਲ ਖ਼ਰਚ ਹੋਏ 15.6 ਕਰੋੜ ਰੁਪਏ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਨਾਲ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਅਜਿਹੇ ਰਾਹਤ ਫੰਡ ਦਾ ਕੀ ਫ਼ਾਇਦਾ ਜੇਕਰ ਇਸ ਦਾ ਵੱਡਾ ਹਿੱਸਾ ਅਣਵਰਤਿਆ ਹੀ ਪਿਆ ਰਹੇ? ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੀਐੱਮ ਕੇਅਰਜ਼ ਫੰਡ ਵਿੱਚ ਦੇਸ਼ ਅੰਦਰੋਂ ਮਿਲਦਾ ਦਾਨ ਲਗਪਗ 30 ਫ਼ੀਸਦੀ ਘਟ ਕੇ ਲਗਪਗ 479 ਕਰੋੜ ਰੁਪਏ ਰਹਿ ਗਿਆ ਹੈ ਜਦੋਂਕਿ ਵਿਦੇਸ਼ੀ ਯੋਗਦਾਨ ਵੀ 18 ਫ਼ੀਸਦੀ ਘਟ ਕੇ 92.8 ਲੱਖ ਰੁਪਏ ’ਤੇ ਆ ਗਿਆ ਹੈ।

ਇਸ ਦੇ ਬਾਵਜੂਦ ਵਿਆਜ ਆਦਿ ਜ਼ਰੀਏ ਜਮ੍ਹਾਂ ਹੋਈ ਰਾਸ਼ੀ ਕਾਰਨ 31 ਮਾਰਚ 2025 ਤੱਕ ਇਸ ਫੰਡ ਦਾ ਕੁੱਲ ਪੂੰਜੀ ਆਧਾਰ (ਕਾਰਪਸ) 7,173 ਕਰੋੜ ਰੁਪਏ ਤੋਂ ਵਧ ਕੇ 8,452 ਕਰੋੜ ਰੁਪਏ ਹੋ ਗਿਆ। ਕਿਸੇ ਵੀ ਅਚਾਨਕ ਆਉਣ ਵਾਲੀ ਆਫ਼ਤ ਲਈ ਪੈਸਾ ਰਾਖਵਾਂ ਰੱਖਣਾ ਆਪਣੇ ਆਪ ਵਿੱਚ ਕੋਈ ਗ਼ਲਤ ਗੱਲ ਨਹੀਂ ਹੈ। ਦਰਅਸਲ, ਕਰੋਨਾ ਵਾਇਰਸ ਦੇ ਸੰਕਟ ਦੌਰਾਨ ਕਾਇਮ ਕੀਤੇ ਗਏ ਇਸ ਫੰਡ ਦੀ ਸਮਰੱਥਾ ਅਜਿਹੀ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਬਿਪਤਾ ਸਮੇਂ ਤੇਜ਼ੀ ਨਾਲ ਮਦਦ ਕੀਤੀ ਜਾ ਸਕੇ। ਆਕਸੀਜਨ ਪਲਾਂਟਾਂ, ਵੈਂਟੀਲੇਟਰਾਂ ਅਤੇ ਐਮਰਜੈਂਸੀ ਸਿਹਤ ਸੰਭਾਲ ’ਤੇ ਇਸ ਰਾਹੀਂ ਪਹਿਲਾਂ ਕੀਤਾ ਗਿਆ ਖ਼ਰਚ ਇਸ ਗੱਲ ਦਾ ਸਬੂਤ ਹੈ ਕਿ ਆਮ ਬਜਟ ਪ੍ਰਕਿਰਿਆ ਤੋਂ ਬਾਹਰ ਵੀ ਸਰੋਤਾਂ ਦਾ ਉਪਲਬਧ ਹੋਣਾ ਕਿੰਨਾ ਜ਼ਰੂਰੀ ਹੈ।

Advertisement

ਸਾਲ 2024-25 ਦੌਰਾਨ ਫੰਡਾਂ ਦੀ ਘੱਟ ਵਰਤੋਂ ਆਪਣੇ ਆਪ ਵਿੱਚ ਇਹ ਸਾਬਿਤ ਨਹੀਂ ਕਰਦੀ ਕਿ ਪੈਸੇ ਦਾ ਪ੍ਰਬੰਧ ਗ਼ਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਨਾਲ ਪਾਰਦਰਸ਼ਤਾ ਵਧਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਕਿਸੇ ਵੀ ਕਿਸਮ ਦਾ ਸ਼ੱਕ ਨਾ ਰਹੇ। ਆਡਿਟ ਕੀਤੇ ਅੰਕੜਿਆਂ ਨੂੰ ਦੇਰੀ ਨਾਲ ਜਾਰੀ ਕਰਨਾ, ਫੰਡ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਰਿਫੰਡ ਬਾਰੇ ਉੱਠਦੇ ਸਵਾਲ ਅਤੇ ਪੈਸੇ ਜੁਟਾਉਣ ਤੇ ਖਰਚਣ ਬਾਰੇ ਜਾਣਕਾਰੀ ਦੀ ਘਾਟ ਆਮ ਲੋਕਾਂ ਦੇ ਮਨਾਂ ਵਿੱਚ ਗੰਭੀਰ ਸ਼ੱਕ ਪੈਦਾ ਕਰਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਜੁੜੇ ਅਤੇ ਨਾਗਰਿਕਾਂ ਵੱਲੋਂ ਆਪਣੀ ਮਰਜ਼ੀ ਨਾਲ ਦਿੱਤੇ ਦਾਨ ਨਾਲ ਚੱਲਦੇ ਇਸ ਚੈਰਿਟੀ ਫੰਡ ਨੂੰ ਜਨਤਕ ਜਵਾਬਦੇਹੀ ਅਤੇ ਜਾਣਕਾਰੀ ਸਾਂਝੀ ਕਰਨ ਦੇ ਸਭ ਤੋਂ ਉੱਚੇ ਮਿਆਰਾਂ ’ਤੇ ਪੂਰੀ ਤਰ੍ਹਾਂ ਖਰਾ ਉਤਰਨਾ ਚਾਹੀਦਾ ਹੈ।

Advertisement

ਇੱਕ ਜਨਤਕ ਟਰੱਸਟ ਵਜੋਂ ਰਜਿਸਟਰਡ ਹੋਣ ਕਾਰਨ ਪੀਐੱਮ ਕੇਅਰਜ਼ ਅਜੇ ਵੀ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੈ, ਜਿਸ ਕਾਰਨ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਲਈ ਇਸ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਇਸ ਉੱਚ-ਪੱਧਰੀ ਰਾਹਤ ਫੰਡ ਵਿੱਚ ਲੋਕਾਂ ਦਾ ਭਰੋਸਾ ਮਜ਼ਬੂਤ ਕਰਨ ਲਈ ਸਮੇਂ ਸਿਰ ਆਡਿਟ ਰਿਪੋਰਟਾਂ ਛਾਪਣੀਆਂ, ਪਾਰਦਰਸ਼ੀ ਸਪੱਸ਼ਟੀਕਰਨ ਨੋਟ ਦੇਣੇ, ਪ੍ਰੋਜੈਕਟਾਂ ਅਨੁਸਾਰ ਖ਼ਰਚੇ ਅਤੇ ਰਿਫੰਡ ਦੇ ਮੁਕੰਮਲ ਵੇਰਵੇ ਸਾਂਝੇ ਕਰਨੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

Advertisement
×