DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਇਲਟਾਂ ਦੀ ਸਿਹਤ

ਇਹ ਹਵਾਬਾਜ਼ੀ (ਏਵੀਏਸ਼ਨ) ਖੇਤਰ ਲਈ ਚਿੰਤਾ ਦਾ ਵਿਸ਼ਾ ਹੈ ਕਿ ਨਵੰਬਰ 2023 ਤੋਂ ਲੈ ਕੇ ਹੁਣ ਤੱਕ ਛੇ ਭਾਰਤੀ-ਏਸ਼ਿਆਈ ਏਅਰਲਾਈਨ ਪਾਇਲਟਾਂ ਦੀ ਮੌਤ ਹੋ ਚੁੱਕੀ ਹੈ। ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ ਜੀ ਸੀ ਏ)...

  • fb
  • twitter
  • whatsapp
  • whatsapp
Advertisement

ਇਹ ਹਵਾਬਾਜ਼ੀ (ਏਵੀਏਸ਼ਨ) ਖੇਤਰ ਲਈ ਚਿੰਤਾ ਦਾ ਵਿਸ਼ਾ ਹੈ ਕਿ ਨਵੰਬਰ 2023 ਤੋਂ ਲੈ ਕੇ ਹੁਣ ਤੱਕ ਛੇ ਭਾਰਤੀ-ਏਸ਼ਿਆਈ ਏਅਰਲਾਈਨ ਪਾਇਲਟਾਂ ਦੀ ਮੌਤ ਹੋ ਚੁੱਕੀ ਹੈ। ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ ਜੀ ਸੀ ਏ) ਨੂੰ ਅਪੀਲ ਕੀਤੀ ਹੈ ਕਿ ਉਡਾਣਾਂ ਦੇ ਸਮੇਂ (ਐੱਫ ਡੀ ਟੀ ਐੱਲ) ਵਿੱਚ ਮਿਲਦੀਆਂ ਛੋਟਾਂ ਨੂੰ ਬੰਦ ਕੀਤਾ ਜਾਵੇ ਅਤੇ ਪਾਇਲਟਾਂ ’ਤੇ ਥਕਾਵਟ ਦੇ ਪੈਣ ਵਾਲੇ ਮਾਰੂ ਅਸਰ ਨੂੰ ਰੋਕਣ ਲਈ ਇੱਕ ਪੁਖ਼ਤਾ ਪ੍ਰਬੰਧ ਬਣਾਇਆ ਜਾਵੇ। ਇਸ ਮੰਗ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਅਜੇ ਤੱਕ ਅਜਿਹਾ ਕੋਈ ਠੋਸ ਸਬੂਤ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਮੌਤ ਦਾ ਕਾਰਨ ਥਕਾਵਟ ਸੀ, ਇਹ ਮੌਤਾਂ ਦਿਲ ਦਾ ਦੌਰਾ ਪੈਣ ਜਾਂ ਹੋਰ ਹਾਲਾਤ ਕਾਰਨ ਹੋਈਆਂ, ਜਿਨ੍ਹਾਂ ਦੀ ਜਾਂਚ ਅਜੇ ਜਾਰੀ ਹੈ। ਇਨ੍ਹਾਂ ਮੌਤਾਂ ਬਾਰੇ ਸਿੱਧਾ ਸਬੂਤ ਨਾ ਮਿਲਣਾ ਫੈਡਰੇਸ਼ਨ ਦੀਆਂ ਚਿੰਤਾਵਾਂ ਨੂੰ ਦਰਕਿਨਾਰ ਕਰਨ ਦਾ ਬਹਾਨਾ ਨਹੀਂ ਬਣ ਸਕਦਾ।

ਅਜੋਕੇ ਸਮੇਂ ਵਿੱਚ ਹਵਾਬਾਜ਼ੀ ਸੁਰੱਖਿਆ ਨੂੰ ਸਿਰਫ਼ ਡਿਊਟੀ ਦੇ ਘੰਟੇ ਗਿਣਨ ਤੱਕ ਸੀਮਿਤ ਨਹੀਂ ਰੱਖਿਆ ਜਾ ਸਕਦਾ। ਲਗਾਤਾਰ ਡਿਊਟੀਆਂ, ਰਾਤ ਦੀਆਂ ਉਡਾਣਾਂ, ਸਰੀਰਕ ਘੜੀ (ਸਰਕਾਡੀਅਨ ਰਿਦਮ) ਵਿੱਚ ਵਿਘਨ, ਕੰਮ ਦਾ ਬੋਝ ਅਤੇ ਆਰਾਮ ਦੇ ਘੱਟ ਸਮੇਂ ਵਰਗੇ ਕਈ ਕਾਰਕ ਪਾਇਲਟਾਂ ਦੀ ਚੌਕਸੀ ਨੂੰ ਪ੍ਰਭਾਵਿਤ ਕਰਦੇ ਹਨ। ਉਡਾਣ ਡਿਊਟੀ ਸਮਾਂ ਸੀਮਾ (ਐੱਫ ਡੀ ਟੀ ਐੱਲ) ਦੇ ਨਿਯਮ ਇੱਕ ਅਹਿਮ ਸੁਰੱਖਿਆ ਘੇਰਾ ਹਨ, ਪਰ ਇਹ ਇਕੱਲੇ ਥਕਾਵਟ ਦੇ ਹਰ ਜੋਖ਼ਮ ਨਾਲ ਨਜਿੱਠਣ ਵਿੱਚ ਸਮਰੱਥ ਨਹੀਂ ਹਨ। ਸੋਧੇ ਹੋਏ ਐੱਫ ਡੀ ਟੀ ਐੱਲ ਨਿਯਮਾਂ ਨੂੰ ਲੈ ਕੇ ਬਹਿਸ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਹੋਰ ਜ਼ੋਰ ਫੜ ਲਿਆ ਹੈ। ਬੀਤੀ ਜੁਲਾਈ ਵਿੱਚ ‘ਇੰਡੀਗੋ’ ਨੇ ਦਲੀਲ ਦਿੱਤੀ ਸੀ ਕਿ ਰਾਤ ਦੀ ਉਡਾਣ ਉੱਤੇ ਸਖ਼ਤ ਪਾਬੰਦੀਆਂ ਅਤੇ ਲਾਜ਼ਮੀ ਆਰਾਮ ਦੇ ਲੰਮੇ ਸਮੇਂ ਨੇ ਕੌਕਪਿਟ ਦੀ ਉਤਪਾਦਕਤਾ ਨੂੰ ਘਟਾਇਆ ਹੈ ਅਤੇ ਖ਼ਰਚੇ ਵਧਾ ਦਿੱਤੇ ਹਨ। ਇਨ੍ਹਾਂ ਚਿੰਤਾਵਾਂ ਦੀ ਪੜਤਾਲ ਠੋਸ ਤੱਥਾਂ ਅਤੇ ਕੌਮਾਂਤਰੀ ਮਾਪਦੰਡਾਂ ਦੇ ਆਧਾਰ ’ਤੇ ਕੀਤੀ ਜਾਣੀ ਚਾਹੀਦੀ ਹੈ, ਪਰ ਇਨ੍ਹਾਂ ਨੂੰ ਸੁਰੱਖਿਆ ਨਾਲ ਜੁੜੇ ਪਹਿਲੂਆਂ ’ਤੇ ਭਾਰੂ ਨਹੀਂ ਪੈਣ ਦੇਣਾ ਚਾਹੀਦਾ।

Advertisement

ਇਸ ਦਾ ਹੱਲ ਬਿਹਤਰ ਕਾਨੂੰਨ ਬਣਾਉਣ ਵਿੱਚ ਹੈ, ਨਾ ਕਿ ਸੁਰੱਖਿਆ ਅਤੇ ਮੁਨਾਫ਼ੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਵਿੱਚ। ਇੱਕ ਮਜ਼ਬੂਤ ​​ਰਾਸ਼ਟਰੀ ਪ੍ਰਣਾਲੀ ਨੂੰ ਸਿਰਫ਼ ਡਿਊਟੀ ਦੀਆਂ ਹੱਦਾਂ ਤੱਕ ਸੀਮਿਤ ਰਹਿਣ ਦੀ ਬਜਾਏ ਵੱਖ-ਵੱਖ ਏਅਰਲਾਈਨਾਂ ਦੇ ਸਟਾਫ, ਖ਼ਾਸਕਰ ਪਾਇਲਟਾਂ ’ਤੇ ਥਕਾਵਟ ਕਾਰਨ ਪੈਣ ਵਾਲੇ ਅਸਰ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਇਹ ਵੀ ਬਹੁਤ ਜ਼ਰੂਰੀ ਹੈ ਕਿ ਕੰਮ ਵਾਲੀ ਥਾਂ ’ਤੇ ਅਜਿਹਾ ਮਾਹੌਲ ਬਣਾਇਆ ਜਾਵੇ ਜਿੱਥੇ ਪਾਇਲਟ ਬਿਨਾਂ ਕਿਸੇ ਡਰ ਤੋਂ ਆਪਣੀ ਗੱਲ ਕਹਿ ਸਕਣ। ਪਾਇਲਟਾਂ ਨੂੰ ਡਿਊਟੀਆਂ ਦੀ ਵਾਰੀ ਜਾਂ ਆਪਣੇ ਕਰੀਅਰ ਨੂੰ ਨੁਕਸਾਨ ਪਹੁੰਚਣ ਦੇ ਡਰ ਤੋਂ ਬਿਨਾਂ ਖੁੱਲ੍ਹ ਕੇ ਆਪਣੀ ਥਕਾਵਟ ਬਾਰੇ ਰਿਪੋਰਟ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਭਾਰਤ ਦਾ ਹਵਾਬਾਜ਼ੀ ਖੇਤਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਹ ਵਾਧਾ ਸੁਰੱਖਿਆ ਪ੍ਰਣਾਲੀਆਂ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ​​ਬਣਾਉਣ ਦੀ ਮੰਗ ਕਰਦਾ ਹੈ। ਥਕਾਵਟ ਨਾਲ ਜੁੜੇ ਨਿਯਮਾਂ ਨੂੰ ਪਾਰਦਰਸ਼ੀ ਬਣਾਉਣਾ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਾਇਲਟਾਂ ਅਤੇ ਮੁਸਾਫ਼ਰਾਂ, ਦੋਵਾਂ ਦੀ ਜਾਨ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Advertisement

Advertisement
×