ਪਾਇਲਟ, ਭੰਗ ਤੇ ਹਵਾਈ ਸੁਰੱਖਿਆ
ਏਅਰ ਇੰਡੀਆ ਦੇ ਜਹਾਜ਼ ਦੇ ਬੀਤੀ 4 ਅਗਸਤ ਨੂੰ ਅਚਾਨਕ 300 ਫੁੱਟ ਹੇਠਾਂ ਆਉਣ (ਜਿਸ ਕਾਰਨ 20 ਯਾਤਰੀ ਅਤੇ 4 ਅਮਲੇ ਦੇ ਮੈਂਬਰ ਜ਼ਖ਼ਮੀ ਹੋ ਗਏ ਸਨ) ਦੇ ਮਾਮਲੇ ਵਿੱਚ ਮੁੱਖ ਪਾਇਲਟ ਦੀ ਜਾਂਚ (ਕਨਫਰਮੇਟਰੀ ਟੈਸਟ) ਦੌਰਾਨ ਮੈਰੁਆਨਾ (ਭੰਗ) ਦੀ...
ਏਅਰ ਇੰਡੀਆ ਦੇ ਜਹਾਜ਼ ਦੇ ਬੀਤੀ 4 ਅਗਸਤ ਨੂੰ ਅਚਾਨਕ 300 ਫੁੱਟ ਹੇਠਾਂ ਆਉਣ (ਜਿਸ ਕਾਰਨ 20 ਯਾਤਰੀ ਅਤੇ 4 ਅਮਲੇ ਦੇ ਮੈਂਬਰ ਜ਼ਖ਼ਮੀ ਹੋ ਗਏ ਸਨ) ਦੇ ਮਾਮਲੇ ਵਿੱਚ ਮੁੱਖ ਪਾਇਲਟ ਦੀ ਜਾਂਚ (ਕਨਫਰਮੇਟਰੀ ਟੈਸਟ) ਦੌਰਾਨ ਮੈਰੁਆਨਾ (ਭੰਗ) ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨਤੀਜਾ ਇੱਕ ਗੰਭੀਰ ਚੇਤਾਵਨੀ ਹੈ ਕਿ ਹਵਾਈ ਸੁਰੱਖਿਆ ਸਿਰਫ਼ ਅਤਿ-ਆਧੁਨਿਕ ਜਹਾਜ਼ਾਂ ਅਤੇ ਸਖ਼ਤ ਸੰਚਾਲਨ ਪ੍ਰਕਿਰਿਆਵਾਂ ਉੱਤੇ ਹੀ ਨਹੀਂ ਸਗੋਂ ਕਾਕਪਿਟ ਵਿੱਚ ਬੈਠੇ ਹਰ ਵਿਅਕਤੀ ਦੀ ਤੰਦਰੁਸਤੀ ਅਤੇ ਜ਼ਿੰਮੇਵਾਰੀ ਉੱਤੇ ਵੀ ਨਿਰਭਰ ਕਰਦੀ ਹੈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਤਕਨੀਕੀ, ਸੰਚਾਲਨ, ਮੈਡੀਕਲ ਅਤੇ ‘ਮਨੁੱਖੀ-ਕਾਰਕ’ ਸਬੰਧਿਤ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ। ਇਸ ਜਾਂਚ ਨੂੰ ਬਿਨਾਂ ਕਿਸੇ ਬੇਲੋੜੀ ਕਿਆਸਅਰਾਈ ਦੇ ਸਹੀ ਢੰਗ ਨਾਲ ਚੱਲਣ ਦੇਣਾ ਚਾਹੀਦਾ ਹੈ। ਜਾਂਚ ਤੋਂ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਤਕਨੀਕੀ ਖ਼ਰਾਬੀਆਂ, ਹਾਈਡ੍ਰੌਲਿਕ ਮਸਲਿਆਂ ਅਤੇ ਟਰਬਿਊਲੈਂਸ (ਹਵਾ ਦੇ ਬੁੱਲਿਆਂ) ਦੇ ਨਾਲ-ਨਾਲ, ਪਾਇਲਟ ਦੀ ਹਾਲਤ ਨੇ ਇਸ ਹਾਦਸੇ ਵਿੱਚ ਕਿੰਨੀ ਕੁ ਭੂਮਿਕਾ ਨਿਭਾਈ ਹੈ।
ਇਹ ਘਟਨਾ ਇੱਕ ਅਹਿਮ ਸਵਾਲ ਖੜ੍ਹਾ ਕਰਦੀ ਹੈ ਕਿ ਕੀ ਭਾਰਤ ਵਿੱਚ ਪਾਇਲਟਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਪ੍ਰਬੰਧ ਪੂਰੀ ਤਰ੍ਹਾਂ ਮਜ਼ਬੂਤ ਹੈ? ਸਾਡੇ ਸਿਸਟਮ ਵਿੱਚ ਪਹਿਲਾਂ ਹੀ ਹਵਾਈ ਅਮਲੇ ਅਤੇ ਏਅਰ ਟਰੈਫ਼ਿਕ ਕੰਟਰੋਲਰਾਂ ਦੀ ਅਚਾਨਕ ਜਾਂਚ ਕੀਤੀ ਜਾਂਦੀ ਹੈ, ਮੁੱਢਲੀ ਜਾਂਚ ਵਿੱਚ ਨਤੀਜਾ ਸਹੀ ਨਾ ਆਉਣ ’ਤੇ ਪਾਇਲਟ ਨੂੰ ਤੁਰੰਤ ਉਡਾਣ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਅੰਤਿਮ ਅਨੁਸ਼ਾਸਨੀ ਕਾਰਵਾਈ ਤੋਂ ਪਹਿਲਾਂ ਪ੍ਰਯੋਗਸ਼ਾਲਾ ਵਿੱਚ ਪੱਕੀ ਜਾਂਚ (ਕਨਫਰਮੇਟਰੀ ਟੈਸਟ) ਕਰਵਾਈ ਜਾਂਦੀ ਹੈ। ਇਹ ਸੁਰੱਖਿਆ ਉਪਾਅ ਜਨਤਕ ਸੁਰੱਖਿਆ ਅਤੇ ਹਵਾਈ ਅਮਲੇ ਨਾਲ ਨਿਆਂ ਵਿਚਕਾਰ ਵਧੀਆ ਸੰਤੁਲਨ ਬਣਾਉਂਦੇ ਹਨ। ਹਾਲਾਂਕਿ, ਹਵਾਬਾਜ਼ੀ ਰੈਗੂਲੇਸ਼ਨ ਵਿੱਚ ਲਾਪ੍ਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਜੇਕਰ ਇਸ ਜਾਂਚ ਵਿੱਚ ਟੈਸਟਿੰਗ ਦੀ ਵਾਰੀ, ਲੈਬ ਦੇ ਤਰੀਕਿਆਂ, ਰਿਪੋਰਟਿੰਗ, ਰੀਹੈਬਲੀਟੇਸ਼ਨ ਜਾਂ ਨਿਗਰਾਨੀ ਵਿੱਚ ਕੋਈ ਕਮੀ ਸਾਹਮਣੇ ਆਉਂਦੀ ਹੈ ਤਾਂ ਸਰਕਾਰ ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸੈਂਕੜੇ ਲੋਕਾਂ ਦੀ ਜਾਨ ਦੇ ਜ਼ਿੰਮੇਵਾਰ ਪਾਇਲਟ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਭ ਤੋਂ ਉੱਚੇ ਮਿਆਰਾਂ ’ਤੇ ਖ਼ਰਾ ਉੱਤਰਨਾ ਚਾਹੀਦਾ ਹੈ। ਯਾਤਰੀ ਪਾਰਦਰਸ਼ਤਾ, ਸੁਤੰਤਰ ਨਿਗਰਾਨੀ ਅਤੇ ਜਵਾਬਦੇਹੀ ਦੇ ਪੂਰੀ ਤਰ੍ਹਾਂ ਹੱਕਦਾਰ ਹਨ।
ਪਾਇਲਟਾਂ ਦੀ ਥਕਾਵਟ ਨੂੰ ਘਟਾਉਣ ਲਈ ਉਡਾਣ ਡਿਊਟੀ ਦੇ ਨਵੇਂ ਨਿਯਮ ਪਿਛਲੇ ਸਾਲ ਨਵੰਬਰ ਵਿੱਚ ਲਾਗੂ ਕੀਤੇ ਗਏ ਸਨ। ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ। ਭਾਰਤ ਵਿੱਚ ਹਵਾਬਾਜ਼ੀ ਖੇਤਰ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ਪ੍ਰਗਤੀ ਲਈ ਲੋਕਾਂ ਦਾ ਵਿਸ਼ਵਾਸ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਜਹਾਜ਼ ਦੇ ਕਾਕਪਿਟ ਤੋਂ ਲੈ ਕੇ ਰੈਗੂਲੇਟਰ (ਡੀ.ਜੀ.ਸੀ.ਏ.) ਦੇ ਦਫ਼ਤਰ ਤੱਕ, ਸੁਰੱਖਿਆ ਦੇ ਮਾਮਲੇ ਵਿੱਚ ਕੋਈ ਵੀ ਸਮਝੌਤਾ ਨਹੀਂ ਹੋਣਾ ਚਾਹੀਦਾ।

