DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਰੀਜ਼ਾਂ ਦੀ ਸੁਰੱਖਿਆ ਲਾਜ਼ਮੀ

ਹਸਪਤਾਲ ਨੂੰ ਕਮਜ਼ੋਰ ਅਤੇ ਬਿਮਾਰ ਲੋਕਾਂ ਲਈ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ। ਹਰਿਆਣਾ ਦੇ ਪਾਣੀਪਤ ਸਿਵਲ ਹਸਪਤਾਲ ਦੇ ਸੀ ਟੀ ਸਕੈਨ ਕਮਰੇ ਵਿੱਚ 58 ਸਾਲਾ ਔਰਤ ਨਾਲ ਕਥਿਤ ਜਬਰ-ਜਨਾਹ ਅਤੇ ਰੋਹਤਕ ਦੇ ਪੀ ਜੀ ਆਈ ਐੱਮ ਐੱਸ ਵਿੱਚ...

  • fb
  • twitter
  • whatsapp
  • whatsapp
Advertisement

ਹਸਪਤਾਲ ਨੂੰ ਕਮਜ਼ੋਰ ਅਤੇ ਬਿਮਾਰ ਲੋਕਾਂ ਲਈ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ। ਹਰਿਆਣਾ ਦੇ ਪਾਣੀਪਤ ਸਿਵਲ ਹਸਪਤਾਲ ਦੇ ਸੀ ਟੀ ਸਕੈਨ ਕਮਰੇ ਵਿੱਚ 58 ਸਾਲਾ ਔਰਤ ਨਾਲ ਕਥਿਤ ਜਬਰ-ਜਨਾਹ ਅਤੇ ਰੋਹਤਕ ਦੇ ਪੀ ਜੀ ਆਈ ਐੱਮ ਐੱਸ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਨੇ ਇਸ ਭਰੋਸੇ ਨੂੰ ਤੋੜ ਕੇ ਰੱਖ ਦਿੱਤਾ ਹੈ। ਭਾਵੇਂ ਪੁਲੀਸ ਜਾਂਚ ਵਿੱਚ ਅਪਰਾਧਿਕ ਜ਼ਿੰਮੇਵਾਰੀ ਤੈਅ ਹੋ ਜਾਵੇਗੀ, ਪਰ ਇਸ ਘਟਨਾ ਨੇ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਭ ਤੋਂ ਖ਼ਤਰਨਾਕ ਗੱਲ ਇਹ ਸਾਹਮਣੇ ਆਈ ਹੈ ਕਿ ਪਬਲਿਕ-ਪ੍ਰਾਈਵੇਟ ਭਾਈਵਾਲੀ (ਪੀ ਪੀ ਪੀ) ਤਹਿਤ ਹਸਪਤਾਲ ਦੀ ਸੀ ਟੀ ਅਤੇ ਐੱਮ ਆਰ ਆਈ ਯੂਨਿਟ ਚਲਾਉਣ ਵਾਲੀ ਪ੍ਰਾਈਵੇਟ ਕੰਪਨੀ ਵੱਲੋਂ ਰੱਖਿਆ ਗਿਆ ਸੁਰੱਖਿਆ ਕਰਮਚਾਰੀ ਕਥਿਤ ਤੌਰ ’ਤੇ ਸੀ ਟੀ ਟੈਕਨੀਸ਼ੀਅਨ ਦਾ ਕੰਮ ਕਰ ਰਿਹਾ ਸੀ। ਸਰਕਾਰੀ ਹਸਪਤਾਲ ਅੰਦਰ ਇਸ ਤਰ੍ਹਾਂ ਡਿਊਟੀ ਦੀ ਅਦਲਾ-ਬਦਲੀ ਹੋਣਾ ਇਹ ਦਰਸਾਉਂਦਾ ਹੈ ਕਿ ਇਹ ਗ਼ਲਤੀ ਸਿਰਫ਼ ਕਿਸੇ ਇੱਕ ਵਿਅਕਤੀ ਦੀ ਨਹੀਂ ਸਗੋਂ ਪੂਰੇ ਸਿਸਟਮ ਦੀ ਨਾਕਾਮੀ ਹੈ। ਇਹ ਘਟਨਾ ਨਿਗਰਾਨੀ, ਠੇਕੇ ਦੇ ਨਿਯਮਾਂ ਦੀ ਪਾਲਣਾ ਅਤੇ ਜਵਾਬਦੇਹੀ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।

ਅਜਿਹਾ ਜਾਪਦਾ ਹੈ ਕਿ ਮਰੀਜ਼ ਦੀ ਸੁਰੱਖਿਆ ਨਾਲ ਜੁੜੇ ਸਾਰੇ ਬੁਨਿਆਦੀ ਨਿਯਮ ਇੱਕੋ ਸਮੇਂ ਫੇਲ੍ਹ ਹੋ ਗਏ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਸਕੈਨ ਰੂਮ ਦੇ ਅੰਦਰ ਜਾਣ ਤੋਂ ਰੋਕਿਆ ਗਿਆ, ਉੱਥੇ ਕੋਈ ਮਹਿਲਾ ਕਰਮਚਾਰੀ ਮੌਜੂਦ ਨਹੀਂ ਸੀ ਅਤੇ ਇੱਕ ਅਣਅਧਿਕਾਰਤ ਮੁਲਾਜ਼ਮ ਨੂੰ ਬੇਵੱਸ ਮਰੀਜ਼ ਨਾਲ ਇਕੱਲਿਆਂ ਛੱਡ ਦਿੱਤਾ ਗਿਆ। ਇਹ ਮਾਮੂਲੀ ਲਾਪਰਵਾਹੀਆਂ ਨਹੀਂ ਸਗੋਂ ਅਜਿਹੀਆਂ ਨਾਕਾਮੀਆਂ ਹਨ, ਜੋ ਸ਼ੋਸ਼ਣ ਜਾਂ ਅਪਰਾਧ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਦੇਖਣ ਨੂੰ ਮਿਲ ਚੁੱਕੀਆਂ ਹਨ ਜਿਵੇਂ ਮੁੰਬਈ ਦੇ ਕੇ ਈ ਐੱਮ ਹਸਪਤਾਲ ਵਿੱਚ ਨਰਸ ਅਰੁਣਾ ਸ਼ਾਨਬਾਗ ਉੱਤੇ ਹਮਲਾ ਅਤੇ 2024 ਵਿੱਚ ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਦਾ ਦੁਖਾਂਤ। ਹਰ ਵਾਰ ਅਜਿਹੀਆਂ ਘਟਨਾਵਾਂ ਤੋਂ ਬਾਅਦ ਗੁੱਸਾ ਜਾਗਿਆ ਅਤੇ ਸੁਧਾਰ ਦੇ ਵਾਅਦੇ ਕੀਤੇ ਗਏ, ਪਰ ਪਾਣੀਪਤ ਦੇ ਕੇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿਸਟਮ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ ਅਤੇ ਇਹ ਪੁਰਾਣੀਆਂ ਗ਼ਲਤੀਆਂ ਤੋਂ ਕੁਝ ਨਹੀਂ ਸਿੱਖਦਾ।

Advertisement

ਹਰਿਆਣਾ ਦੇ ਇਸ ਮਾਮਲੇ ਨੂੰ ਕੋਈ ਇਕੱਲੀ-ਇਕਹਿਰੀ ਘਟਨਾ ਮੰਨਣ ਦੀ ਬਜਾਏ ਪੂਰੇ ਸਿਸਟਮ ਦੀ ਜਾਂਚ ਵਜੋਂ ਵੇਖਣਾ ਚਾਹੀਦਾ ਹੈ। ਬਾਹਰੋਂ ਠੇਕੇ ਉੱਤੇ ਚੱਲ ਰਹੀ ਹਰ ਮੈਡੀਕਲ ਯੂਨਿਟ ਦੀ ਸਮੀਖਿਆ ਕੀਤੀ ਜਾਵੇ, ਸਟਾਫ ਦੀਆਂ ਡਿਊਟੀਆਂ ਦੀ ਪੁਸ਼ਟੀ ਹੋਵੇ, ਕੈਮਰਿਆਂ ਦੀ ਨਿਗਰਾਨੀ ਸਖ਼ਤ ਕੀਤੀ ਜਾਵੇ ਅਤੇ ਮਰੀਜ਼ ਨਾਲ ਮਹਿਲਾ ਕਰਮਚਾਰੀ ਦਾ ਹੋਣਾ ਲਾਜ਼ਮੀ ਕੀਤਾ ਜਾਵੇ। ਸਰਕਾਰੀ-ਪ੍ਰਾਈਵੇਟ ਭਾਈਵਾਲੀ ਦਾ ਮਤਲਬ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ ਹੋ ਸਕਦਾ। ਸਿਹਤ ਸੇਵਾਵਾਂ ਇਲਾਜ ਦੇ ਨਾਲ-ਨਾਲ ਭਰੋਸੇ ’ਤੇ ਟਿਕੀਆਂ ਹੁੰਦੀਆਂ ਹਨ। ਜਦੋਂ ਮਰੀਜ਼ ਟੈਸਟ ਵਾਲੇ ਕਮਰੇ ਤੋਂ ਹੀ ਡਰਨ ਲੱਗ ਜਾਣ ਤਾਂ ਸਮਝੋ ਕਿ ਸਾਰਾ ਸਿਸਟਮ ਕਟਹਿਰੇ ਵਿੱਚ ਖੜ੍ਹਾ ਹੈ।

Advertisement

Advertisement
×