ਵੀਰਵਾਰ ਇਰਾਨ ਵਿਚ ਮੋਹਸੇਨ ਸ਼ੇਕਰੀ ਨੂੰ ਫਾਂਸੀ ਦੇ ਦਿੱਤੀ ਗਈ। ਇਰਾਨ ਦੀ ਨੈਤਿਕਤਾ ਪੁਲੀਸ ‘ਗਸ਼ਤ-ਏ-ਇਰਸ਼ਾਦ’ ਨੇ ਇਰਾਨੀ ਵਿਦਿਆਰਥਣ ਮਾਹਸਾ ਅਮੀਨੀ ਨੂੰ ਹਿਜਾਬ ਸਹੀ ਤਰ੍ਹਾਂ ਨਾਲ ਨਾ ਪਹਿਨਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ; 16 ਸਤੰਬਰ ਨੂੰ ਉਸ ਦੀ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਇਰਾਨ ਵਿਚ ਵੱਡੀ ਪੱਧਰ ‘ਤੇ ਇਸ ਦੇ ਵਿਰੋਧ ਵਿਚ ਮੁਜ਼ਾਹਰੇ ਹੋਏ ਜਿਨ੍ਹਾਂ ਵਿਚ ਹਜ਼ਾਰਾਂ ਔਰਤਾਂ ਨੇ ਆਪਣੇ ਹਿਜਾਬ ਲਾਹੇ ਤੇ ਸਾੜੇ। ਇਸ ਵਿਰੋਧ ਵਿਚ ਹਿੱਸਾ ਲੈਣ ਵਾਲਿਆਂ ‘ਤੇ ਹੋਏ ਜਬਰ ਕਾਰਨ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਹਜ਼ਾਰਾਂ ਗ੍ਰਿਫ਼ਤਾਰ ਕੀਤੇ ਗਏ ਹਨ। ਮੋਹਸੇਨ ਸ਼ੇਕਰੀ ਨੂੰ ਅਜਿਹੇ ਇਕ ਮੁਜ਼ਾਹਰੇ ਵਿਚ ਹਿੱਸਾ ਲੈਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਨੇ ਬਗਦਾਦ ਵਿਚ ਇਕ ਗਲੀ ਵਿਚ ਹੋਰ ਲੋਕਾਂ ਨਾਲ ਮਿਲ ਕੇ ਆਵਾਜਾਈ ਰੋਕੀ ਅਤੇ ਚਾਕੂ ਨਾਲ ਹਮਲਾ ਕਰ ਕੇ ਪੁਲੀਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਦਿੱਤਾ। ਜਾਣਕਾਰ ਸੂਤਰਾਂ ਅਨੁਸਾਰ ਤਿੰਨ ਹਫ਼ਤਿਆਂ ਵਿਚ ਮੁਕੱਦਮੇ ਦੀ ਕਾਰਵਾਈ ਪੂਰੀ ਕਰ ਕੇ ਫ਼ੈਸਲਾ ਸੁਣਾ ਦਿੱਤਾ ਗਿਆ ਅਤੇ ਉਸ ਵਿਰੁੱਧ ‘ਮੁਹਾਰਬ’ (ਰੱਬ ਵਿਰੁੱਧ ਜੰਗ ਕਰਨ) ਦਾ ਦੋਸ਼ ਸਾਬਤ ਹੋਇਆ। 20 ਨਵੰਬਰ ਨੂੰ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਦੇਸ਼ ਦੀ ਸੁਪਰੀਮ ਕੋਰਟ ਨੇ ਸਜ਼ਾ ਦੀ ਤਾਈਦ ਕੀਤੀ ਅਤੇ ਇਸ ਤਰ੍ਹਾਂ ਉਹ ਹਿਜਾਬ ਪਹਿਨਣ ਅਤੇ ਮਾਹਸਾ ਅਮੀਨੀ ਦੀ ਮੌਤ ਵਿਰੁੱਧ ਹੋਏ ਮੁਜ਼ਾਹਰਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਫਾਂਸੀ ਦਿੱਤੇ ਜਾਣ ਵਾਲਾ ਪਹਿਲਾ ਵਿਅਕਤੀ ਹੈ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਕਈ ਹੋਰ ਵਿਅਕਤੀਆਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ ਹੈ ਅਤੇ ਸੁਪਰੀਮ ਕੋਰਟ ਦੀ ਸਹਿਮਤੀ ਮਿਲਣ ਤੋਂ ਬਾਅਦ ਕਈ ਹੋਰ ਜਮਹੂਰੀ ਤੇ ਸਮਾਜਿਕ ਕਾਰਕੁਨਾਂ ਨੂੰ ਫਾਂਸੀ ‘ਤੇ ਚੜ੍ਹਾਇਆ ਜਾ ਸਕਦਾ ਹੈ।
ਕੁਝ ਦਿਨ ਪਹਿਲਾਂ ਇਰਾਨ ਸਰਕਾਰ ਨੇ ‘ਗਸ਼ਤ-ਏ-ਇਰਸ਼ਾਦ’ ਨੂੰ ਭੰਗ ਕਰਨ ਦਾ ਐਲਾਨ ਕਰ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਦਮਨਕਾਰੀ ਕਾਨੂੰਨਾਂ ਅਤੇ ਸੰਸਥਾਵਾਂ ਦੀ ਨਿਰਖ-ਪਰਖ ਕਰ ਰਹੀ ਹੈ। ਹੋ ਸਕਦਾ ਹੈ ਕਿ ਵਧਦਾ ਹੋਇਆ ਵਿਰੋਧ ਇਰਾਨ ਸਰਕਾਰ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦੇਵੇ ਪਰ ਮੋਹਸੇਨ ਸ਼ੇਕਰੀ ਨੂੰ ਫਾਂਸੀ ਦੀ ਸਜ਼ਾ ਇਹ ਸੰਕੇਤ ਵੀ ਦਿੰਦੀ ਹੈ ਕਿ ਸਰਕਾਰ ਵਿਰੋਧ ਬਰਦਾਸ਼ਤ ਨਹੀਂ ਕਰੇਗੀ। ਇਹ ਫਾਂਸੀ ਦਮਨਕਾਰੀ ਪ੍ਰਕਿਰਿਆ ‘ਤੇ ਵੀ ਉਂਗਲ ਰੱਖਦੀ ਹੈ ਜੋ ਧਰਮ ਆਧਾਰਿਤ ਰਾਜ ਪ੍ਰਬੰਧਾਂ ਵਿਚ ਅਪਣਾਈ ਜਾਂਦੀ ਹੈ।
ਧਰਮ ਆਧਾਰਿਤ ਨਿਆਂ ਪ੍ਰਕਿਰਿਆ ਵਿਚ ਬੰਦੇ ‘ਤੇ ਕੋਈ ਵੀ ਇਲਜ਼ਾਮ ਲਗਾਇਆ ਜਾ ਸਕਦਾ ਹੈ। ਮੋਹਸੇਨ ਸ਼ੇਕਰੀ ਰਸਤਾ ਜਾਮ ਕਰ ਕੇ ਵਿਰੋਧ ਪ੍ਰਗਟ ਕਰ ਰਹੇ ਅੰਦੋਲਨਕਾਰੀਆਂ ਵਿਚ ਸ਼ਾਮਲ ਸੀ। ਸਰਕਾਰੀ ਸੂਤਰਾਂ ਅਨੁਸਾਰ ਇਰਾਨ ਦੇ ਖ਼ਾਸ ਸੁਰੱਖਿਆ ਬਲ ‘ਬਸੀਜ’ ਵੱਲੋਂ ਕਾਰਵਾਈ ਕਰਨ ‘ਤੇ ਉਸ ਨੇ ਬਸੀਜ ਦੇ ਇਕ ਸੁਰੱਖਿਆ ਕਰਮਚਾਰੀ ਨੂੰ ਜ਼ਖ਼ਮੀ ਕਰ ਦਿੱਤਾ। ਉਸ ‘ਤੇ ਦਹਿਸ਼ਤ ਫੈਲਾਉਣ, ਡਰ ਤੇ ਸਹਿਮ ਪੈਦਾ ਕਰਨ, ਲੋਕਾਂ ਦੀ ਆਜ਼ਾਦੀ ਤੇ ਸੁਰੱਖਿਆ ਲਈ ਖ਼ਤਰਾ ਬਣਨ, ਰੱਬ ਵਿਰੁੱਧ ਜੰਗ ਵਿਚ ਹਿੱਸਾ ਲੈਣ ਆਦਿ ਵਰਗੇ ਕਈ ਇਲਜ਼ਾਮ ਲਗਾਏ ਗਏ। ‘ਰੱਬ ਵਿਰੁੱਧ ਜੰਗ’ ਜਿਹਾ ਦੋਸ਼ ਅਜਿਹੀ ਮਾਨਸਿਕਤਾ ‘ਚੋਂ ਉਪਜਦਾ ਹੈ ਜੋ ਆਪਣੇ ਧਰਮ ਨੂੰ ਸਰਬਉੱਚ ਸਮਝਣ ਦੇ ਨਾਲ ਨਾਲ ਸੱਤਾ ਕਾਇਮ ਰੱਖਣ ਲਈ ਧਰਮ ਦੀ ਵਰਤੋਂ ਨੂੰ ਉੱਚਿਤ ਸਮਝਦੀ ਹੈ; ਇਸ ਦਾ ਤਰਕ ਇਹ ਹੈ ਕਿ ਜੋ ਵੀ ਧਰਮ ਆਧਾਰਿਤ ਸਰਕਾਰ/ਰਿਆਸਤ ਦਾ ਵਿਰੋਧ ਕਰਦਾ ਹੈ, ਉਹ ਰੱਬ ਦਾ ਵਿਰੋਧ ਕਰਦਾ ਹੈ। ਜਮਹੂਰੀ ਹੱਕਾਂ ਦੇ ਖੇਤਰ ਵਿਚ ਕੰਮ ਕਰਨ ਵਾਲੀਆਂ ਵੱਖ ਵੱਖ ਜਥੇਬੰਦੀਆਂ ਅਤੇ ਕਾਰਕੁਨਾਂ ਨੇ ਮੋਹਸੇਨ ਸ਼ੇਕਰੀ ਨੂੰ ਫਾਂਸੀ ਦੇਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੂੰ ਡਰ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਹੋਰ ਵਿਅਕਤੀਆਂ ਵਿਚੋਂ ਵੀ ਕਈਆਂ ਨੂੰ ਫਾਂਸੀ ‘ਤੇ ਚੜ੍ਹਾ ਦਿੱਤਾ ਜਾਵੇਗਾ। ਇਰਾਨ ਦੀ ਨਿਆਂ ਪ੍ਰਣਾਲੀ ਪਾਰਦਰਸ਼ੀ ਨਹੀਂ ਹੈ। ਸੁਰੱਖਿਆ ਦਲਾਂ ਨੇ ਮੋਹਸੇਨ ਸ਼ੇਕਰੀ ਦੀ ਮਾਂ ਨੂੰ ਇਹ ਧਮਕੀ ਦਿੱਤੀ ਸੀ ਕਿ ਉਹ ਆਪਣੇ ਪੁੱਤਰ ਦੀ ਗ੍ਰਿਫ਼ਤਾਰੀ ਅਤੇ ਉਸ ‘ਤੇ ਚੱਲ ਰਹੇ ਮੁਕੱਦਮੇ ਬਾਰੇ ਕੋਈ ਪ੍ਰਚਾਰ ਨਾ ਕਰੇ। ਸ਼ੇਕਰੀ ਨੂੰ ਕੋਈ ਵੀ ਕਾਨੂੰਨੀ ਮਦਦ ਮੁਹੱਈਆ ਨਹੀਂ ਕਰਵਾਈ ਗਈ। ਅੰਤਰਰਾਸ਼ਟਰੀ ਸੰਸਥਾਵਾਂ ਤੇ ਭਾਈਚਾਰੇ ਨੂੰ ਇਰਾਨ ਸਰਕਾਰ ‘ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਵਿਰੁੱਧ ਦਮਨਕਾਰੀ ਰਵੱਈਆ ਨਾ ਅਪਣਾਏ।