ਗ਼ੈਰ-ਵਿਗਿਆਨਕ ਪ੍ਰਚਾਰ

ਗ਼ੈਰ-ਵਿਗਿਆਨਕ ਪ੍ਰਚਾਰ

ਭਾਰਤ ਦੇ ਐਲੋਪੈਥਿਕ ਡਾਕਟਰਾਂ ਦੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਯੁਰਵੈਦਿਕ ਦਵਾਈਆਂ ਦੀ ਇਕ ਕੰਪਨੀ ਦੇ ਮੁਖੀ ਅਤੇ ਯੋਗ ਪ੍ਰਣਾਲੀ ਦੇ ਪ੍ਰਚਾਰਕ ਰਾਮਕ੍ਰਿਸ਼ਨ ਯਾਦਵ ਜਿਸ ਨੂੰ ਰਾਮਦੇਵ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਜਿਸ ਦੇ ਨਾਮ ਤੋਂ ਪਹਿਲਾਂ ਸਵਾਮੀ, ਬਾਬਾ ਅਤੇ ਯੋਗਾਚਾਰੀਆ ਦੇ ਲਕਬ ਲਗਾਏ ਜਾਂਦੇ ਹਨ, ਦੇ ਵਿਰੁੱਧ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਰਾਮਦੇਵ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਦਿਖਾਈ ਦਿੱਤੀ ਸੀ ਜਿਸ ਵਿਚ ਉਸ ਨੇ ਐਲੋਪੈਥਿਕ ਡਾਕਟਰਾਂ, ਐਲੋਪੈਥਿਕ ਤਰੀਕੇ ਨਾਲ ਇਲਾਜ ਕਰਨ ਅਤੇ ਐਲੋਪੈਥਿਕ ਦਵਾਈਆਂ ਬਾਰੇ ਸਵਾਲ ਉਠਾਏ ਸਨ। ਡਾਕਟਰਾਂ ਦੀ ਸੰਸਥਾ ਵੱਲੋਂ ਇਤਰਾਜ਼ ਕੀਤੇ ਜਾਣ ’ਤੇ ਕੇਂਦਰੀ ਸਿਹਤ ਮੰਤਰੀ ਨੇ ਰਾਮਦੇਵ ਨੂੰ ਆਪਣਾ ਬਿਆਨ ਵਾਪਸ ਲੈਣ ਨੂੰ ਕਿਹਾ ਸੀ। ਰਾਮਦੇਵ ਦੇ ਇਕ ਸਾਥੀ ਨੇ ਸਪੱਸ਼ਟੀਕਰਨ ਦਿੱਤਾ ਕਿ ਉਹ ਇਕ ਵ੍ਹੱਟਸਐਪ ਮੈਸੇਜ ਪੜ੍ਹ ਰਿਹਾ ਸੀ ਅਤੇ ਰਾਮਦੇਵ ਨੇ ਆਪਣਾ ਬਿਆਨ ਵਾਪਸ ਵੀ ਲਿਆ ਸੀ। ਆਈਐੱਮਏ ਨੇ ਦਿੱਲੀ ਵਿਚ ਰਾਮਦੇਵ ਵਿਰੁੱਧ ਕੇਸ ਦਰਜ ਕਰਾਇਆ ਹੈ ਅਤੇ ਉੱਤਰਾਖੰਡ ਦੀ ਆਈਐੱਮਏ ਬਰਾਂਚ ਨੇ ਰਾਮਦੇਵ ’ਤੇ 1000 ਕਰੋੜ ਰੁਪਏ ਦਾ ਮਾਣ-ਹਾਨੀ ਕਰਨ ਦਾ ਨੋਟਿਸ ਦਿੱਤਾ ਹੈ। ਰਾਮਦੇਵ ਨੇ ਇਕ ਹੋਰ ਵੀਡਿਓ ਵਿਚ ਅਧਿਕਾਰੀਆਂ ਨੂੰ ਚੁਣੌਤੀ ਦਿੱਤੀ ਹੈ ਕਿ ਉਸ ਨੂੰ ਗ੍ਰਿਫ਼ਤਾਰ ਕਰ ਕੇ ਦਿਖਾਉਣ। ਆਈਐੱਮਏ ਅਤੇ ਡਾਕਟਰ ਰਾਮਦੇਵ ਦੀਆਂ ਟਿੱਪਣੀਆਂ ਤੋਂ ਏਨੇ ਖਫ਼ਾ ਹਨ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਰਾਮਦੇਵ ’ਤੇ ਦੇਸ਼-ਧ੍ਰੋਹ ਦਾ ਮੁਕੱਦਮਾ ਕੀਤਾ ਜਾਏ। ਇਸ ਸਭ ਕੁਝ ਦੇ ਬਾਵਜੂਦ ਰਾਮਦੇਵ ਦੇ ਤੇਵਰ ਬਦਲੇ ਨਹੀਂ ਅਤੇ ਸ਼ੁੱਕਰਵਾਰ ਉਸ ਨੇ ਵਿਵਾਦ ਪੈਦਾ ਕਰਨ ਵਾਲਾ ਇਕ ਹੋਰ ਬਿਆਨ ਦਿੱਤਾ ਜਿਸ ਵਿਚ ਉਸ ਨੇ ਕਿਹਾ ਕਿ ਉਹ ਇਸ ਦੇਸ਼ ਵਿਚ ਅਜਿਹਾ ਕਾਨੂੰਨ ਬਣਵਾਏਗਾ ਜਿਸ ਵਿਚ ਬਿਮਾਰੀ ਹੋਣ ’ਤੇ ਉਸ ਬਿਮਾਰੀ ਲਈ ਜ਼ਿੰਮੇਵਾਰ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇਗੀ।

ਆਯੁਰਵੈਦ ਸਾਡੇ ਦੇਸ਼ ਵਿਚ ਪਨਪੀ ਸਿਹਤ ਪ੍ਰਣਾਲੀ ਹੈ। ਇਸ ਪ੍ਰਣਾਲੀ ਤਹਿਤ ਕਈ ਵਧੀਆ ਦਵਾਈਆਂ ਬਣੀਆਂ ਹਨ। ਸਾਡੇ ਦੇਸ਼ ਵਿਚ ਇਹ ਸਮਝਿਆ ਜਾਂਦਾ ਹੈ ਕਿ ਜੜ੍ਹੀਆਂ-ਬੂਟੀਆਂ ਨਾਲ ਇਲਾਜ ਕਰਨਾ ਸ਼ਾਇਦ ਭਾਰਤ ਦੀ ਹੀ ਦੇਣ ਹੈ ਜਦੋਂਕਿ ਅਜਿਹੀਆਂ ਪ੍ਰਣਾਲੀਆਂ ਹੋਰ ਦੇਸ਼ਾਂ ਵਿਚ ਵੀ ਪਨਪੀਆਂ ਹਨ। ਅੱਜ ਵੀ ਦੁਨੀਆ ਵਿਚ ਯੂਨਾਨੀ, ਚੀਨੀ, ਕੋਰੀਅਨ, ਕਿਊਬਨ ਅਤੇ ਹੋਰ ਦੇਸ਼ਾਂ ਦੀਆਂ ਦਵਾ ਪ੍ਰਣਾਲੀਆਂ ਰਾਹੀਂ ਵਿਕਸਿਤ ਹੋਈਆਂ ਦਵਾਈਆਂ ਕੁਝ ਖ਼ਾਸ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਯੂਰੋਪ ਅਤੇ ਏਸ਼ੀਆ ਦੇ ਲਗਭਗ ਹਰ ਦੇਸ਼ ਵਿਚ ਉੱਥੋਂ ਦੀ ਪ੍ਰਣਾਲੀ ਦੇ ਵੱਡੇ ਵਿਦਵਾਨ ਹੋਏ ਹਨ। ਜੜ੍ਹੀਆਂ-ਬੂਟੀਆਂ ਰਾਹੀਂ ਇਲਾਜ ਅਫ਼ਰੀਕਾ ਦੇ ਵੱਖ ਵੱਖ ਦੇਸ਼ਾਂ ਅਤੇ ਕਬੀਲਿਆਂ ਵਿਚ ਵੀ ਪ੍ਰਚਲਿਤ ਰਿਹਾ ਹੈ। ਇਸ ਸਭ ਕੁਝ ਦੇ ਨਾਲ ਨਾਲ ਐਲੋਪੈਥਿਕ ਦਵਾ ਪ੍ਰਣਾਲੀ ਵਿਗਿਆਨਕ ਲੀਹਾਂ ’ਤੇ ਵਿਕਸਿਤ ਹੋਈ ਅਤੇ ਇਸ ਨੇ ਦੁਨੀਆ ਵਿਚ ਚੇਚਕ, ਪੋਲੀਓ, ਪਲੇਗ ਅਤੇ ਕਈ ਹੋਰ ਮਹਾਮਾਰੀਆਂ ਨੂੰ ਖ਼ਤਮ ਕੀਤਾ। ਇਸ ਨੇ ਬਿਮਾਰੀਆਂ ਦੇ ਇਲਾਜ ਲਈ ਵੱਡੀ ਪੱਧਰ ’ਤੇ ਦਵਾਈਆਂ ਬਣਾਈਆਂ ਅਤੇ ਉਨ੍ਹਾਂ ਦੇ ਸਹੀ ਹੋਣ ਨੂੰ ਵਿਗਿਆਨਕ ਆਧਾਰ ’ਤੇ ਸਾਬਤ ਕੀਤਾ ਹੈ।

ਕਰੋਨਾ ਮਹਾਮਾਰੀ ਦੇ ਦੌਰਾਨ ਵੀ ਐਲੋਪੈਥਿਕ ਡਾਕਟਰਾਂ ਨੇ ਸਾਰੀ ਦੁਨੀਆ ਵਿਚ ਇਸ ਬਿਮਾਰੀ ਦਾ ਇਲਾਜ ਮੂਹਰਲੀਆਂ ਸਫ਼ਾਂ ਵਿਚ ਰਹਿ ਕੇ ਕੀਤਾ ਹੈ। ਉਨ੍ਹਾਂ ਨੇ ਲੱਖਾਂ ਜਾਨਾਂ ਬਚਾਈਆਂ ਹਨ ਅਤੇ ਸਭ ਵੈਕਸੀਨਾਂ ਇਸ ਦਵਾ-ਪ੍ਰਣਾਲੀ ਤਹਿਤ ਹੀ ਵਿਕਸਿਤ ਹੋਈਆਂ ਹਨ। ਇਹ ਲੜਾਈ ਲੜਦਿਆਂ ਸੈਂਕੜੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ਼ ਅਤੇ ਸਿਹਤ ਖੇਤਰ ਨਾਲ ਸਬੰਧਿਤ ਕਾਮਿਆਂ ਦੀਆਂ ਜਾਨਾਂ ਗਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਕੋਵਿਡ-19 ਵਿਰੁੱਧ ਜੰਗ ਤਾਂ ਐਲੋਪੈਥਿਕ ਦਵਾ-ਪ੍ਰਣਾਲੀ ਤਹਿਤ ਲੜ ਰਹੀ ਹੈ ਪਰ ਨਾਲ ਨਾਲ ਕਈ ਅਜਿਹੇ ਰੁਝਾਨਾਂ ਦੀ ਵੀ ਸਿੱਧੀ-ਅਸਿੱਧੀ ਹਮਾਇਤ ਕੀਤੀ ਜਾ ਰਹੀ ਹੈ ਜਿਹੜੇ ਗ਼ੈਰ-ਵਿਗਿਆਨਕ ਹਨ। ਇਨ੍ਹਾਂ ਵਿਚੋਂ ਇਕ ਰਾਮਦੇਵ ਦੀ ਕੰਪਨੀ ਦੀ ਇਕ ਦਵਾਈ ਦਾ ਨਾਂ ਕੋਰੋਨਿਲ ਰੱਖਣਾ ਹੈ ਜਿਸ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਇਹ ਦਵਾਈ ਕੋਵਿਡ-19 ਦੀ ਬਿਮਾਰੀ ਦੇ ਇਲਾਜ ਲਈ ਹੈ। ਜੜ੍ਹੀਆਂ-ਬੂਟੀਆਂ ਦੁਆਰਾ ਸਰੀਰ ਦੀ ਪ੍ਰਤੀਰੋਧਕ ਸ਼ਕਤੀ (Immunity) ਨੂੰ ਵਧਾਉਣਾ ਇਕ ਗੱਲ ਹੈ ਪਰ ਉਹਦੇ ਨਾਲ ਬੈਕਟੀਰੀਆ ਜਾਂ ਵਾਇਰਸ ਕਾਰਨ ਹੋਈ ਬਿਮਾਰੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰੀ ਸਿਹਤ ਮੰਤਰੀ ਇਸ ਦਵਾਈ ਸਬੰਧੀ ਕੀਤੇ ਗਏ ਸਮਾਗਮ ਵਿਚ ਵੀ ਹਾਜ਼ਰ ਸੀ। ਇਸੇ ਤਰ੍ਹਾਂ ਭਾਜਪਾ ਦੇ ਕਈ ਹੋਰ ਆਗੂਆਂ ਨੇ ਗਊ-ਮੂਤਰ ਅਤੇ ਅਜਿਹੇ ਹੋਰ ਇਲਾਜਾਂ ਦਾ ਪ੍ਰਚਾਰ ਕੀਤਾ ਹੈ। ਕੇਂਦਰ ਸਰਕਾਰ ਨੂੰ ਸੰਵਿਧਾਨ ਵਿਚ ਨਿਰਧਾਰਤ ਵਿਗਿਆਨਕ ਨਜ਼ਰੀਏ ਨੂੰ ਉਤਸ਼ਾਹਿਤ ਕਰਨ ਦੇ ਦਿਸ਼ਾ-ਨਿਰਦੇਸ਼ ਤਹਿਤ ਐਲੋਪੈਥਿਕ ਡਾਕਟਰਾਂ ਅਤੇ ਇਸ ਦਵਾ ਪ੍ਰਣਾਲੀ ਨੂੰ ਉਤਸ਼ਾਹਿਤ ਕਰਦਿਆਂ ਲੋਕਾਂ ਨੂੰ ਗ਼ੈਰ-ਵਿਗਿਆਨਕ ਪ੍ਰਚਾਰ ਤੋਂ ਬਚਾਉਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All