ਦਿਮਾਗ਼ੀ ਖੋਜ ਲਈ ਨੋਬੇਲ
ਸਾਲ 2026 ਦਾ ਮੈਡੀਸਨ ਜਾਂ ਸਰੀਰ ਵਿਗਿਆਨ ਲਈ ਨੋਬੇਲ ਪੁਰਸਕਾਰ ਕਾਰਲ ਡੀਸਰੋਥ, ਪੀਟਰ ਹੈਗਮੈਨ ਅਤੇ ਜੌਰਜ ਨਾਗੇਲ ਨੂੰ ਦਿੱਤਾ ਗਿਆ ਹੈ। ਇਹ ਸਨਮਾਨ ਇਨ੍ਹਾਂ ਵਿਗਿਆਨੀਆਂ ਨੂੰ ਉਨ੍ਹਾਂ ਖੋਜਾਂ ਲਈ ਮਿਲਿਆ ਹੈ, ਜਿਨ੍ਹਾਂ ਨੇ ਦਿਮਾਗ਼ ਬਾਰੇ ਸਮਝਣ ਦਾ ਇੱਕ ਨਵਾਂ ਤਰੀਕਾ...
ਸਾਲ 2026 ਦਾ ਮੈਡੀਸਨ ਜਾਂ ਸਰੀਰ ਵਿਗਿਆਨ ਲਈ ਨੋਬੇਲ ਪੁਰਸਕਾਰ ਕਾਰਲ ਡੀਸਰੋਥ, ਪੀਟਰ ਹੈਗਮੈਨ ਅਤੇ ਜੌਰਜ ਨਾਗੇਲ ਨੂੰ ਦਿੱਤਾ ਗਿਆ ਹੈ। ਇਹ ਸਨਮਾਨ ਇਨ੍ਹਾਂ ਵਿਗਿਆਨੀਆਂ ਨੂੰ ਉਨ੍ਹਾਂ ਖੋਜਾਂ ਲਈ ਮਿਲਿਆ ਹੈ, ਜਿਨ੍ਹਾਂ ਨੇ ਦਿਮਾਗ਼ ਬਾਰੇ ਸਮਝਣ ਦਾ ਇੱਕ ਨਵਾਂ ਤਰੀਕਾ ਦਿੱਤਾ ਹੈ। ਉਨ੍ਹਾਂ ਨੇ ‘ਔਪਟੋਜੈਨੇਟਿਕਸ’ ਤਕਨੀਕ ਖੋਜੀ ਹੈ। ਇਹ ਇੱਕ ਅਜਿਹੀ ਤਕਨੀਕ ਹੈ, ਜੋ ਚੁਣੇ ਹੋਏ ਨਸਾਂ ਦੇ ਸੈੱਲਾਂ (ਨਿਊਰੋਨਜ਼) ਨੂੰ ਕਾਬੂ ਕਰਨ ਲਈ ਰੌਸ਼ਨੀ ਦੀ ਵਰਤੋਂ ਕਰਦੀ ਹੈ। ਇਸ ਦੇ ਨਾਮ ਨਾਲੋਂ ਇਸ ਤਕਨੀਕ ਦਾ ਵਿਚਾਰ ਸਮਝਣ ਵਿੱਚ ਕਾਫ਼ੀ ਸੌਖਾ ਹੈ। ਦਿਮਾਗ਼ ਅੰਦਰ ਅਰਬਾਂ ਨਸਾਂ ਦੇ ਸੈੱਲ, ਯਾਨੀ ਨਿਊਰੋਨ ਹੁੰਦੇ ਹਨ, ਜੋ ਬਿਜਲੀ ਅਤੇ ਰਸਾਇਣਕ ਸੰਕੇਤਾਂ ਰਾਹੀਂ ਆਪਸ ਵਿੱਚ ਸੰਚਾਰ ਕਰਦੇ ਹਨ। ਇਹ ਸਮਝਣ ਲਈ ਕਿ ਦਿਮਾਗ਼ ਸਾਡੀ ਹਰਕਤ, ਯਾਦਦਾਸ਼ਤ, ਭਾਵਨਾਵਾਂ ਅਤੇ ਵਿਹਾਰ ਨੂੰ ਕਿਵੇਂ ਕੰਟਰੋਲ ਕਰਦਾ ਹੈ, ਵਿਗਿਆਨੀਆਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਸੀ ਕਿ ਖ਼ਾਸ ਨਿਊਰੋਨਾਂ ਦੇ ਸਮੂਹ ਕੀ ਕੰਮ ਕਰਦੇ ਹਨ। ਪਹਿਲਾਂ ਇਹ ਕੰਮ ਬਹੁਤ ਔਖਾ ਸੀ ਕਿਉਂਕਿ ਪੁਰਾਣੀਆਂ ਤਕਨੀਕਾਂ ਨਾਲ ਦਿਮਾਗ਼ ਦੀ ਗਤੀਵਿਧੀ ਨੂੰ ਦੇਖਿਆ ਤਾਂ ਜਾ ਸਕਦਾ ਸੀ, ਪਰ ਵਿਅਕਤੀਗਤ ਸੈੱਲਾਂ ਨੂੰ ਬਹੁਤ ਬਾਰੀਕੀ ਨਾਲ ਕਾਬੂ ਨਹੀਂ ਸੀ ਕੀਤਾ ਜਾ ਸਕਦਾ।
ਇਸ ਵੱਡੀ ਸਫ਼ਲਤਾ ਦੀ ਸ਼ੁਰੂਆਤ ਇੱਕ ਸੈੱਲ ਵਾਲੀ ਕਾਈ ਵਿੱਚ ਮਿਲੇ ਫੋਟੋਸੈਂਸੇਟਿਵ ਪ੍ਰੋਟੀਨ ਤੋਂ ਹੋਈ ਸੀ। ਵਿਗਿਆਨੀਆਂ ਨੇ ਇਸ ਗੱਲ ਦਾ ਅਧਿਐਨ ਕੀਤਾ ਕਿ ਇਹ ਪ੍ਰੋਟੀਨ ਰੌਸ਼ਨੀ ਪ੍ਰਤੀ ਕਿਵੇਂ ਪ੍ਰਤੀਕਿਰਿਆ ਦਿੰਦਾ ਹੈ ਅਤੇ ਆਖ਼ਰ ਨਿਊਰੋਨਾਂ ਨੂੰ ਰੌਸ਼ਨੀ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਇਸ ਖੋਜ ਨੂੰ ਅਪਣਾਇਆ ਗਿਆ। ਇਸ ਮਗਰੋਂ ਖੋਜਕਾਰ ਨਸਾਂ ਦੇ ਸੈੱਲਾਂ ਨੂੰ ਆਪਣੀ ਮਰਜ਼ੀ ਨਾਲ ਚਾਲੂ ਜਾਂ ਬੰਦ ਕਰ ਕੇ ਦੇਖ ਸਕਦੇ ਸਨ ਕਿ ਅੱਗੋਂ ਕੀ ਹੁੰਦਾ ਹੈ। ਇਸ ਤਕਨੀਕ ਦੀ ਬਹੁਤ ਅਹਿਮੀਅਤ ਹੈ। ਸਿਰਫ਼ ਇਹ ਦੇਖਣ ਦੀ ਬਜਾਏ ਕਿ ਕਿਸੇ ਕਿਰਿਆ ਜਾਂ ਭਾਵਨਾ ਵੇਲੇ ਦਿਮਾਗ਼ ਦਾ ਕੋਈ ਹਿੱਸਾ ਸਰਗਰਮ ਹੁੰਦਾ ਹੈ, ਹੁਣ ਵਿਗਿਆਨੀ ਖ਼ਾਸ ਸੈੱਲਾਂ ਨੂੰ ਚਾਲੂ ਜਾਂ ਬੰਦ ਕਰ ਕੇ ਇਹ ਪਰਖ ਸਕਦੇ ਸਨ ਕਿ ਕੀ ਅਸਲ ਵਿੱਚ ਇਸ ਨਾਲ ਉਹੀ ਪ੍ਰਤੀਕਿਰਿਆ ਹੁੰਦੀ ਹੈ ਜਾਂ ਨਹੀਂ। ਉਹ ਇਹ ਪਤਾ ਲਗਾਉਣ ਲਈ ਕੰਮ ਕਰ ਸਕਦੇ ਸਨ ਕਿ ਖ਼ਾਸ ਨਸਾਂ ਦੇ ਸੈੱਲ ਵੱਖ-ਵੱਖ ਕੰਮਾਂ ਨੂੰ ਕਿਵੇਂ ਨੇਪਰੇ ਚਾੜ੍ਹਦੇ ਹਨ। ਇਸ ਨੇ ਇਹ ਸਮਝਣ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ ਕਿ ਅਸਲ ਵਿੱਚ ਦਿਮਾਗ਼ ਕਿਵੇਂ ਕੰਮ ਕਰਦਾ ਹੈ।
ਬੁਨਿਆਦੀ ਵਿਗਿਆਨਕ ਖੋਜਾਂ ਕਈ ਵਾਰ ਅਚਾਨਕ ਵੱਡੀਆਂ ਸਫ਼ਲਤਾਵਾਂ ਤੱਕ ਲੈ ਜਾਂਦੀਆਂ ਹਨ। ਇੱਕ ਨਿੱਕੀ ਜਿਹੀ ਕਾਈ ਵਿੱਚ ਮਿਲੇ ਰੌਸ਼ਨੀ ਪ੍ਰਤੀ ਸੰਵੇਦਨਸ਼ੀਲ ਪ੍ਰੋਟੀਨ ਦਾ ਅਧਿਐਨ ਇਹ ਸਮਝਣ ਲਈ ਕੀਤਾ ਗਿਆ ਸੀ ਕਿ ਇਹ ਜੀਵ ਰੌਸ਼ਨੀ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ ਹੈ, ਜੋ ਕੁਦਰਤ ਦੇ ਸਭ ਤੋਂ ਵੱਡੇ ਰਹੱਸਾਂ ਵਿੱਚੋਂ ਇੱਕ ਯਾਨੀ ਮਨੁੱਖੀ ਦਿਮਾਗ਼ ਦੀ ਪੜਤਾਲ ਕਰਨ ਲਈ ਇੱਕ ਤਾਕਤਵਰ ਔਜ਼ਾਰ ਬਣ ਗਿਆ। ਇਉਂ ਇਹ ਨੋਬੇਲ ਪੁਰਸਕਾਰ ਦਿਮਾਗ਼ ਬਾਰੇ ਸਮਝਣ ਅਤੇ ਨਵੇਂ ਸਵਾਲ ਪੁੱਛਣ ਨੂੰ ਮਾਨਤਾ ਦਿੰਦਾ ਹੈ। ਔਪਟੋਜੈਨੇਟਿਕਸ ਨੇ ਇੱਕ ਨਵਾਂ ਬੂਹਾ ਖੋਲ੍ਹ ਦਿੱਤਾ ਹੈ ਅਤੇ ਅੱਗੇ ਦੀ ਖੋਜ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਬਾਰੇ ਹੋਰ ਵੀ ਕਈ ਰਾਜ਼ ਖੋਲ੍ਹ ਸਕਦੀ ਹੈ।

