ਨਿਤੀਸ਼ ਦਾ ਕਦਮ
ਬਿਹਾਰ ਵਿੱਚ ਜੋ ਅਟੱਲ ਸੀ ਉਹ ਹੋਣ ਵਾਲਾ ਹੈ। ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤੀਸ਼ ਕੁਮਾਰ, ਜਿਨ੍ਹਾਂ ਨੇ ਚਾਰ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਰਿਕਾਰਡ ਦਸਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਹੁਣ ਆਪਣਾ ਮੁੱਖ ਮੰਤਰੀ ਦਾ ਅਹੁਦਾ...
ਬਿਹਾਰ ਵਿੱਚ ਜੋ ਅਟੱਲ ਸੀ ਉਹ ਹੋਣ ਵਾਲਾ ਹੈ। ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤੀਸ਼ ਕੁਮਾਰ, ਜਿਨ੍ਹਾਂ ਨੇ ਚਾਰ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਰਿਕਾਰਡ ਦਸਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਹੁਣ ਆਪਣਾ ਮੁੱਖ ਮੰਤਰੀ ਦਾ ਅਹੁਦਾ ਛੱਡਣ ਵਾਲੇ ਹਨ। 75 ਸਾਲਾ ਨਿਤੀਸ਼ ਆਉਣ ਵਾਲੀਆਂ ਰਾਜ ਸਭਾ ਚੋਣਾਂ ਲੜਨਗੇ। ਉਨ੍ਹਾਂ ਦੀ ਜਿੱਤ, ਜੋ ਕਿ ਸੱਤਾਧਾਰੀ ਗੱਠਜੋੜ ਦੇ ਵਿਧਾਨ ਸਭਾ ਵਿੱਚਲੇ ਬਹੁਮੱਤ ਨੂੰ ਦੇਖਦੇ ਹੋਏ ਪਹਿਲਾਂ ਹੀ ਤੈਅ ਹੈ, ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਦੋ ਦਹਾਕੇ ਲੰਮੇ ਕਾਰਜਕਾਲ ਨੂੰ ਸਮਾਪਤ ਕਰ ਦੇਵੇਗੀ। ਭਾਜਪਾ ਦੇ ਕਿਸੇ ਆਗੂ ਦੇ ਨਿਤੀਸ਼ ਦਾ ਉੱਤਰਾਧਿਕਾਰੀ ਭਾਵ ਬਿਹਾਰ ਦਾ ਨਵਾਂ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ। ਭਾਜਪਾ ਨਵੰਬਰ 2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ। ਉਨ੍ਹਾਂ ਚੋਣਾਂ ਵਿੱਚ ਜਨਤਾ ਦਲ (ਯੂ) ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਨਿਤੀਸ਼ ਨੂੰ ਸੱਤਾ ਵਿੱਚ ਬਣੇ ਰਹਿਣ ਵਿੱਚ ਮਦਦ ਮਿਲੀ, ਪਰ ਉਦੋਂ ਹੀ ਜਾਪਦਾ ਸੀ ਕਿ ਇਹ ਕੁਝ ਸਮੇਂ ਦੀ ਹੀ ਗੱਲ ਹੈ, ਜਾਂ ਤਾਂ ਉਹ ਆਪਣੀ ਮਰਜ਼ੀ ਨਾਲ ਅਹੁਦਾ ਛੱਡ ਦੇਣਗੇ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਹੋਣ ਲਈ ਮਜਬੂਰ ਕਰ ਦਿੱਤਾ ਜਾਵੇਗਾ। ਬਿਹਾਰ ਇਕਲੌਤਾ ਹਿੰਦੀ-ਭਾਸ਼ੀ ਰਾਜ ਹੈ ਜਿੱਥੇ ਭਗਵਾ ਪਾਰਟੀ ਦਾ ਅਜੇ ਤੱਕ ਮੁੱਖ ਮੰਤਰੀ ਨਹੀਂ ਹੈ। ਅਜਿਹੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਨਿਤੀਸ਼ ਦਾ ਪੁੱਤਰ, ਨਿਸ਼ਾਂਤ ਕੁਮਾਰ, ਜੋ ਹਾਲ ਹੀ ਵਿੱਚ ਸਰਗਰਮ ਸਿਆਸਤ ਵਿੱਚ ਆਇਆ ਹੈ, ਨਵੀਂ ਸਰਕਾਰ ਵਿੱਚ ਉਪ-ਮੁੱਖ ਮੰਤਰੀ ਵਜੋਂ ਸ਼ਾਮਲ ਹੋਵੇਗਾ। ਹਾਲਾਂਕਿ, ਬਿਹਾਰ ਵਿੱਚ ਸੱਤਾ ’ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਭਾਜਪਾ ਵੱਲੋਂ ਪੂਰੀ ਤਾਕਤ ਲਗਾਉਣ ਕਾਰਨ ਸੂਬੇ ਵਿੱਚ ਜਨਤਾ ਦਲ (ਯੂ) ਦੂਜੇ ਸਥਾਨ ’ਤੇ ਆ ਗਿਆ ਹੈ। ਇਸ ਸ਼ਕਤੀ ਅਸੰਤੁਲਨ ਨਾਲ ਜਨਤਾ ਦਲ (ਯੂ) ਦੇ ਨੇਤਾਵਾਂ ਵਿੱਚ ਨਾਰਾਜ਼ਗੀ ਪੈਦਾ ਹੋਣੀ ਤੈਅ ਹੈ। ਬਜ਼ੁਰਗ ਹੋ ਰਹੇ ਨਿਤੀਸ਼ ਕੁਮਾਰ ਲਈ ਚੁਣੌਤੀ ਆਪਣੀ ਪਾਰਟੀ ਨੂੰ ਇਕੱਠੇ ਰੱਖਣਾ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੀ ਪਾਰਟੀ ਨੂੰ ਆਪਣੇ ਸਹਿਯੋਗੀਆਂ ਅੱਗੇ ਬਹੁਤ ਜ਼ਿਆਦਾ ਝੁਕਦਿਆਂ ਹਰ ਵਾਜਬ-ਗ਼ੈਰਵਾਜਬ ਗੱਲ ਨਾ ਮੰਨਣੀ ਪਵੇ।
ਰਾਜ ਸਭਾ ਵਿੱਚ ਨਿਤੀਸ਼ ਦੇ ਦਾਖ਼ਲੇ ਨਾਲ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਸੂਬੇ ਦੀ ਸਿਆਸਤ ਵਿੱਚ ਡੂੰਘਾਈ ਨਾਲ ਪੈਰ ਜਮਾਉਣ ਦਾ ਮੌਕਾ ਮਿਲੇਗਾ। ਇਹ ਬਦਲਾਅ ਬਿਹਾਰ ਵਿੱਚ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਲਈ ਵੀ ਮਹੱਤਵਪੂਰਨ ਹੈ, ਜੋ ਸੱਤਾਧਾਰੀ ਗੱਠਜੋੜ ਦੀਆਂ ਕਮੀਆਂ ਦਾ ਫ਼ਾਇਦਾ ਉਠਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਇਹ ਵੀ ਦੇਖਣ ਵਾਲਾ ਹੋਵੇਗਾ ਕਿ ਨਿਤੀਸ਼ ਕੁਮਾਰ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਛੱਡਣ ਮਗਰੋਂ ਦੋਵੇਂ ਪਾਰਟੀਆਂ ਰਿਸ਼ਤਿਆਂ ਵਿੱਚ ਤਵਾਜ਼ਨ ਕਾਇਮ ਰੱਖਣ ’ਚ ਕਿੰਨਾ ਕੁ ਸਫ਼ਲ ਹੁੰਦੀਆਂ ਹਨ।

