ਚੀਨ ਦੇ ਕਈ ਸ਼ਹਿਰਾਂ ਵਿਚ ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਕਰਕੇ ਇਸ ਬਿਮਾਰੀ ਤੋਂ ਬਚਣ ਲਈ ਲਗਾਈਆਂ ਜਾ ਰਹੀਆਂ ਵੈਕਸੀਨਾਂ ਮੁੜ ਚਰਚਾ ਵਿਚ ਹਨ। ਚੀਨ ਵਿਚ 7 ਤਰ੍ਹਾਂ ਦੀ ਵੈਕਸੀਨ ਵਰਤੀ ਜਾਂਦੀ ਹੈ। ਹੁਣ ਭਾਰਤ ਵਿਚ ਭਾਰਤ ਬਾਇਓਟੈੱਕ ਕੰਪਨੀ ਦੁਆਰਾ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ (iNCOVACC-ਇਨਕੋਵੈਕ) ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਖੇਤਰ ਦੀ ਸਰਕਾਰੀ ਸੰਸਥਾ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ 18 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਲਈ ਇਸ ਵੈਕਸੀਨ ਦੀ ‘ਐਮਰਜੈਂਸੀ ਹਾਲਾਤ’ ਵਿਚ ਵਰਤੋਂ ਕਰਨ ਦੀ ਆਗਿਆ ਦਿੱਤੀ ਹੈ।
ਕੋਵਿਡ-19 ਕਾਰਨ ਨਾ ਸਿਰਫ਼ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਸਗੋਂ ਇਸ ਬਿਮਾਰੀ ਕਾਰਨ ਲੋਕਾਂ ਨੂੰ ਵੱਡੀ ਪੱਧਰ ‘ਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਸ ਸਮੇਂ ਲੋਕ ਇਸ ਦੁਚਿੱਤੀ ਵਿਚ ਹਨ ਕਿ ਉਹ ਕੋਵਿਡ ਦੀ ਤੀਸਰੀ (ਦੂਸਰੀ ਬੂਸਟਰ) ਡੋਜ਼ ਲੈਣ ਜਾਂ ਨਾ। ਇਸ ਸਾਲ ਭਾਰਤ ਵਿਚ 18 ਤੋਂ 59 ਸਾਲ ਦੀ ਉਮਰ ਦੇ 15 ਕਰੋੜ ਲੋਕਾਂ ਅਤੇ 60 ਸਾਲ ਤੋਂ ਉੱਪਰ ਦੇ 7 ਕਰੋੜ ਲੋਕਾਂ ਨੇ ਇਹ ਬੂਸਟਰ ਡੋਜ਼ ਲਗਵਾਈ; ਇਸ ਵਿਚ ਡਾਕਟਰ, ਨਰਸਾਂ ਅਤੇ ਸਿਹਤ ਖੇਤਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਵੀ ਸ਼ਾਮਿਲ ਹਨ। ਸਰਕਾਰ ਨੇ ਦੇਸ਼ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਅੱਧ ਜੁਲਾਈ ਤੋਂ ਸਤੰਬਰ ਦੇ 75 ਦਿਨਾਂ ਲਈ ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਨੂੰ ਵੀ ਭਰਵਾਂ ਹੁੰਗਾਰਾ ਨਹੀਂ ਮਿਲਿਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕਾਂ ਦੇ ਮਨ ਵਿਚ ਤੀਸਰੀ ਡੋਜ਼ ਲਗਵਾਉਣ ਬਾਰੇ ਵੱਡੇ ਸੰਸੇ ਹਨ। ਇਹ ਸੰਸੇ ਉਦੋਂ ਹੋਰ ਵਧ ਜਾਂਦੇ ਹਨ ਜਦੋਂ ਇਹ ਵੇਖਿਆ ਜਾਂਦਾ ਹੈ ਕਿ ਦੋ ਡੋਜ਼ਾਂ ਲਗਵਾ ਚੁੱਕੇ ਵਿਅਕਤੀਆਂ ਨੂੰ ਵੀ ਕੋਵਿਡ ਦੁਬਾਰਾ ਹੋ ਰਿਹਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਜਿਹੜੇ ਵਿਅਕਤੀ ਇਕ ਵਾਰ ਕੋਵਿਡ-19 ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਜਿਨ੍ਹਾਂ ਨੇ ਵੈਕਸੀਨ ਵੀ ਲਗਵਾਈ, ਨੂੰ ਵੀ ਇਸ ਬਿਮਾਰੀ ਨੇ ਦੁਬਾਰਾ ਪ੍ਰਭਾਵਿਤ ਕੀਤਾ ਹੈ। ਇਹ ਸਹੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਇਸ ਵੈਕਸੀਨ ਦੀਆਂ ਦੋ ਖ਼ੁਰਾਕਾਂ ਲਈਆਂ ਹੁੰਦੀਆਂ ਹਨ, ਉਨ੍ਹਾਂ ਵਿਚ ਬਹੁਤ ਵਾਰ ਇਸ ਬਿਮਾਰੀ ਦੇ ਗੰਭੀਰ ਲੱਛਣ ਪ੍ਰਗਟ ਨਹੀਂ ਹੁੰਦੇ। ਕੁਝ ਮਾਹਿਰਾਂ ਦਾ ਵਿਚਾਰ ਹੈ ਕਿ ਇਹ ਵਾਇਰਸ ਸਾਹ ਪ੍ਰਣਾਲੀ ਰਾਹੀਂ ਸਰੀਰ ਵਿਚ ਦਾਖ਼ਲ ਹੋਣ ਵਾਲਾ ਵਾਇਰਸ ਹੈ ਅਤੇ ਹੋਰ ਵਾਇਰਸਾਂ (ਜਿਵੇਂ ਫਲੂ ਆਦਿ) ਵਾਂਗ ਹਮੇਸ਼ਾ ਮੌਜੂਦ ਰਹਿਣਾ ਹੈ। ਇਹ ਸਵਾਲ ਵੀ ਉਠਾਏ ਜਾਂਦੇ ਹਨ ਕਿ ਮਨੁੱਖ ਨੂੰ ਬਹੁਤ ਸਾਰੇ ਵਾਇਰਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਕਿੰਨੀ ਤਰ੍ਹਾਂ ਦੀ ਵੈਕਸੀਨ ਲਗਵਾ ਸਕਦਾ ਹੈ।
ਇਸ ਦੇ ਬਾਵਜੂਦ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵੈਕਸੀਨਾਂ ਨੇ ਮਨੁੱਖਤਾ ਨੂੰ ਚੇਚਕ, ਮੀਜਲਜ਼, ਡਿਪਥੀਰੀਆ, ਪੋਲੀਓ ਅਤੇ ਕਈ ਹੋਰ ਖ਼ਤਰਨਾਕ ਰੋਗਾਂ ਤੋਂ ਮੁਕਤੀ ਦਿਵਾਈ ਹੈ। ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨ ਲਈ ਵੈਕਸੀਨ ਦੀ ਵਰਤੋਂ ਜ਼ਰੂਰੀ ਹੈ। 2021 ਵਿਚ ਕੋਵਿਡ-19 ਦਾ ਵਾਇਰਸ ਭਿਅੰਕਰ ਰੂਪ ਵਿਚ ਪ੍ਰਗਟ ਹੋਇਆ ਪਰ ਉਸ ਤੋਂ ਬਾਅਦ ਇਸ ਦੇ ਘੱਟ ਖ਼ਤਰਨਾਕ ਰੂਪ ਸਾਹਮਣੇ ਆਏ ਹਨ। ਇਨ੍ਹਾਂ ਹਾਲਾਤ ਵਿਚ ਇਹ ਜਾਂਚ ਕਰਵਾਉਣੀ ਜ਼ਰੂਰੀ ਹੈ ਕਿ ਕੀ ਵੈਕਸੀਨ ਦੀ ਤੀਸਰੀ ਡੋਜ਼ ਲਗਾਈ ਜਾਣੀ ਚਾਹੀਦੀ ਹੈ ਜਾਂ ਨਹੀਂ। ਇਸ ਦੇ ਨਾਲ ਨਾਲ ਨੱਕ ਰਾਹੀਂ ਦਿੱਤੀ ਜਾਣ ਵਾਲੀ ਇਸ ਵੈਕਸੀਨ ਦੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਪਿਛਲੇ ਕੁਝ ਮਹੀਨਿਆਂ ਵਿਚ ਦੇਸ਼ ਵਿਚ ਬਣਾਈ ਜਾਣ ਵਾਲੀ ਇਕ ਵੈਕਸੀਨ ਬਾਰੇ ਵੀ ਕਈ ਸਵਾਲ ਉੱਠੇ ਸਨ। ਸਵਾਲ ਉਠਾਉਣ ਵਾਲਿਆਂ ਵਿਚ ਵਿਸ਼ਵ ਸਿਹਤ ਸੰਸਥਾ ਵੀ ਸ਼ਾਮਿਲ ਸੀ। ਇਸ ਵੈਕਸੀਨ ਨੂੰ ‘ਐਮਰਜੈਂਸੀ ਹਾਲਾਤ’ ਵਿਚ ਵਰਤਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ‘ਐਮਰਜੈਂਸੀ ਹਾਲਾਤ’ ਦੇ ਅਰਥ ਕੀ ਹਨ: ਕੀ ਇਸ ਵੈਕਸੀਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਜਾਂ ਉਦੋਂ ਵਰਤੀ ਜਾਵੇਗੀ ਜਦੋਂ ਬਿਮਾਰੀ ਦੇ ਗੰਭੀਰ ਰੂਪ ਵਿਚ ਉੱਭਰਨ ਦਾ ਖ਼ਤਰਾ ਪੈਦਾ ਹੁੰਦਾ ਹੈ। ਇਨ੍ਹਾਂ ਸਾਰੇ ਸਵਾਲਾਂ ਨੂੰ ਸਮੁੱਚਤਾ ਵਿਚ ਵਿਚਾਰਨ ਅਤੇ ਲੋਕਾਂ ਸਾਹਮਣੇ ਸਪੱਸ਼ਟ ਰੂਪ ਵਿਚ ਪੇਸ਼ ਕਰਨ ਦੀ ਜ਼ਰੂਰਤ ਹੈ।