ਨੈਨੀਤਾਲ ਦਾ ਧਸਣਾ
ਦਸੰਬਰ 2022 ਤੋਂ ਦਸੰਬਰ 2024 ਦੇ ਵਿਚਕਾਰ ਜੋਸ਼ੀਮੱਠ ਦਾ ਵੱਡਾ ਹਿੱਸਾ 30 ਸੈਂਟੀਮੀਟਰ ਤੋਂ ਵੱਧ ਧਸ ਗਿਆ ਸੀ। ਉਸ ਵੇਲੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ, ਪਰ ਇਸ ਤੋਂ ਅੱਗੇ ਕੁਝ ਨਹੀਂ ਕੀਤਾ ਗਿਆ। ਉੱਤਰਾਖੰਡ ਦੇ ਨਾਜ਼ੁਕ ਕੁਦਰਤੀ...
ਦਸੰਬਰ 2022 ਤੋਂ ਦਸੰਬਰ 2024 ਦੇ ਵਿਚਕਾਰ ਜੋਸ਼ੀਮੱਠ ਦਾ ਵੱਡਾ ਹਿੱਸਾ 30 ਸੈਂਟੀਮੀਟਰ ਤੋਂ ਵੱਧ ਧਸ ਗਿਆ ਸੀ। ਉਸ ਵੇਲੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ, ਪਰ ਇਸ ਤੋਂ ਅੱਗੇ ਕੁਝ ਨਹੀਂ ਕੀਤਾ ਗਿਆ। ਉੱਤਰਾਖੰਡ ਦੇ ਨਾਜ਼ੁਕ ਕੁਦਰਤੀ ਅਤੇ ਭੂਗੋਲਿਕ ਹਾਲਾਤ ਅੱਜ ਵੀ ਅੰਨ੍ਹੇਵਾਹ ਉਸਾਰੀਆਂ, ਵਧਦੀ ਆਬਾਦੀ ਅਤੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਦੀ ਮਾਰ ਹੇਠ ਹਨ। ਅਜਿਹੇ ਵਿੱਚ ਧਰਤੀ ਦਾ ਖਿਸਕਣਾ ਲਾਜ਼ਮੀ ਹੈ। ਨੈਨੀਤਾਲ ਦੀਆਂ ਪਹਾੜੀਆਂ ਉੱਤੇ ਸੱਤ ਸਾਲ ਤੱਕ ਕੀਤੇ ਗਏ ਇੱਕ ਸੈਟੇਲਾਈਟ-ਰਡਾਰ ਅਧਿਐਨ ਨੇ ਸਰਕਾਰੀ ਅਣਗਹਿਲੀ ਅਤੇ ਲੋਕਾਂ ਦੀ ਲਾਪ੍ਰਵਾਹੀ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਖੇਤਰ ਦੇ ਵੱਡੇ ਹਿੱਸਿਆਂ ਵਿੱਚ ਲਗਾਤਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਹ ਖੋਜ ਸਾਨੂੰ ਸਾਫ਼ ਚੇਤਾਵਨੀ ਦਿੰਦੀ ਹੈ ਕਿ ਉਨ੍ਹਾਂ ਪਹਾੜੀ ਢਲਾਣਾਂ ਦੀ ਪਛਾਣ ਕੀਤੀ ਜਾਵੇ ਜੋ ਪਹਿਲਾਂ ਹੀ ਖਿਸਕ ਰਹੀਆਂ ਹਨ। ਇਸ ਤੋਂ ਪਹਿਲਾਂ ਹੋਏ ਇੱਕ ਹੋਰ ਅਧਿਐਨ ਵਿੱਚ ਨੈਨੀਤਾਲ ਦੀਆਂ ਛੇ ਪ੍ਰਮੁੱਖ ਝੀਲਾਂ ਦੇ ਆਲੇ-ਦੁਆਲੇ ਬਨਸਪਤੀ, ਪਾਣੀ ਦੇ ਫੈਲਾਅ ਅਤੇ ਉਸਾਰੀ ਹੇਠਲੇ ਖੇਤਰਾਂ ਵਿੱਚ ਵੱਡੀਆਂ ਤਬਦੀਲੀਆਂ ਦੇਖੀਆਂ ਗਈਆਂ ਸਨ। ਬਚਾਅ ਸਬੰਧੀ ਉਪਾਵਾਂ ਵਿੱਚ ਦੇਰੀ ਕਰਨਾ ਸਿੱਧੇ ਤੌਰ ’ਤੇ ਤਬਾਹੀ ਨੂੰ ਸੱਦਾ ਦੇਣ ਦੇ ਬਰਾਬਰ ਹੈ।
ਉੱਤਰਾਖੰਡ ਕੋਈ ਪਹਿਲਾ ਮਾਮਲਾ ਨਹੀਂ ਹੈ। ਹਿਮਾਲਿਆਈ ਖੇਤਰ ਵਿੱਚ ਲਗਾਤਾਰ ਆ ਰਹੀਆਂ ਆਫ਼ਤਾਂ ਵੀ ਪਹਾੜੀ ਸੂਬਿਆਂ ਵਿੱਚ ਖ਼ਤਰਿਆਂ ਨਾਲ ਨਜਿੱਠਣ ਲਈ ਕੋਈ ਫ਼ੌਰੀ ਤਿਆਰੀ ਜਾਂ ਜਾਗਰੂਕਤਾ ਪੈਦਾ ਨਹੀਂ ਕਰ ਸਕੀਆਂ। ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਇੰਨੀ ਲੰਬੀ ਹੈ ਅਤੇ ਉਮੀਦ ਤੇ ਅਸਲ ਹਕੀਕਤ ਵਿੱਚ ਫ਼ਰਕ ਇੰਨਾ ਵੱਡਾ ਹੈ ਕਿ ਸਭ ਤੋਂ ਸੁਖਾਲਾ ਰਾਹ ਇਹੀ ਸਮਝਿਆ ਜਾਂਦਾ ਹੈ ਕਿ ਕੁਝ ਨਾ ਕੀਤਾ ਜਾਵੇ। ਚੰਗਾ ਡਰੇਨੇਜ ਸਿਸਟਮ (ਜਲ ਨਿਕਾਸੀ ਪ੍ਰਣਾਲੀ) ਬਣਾਉਣਾ, ਕੂੜੇ-ਕਰਕਟ ਦਾ ਸਹੀ ਪ੍ਰਬੰਧ ਕਰਨਾ, ਮਜ਼ਬੂਤ ਕੰਧਾਂ ਉਸਾਰਨਾ ਅਤੇ ਮਿੱਟੀ ਦੇ ਖੋਰ ਨੂੰ ਰੋਕਣ ਦੇ ਤਰੀਕੇ ਅਪਣਾਉਣਾ ਕੋਈ ਬਹੁਤ ਵੱਡੇ ਪਹਾੜ ਤੋੜਨ ਜਿੱਡੇ ਕੰਮ ਨਹੀਂ ਹਨ। ਮੁੱਖ ਲੋੜ ਸਿਆਸੀ ਇੱਛਾ-ਸ਼ਕਤੀ ਦੀ ਹੈ ਅਤੇ ਜਿੱਥੇ ਇਸ ਦੀ ਘਾਟ ਹੋਵੇ, ਉੱਥੇ ਲੋਕਾਂ ਦੇ ਦਬਾਅ ਦੀ ਲੋੜ ਹੁੰਦੀ ਹੈ। ਬਦਕਿਸਮਤੀ ਨਾਲ, ਇਹ ਦੋਵੇਂ ਚੀਜ਼ਾਂ ਹੀ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ।
ਸਵੈ-ਅਨੁਸ਼ਾਸਨ ਦੀ ਗੁੰਜਾਇਸ਼ ਲਗਪਗ ਖ਼ਤਮ ਹੋ ਚੁੱਕੀ ਹੈ, ਕਾਨੂੰਨੀ ਪਾਲਣਾ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਵਿੱਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨ ਵਾਲੇ ਸਭ ਤੋਂ ਵੱਧ ਸਮਾਜ ਪ੍ਰਤੀ ਸੁਚੇਤ ਲੋਕ ਵੀ ਖ਼ੁਦ ਨੂੰ ਬੇਵੱਸ ਮਹਿਸੂਸ ਕਰਨ ਲੱਗਦੇ ਹਨ। ਜਿਸ ਦੇਸ਼ ਵਿੱਚ ਅਧਿਆਤਮਿਕਤਾ ਦੀਆਂ ਵੱਡੀਆਂ-ਵੱਡੀਆਂ ਗੱਲਾਂ ਹੁੰਦੀਆਂ ਹਨ, ਉੱਥੇ ਆਪਣੇ ਅੰਦਰ ਝਾਤੀ ਮਾਰਨਾ (ਆਤਮ-ਚਿੰਤਨ ਕਰਨਾ) ਵੀ ਅਣਗੌਲਿਆ ਜਿਹਾ ਹੋ ਗਿਆ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਉਸਾਰੀ ਨੂੰ ਘੱਟ ਤੋਂ ਘੱਟ ਰੱਖਣ, ਹਲਕੀ ਅਤੇ ਭੂਚਾਲ-ਰੋਧਕ ਸਮੱਗਰੀ ਦੀ ਵਰਤੋਂ ਕਰਨ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਵਰਗੀਆਂ ਬੁਨਿਆਦੀ ਲੋੜਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਕਾਨੂੰਨ ਅਤੇ ਨੀਤੀਆਂ ਬਣਾਉਣਾ ਸਾਡੀ ਕਮਜ਼ੋਰੀ ਨਹੀਂ ਹੈ, ਅਸਲ ਕਮਜ਼ੋਰੀ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਹੈ। ਜੇ ਕਾਨੂੰਨ ਆਪਣਾ ਕੰਮ ਨਹੀਂ ਕਰੇਗਾ ਤਾਂ ਕੁਦਰਤ ਯਕੀਨੀ ਤੌਰ ’ਤੇ ਆਪਣਾ ਕੰਮ ਕਰੇਗੀ। ਇਸ ਲਈ ਅਸੀਂ ਖ਼ੁਦ ਤੋਂ ਇਲਾਵਾ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।

