ਮੋਦੀ ਦਾ ਰਿਕਾਰਡ, ਅਗਲੀ ਚੁਣੌਤੀ
ਨਰਿੰਦਰ ਮੋਦੀ ਜਮਹੂਰੀ ਤਰੀਕੇ ਨਾਲ ਚੁਣੇ ਗਏ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਸਨੂੰ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਸਕਦਾ ਹੈ। ਸੱਤਾ ਦੇ ਸਿਖਰ ’ਤੇ ਰਹਿੰਦਿਆਂ ਉਨ੍ਹਾਂ ਦੇ ਬਾਰਾਂ ਸਾਲਾਂ...
ਨਰਿੰਦਰ ਮੋਦੀ ਜਮਹੂਰੀ ਤਰੀਕੇ ਨਾਲ ਚੁਣੇ ਗਏ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਸਨੂੰ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਸਕਦਾ ਹੈ। ਸੱਤਾ ਦੇ ਸਿਖਰ ’ਤੇ ਰਹਿੰਦਿਆਂ ਉਨ੍ਹਾਂ ਦੇ ਬਾਰਾਂ ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਆਪਣਾ ਆਧਾਰ ਬਹੁਤ ਵੱਡੇ ਪੱਧਰ ’ਤੇ ਫੈਲਾਇਆ ਹੈ। ਪਾਰਟੀ ਦਾ ਲਗਾਤਾਰ ਤਿੰਨ ਵਾਰ ਕੇਂਦਰ ਦੀ ਸੱਤਾ ’ਚ ਰਹਿਣਾ ਭਾਵੇਂ ਵੱਡੀ ਪ੍ਰਾਪਤੀ ਹੈ, ਪਰ ਇਸ ਵਿੱਚ ਵਿਰੋਧੀ ਧਿਰ ਦੀ ਕਮਜ਼ੋਰ ਕਾਰਗੁਜ਼ਾਰੀ ਨੇ ਵੀ ਵੱਡੀ ਭੂਮਿਕਾ ਨਿਭਾਈ ਹੈ। ਪੱਛਮੀ ਬੰਗਾਲ ਉਨ੍ਹਾਂ ਖੇਤਰਾਂ ਦੀ ਲੰਮੀ ਸੂਚੀ ਵਿੱਚ ਸਭ ਤੋਂ ਨਵਾਂ ਨਾਮ ਹੈ ਜਿੱਥੇ ਕਦੇ ਭਾਜਪਾ ਦਾ ਪ੍ਰਭਾਵ ਨਾਮਾਤਰ ਸੀ। ਪਰ ਅੱਜ ਉੱਥੇ ਪਾਰਟੀ ਨੇ ਆਪਣੀ ਸਿਆਸੀ ਪੈਂਠ ਬਣਾ ਲਈ ਹੈ। ਭਾਰਤੀ ਜਨਤਾ ਪਾਰਟੀ ਲਈ ਪ੍ਰਧਾਨ ਮੰਤਰੀ ਮੋਦੀ ਇੱਕ ਅਜਿਹਾ ਚਿਹਰਾ ਹਨ ਜਿਹੜਾ ਈਵੀਐੱਮ ਦੀ ਪ੍ਰੀਖਿਆ ਵਿੱਚ ਸ਼ਾਇਦ ਹੀ ਕਦੇ ਫ਼ੇਲ੍ਹ ਹੁੰਦਾ ਹੈ। ਭਾਜਪਾ ਦੀ ਇਸ ਜਿੱਤ ਦਾ ਫ਼ਾਰਮੂਲਾ ਨਰਿੰਦਰ ਮੋਦੀ ਦੀ ਨਿੱਜੀ ਖਿੱਚ ਅਤੇ ਵੋਟ ਬੈਂਕ ਦੇ ਹੇਠਲੇ ਪੱਧਰ ਤੱਕ ਕੀਤੇ ਗਏ ਅਣਥੱਕ ਪ੍ਰਬੰਧਨ ਦਾ ਸੁਮੇਲ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਕੱਟੜ ਆਲੋਚਕ ਵੀ ਇਹ ਮੰਨਣਗੇ ਕਿ ਉਨ੍ਹਾਂ ਅੰਦਰ ਅਜਿਹੀ ਅਥਾਹ ਊਰਜਾ ਅਤੇ ਜਜ਼ਬਾ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ। ਇੱਕ ਜਿਊਂਦੇ-ਜਾਗਦੇ ਲੋਕਤੰਤਰ ਵਿੱਚ ਆਲੋਚਨਾ ਹੋਣਾ ਬਹੁਤ ਜ਼ਰੂਰੀ ਹਿੱਸਾ ਹੈ। ਮੋਦੀ ਸਰਕਾਰ ਆਪਣੀਆਂ ਕਈ ਤਰ੍ਹਾਂ ਦੀਆਂ ਸਕੀਮਾਂ, ਨਵੀਆਂ ਪਹਿਲਕਦਮੀਆਂ ਅਤੇ ਦਲੇਰਾਨਾ ਫ਼ੈਸਲਿਆਂ ਲਈ ਆਪਣੀ ਪਿੱਠ ਆਪ ਥਾਪੜ ਸਕਦੀ ਹੈ। ਕਈ ਖੇਤਰਾਂ ਵਿੱਚ ਸਾਫ਼ ਤੌਰ ’ਤੇ ਤੇਜ਼ੀ ਦਿਖਾਈ ਦੇ ਰਹੀ ਹੈ ਪਰ ਅਜੇ ਵੀ ਸੰਭਾਵਨਾਵਾਂ ਬੇਅੰਤ ਹਨ। ਇੱਕ ਮਜ਼ਬੂਤ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ। ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ’ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦਾ ਅਸਲ ਇੰਜਣ ਅਤੇ ਮੁੱਖ ਸਿਧਾਂਤ ਹੈ ਪਰ ਇਹ ਉਦੋਂ ਹੀ ਮੁਮਕਿਨ ਹੈ ਜੇਕਰ ਸਰਕਾਰ ਇਸ ਨਾਅਰੇ ’ਤੇ ਪੂਰੀ ਤਰ੍ਹਾਂ ਖ਼ਰੀ ਉਤਰੇ। ਪੱਖਪਾਤ ਕਰਨਾ ਅਤੇ ਬਹੁਗਿਣਤੀਵਾਦ ਦੀ ਰਾਜਨੀਤੀ ਆਪਣੇ ਆਪ ਲਈ ਹੀ ਨੁਕਸਾਨਦੇਹ ਹੁੰਦੀ ਹੈ। ਦੇਸ਼ ਅੱਜਕੱਲ੍ਹ ਲਗਾਤਾਰ ਆਪਸੀ ਟਕਰਾਅ ਦੇ ਮਾਹੌਲ ਵਿੱਚੋਂ ਲੰਘ ਰਿਹਾ ਜਾਪਦਾ ਹੈ, ਜੋ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕਰ ਰਿਹਾ ਹੈ, ਜਦਕਿ ਆਪਸੀ ਸਾਂਝ ਆਰਥਿਕ ਤਰੱਕੀ ਦੀ ਮੁੱਖ ਨੀਂਹ ਹੁੰਦੀ ਹੈ। ਤਣਾਅਪੂਰਣ ਮਾਹੌਲ ਗ਼ੈਰ-ਜ਼ਰੂਰੀ, ਬੇਮਤਲਬ ਅਤੇ ਬੇਚੈਨੀ ਪੈਦਾ ਕਰਨ ਵਾਲਾ ਹੈ। ਜਿਵੇਂ-ਜਿਵੇਂ ਪੱਛਮੀ ਏਸ਼ੀਆ ਦਾ ਸੰਕਟ ਵਧਦਾ ਜਾ ਰਿਹਾ ਹੈ, ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਹੋਣ ਦੇ ਬਾਵਜੂਦ ਭਾਰਤ ਹੁਣ ਵਿਦੇਸ਼ੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਨਹੀਂ ਰਿਹਾ। ਅੱਗੇ ਦਾ ਸਫ਼ਰ ਕਾਫ਼ੀ ਮੁਸ਼ਕਿਲ ਹੈ। ਪਰ ਜ਼ੋਜਿਲਾ ਟਨਲ ਪ੍ਰੋਜੈਕਟ ਵਾਂਗ (ਜਿਸ ਨੂੰ ਕਦੇ ਅਸੰਭਵ ਮੰਨਿਆ ਜਾਂਦਾ ਸੀ) ਉਮੀਦ ਹੈ ਕਿ ਇਸ ਹਨੇਰੇ ਦੇ ਅੰਤ ਵਿੱਚ ਵੀ ਸਫ਼ਲਤਾ ਦਾ ਕੋਈ ਨਾ ਕੋਈ ਚਾਨਣ ਜ਼ਰੂਰ ਦਿਖਾਈ ਦੇਵੇਗਾ।
