ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ
ਜਦੋਂ ਖ਼ੁਰਾਕੀ ਵਸਤਾਂ ਤਿਆਰ ਕਰਨ ਵਾਲੀਆਂ ਕੰਪਨੀਆਂ ਬੱਚਿਆਂ ਦੇ ਜਲਦੀ ਵੱਡੇ ਹੋਣ, ਰੋਗਾਂ ਨਾਲ ਲੜਨ ਦੀ ਤਾਕਤ (ਇਮਿਊਨਿਟੀ) ਵਧਣ ਅਤੇ ਦਿਮਾਗ਼ ਤੇਜ਼ ਹੋਣ ਦੇ ਦਾਅਵੇ ਕਰਦੀਆਂ ਹਨ ਤਾਂ ਮਾਪਿਆਂ ਨੂੰ ਆਕਰਸ਼ਕ ਇਸ਼ਤਿਹਾਰਾਂ ਦੀ ਨਹੀਂ ਸਗੋਂ ਵਿਗਿਆਨਕ ਸਬੂਤਾਂ ਦੀ ਲੋੜ ਹੁੰਦੀ...
ਜਦੋਂ ਖ਼ੁਰਾਕੀ ਵਸਤਾਂ ਤਿਆਰ ਕਰਨ ਵਾਲੀਆਂ ਕੰਪਨੀਆਂ ਬੱਚਿਆਂ ਦੇ ਜਲਦੀ ਵੱਡੇ ਹੋਣ, ਰੋਗਾਂ ਨਾਲ ਲੜਨ ਦੀ ਤਾਕਤ (ਇਮਿਊਨਿਟੀ) ਵਧਣ ਅਤੇ ਦਿਮਾਗ਼ ਤੇਜ਼ ਹੋਣ ਦੇ ਦਾਅਵੇ ਕਰਦੀਆਂ ਹਨ ਤਾਂ ਮਾਪਿਆਂ ਨੂੰ ਆਕਰਸ਼ਕ ਇਸ਼ਤਿਹਾਰਾਂ ਦੀ ਨਹੀਂ ਸਗੋਂ ਵਿਗਿਆਨਕ ਸਬੂਤਾਂ ਦੀ ਲੋੜ ਹੁੰਦੀ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ ਇੰਡੀਆ (ਐੱਫ ਐੱਸ ਐੱਸ ਏ ਆਈ) ਵੱਲੋਂ ਬੱਚਿਆਂ ਦੇ ਦੁੱਧ (ਇਨਫੈਂਟ ਫਾਰਮੂਲਾ) ਅਤੇ ‘ਕੌਂਪਲੈਨ’ ਦੇ ਦਾਅਵਿਆਂ ਨੂੰ ਲੈ ਕੇ ਨੈਸਲੇ ਇੰਡੀਆ ਅਤੇ ਜ਼ਾਈਡਸ ਵੈੱਲਨੈੱਸ ਨੂੰ ਭੇਜੇ ਗਏ ਨੋਟਿਸਾਂ ਨੇ ਇੱਕ ਵਾਰ ਫਿਰ ਖ਼ੁਰਾਕੀ ਦਾਅਵਿਆਂ ਦੀ ਭਰੋਸੇਯੋਗਤਾ ਅਤੇ ਸਖ਼ਤ ਰੈਗੂਲੇਟਰੀ ਨਿਗਰਾਨੀ ਬਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਰੈਗੂਲੇਟਰ ਨੇ ਕੌਂਪਲੈਨ ਦੇ ਉਸ ਦਾਅਵੇ ’ਤੇ ਸਵਾਲ ਉਠਾਏ ਹਨ, ਜਿਸ ਵਿੱਚ ‘ਦੁੱਗਣੀ ਰਫ਼ਤਾਰ ਨਾਲ ਵਿਕਾਸ’ ਅਤੇ ਇਕਾਗਰਤਾ, ਯਾਦਦਾਸ਼ਤ ਤੇ ਰੋਗ ਪ੍ਰਤੀਰੋਧਕ ਸ਼ਕਤੀ ਨਾਲ ਜੁੜੇ ਲਾਭਾਂ ਦੀ ਗੱਲ ਕੀਤੀ ਗਈ ਹੈ। ਇਸੇ ਤਰ੍ਹਾਂ ਨੈਸਲੇ ਨੂੰ ਬੱਚਿਆਂ ਦੇ ਦੁੱਧ ਵਿੱਚ ਵੇਅ ਪ੍ਰੋਟੀਨ (Whey Protein) ਦੀ ਪਾਚਨ ਸ਼ਕਤੀ ਅਤੇ ਮਾਂ ਦੇ ਦੁੱਧ ਵਿੱਚ ਪਾਏ ਜਾਣ ਵਾਲੇ ਤੱਤਾਂ (ਐੱਚ ਐੱਮ ਓਜ਼) ਤੋਂ ਮਿਲਣ ਵਾਲੀ ਰੋਗ ਪ੍ਰਤੀਰੋਧਕ ਸ਼ਕਤੀ ਦੇ ਦਾਅਵਿਆਂ ਨੂੰ ਸਾਬਿਤ ਕਰਨ ਲਈ ਕਿਹਾ ਗਿਆ ਹੈ। ਅਜਿਹੇ ਦਾਅਵੇ ਮਾਪਿਆਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੇ ਹਨ, ਖ਼ਾਸਕਰ ਉਦੋਂ ਜਦੋਂ ਬੱਚੇ ਦੇ ਵਿਕਾਸ ਨੂੰ ਲੈ ਕੇ ਪਰਿਵਾਰਾਂ ਦੀ ਚਿੰਤਾ ਉਨ੍ਹਾਂ ਨੂੰ ਬਿਹਤਰ ਪੋਸ਼ਣ ਦੇ ਵਾਅਦਿਆਂ ਵੱਲ ਆਸਾਨੀ ਨਾਲ ਖਿੱਚ ਲੈਂਦੀ ਹੈ।
ਇਸ ਜਾਂਚ ਦਾ ਦਾਇਰਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਵੱਲੋਂ ਔਨਲਾਈਨ ਕੀਤੇ ਗਏ ਉਸ ਪ੍ਰਚਾਰ ਤੱਕ ਵੀ ਫੈਲਿਆ ਹੋਇਆ ਹੈ, ਜਿਸ ਵਿੱਚ ਬੱਚਿਆਂ ਦੇ ਦੁੱਧ (ਇਨਫੈਂਟ ਫਾਰਮੂਲਾ) ਦੀ ਦਰਜਾਬੰਦੀ ਕਰਦਿਆਂ ਇਸ ਨਾਲ ਰੋਗਾਂ ਨਾਲ ਲੜਨ ਦੀ ਤਾਕਤ, ਦਿਮਾਗ਼ ਦੇ ਵਿਕਾਸ ਅਤੇ ਹਾਜ਼ਮੇ ਵਿੱਚ ਸੁਧਾਰ ਹੋਣ ਦੇ ਦਾਅਵੇ ਕੀਤੇ ਗਏ ਸਨ। ਇਹ ਮਾਮਲਾ ਡਿਜੀਟਲ ਇਸ਼ਤਿਹਾਰਬਾਜ਼ੀ ਨੂੰ ਕਾਬੂ ਹੇਠ ਰੱਖਣ ਦੀ ਵਧ ਰਹੀ ਚੁਣੌਤੀ ਨੂੰ ਉਜਾਗਰ ਕਰਦਾ ਹੈ, ਜਿੱਥੇ ਕੰਪਨੀਆਂ ਦਾ ਵਪਾਰਕ ਪ੍ਰਚਾਰ ਅਕਸਰ ਸੁਤੰਤਰ ਜਾਂ ਨਿਰਪੱਖ ਸਲਾਹ ਵਜੋਂ ਪੇਸ਼ ਹੁੰਦਾ ਹੈ। ‘ਇਨਫੈਂਟ ਮਿਲਕ ਸਬਸਟੀਟਿਊਟਸ ਐਕਟ’ (ਬੱਚਿਆਂ ਦੇ ਦੁੱਧ ਦੇ ਬਦਲਾਂ ਨਾਲ ਸਬੰਧਿਤ ਕਾਨੂੰਨ) ਤਹਿਤ ਲਗਾਈਆਂ ਗਈਆਂ ਪਾਬੰਦੀਆਂ ਇਸ ਲਈ ਬਹੁਤ ਅਹਿਮ ਹਨ ਕਿਉਂਕਿ ਇਨ੍ਹਾਂ ਦਾ ਮੁੱਖ ਮਕਸਦ ਮਾਂ ਦੇ ਦੁੱਧ ਪਿਲਾਉਣ ਦੀ ਪ੍ਰਥਾ ਨੂੰ ਗ਼ੈਰ-ਵਾਜਬ ਵਪਾਰਕ ਪ੍ਰਭਾਵ ਤੋਂ ਬਚਾਉਣਾ ਹੈ।
ਇਹ ਨੋਟਿਸ ਕਿਸੇ ਅਪਰਾਧ ਜਾਂ ਗ਼ਲਤੀ ਦਾ ਕੋਈ ਅੰਤਿਮ ਫ਼ੈਸਲਾ ਨਹੀਂ ਹਨ ਪਰ ਕੰਪਨੀਆਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਦਾਅਵਿਆਂ ਦੀ ਪਰਖ ਠੋਸ ਸਬੂਤਾਂ ਅਤੇ ਨਿਯਮਾਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਰੈਗੂਲੇਟਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੇਬੁਨਿਆਦ ਜਾਂ ਗੁੰਮਰਾਹਕੁੰਨ ਦਾਅਵਿਆਂ ਨੂੰ ਤੁਰੰਤ ਠੱਲ੍ਹ ਪਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ। ਖ਼ੁਰਾਕੀ ਪਦਾਰਥਾਂ ਦੇ ਲੇਬਲ ਅਤੇ ਇਸ਼ਤਿਹਾਰ ਆਮ ਤੌਰ ’ਤੇ ਖਪਤਕਾਰਾਂ ਲਈ ਜਾਣਕਾਰੀ ਦਾ ਮੁੱਖ ਸਰੋਤ ਹੁੰਦੇ ਹਨ। ਇਸ ਲਈ ਐੱਫ ਐੱਸ ਐੱਸ ਏ ਆਈ ਨੂੰ ਕੰਪਨੀਆਂ ਦੀ ਨਿਗਰਾਨੀ ਨੂੰ ਹੋਰ ਤਿੱਖਾ ਕਰਨਾ ਚਾਹੀਦਾ ਹੈ, ਕੀਤੀ ਗਈ ਕਾਰਵਾਈ ਨੂੰ ਜਨਤਕ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੰਪਨੀਆਂ ਬਾਜ਼ਾਰ ਵਿੱਚ ਉਤਪਾਦ ਉਤਾਰਨ ਤੋਂ ਪਹਿਲਾਂ ਆਪਣੇ ਦਾਅਵਿਆਂ ਨੂੰ ਵਿਗਿਆਨਕ ਤੌਰ ’ਤੇ ਸਾਬਿਤ ਕਰਨ। ਖ਼ੁਰਾਕੀ ਵਸਤਾਂ ਦੀ ਮਾਰਕੀਟਿੰਗ ਦਾ ਮਕਸਦ ਲੋਕਾਂ ਨੂੰ ਜਾਣਕਾਰੀ ਦੇਣਾ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਗੁੰਮਰਾਹ ਕਰਨਾ।

