ਮਨੀਪੁਰ ਦੀਆਂ ਮੁਸੀਬਤਾਂ
ਮਨੀਪੁਰ ਵਿੱਚ ਚੁਣੀ ਗਈ ਸਰਕਾਰ ਦੀ ਬਹਾਲੀ ਤੋਂ ਮਹਿਜ਼ ਦੋ ਮਹੀਨਿਆਂ ਬਾਅਦ ਮੁੜ ਹਿੰਸਾ ਭੜਕਣਾ ਚਿੰਤਾਜਨਕ ਸੰਕੇਤ ਹੈ, ਜੋ ਇਹ ਦਰਸਾਂਉਂਦਾ ਹੈ ਕਿ ਉੱਤਰ-ਪੂਰਬੀ ਸੂਬੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਦਾ ਕੰਮ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸ਼ਨਿਚਰਵਾਰ ਨੂੰ ਉਖਰੁਲ...
ਮਨੀਪੁਰ ਵਿੱਚ ਚੁਣੀ ਗਈ ਸਰਕਾਰ ਦੀ ਬਹਾਲੀ ਤੋਂ ਮਹਿਜ਼ ਦੋ ਮਹੀਨਿਆਂ ਬਾਅਦ ਮੁੜ ਹਿੰਸਾ ਭੜਕਣਾ ਚਿੰਤਾਜਨਕ ਸੰਕੇਤ ਹੈ, ਜੋ ਇਹ ਦਰਸਾਂਉਂਦਾ ਹੈ ਕਿ ਉੱਤਰ-ਪੂਰਬੀ ਸੂਬੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਦਾ ਕੰਮ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸ਼ਨਿਚਰਵਾਰ ਨੂੰ ਉਖਰੁਲ ਜ਼ਿਲ੍ਹੇ ਵਿੱਚ ਇੱਕ ਸਾਬਕਾ ਸੈਨਿਕ ਸਣੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ, ਜਦੋਂਕਿ 7 ਅਪਰੈਲ ਨੂੰ ਬਿਸ਼ਨੂਪੁਰ ਜ਼ਿਲ੍ਹੇ ਦੇ ਟ੍ਰੋਂਗਲਾਓਬੀ ਵਿੱਚ ਇੱਕ ਬੰਬ ਹਮਲੇ ਵਿੱਚ ਦੋ ਬੱਚੇ ਮਾਰੇ ਗਏ ਸਨ। ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਨੇ ਇੰਫਾਲ ਘਾਟੀ ਦੇ ਜ਼ਿਲ੍ਹਿਆਂ ਨੂੰ ਮੁੜ ਦਹਿਲਾ ਦਿੱਤਾ ਹੈ। ਇਹ ਹਮਲਾ ਗੱਲਬਾਤ ਅਤੇ ਸੁਲਾਹ-ਸਫ਼ਾਈ ਦੀਆਂ ਅਪੀਲਾਂ ਦਰਮਿਆਨ ਹੋਇਆ ਹੈ। ਅਮਨ ਬਹਾਲੀ ਲਈ ਵਾਰ ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਡੂੰਘੀ ਬੇਭਰੋਸਗੀ ਅਤੇ ਗੜਬੜ ਵਾਲੀ ਸਥਿਤੀ ਨੂੰ ਦਰਸਾਉਂਦਾ ਹੈ।
ਸੂਬਾ ਸਰਕਾਰ ਵੱਲੋਂ ਉਖਰੁਲ ਅਤੇ ਬਿਸ਼ਨੂਪੁਰ ਮਾਮਲੇ ਕੌਮੀ ਜਾਂਚ ਏਜੰਸੀ ਨੂੰ ਸੌਂਪਣ ਦਾ ਫੌਰੀ ਫ਼ੈਸਲਾ ਇਸ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ, ਪਰ ਇਹ ਆਪਣੇ ਆਪ ਵਿੱਚ ਕੋਈ ਹੱਲ ਨਹੀਂ ਹੈ। ਮੁੜ ਮੁੜ ਹਿੰਸਾ ਨੂੰ ਭੜਕਾਉਣ ਵਾਲੇ ਮੂਲ ਕਾਰਨਾਂ ਨੂੰ ਦੂਰ ਕਰਨ ਦੀ ਸਖ਼ਤ ਲੋੜ ਹੈ। ਵਿਰੋਧੀ ਵਿਚਾਰਧਾਰਾਵਾਂ, ਭਾਈਚਾਰਿਆਂ ਵਿਚਾਲੇ ਆਪਸੀ ਸ਼ੱਕ ਅਤੇ ਤੇਜ਼ੀ ਨਾਲ ਗ਼ਲਤ ਜਾਣਕਾਰੀ ਫੈਲਣ ਨਾਲ ਇੱਕ ਅਜਿਹਾ ਮਾਹੌਲ ਬਣ ਗਿਆ ਹੈ, ਜਿਥੇ ਇੱਕਾ-ਦੁੱਕਾ ਘਟਨਾਵਾਂ ਵੀ ਵੱਡੇ ਪੱਧਰ ’ਤੇ ਗੜਬੜ ਪੈਦਾ ਕਰ ਸਕਦੀਆਂ ਹਨ। ਲੋਕਾਂ ਦਾ ਗੁੱਸਾ ਪ੍ਰਤੱਖ ਹੈ, ਪਰ ਅਫਵਾਹਾਂ ਅਤੇ ਭੜਕਾਊ ਬਿਆਨਬਾਜ਼ੀ ਨਾਲ ਇਹ ਹੋਰ ਵਧ ਰਿਹਾ ਹੈ।
ਸਰਕਾਰ ਦਾ ਇਹ ਦਾਅਵਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ‘ਸੰਵੇਦਨਸ਼ੀਲ ਹੈ, ਪਰ ਕਾਬੂ ਹੇਠ ਹੈ’, ਅਸਲੀਅਤ ਨਾਲ ਮੇਲ ਨਹੀਂ ਖਾਂਦਾ। ਮਨੀਪੁਰ ਦਾ ਭਵਿੱਖ ਨਿਰੰਤਰ ਗੱਲਬਾਤ, ਜਵਾਬਦੇਹੀ ਅਤੇ ਭਾਈਚਾਰਿਆਂ ’ਚ ਆਪਸੀ ਸਹਿਯੋਗ ਤੇ ਤਾਲਮੇਲ ’ਤੇ ਨਿਰਭਰ ਕਰੇਗਾ। ਸੂਬੇ ਨੂੰ ਦਰਪੇਸ਼ ਖ਼ਤਰਿਆਂ ਨਾਲ ਸਿੱਝਣ ਲਈ ਸੁਰੱਖਿਆ ਕਾਰਵਾਈਆਂ ਜ਼ਰੂਰੀ ਹਨ, ਪਰ ਇਨ੍ਹਾਂ ਦੇ ਨਾਲ ਨਾਲ ਭਰੋਸਾ ਬਹਾਲੀ ਅਤੇ ਸ਼ਿਕਵੇ-ਸ਼ਿਕਾਇਤਾਂ ਦੂਰ ਕਰਨ ਦੇ ਯਤਨ ਵੀ ਕੀਤੇ ਜਾਣੇ ਚਾਹੀਦੇ ਹਨ।
ਅਮਨ ਕਿਸੇ ’ਤੇ ਥੋਪਿਆ ਨਹੀਂ ਜਾ ਸਕਦਾ। ਇਹ ਸਾਰੇ ਭਾਈਵਾਲਾਂ ਵਿਚਾਲੇ ਗੱਲਬਾਤ ਰਾਹੀਂ ਕਾਇਮ ਕੀਤਾ ਜਾਣਾ ਚਾਹੀਦਾ ਹੈ। ਸਾਰੀਆਂ ਧਿਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸਨੂੰ ਸੁਰੱਖਿਅਤ ਰੱਖਣ। ਹਿੰਸਾ ਦੀ ਹਰ ਨਵੀਂ ਘਟਨਾ ਵਾਰ ਵਾਰ ਉਮੀਦ ਨੂੰ ਤੋੜਦੀ ਅਤੇ ਸੂਬੇ ਨੂੰ ਸਥਾਈ ਸਥਿਰਤਾ ਤੋਂ ਹੋਰ ਦੂਰ ਧੱਕਦੀ ਰਹੇਗੀ। ਮਨੀਪੁਰ ਵਾਸੀਆਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਬਹੁਤ ਦੁੱਖ ਝੱਲੇ ਹਨ। ਹੁਣ ‘ਡਬਲ ਇੰਜਣ’ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਕੰਮ ਕਰੇ।

