DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਨੀਪੁਰ ’ਚ ਮੁੜ ਹਿੰਸਾ

ਮਨੀਪੁਰ ਵਿੱਚ ਹਾਲਾਤ ਅਜੇ ਵੀ ਆਮ ਵਰਗੇ ਨਹੀਂ ਹੋਏ। ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਨਸਲੀ ਟਕਰਾਅ ਦੀ ਮਾਰ ਹੇਠ ਆਏ ਇਸ ਸੂਬੇ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਉੱਠੀ ਹੈ। ਮੈਤੇਈ ਭਾਈਚਾਰੇ ਦੇ ਕੁਝ ਵਿਅਕਤੀਆਂ ਨੂੰ ਨਿਸ਼ਾਨਾ ਬਣਾ...

  • fb
  • twitter
  • whatsapp
  • whatsapp
featured-img featured-img
ਇੰਫਾਲ ’ਚ ਮੁੱਖ ਮੰਤਰੀ ਵਾਈ ਖੇਮਚੰਦ ਸਿੰਘ ਦੇ ਘਰ ਬਾਹਰ ਤਾਇਨਾਤ ਸੁਰੱਖਿਆ ਕਰਮੀ। -ਫੋਟੋ: ਏਐੱਨਆਈ
Advertisement

ਮਨੀਪੁਰ ਵਿੱਚ ਹਾਲਾਤ ਅਜੇ ਵੀ ਆਮ ਵਰਗੇ ਨਹੀਂ ਹੋਏ। ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਨਸਲੀ ਟਕਰਾਅ ਦੀ ਮਾਰ ਹੇਠ ਆਏ ਇਸ ਸੂਬੇ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਉੱਠੀ ਹੈ। ਮੈਤੇਈ ਭਾਈਚਾਰੇ ਦੇ ਕੁਝ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਸ ਜਾਨਲੇਵਾ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਤੋਂ ਬਾਅਦ ਘਾਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਹੋਏ ਰੋਸ ਪ੍ਰਦਰਸ਼ਨ ਅਤੇ 48 ਘੰਟੇ ਦੀ ਹੜਤਾਲ ਲੋਕਾਂ ਵਿੱਚ ਵਧ ਰਹੇ ਗੁੱਸੇ ਅਤੇ ਅਸੁਰੱਖਿਆ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ। ਇਹ ਮੌਤਾਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਹਰ ਪਾਸਿਉਂ ਵਿਗੜ ਰਹੀ ਹੈ। ਥੌਬਲ ਜ਼ਿਲ੍ਹੇ ਵਿੱਚ ਹੋਏ ਟਕਰਾਅ ਕਾਰਨ ਇੱਕ ਹੋਰ ਜਾਨ ਚਲੀ ਗਈ ਹੈ ਜਦੋਂਕਿ ਪੱਛਮੀ ਇੰਫਾਲ ਵਿੱਚ ਇੱਕ ਦੇਸੀ ਬੰਬ (ਆਈ ਈ ਡੀ) ਧਮਾਕੇ ਵਿੱਚ ਤਿੰਨ ਸੀ ਆਰ ਪੀ ਐੱਫ ਜਵਾਨ ਜ਼ਖ਼ਮੀ ਹੋ ਗਏ ਹਨ। ਕਾਮਜੋਂਗ ਜ਼ਿਲ੍ਹੇ ਵਿੱਚ ਘਰਾਂ ਨੂੰ ਸਾੜਨ ਅਤੇ ਆਮ ਲੋਕਾਂ ਦੇ ਆਪਣੇ ਘਰ ਛੱਡ ਕੇ ਭੱਜਣ ਦੀਆਂ ਖ਼ਬਰਾਂ ਇਸ ਸੰਕਟ ਦੀ ਗੰਭੀਰਤਾ ਨੂੰ ਹੋਰ ਡੂੰਘਾ ਕਰਦੀਆਂ ਹਨ। ਮਈ 2023 ਵਿੱਚ ਸ਼ੁਰੂ ਹੋਏ ਇਸ ਨਸਲੀ ਸੰਕਟ ਕਾਰਨ ਹੁਣ ਤੱਕ ਘੱਟੋ-ਘੱਟ 300 ਜਾਨਾਂ ਜਾ ਚੁੱਕੀਆਂ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ।ਮੁੱਖ ਮੰਤਰੀ ਵਾਈ. ਖੇਮਚੰਦ ਸਿੰਘ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੂਬੇ ਦੀ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਸਾਂਝੇ ਤੌਰ ’ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ, ਸਿਰਫ਼ ਸੁਰੱਖਿਆ ਬਲ ਤਾਇਨਾਤ ਕਰਨ ਨਾਲ ਸਥਾਈ ਸ਼ਾਂਤੀ ਨਹੀਂ ਆ ਸਕਦੀ। ਇਸ ਦੀ ਸਫਲਤਾ ਇਸ ਗੱਲ ਤੋਂ ਪਰਖੀ ਜਾਣੀ ਚਾਹੀਦੀ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਂਦੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਂਦਾ ਹੈ ਜਾਂ ਨਹੀਂ।
Advertisement

ਵਿਰੋਧੀ ਪਾਰਟੀ ਕਾਂਗਰਸ ਨੇ ਸੂਬੇ ਵਿੱਚ ਹਾਲਾਤ ਆਮ ਵਰਗੇ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਭਾਵੇਂ ਰਾਜਨੀਤਿਕ ਜਵਾਬਦੇਹੀ ਜ਼ਰੂਰੀ ਹੈ, ਪਰ ਸਿਆਸੀ ਦੂਸ਼ਣਬਾਜ਼ੀ ਨੂੰ ਖ਼ੂਨ-ਖ਼ਰਾਬੇ ਨੂੰ ਰੋਕਣ ਦੀ ਤੁਰੰਤ ਲੋੜ ’ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਅਧਿਕਾਰੀਆਂ ਨੂੰ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ, ਭਰੋਸੇਯੋਗ ਖ਼ੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਨੀ ਚਾਹੀਦੀ ਹੈ, ਭੜਕਾਊ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਰਾਹਤ ਸਮੱਗਰੀ ਬੇਘਰ ਹੋਏ ਪਰਿਵਾਰਾਂ ਤੱਕ ਪਹੁੰਚ ਸਕੇ।

Advertisement

ਮੈਤੇਈ, ਕੁਕੀ, ਨਾਗਾ ਅਤੇ ਹਿੰਸਾ ਤੋਂ ਪ੍ਰਭਾਵਿਤ ਹੋਰਨਾਂ ਭਾਈਚਾਰਿਆਂ ਵਿਚਕਾਰ ਲਗਾਤਾਰ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਵੀ ਬਹੁਤ ਜ਼ਰੂਰੀ ਹੈ। ਸਮੂਹਿਕ ਦੋਸ਼ ਮੜ੍ਹਨਾ ਅਤੇ ਬਦਲੇ ਦੀ ਭਾਵਨਾ ਨਾਲ ਕੀਤੇ ਗਏ ਹਮਲੇ ਆਪਸੀ ਬੇਵਿਸਾਹੀ ਨੂੰ ਹੋਰ ਡੂੰਘਾ ਕਰਨਗੇ ਅਤੇ ਲੋਕਾਂ ਦੇ ਦੁੱਖਾਂ ਨੂੰ ਹੋਰ ਵਧਾ ਦੇਣਗੇ। ਵਿਧਾਨ ਸਭਾ ਚੋਣਾਂ ’ਚ ਕੁਝ ਹੀ ਮਹੀਨੇ ਬਾਕੀ ਹਨ। ਇਸ ਲਈ ਸਿਆਸੀ ਪੈਂਤੜੇਬਾਜ਼ੀ ਨਾਲੋਂ ਸ਼ਾਂਤੀ ਬਹਾਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਹਰੇਕ ਨਾਗਰਿਕ ਦੀ ਸੁਰੱਖਿਆ ਕਰਨਾ ਉਨ੍ਹਾਂ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ। ਮਨੀਪੁਰ ਦੇ ਲੋਕ ਡਰ ਤੋਂ ਬਿਨਾਂ ਜੀਵਨ ਜਿਊਣ ਦੇ ਹੱਕਦਾਰ ਹਨ।

Advertisement
×