DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਾਯੁਤੀ ਦੀ ਜਿੱਤ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਹੇਠਲੀ ਮਹਾਯੁਤੀ ਵੱਲੋਂ ਵਿਰੋਧੀ ਧਿਰ ਨੂੰ ਹਰਾਉਣ ਤੋਂ ਲਗਪਗ ਇੱਕ ਸਾਲ ਬਾਅਦ, ਸੱਤਾਧਾਰੀ ਗਠਜੋੜ ਨੇ ਰਾਜ ਪੱਧਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਬ੍ਰਿਹਨਮੁੰਬਈ ਨਗਰ ਨਿਗਮ...

  • fb
  • twitter
  • whatsapp
  • whatsapp
Advertisement

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਹੇਠਲੀ ਮਹਾਯੁਤੀ ਵੱਲੋਂ ਵਿਰੋਧੀ ਧਿਰ ਨੂੰ ਹਰਾਉਣ ਤੋਂ ਲਗਪਗ ਇੱਕ ਸਾਲ ਬਾਅਦ, ਸੱਤਾਧਾਰੀ ਗਠਜੋੜ ਨੇ ਰਾਜ ਪੱਧਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਬ੍ਰਿਹਨਮੁੰਬਈ ਨਗਰ ਨਿਗਮ (BMC) ਦੀਆਂ ਚੋਣਾਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਇਸ ਨਤੀਜੇ ਨਾਲ ਮੁੰਬਈ ਦੀ ਸੱਤਾ ਵਿੱਚ ਇੱਕ ਫ਼ੈਸਲਾਕੁੰਨ ਤਬਦੀਲੀ ਆਈ ਹੈ; ਅਣਵੰਡੀ ਪਾਰਟੀ ਵਜੋਂ ਬਾਲ ਠਾਕਰੇ ਵੱਲੋਂ ਸਥਾਪਿਤ ਸ਼ਿਵ ਸੈਨਾ ਨੇ ਦਹਾਕਿਆਂ ਤੱਕ ਭਾਰਤ ਦੀ ਇਸ ਵਿੱਤੀ ਰਾਜਧਾਨੀ ’ਤੇ ਸ਼ਾਸਨ ਕੀਤਾ ਹੈ। ਹੁਣ ਸੂਬਾ ਸਰਕਾਰ ਵਾਂਗ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲਾ ਸ਼ਿਵ ਸੈਨਾ ਦਾ ਧੜਾ ਬੀ ਐੱਮ ਸੀ ਵਿੱਚ ਭਾਰਤੀ ਜਨਤਾ ਪਾਰਟੀ ਅਧੀਨ ਰਹੇਗਾ। ਦੋ ਦਹਾਕਿਆਂ ਬਾਅਦ ਠਾਕਰੇ ਭਰਾਵਾਂ ਦੇ ਮਿਲਾਪ ਮਗਰੋਂ ਵੀ ਮਹਾਯੁਤੀ ਨੂੰ ਠੱਲ੍ਹ ਨਾ ਪਾਈ ਜਾ ਸਕੀ। ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਸ਼ਿਵ ਸੈਨਾ ਅਤੇ ਰਾਜ ਠਾਕਰੇ ਦੀ ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੀ ਪ੍ਰਤੀਕਾਤਮਕ ਏਕਤਾ ਵੀ ਚੋਣਾਂ ਵਿੱਚ ਉਨ੍ਹਾਂ ਨੂੰ ਜਿੱਤ ਨਾ ਦਿਵਾ ਸਕੀ। ਸ਼ਰਦ ਪਵਾਰ ਅਤੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਦੀ ਅਗਵਾਈ ਹੇਠਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਧੜਿਆਂ ਦਾ ਗਠਜੋੜ ਵੀ ਪੁਣੇ ਵਿੱਚ ਅਸਫ਼ਲ ਰਿਹਾ।

ਭਾਰਤ ਦਾ ਸਭ ਤੋਂ ਅਮੀਰ ਨਗਰ ਨਿਗਮ ਹੋਣ ਨਾਤੇ ਬੀ ਐੱਮ ਸੀ ਬਹੁਤ ਮਹੱਤਵ ਰੱਖਦੀ ਹੈ; 2025-26 ਲਈ ਇਸ ਦਾ ਬਜਟ 74,427 ਕਰੋੜ ਰੁਪਏ ਹੈ, ਜੋ ਹਿਮਾਚਲ ਪ੍ਰਦੇਸ਼ ਤੇ ਗੋਆ ਵਰਗੇ ਸੂਬਿਆਂ ਨਾਲੋਂ ਵੀ ਵੱਧ ਹੈ। ਸਥਾਨਕ ਸੰਸਥਾ ਦੀ ਨਵੀਂ ਬਣਤਰ ਦਾ ਪ੍ਰਭਾਵ ਮੁੰਬਈ ਦੇ ਸ਼ਾਸਨ, ਨੀਤੀਗਤ ਤਰਜੀਹਾਂ ਅਤੇ ਮਹਾਰਾਸ਼ਟਰ ਵਿੱਚ ਸਿਆਸੀ ਕਾਰਜਸ਼ੀਲਤਾ ’ਤੇ ਲੰਬੇ ਸਮੇਂ ਤੱਕ ਵੇਖਣ ਨੂੰ ਮਿਲੇਗਾ। ਚੋਣ ਨਤੀਜੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਵਿਕਾਸ ਦੇ ਵੱਡੇ ਦਾਅਵਿਆਂ ’ਤੇ ਵੋਟਰਾਂ ਦੇ ਯਕੀਨ ਦੀ ਪੁਸ਼ਟੀ ਕਰਦੇ ਹਨ, ਹਾਲਾਂਕਿ ਠਾਕਰੇ ਪਰਿਵਾਰ ਦਾ ‘ਮਰਾਠੀ ਮਾਨੁਸ਼’ ਕਾਰਡ ਜ਼ਿਆਦਾ ਵੋਟਰਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ। ਇਸ ਚੋਣ ਪਿੜ ਵਿੱਚ ਕਾਂਗਰਸ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਪਰ ਇਸ ਵੱਲੋਂ ਲਾਏ ਦੋਸ਼ ਨੇ ਹਲਚਲ ਮਚਾ ਦਿੱਤੀ ਹੈ ਕਿ ਚੋਣਾਂ ਵਿੱਚ ਵਰਤੀ ਗਈ ‘ਅਮਿੱਟ’ ਸਿਆਹੀ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ।

Advertisement

ਇਨ੍ਹਾਂ ਨਤੀਜਿਆਂ ਨੇ ਵਿਰੋਧੀ ਧਿਰ ਦੇ ਮਹਾ ਵਿਕਾਸ ਅਘਾੜੀ ਗੱਠਜੋੜ ਦੇ ਭਵਿੱਖ ’ਤੇ ਸਵਾਲ ਖੜ੍ਹਾ ਕਰ ਦਿੱਤਾ ਹੈ, ਜਦਕਿ ਇਸ ਦੇ ਹਲਕਿਆਂ ਨੂੰ ਆਪਣੀ ਪ੍ਰਸੰਗਿਕਤਾ ਬਣਾਈ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਮਹਾਰਾਸ਼ਟਰ ਦੇ ਸਭ ਤੋਂ ਪ੍ਰਮੁੱਖ ਸਿਆਸੀ ਪਰਿਵਾਰ ‘ਠਾਕਰੇ’ ਅਤੇ ‘ਪਵਾਰ’ ਹੁਣ ਆਪਣੀ ਪੁਰਾਣੀ ਤਾਕਤ ਗੁਆ ਚੁੱਕੇ ਹਨ। ਭਾਜਪਾ ਨੇ ਸਿਰਫ਼ ਆਪਣੇ ਵਿਰੋਧੀਆਂ ਨੂੰ ਹੀ ਨਹੀਂ, ਸਗੋਂ ਆਪਣੇ ਸਹਿਯੋਗੀਆਂ ਨੂੰ ਵੀ ਵੱਡੇ ਫਰਕ ਨਾਲ ਹਰਾ ਦਿੱਤਾ ਹੈ।

Advertisement

Advertisement
×