ਪ੍ਰੇਮ ਤੇ ਨਫ਼ਰਤ

ਪ੍ਰੇਮ ਤੇ ਨਫ਼ਰਤ

"ਮੈਂ ਸੰਤ ਹਾਂ। ਮੈਂ ਪਰਵਾਹ ਨਹੀਂ ਕਰਦਾ। ਮੈਂ ਤੁਹਾਨੂੰ ਸਪੱਸ਼ਟ ਦੱਸਾਂਗਾ। ਰਾਮਵਿਚਾਰ ਜੀ ਨੇ ਇਹੀ ਗੱਲਾਂ ਕਹੀਆਂ ਪਰ ਉਹ ਥੋੜ੍ਹੇ ਅਸਪੱਸ਼ਟ ਸਨ। ਘਰ ’ਚ ਲਾਠੀ ਰੱਖੋ। ਸਾਡੇ ਪਿੰਡਾਂ ’ਚ ਲੋਕ ਕੁਹਾੜੀ ਰੱਖਦੇ ਹਨ। ਉਹ ਕੁਹਾੜੀ ਕਿਉਂ ਰੱਖਦੇ ਹਨ? ਤੁਸੀਂ ਫਰਸਾ (ਗੰਡਾਸਾ) ਕਿਉਂ ਨਹੀਂ ਰੱਖਦੇ? ਜਿਹੜਾ ਧਰਮ ਬਦਲਵਾਉਣ ਲਈ ਆਏ, ਉਹਦਾ ਸਿਰ ਧੜ ਤੋਂ ਅਲੱਗ ਕਰ ਦਿਓ। ਹੁਣ ਤੁਸੀਂ ਕਹੋਗੇ ਮੈਂ ਸੰਤ ਹੋ ਕੇ ਨਫ਼ਰਤ ਫੈਲਾ ਰਿਹਾ ਹਾਂ ਪਰ ਕਦੀ ਕਦੀ ਚਿੰਗਾਰੀ ਭੜਕਾਉਣਾ ਜ਼ਰੂਰੀ ਹੁੰਦਾ ਹੈ। ਮੈਂ ਤੁਹਾਨੂੰ ਦੱਸ ਰਿਹਾਂ, ਜਿਹੜਾ ਵੀ ਤੁਹਾਡੇ ਘਰ, ਗਵਾਂਢ, ਪਿੰਡ ’ਚ ਆਏ, ਉਹਨੂੰ ਮੁਆਫ਼ ਨਾ ਕਰਨਾ।’’ ਇਹ ਸ਼ਬਦ ਕਿਸੇ ਕੱਟੜਪੰਥੀ ਸਿਆਸੀ ਆਗੂ ਦੇ ਨਹੀਂ ਹਨ। ਇਹ ਸ਼ਬਦ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿਚ ਸਰਵ ਸਨਾਤਨ ਹਿੰਦੂ ਰਕਸ਼ਾ ਮੰਚ ਦੇ 1 ਅਕਤੂਬਰ 2021 ਨੂੰ ਹੋਏ ਇਕ ਸਮਾਗਮ ਵਿਚ ਆਪਣੇ ਆਪ ਨੂੰ ਧਰਮ-ਸ਼ਾਸਤਰੀ ਕਹਾਉਣ ਵਾਲੇ ਸਵਾਮੀ ਪਰਮਾਤਮਾ ਨੰਦ ਦੇ ਹਨ। ਨਫ਼ਰਤ ਫੈਲਾਉਣ ਵਾਲੇ ਅਜਿਹੇ ਐਲਾਨ ਪਹਿਲਾਂ ਤਾਂ ਘੱਟ ਦੇਖਣ ਨੂੰ ਮਿਲਦੇ ਸਨ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਇਹ ਸਾਧਾਰਨ ਜਿਹੀ ਗੱਲ ਹੋ ਗਈ ਹੈ, ਏਨੀ ਸਾਧਾਰਨ ਕਿ ਮੁੱਖ ਧਾਰਾ ਮੀਡੀਆ ਇਹੋ ਜਿਹੇ ਬਿਆਨੀਏ ਨੂੰ ਉਭਾਰਦਾ ਹੀ ਨਹੀਂ (ਜਾਂ ਉਸ ਦਾ ਕੁਝ ਹੋਰ ਕਾਰਨ ਹੈ)। ਇਹ ਸਮਾਗਮ, ਜਿਸ ਦਾ ਨਾਂ ‘‘ਬੰਦ ਕਰੋ ਧਰਮ ਬਦਲਾਉ’’ ਸੀ, ਇਸ ਲਈ ਕੀਤਾ ਗਿਆ ਕਿ ਸਰਵ ਸਨਾਤਨ ਹਿੰਦੂ ਰਕਸ਼ਾ ਮੰਚ ਅਨੁਸਾਰ ਇਸਾਈ ਪ੍ਰਚਾਰਕ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਬਦਲਾ ਰਹੇ ਹਨ ਅਤੇ ਛੱਤੀਸਗੜ੍ਹ ਵਿਚ ਗਿਰਜਿਆਂ ਦੀ ਗਿਣਤੀ ਵਧ ਰਹੀ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸਾਈਆਂ ਦੀ ਛੱਤੀਸਗੜ੍ਹ ਵਿਚ ਗਿਣਤੀ ਕੁੱਲ ਵੱਸੋਂ ਦਾ 1.92 ਫ਼ੀਸਦੀ ਸੀ। ਅਜਿਹੀ ਘੱਟਗਿਣਤੀ ਤੋਂ ਬਹੁਗਿਣਤੀ ਫ਼ਿਰਕੇ ਨੂੰ ਖ਼ਤਰਾ ਹੋਣਾ/ਦੱਸਣਾ ਤਰਕ ’ਤੇ ਆਧਾਰਿਤ ਨਹੀਂ ਹੈ।

ਇਹ ਭਾਸ਼ਣ ਕਿਸੇ ਭੜਕੀ ਹੋਈ ਭੀੜ ਜਾਂ ਹੁੱਲੜਬਾਜ਼ਾਂ ਦੇ ਟੋਲੇ ਸਾਹਮਣੇ ਨਹੀਂ ਦਿੱਤਾ ਗਿਆ। ਇਸ ਭਾਸ਼ਣ ਸਮੇਂ ਉੱਥੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਰਾਮਵਿਚਾਰ ਨੇਤਮ, ਨੰਦ ਕੁਮਾਰ ਸਾਈ, ਅਨੁਰਾਗ ਸਿੰਘ ਦੇਵ ਅਤੇ ਕਈ ਹੋਰ ਹਾਜ਼ਰ ਸਨ। ਰਾਮਵਿਚਾਰ ਨੇਤਮ ਛੱਤੀਸਗੜ੍ਹ ਦਾ ਗ੍ਰਹਿ ਮੰਤਰੀ, ਕਬਾਇਲੀ ਮਾਮਲਿਆਂ ਅਤੇ ਪੰਚਾਇਤ ਤੇ ਦਿਹਾਤੀ ਵਿਕਾਸ ਮੰਤਰੀ ਰਹਿ ਚੁੱਕਾ ਹੈ। 2016 ਤੋਂ ਉਹ ਰਾਜ ਸਭਾ ਦਾ ਮੈਂਬਰ ਹੈ। ਨੰਦ ਕੁਮਾਰ ਸਾਈ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦਾ ਮੈਂਬਰ ਰਹਿ ਚੁੱਕਾ ਹੈ। ਫਰਵਰੀ 2017 ਤੋਂ ਫਰਵਰੀ 2020 ਤਕ ਉਹ ਅਨੁਸੂਚਿਤ ਜਨਜਾਤੀਆਂ ਦੇ ਕੌਮੀ ਕਮਿਸ਼ਨ (National Commission for Scheduled Tribes) ਦਾ ਮੁਖੀ/ਚੇਅਰਮੈਨ ਰਿਹਾ। 2000-2003 ਵਿਚ ਉਹ ਛੱਤੀਸਗੜ੍ਹ ਵਿਧਾਨ ਸਭਾ ਵਿਚ ਭਾਜਪਾ ਦਾ ਆਗੂ ਤੇ ਵਿਰੋਧੀ ਧਿਰ ਦਾ ਨੇਤਾ ਸੀ। ਸਵਾਮੀ ਪਰਮਾਤਮਾ ਨੰਦ ਸੂਬੇ ਦੇ ਸੰਸਕ੍ਰਿਤ ਬੋਰਡ ਦਾ ਮੁਖੀ ਰਿਹਾ ਹੈ। ਇਹ ਉਹੀ ਸਵਾਮੀ ਹੈ ਜਿਸ ਨੇ 2017 ਵਿਚ ਕਿਹਾ ਸੀ ਕਿ ਗਊੁਆਂ ਦੀ ਤਸਕਰੀ (ਸਮਗਲਿੰਗ) ਕਰਨ ਵਾਲਿਆਂ ਨੂੰ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।

ਇਉਂ ਲੱਗਦਾ ਹੈ ਜਿਵੇਂ ਦੇਸ਼ ਨੇ ਨਫ਼ਰਤ ਦੀ ਭਾਸ਼ਾ ਨੂੰ ਸਵੀਕਾਰ ਕਰ ਲਿਆ ਹੈ। ਜਨਵਰੀ 2020 ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਤਤਕਾਲੀਨ ਕੇਂਦਰੀ ਵਿੱਤ ਮੰਤਰੀ ਅਨੁਰਾਗ ਸਿੰਘ ਠਾਕੁਰ (ਹੁਣ ਉਹ ਸੂਚਨਾ ਤੇ ਪ੍ਰਸਾਰਨ ਅਤੇ ਖੇਡ ਅਤੇ ਨੌਜਵਾਨਾਂ ਦੇ ਮਾਮਲਿਆਂ ਬਾਰੇ ਕੈਬਨਿਟ ਮੰਤਰੀ) ਨੇ ‘ਦੇਸ਼ ਦੇ ਗੱਦਾਰੋਂ ਕੋ, ਗੋਲੀ ਮਾਰੋ ... ਕੋ’ ਦਾ ਨਾਅਰਾ ਲਾਇਆ ਸੀ। ਹੁਣ ਅਜਿਹੇ ਵਿਅਕਤੀਆਂ ਵਿਰੁੱਧ ਕੋਈ ਕੇਸ ਦਰਜ ਨਹੀਂ ਹੁੰਦਾ; ਉਨ੍ਹਾਂ ਦਾ ਮਾਣ-ਸਨਮਾਨ ਹੁੰਦਾ ਅਤੇ ਤਰੱਕੀ ਮਿਲਦੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਕੁਝ ਹਫ਼ਤੇ ਪਹਿਲਾਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਖ਼ਿਲਾਫ਼ ਜ਼ਹਿਰ ਉਗਲਦਿਆਂ ਉਨ੍ਹਾਂ ਨੂੰ ਖਦੇੜ ਦੇਣ ਦੀ ਧਮਕੀ ਦਿੱਤੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਾਰਟੀ ਕਾਰਕੁਨਾਂ ਨੂੰ ਲਾਠੀਆਂ ਚੁੱਕਣ ਲਈ ਕਿਹਾ।

ਨੈਲਸਨ ਮੰਡੇਲਾ ਨੇ ਕਿਹਾ ਸੀ, ‘‘ਕੋਈ ਵੀ ਆਦਮੀ ਜੰਮਦਿਆਂ ਹੀ ਦੂਸਰੇ ਨੂੰ ਨਫ਼ਰਤ ਨਹੀਂ ਕਰਨ ਲੱਗਦਾ... ਲੋਕ ਨਫ਼ਰਤ ਕਰਨੀ ਸਿੱਖਦੇ ਹਨ।’’ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ। ਨਵ-ਜੰਮਿਆ ਬੱਚਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ; ਉਹ ਮਾਂ-ਪਿਉ, ਭੈਣਾਂ-ਭਰਾਵਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਪ੍ਰੇਮ ਕਰਦਾ ਹੈ। ਪ੍ਰੇਮ ਮਨੁੱਖ ਦਾ ਬੁਨਿਆਦੀ ਜਜ਼ਬਾ ਹੈ; ਨਫ਼ਰਤ ਇਕ ਸਮਾਜਿਕ ਵਰਤਾਰਾ ਹੈ। ਮਨੁੱਖ ਨੂੰ ਧਰਮ, ਨਸਲ, ਰੰਗ, ਜਾਤ, ਖ਼ਿੱਤੇ, ਭਾਸ਼ਾ, ਵਿਚਾਰਧਾਰਾ ਅਤੇ ਹੋਰ ਸਮਾਜਿਕ ਇਕਾਈਆਂ ਦੇ ਆਧਾਰ ’ਤੇ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ; ਉਸ ਦੇ ਅੰਦਰਲੇ ਪ੍ਰੇਮ ਨੂੰ ਨਸ਼ਟ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ।।’’ ਭਾਵ ਜੇ ਪ੍ਰੇਮ ਨਾ ਹੋਵੇ ਤਾਂ ਮਨੁੱਖ ਦਾ ਅੰਤਰ-ਮਨ ਸੱਖਣਾ/ਖਾਲੀ ਰਹਿੰਦਾ ਹੈ, ਇਸ ਦੇਹ ਨੇ ਮਿੱਟੀ/ਰਾਖ ਦੀ ਢੇਰੀ ਬਣ ਜਾਣਾ ਹੈ। ਬੁੱਲ੍ਹੇ ਸ਼ਾਹ ਨੇ ਮਨੁੱਖ ਦੇ ਅੰਤਰੀਵ ਪ੍ਰੇਮ-ਸੰਸਾਰ ਨੂੰ ਪ੍ਰੇਮ ਨਗਰ ਕਿਹਾ ਤੇ ਆਪਣੀ ਹਸਤੀ ਨੂੰ ਪ੍ਰੇਮ ਵਿਚ ਰਸਾਉਣ/ਡੁਬਾਉਣ ਦੀ ਗੱਲ ਕੀਤੀ, ‘‘ਅਬ ਹਮ ਗੁੰਮ ਹੂਏ ਪਰੇਮ ਨਗਰ ਕੇ ਸ਼ਹਿਰ/... ਬੁੱਲ੍ਹਾ ਸ਼ਹੁ ਹੈ ਦੋਹੀ ਜਹਾਨੀ, ਕੋਈ ਨਾ ਦਿਸਦਾ ਗੈਰ।’’

ਇਕ ਬੁੱਲ੍ਹੇ ਸ਼ਾਹ ਹੈ ਜਿਸ ਨੂੰ ਦੋਹਾਂ ਜਹਾਨਾਂ ਵਿਚ ਸ਼ਹੁ ਭਾਵ ਪਰਮਾਤਮਾ ਦਿਸਦਾ ਹੈ, ਇਕ ਸਵਾਮੀ ਪਰਮਾਤਮਾ ਨੰਦ ਹੈ ਜਿਹੜਾ ਨਫ਼ਰਤ ਦੀ ਸ਼ਰਨ ਲੈਂਦਾ, ਜ਼ਹਿਰੀਲਾ ਪ੍ਰਚਾਰ ਕਰਦਾ ਤੇ ਲੋਕਾਂ ਨੂੰ ਨਫ਼ਰਤ ਕਰਨੀ ਸਿਖਾਉਂਦਾ ਹੈ।

ਇਸਾਈ ਭਾਈਚਾਰੇ ਵਿਰੁੱਧ ਨਫ਼ਰਤ ਦੀ ਇਹ ਮੁਹਿੰਮ ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕਈ ਹੋਰ ਸੂਬਿਆਂ ਵਿਚ ਯੋਜਨਾਬੱਧ ਤਰੀਕੇ ਨਾਲ ਚਲਾਈ ਜਾ ਰਹੀ ਹੈ। ਤਿੰਨ ਸੰਸਥਾਵਾਂ ‘ਯੂਨਾਈਟਿਡ ਅਗੇਂਸਟ ਹੇਟ’, ‘ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ਼ ਸਿਵਲ ਰਾਈਟਸ’ ਅਤੇ ‘ਯੂਨਾਈਟਿਡ ਕ੍ਰਿਸਚੀਅਨ ਫੋਰਮ’ ਦੀ ਇਕ ਰਿਪੋਰਟ ਅਨੁਸਾਰ ਇਸ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿਚ ਇਸਾਈ ਭਾਈਚਾਰੇ ਦੇ ਲੋਕਾਂ ਅਤੇ ਗਿਰਜਿਆਂ ’ਤੇ ਲਗਭਗ 305 ਤੋਂ ਜ਼ਿਆਦਾ ਹਮਲੇ ਹੋਏ; ਸਭ ਤੋਂ ਜ਼ਿਆਦਾ 66 ਹਮਲੇ ਉੱਤਰ ਪ੍ਰਦੇਸ਼ ਅਤੇ 47 ਛੱਤੀਸਗੜ੍ਹ ਵਿਚ ਹੋਏ। ਹਰਿਆਣਾ, ਮੱਧ ਪ੍ਰਦੇਸ਼, ਕਰਨਾਟਕ, ਉੱਤਰਾਖੰਡ, ਦਿੱਲੀ ਅਤੇ ਕੇਰਲ ਵਿਚ ਵੀ ਵੱਡੀ ਗਿਣਤੀ ਵਿਚ ਹਮਲੇ ਹੋਏ। ਇਨ੍ਹਾਂ ਘਟਨਾਵਾਂ ਬਾਰੇ ਸਿਰਫ਼ 30 ਪੁਲੀਸ ਕੇਸ ਦਰਜ ਕੀਤੇ ਗਏ। ਔਰਤਾਂ, ਕਬਾਇਲੀਆਂ ਅਤੇ ਦਲਿਤਾਂ ਨੂੰ ਖ਼ਾਸ ਕਰਕੇ ਨਿਸ਼ਾਨਾ ਬਣਾਇਆ ਗਿਆ। ਕੁਝ ਦਿਨ ਪਹਿਲਾਂ ਰੁੜਕੀ ਵਿਚ ਐਤਵਾਰ ਦੇ ਦਿਨ ਗਿਰਜੇ ਵਿਚ ਆਏ ਲੋਕਾਂ ’ਤੇ ਹਮਲਾ ਕੀਤਾ ਗਿਆ।

ਨਫ਼ਰਤ ਨੂੰ ਇਕ ਸਿਆਸੀ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਲੋਕਾਂ ਵਿਚ ਲਗਾਤਾਰ ਘਿਰਣਾ ਭਰਿਆ ਪ੍ਰਚਾਰ ਕਰ ਕੇ ਉਨ੍ਹਾਂ ਦੇ ਮਨਾਂ ਵਿਚ ਜ਼ਹਿਰ ਭਰਿਆ ਜਾਂਦਾ ਹੈ। ਜ਼ਰੂਰਤ ਪੈਣ ’ਤੇ ਭੜਕਾਹਟ ਵਧਾਈ ਜਾਂਦੀ ਹੈ ਤੇ ਹਜੂਮੀ ਹਿੰਸਾ ਅਤੇ ਦੰਗੇ ਕਰਵਾਏ ਜਾਂਦੇ ਹਨ। ਮਨੋਵਿਗਿਆਨੀ ਮੈਰੀਆਨਾ ਪੋਗੋਸਿਆਨ ਅਨੁਸਾਰ ਨਿੱਜੀ ਨਫ਼ਰਤ ਨਾਲੋਂ ਲੋਕ ਸਮੂਹਾਂ/ਫ਼ਿਰਕਿਆਂ ਵਿਰੁੱਧ ਘਿਰਣਾ ਫੈਲਾਉਣੀ ਸੌਖੀ ਹੁੰਦੀ ਹੈ। ਏਦਾਂ ਕਰਨ ਲਈ ਨਫ਼ਰਤ ਦਾ ਪ੍ਰਚਾਰ ਕਰਨ ਵਾਲਾ ਪਹਿਲਾਂ ਆਪਣੇ ਧਰਮ ਜਾਂ ਫਿਰ ਆਪਣੇ ਫ਼ਿਰਕੇ, ਨਸਲ ਜਾਂ ਜਾਤ ਨੂੰ ਪੀੜਤ ਧਿਰ ਵਜੋਂ ਪੇਸ਼ ਕਰ ਕੇ ਇਹ ਇਲਜ਼ਾਮ ਲਗਾਉਂਦਾ ਹੈ ਕਿ ਦੂਸਰੇ ਧਰਮਾਂ ਦੇ ਲੋਕ ਉਸ ਦੇ ਧਰਮ ਨੂੰ ਨੇਸਤੋਨਾਬੂਦ ਕਰਨਾ ਚਾਹੁੰਦੇ ਹਨ। ਕੱਟੜਪੰਥੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਇਹ ਪ੍ਰਚਾਰ ਕਰ ਕੇ ਆਪਣਾ ਸਮਾਜਿਕ ਅਤੇ ਸਿਆਸੀ ਆਧਾਰ ਮਜ਼ਬੂਤ ਕਰਦੀਆਂ ਹਨ; ਨਿਸ਼ਾਨਾ ਸੱਤਾ ਪ੍ਰਾਪਤੀ ਹੁੰਦਾ ਹੈ। ਸਾਡੇ ਦੇਸ਼ ਵਿਚ ਸੰਘ ਪਰਿਵਾਰ, ਮੁਸਲਿਮ ਲੀਗ ਅਤੇ ਕਈ ਹੋਰ ਕੱਟੜਪੰਥੀ ਜਥੇਬੰਦੀਆਂ ਨੇ ਏਦਾਂ ਪ੍ਰਚਾਰ ਕਰ ਕੇ ਸਮਾਜਿਕ ਪਾੜੇ ਵਧਾਏ। ਇਸੇ ਕਾਰਨ 1947 ਵਿਚ ਪੰਜਾਬ ਅਤੇ ਬੰਗਾਲ ਦੀ ਵੰਡ ਦਾ ਦੁਖਾਂਤ ਵਾਪਰਿਆ ਅਤੇ ਅਜਿਹੇ ਵਰਤਾਰੇ ਆਜ਼ਾਦੀ ਤੋਂ ਬਾਅਦ ਵੀ ਜਾਰੀ ਰਹੇ।

ਇਹ ਵਰਤਾਰਾ ਕਿਸੇ ਇਕ ਧਰਮ, ਫ਼ਿਰਕੇ, ਨਸਲ, ਜਾਤ ਜਾਂ ਵਿਸ਼ੇਸ਼ ਲੋਕ ਸਮੂਹ ਨਾਲ ਸਬੰਧਿਤ ਨਹੀਂ ਹੈ। ਦੁਨੀਆ ਦੇ ਵੱਖ ਵੱਖ ਧਰਮਾਂ, ਜਿਨ੍ਹਾਂ ਵਿਚ ਇਸਾਈ, ਮੁਸਲਮਾਨ, ਯਹੂਦੀ, ਬੋਧੀ, ਹਿੰਦੂ, ਸਿੱਖ, ਪਾਰਸੀ ਸਭ ਸ਼ਾਮਲ ਹਨ, ਦੇ ਲੋਕਾਂ ਨੂੰ ਵੱਖ ਵੱਖ ਸਮਿਆਂ ਅਤੇ ਵੱਖ ਵੱਖ ਖ਼ਿੱਤਿਆਂ ਵਿਚ ਨਫ਼ਰਤ ਤੋਂ ਪੈਦਾ ਹੋਈ ਹਿੰਸਾ ਅਤੇ ਜਬਰ ਦਾ ਸਾਹਮਣਾ ਕਰਨਾ ਪਿਆ। ਸਿਆਹਫ਼ਾਮ ਲੋਕਾਂ ਨੇ ਰੰਗ ਤੇ ਨਸਲ ਦੇ ਆਧਾਰ ’ਤੇ ਅਕਹਿ ਜ਼ੁਲਮ ਸਹੇ ਹਨ। ਵੱਡੀ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦ ਸੱਤਾਧਾਰੀ ਖ਼ੁਦ ਨਫ਼ਰਤ ਫੈਲਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਦਾਹਰਨ ਦੇ ਤੌਰ ’ਤੇ ਕਰਨਾਟਕ ਵਿਧਾਨ ਸਭਾ ਦੀ ਇਕ ਕਮੇਟੀ ਨੇ ਸੂਬੇ ਵਿਚ ਬਣੇ ਗਿਰਜਿਆਂ ਦਾ ਸਰਵੇਖਣ ਕਰਨ ਦਾ ਫ਼ੈਸਲਾ ਕੀਤਾ ਹੈ।

ਸੱਤਾ ਦੇ ਗਲਿਆਰਿਆਂ ’ਚੋਂ ਨਫ਼ਰਤ ਫੈਲਾਉਣ ਵਾਲਿਆਂ ਨੂੰ ਉਤਸ਼ਾਹ ਮਿਲਣ ਦੇ ਨਾਲ ਨਾਲ ਨਫ਼ਰਤ ਦੇ ਇਹ ਪ੍ਰਚਾਰਕ ਜ਼ਮੀਨੀ ਪੱਧਰ ’ਤੇ ਜ਼ਹਿਰੀਲਾ ਪ੍ਰਚਾਰ ਕਰਨਾ ਜਾਰੀ ਰੱਖਦੇ ਹਨ। ਇਹ ਪ੍ਰਚਾਰਕ ਮਨੁੱਖਤਾ ਤੇ ਸਾਂਝੀਵਾਲਤਾ ਦੀਆਂ ਭਾਵਨਾਵਾਂ ਤੋਂ ਵਿਰਵੇ ਹੁੰਦੇ ਹਨ। ਉਪਰੋਕਤ ਸ਼ਬਦ ਬੋਲਣ ਵਾਲਾ ਸਵਾਮੀ ਪਰਮਾਤਮਾ ਨੰਦ ਆਪਣੇ ਆਪ ਨੂੰ ਧਾਰਮਿਕ ਵਿਅਕਤੀ ਅਖਵਾਉਂਦਾ ਅਤੇ ਧਾਰਮਿਕ ਲਿਬਾਸ ਪਾਉਂਦਾ ਹੈ। ਅਜਿਹੇ ਵਿਅਕਤੀਆਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ‘‘ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ।।’’ ਭਾਵ ਭ੍ਰਸ਼ਟ ਹੈ ਉਸ ਦੀ ਜ਼ਿੰਦਗੀ ਤੇ ਲਾਹਣਤ ਮਾਰੀ ਹੈ ਉਸ ਦੀ ਧਾਰਮਿਕ ਪੁਸ਼ਾਕ ਜਿਸ ਦੇ ਦਿਲ ਦੀ ਮੈਲ ਦੂਰ ਨਹੀਂ ਹੋਈ।

ਨਫ਼ਰਤ ਦਾ ਸਾਹਮਣਾ ਪ੍ਰੇਮ ਅਤੇ ਸਾਂਝੀਵਾਲਤਾ ਰਾਹੀਂ ਕੀਤਾ ਜਾ ਸਕਦਾ ਹੈ। ਸਮੱਸਿਆ ਇਹ ਹੈ ਕਿ ਜਿੱਥੇ ਨਫ਼ਰਤ ਨੂੰ ਇਕ ਸਿਆਸੀ ਸੰਦ ਵਜੋਂ ਵਰਤਿਆ ਜਾਂਦਾ ਹੈ, ਉੱਥੇ ਪ੍ਰੇਮ ਅਤੇ ਸਾਂਝੀਵਾਲਤਾ ਅਜਿਹੇ ਸੰਦ ਨਾ ਹੋ ਕੇ ਲੋਕਾਈ ਦੀ ਜੀਵਨ-ਜਾਚ ਹਨ; ਉਸ ਜੀਵਨ-ਜਾਚ ਦੀ ਆਤਮਾ ਹਨ। ਇਸ ਆਤਮਾ ਨੂੰ ਨਫ਼ਰਤੀ ਬੋਲਾਂ ਤੇ ਹਿੰਸਾ ਨਾਲ ਵਲੂੰਧਰਿਆ ਜਾਂਦਾ ਹੈ। ਨਫ਼ਰਤ ਅਸਹਿਣਸ਼ੀਲਤਾ, ਘਿਰਣਾ ਤੇ ਕੁੜੱਤਣ ਪੈਦਾ ਕਰਦਿਆਂ ਮਨੁੱਖ ਨੂੰ ਅਮਨੁੱਖਤਾ ਵੱਲ ਧੱਕਦੀ ਹੈ; ਹਜੂਮੀ ਭੀੜਾਂ ਅਤੇ ਜ਼ਹਿਰੀਲੀ ਮਾਨਸਿਕਤਾ ਪੈਦਾ ਕਰਦੀ ਹੈ। ਨਫ਼ਰਤ ਦੇ ਇਨ੍ਹਾਂ ਰੁਝਾਨਾਂ ਵਿਰੁੱਧ ਸੁਹਿਰਦਤਾ ਅਤੇ ਸਾਂਝੀਵਾਲਤਾ ’ਤੇ ਆਧਾਰਿਤ ਵਿਸ਼ਾਲ ਸਮਾਜਿਕ ਅਤੇ ਸਿਆਸੀ ਅੰਦੋਲਨ ਖੜ੍ਹੇ ਕਰਨ ਦੀ ਜ਼ਰੂਰਤ ਹੈ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਤੋਂ ਸ਼ੁਰੂ ਹੋਈ ਮੁਹਿੰਮ ਅਤੇ ਕਿਸਾਨਾਂ ਦੇ ਵਿਰਾਟ ਸੰਜਮ, ਸਿਦਕ ਤੇ ਸਿਰੜ ’ਤੇ ਉਸਰੇ ਮੌਜੂਦਾ ਕਿਸਾਨ ਅੰਦੋਲਨ ਜਿਹੇ ਲੋਕ-ਪੱਖੀ ਮੁਹਾਜ਼ਾਂ ਵਿਚੋਂ ਪਣਪਦੀ ਵਿਆਪਕ ਲੋਕ-ਰਾਇ ਹੀ ਨਫ਼ਰਤ ਦੀ ਫ਼ਸਲ ਬੀਜਣ ਅਤੇ ਲੋਕਾਂ ਨੂੰ ਵੰਡਣ ਵਾਲੀਆਂ ਤਾਕਤਾਂ ਨੂੰ ਹਰਾ ਸਕਦੀ ਹੈ।

- ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All