DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਪਣੇ ਘਰ ਦੀ ਤਾਂਘ

ਇਉਂ ਕਰੀਂ ਜ਼ਰਾ ਸਹਿਜ ਨਾਲ ਜਾ ਬੈਠੀਂ, ਉਸ ਦੇ ਮੰਜੇ ਲਾਗੇ, ਕਿਸੇ ਵੀ ਕੁਰਸੀ ਸਟੂਲ ’ਤੇ। ਬਿੜਕ ਹੁੰਦਿਆਂ-ਕਰਦਿਆਂ ਉਹ ਅੱਖਾਂ ਖੋਲ੍ਹੇਗੀ। ਤੈਨੂੰ ਦੇਖਦਿਆਂ ਸਾਰ ਪਹਿਲਾਂ ਇਹ ਕਰੇਗੀ ‘ਭਾ’ਜੀ ਮੇਰਾ ਇੱਕ ਕੰਮ ਕਰੋਗੇ?’ ਤੇਰੀ ਹਾਂ-ਨਾਂਹ ਉਡੀਕੇ ਬਿਨਾਂ ਅਗਲਾ ਵਾਕ ਫਿਰ ਉਹ...

  • fb
  • twitter
  • whatsapp
  • whatsapp
Advertisement

ਇਉਂ ਕਰੀਂ ਜ਼ਰਾ ਸਹਿਜ ਨਾਲ ਜਾ ਬੈਠੀਂ, ਉਸ ਦੇ ਮੰਜੇ ਲਾਗੇ, ਕਿਸੇ ਵੀ ਕੁਰਸੀ ਸਟੂਲ ’ਤੇ। ਬਿੜਕ ਹੁੰਦਿਆਂ-ਕਰਦਿਆਂ ਉਹ ਅੱਖਾਂ ਖੋਲ੍ਹੇਗੀ। ਤੈਨੂੰ ਦੇਖਦਿਆਂ ਸਾਰ ਪਹਿਲਾਂ ਇਹ ਕਰੇਗੀ ‘ਭਾ’ਜੀ ਮੇਰਾ ਇੱਕ ਕੰਮ ਕਰੋਗੇ?’ ਤੇਰੀ ਹਾਂ-ਨਾਂਹ ਉਡੀਕੇ ਬਿਨਾਂ ਅਗਲਾ ਵਾਕ ਫਿਰ ਉਹ ਬੋਲੇਗੀ, ਥੋੜ੍ਹਾ ਬਦਲ ਕੇ ‘ਮੇਰਾ ਇਹ ਕੰਮ ਜ਼ਰੂਰ ਕਰੋ, ਮੈਨੂੰ ਘਰ ਛੱਡ ਆਓ।’ ਤੂੰ ਹੈਰਾਨ ਹੋਵੇਂਗਾ ਕਿ ਆਪਣੇ ਘਰ ਬੈਠੀ ਇਹ ਕਿਹੜੀ ਥਾਂ ਜਾਣ ਨੂੰ ਆਖ ਰਾਹੀ ਐ। ਉਸ ਦੇ ਅਗਲੇ ਬੋਲ ਸੁਣਨ ਤੋਂ ਪਹਿਲਾਂ ਤੂੰ ਆਖੇਂਗਾ ‘ਆਪਣੇ ਘਰ ਈ ਤਾਂ ਬੈਠੀ ਏਂ ਤੂੰ। ਇਹ ਤੇਰਾ ਈ ਘਰ ਆ ਬੀਬਾ।’ ਉਸ ਦਾ ਝੱਟ ਉੱਤਰ ਹੋਵੇਗਾ ‘ਨਹੀਂ, ਇਹ ਮੇਰਾ ਘਰ ਨ੍ਹੀਂ, ਇਹ ਪਤਾ ਨ੍ਹੀਂ ਕੀਹਦਾ, ਮੈਂ ਜਿੱਦਣ ਦੀ ਆਈ ਆਂ, ਓਦਣ ਦੀ ਈ ਬਿਮਾਰ ਆਂ। ਆਪਣੇ ਘਰ ਮੈਂ ਕਦੀ ਬਿਮਾਰ ਨਹੀਂ ਸੀ ਹੋਈ। ਮੈਨੂੰ ਓਥੇ ਲੈ ਕੇ ਚੱਲ ਵੀਰ, ਵੀਰ ਬਣ ਕੇ। ਮੈਂ ਹੱਥ ਜੋੜਦੀ ਆਂ, ਪੈਰੀਂ ਪੈਨੀਂ ਆ ਤੇਰੇ।’ ਤੇ ਸੱਚਮੁੱਚ ਉਹ ਹੱਥ ਜੋੜ ਕੇ ਤੇਰੇ ਪੈਰਾਂ ਵੱਲ ਨੂੰ ਝੁਕੇਗੀ। ਤੂੰ ਉਸ ਨੂੰ ਪਿਆਰ ਦਏਂਗਾ। ਉਸ ਦੇ ਸਿਰ ’ਤੇ ਹੱਥ ਫੇਰੇਂਗਾ। ਤੂੰ ਇਹ ਨਾ ਸਮਝੀਂ ਕਿ ਉਸ ਨੇ ਤੈਨੂੰ ਪਛਾਣਿਆ ਨਹੀਂ। ਸਭ ਜਾਣਦੀ ਐ, ਚੰਗੀ ਤਰ੍ਹਾਂ ਪਛਾਣਦੀ ਐ ਤੈਨੂੰ। ਤੇਰਾ ਹੱਥ ਲੱਗਦਿਆਂ ਸਾਰ ਉਸ ਨੇ ਰੋਣ ਲੱਗ ਪੈਣੈ। ਪਹਿਲਾਂ ਹਟਕੋਰੀਂ, ਫਿਰ ਉੱਚੀ-ਉੱਚੀ ਭੁੱਬਾਂ ਮਾਰ ਕੇ। ਬਿਲਕੁਲ ਉਸੇ ਤਰ੍ਹਾਂ, ਜਿਵੇਂ ਉਹ ਦਫ਼ਤਰ ਆ ਕੇ ਰੋਈ ਸੀ, ਤੇਰੀ ਮੁਅੱਤਲੀ ਵੇਲੇ। ਹੋਰ ਵੀ ਕਰਮਚਾਰੀ ਸਨ ਹੀ ਉਸ ਵਰਗੇ। ਬਿਲਕੁਲ ਨਾਲ ਦੇ ਕਮਰੇ ’ਚ। ਲਾਗੇ-ਲਾਗੇ ਬੈਠਦੇ ਸਨ ਸਾਰੇ। ਸਭ ਨੂੰ ਇਕਦਮ ਪਤਾ ਲੱਗ ਗਿਆ ਕਿ ਨਵੇਂ ਆਏ ਸਾਬ੍ਹ ਦੀ ਬਦਲੀ ਨਹੀਂ, ਮੁਅੱਤਲੀ ਹੋਈ ਐ। ਕਾਰਨ ਝੱਟ ਸਮਝ ਗਏ ਸਨ ਕਿ ਨਵੇਂ ਸਾਬ੍ਹ ਉਪਰਲਿਆਂ ਦੀਆਂ ਆਸਾਂ ’ਤੇ ਪੂਰੇ ਨਹੀਂ ਸੀ ਉਤਰੇ, ਥੋੜ੍ਹਾ-ਬਹੁਤ ਹੁੰਗਾਰਾ ਵੀ ਨਹੀਂ ਸੀ ਭਰਿਆ। ਦਫ਼ਤਰੀ ਰੁਟੀਨ ’ਚ ਵਿਚਰਦਿਆਂ ਤੂੰ ਦਫ਼ਤਰੀ ਨਿਯਮਾਂ ਦੀ ਪਾਲਣਾ ਵੱਧ ਕਰਦਾ। ਮਹਿਕਮਾ ਕੁਝ ਹੋਰ ਭਾਲਦਾ ਸੀ ਤੇਰੇ ਤੋਂ। ਤੂੰ ਉਪਰਲੇ-ਹੇਠਲੇ ਹੁਕਮਾਂ ਵੱਲ ਧਿਆਨ ਨਹੀਂ ਸੀ ਦਿੱਤਾ। ਧਿਆਨ ਦੇਣਾ ਤਾਂ ਇੱਕ ਪਾਸੇ ਰਿਹਾ, ਬਹੁਤੀ ਵਾਰ ਨਾਂਹ-ਨੁੱਕਰ ਹੀ ਕਰ ਦਿੱਤੀ। ਪਤਾ ਸੀ ਤੈਨੂੰ ਕਿ ਉੱਪਰਲੇ ਹੁਕਮ ਹੁਣ ਪਹਿਲੋਂ ਵਰਗੇ ਨਹੀਂ ਸੀ ਰਹੇ। ਤਾਸੀਰ ਬਦਲ ਗਈ ਸੀ ਇਨ੍ਹਾਂ ਦੀ। ਹੇਠੋਂ ਲੈ ਕੇ ਉੱਪਰ ਤੱਕ। ਇਹ ਨਾਂਹ-ਨੁੱਕਰ ਤਾਂ ਕੀ, ਕਿਸੇ ਵੀ ਤਰ੍ਹਾਂ ਦੀ ਅਪੀਲ-ਦਲੀਲ ਬਰਦਾਸ਼ਤ ਨਹੀਂ ਸੀ ਕਰਦੇ। ਜਿਵੇਂ ਪਹਿਲਾਂ ਵਾਲੇ ਕਰ ਲਿਆ ਕਰਦੇ ਸਨ। ਉਨ੍ਹਾਂ ਨਾਲ ਤਾਂ ਬਹਿਸ-ਮੁਬਾਹਸਾ ਵੀ ਕਰ ਲੈਂਦਾ ਸੀ। ਉਹ ਤੇਰਾ ਪੱਖ ਸੁਣ ਵੀ ਲਿਆ ਕਰਦੇ ਸਨ। ਜੇ ਗੱਲ ਕਿਸੇ ਤਣ-ਪੱਤਣ ਨਾ ਲੱਗੇ ਤਾਂ ਵੱਧ ਤੋਂ ਵੱਧ ਚਿਤਾਵਨੀ ਜਾਂ ਚਾਰਜਸ਼ੀਟ। ਜੇ ਤਲਖ਼-ਕਲਾਮੀ ਬਾਹਲੀ ਹੀ ਇਤਰਾਜ਼ਯੋਗ ਹੁੰਦੀ ਤਾਂ ਵੱਡੀ ਤੋਂ ਵੱਡੀ ਸਜ਼ਾ ਹੁੰਦੀ ਬਦਲੀ, ਜਿਸ ਨੂੰ ਤੂੰ ਆਮ ਵਰਤਾਰਾ ਸਮਝਣ ਲੱਗ ਪਿਆ ਸੀ। ਇਸ ਵਾਰ ਤਾਂ ਗੱਲ ਵੀ ਕੋਈ ਖ਼ਾਸ ਨਹੀਂ ਸੀ ਹੋਈ। ਤੈਨੂੰ ਆਪਣੇ ਦਫ਼ਤਰ ਦੇ ਇੱਕ ਸਿਆਣੇ-ਬਿਆਣੇ ਕਰਮਚਾਰੀ ਦੀਆਂ ਦਫ਼ਤਰੋਂ ਬਾਹਰਲੀਆਂ ਗਤੀਵਿਧੀਆਂ ਦੱਸਣ ਲਈ ਕਿਹਾ ਗਿਆ ਗੁਪਤ ਢੰਗ ਨਾਲ। ਤੇਰਾ ਉੱਤਰ ਸੀ, ‘ਮੇਰਾ ਵਾਹ-ਵਾਸਤਾ ਉਸ ਦੇ ਦਫ਼ਤਰੀ ਕਾਰ-ਵਿਹਾਰ ਨਾਲ ਐ, ਉਸ ਦੇ ਨਿੱਜੀ ਜੀਵਨ ਨਾਲ ਨਹੀਂ। ਡਿਊਟੀਓਂ ਬਾਅਦ ਉਹ ਆਜ਼ਾਦ ਐ, ਕੋਈ ਵੀ ਸਮਾਜਿਕ ਕੰਮ ਕਰੇ ਜਾਂ ਸੱਭਿਆਚਾਰਕ ਮੈਂ ਉਸ ਨੂੰ ਕਿਵੇਂ ਰੋਕ ਸਕਦਾਂ।’

ਵਾਰ-ਵਾਰ ਪੁੱਛੇ ਜਾਣ ’ਤੇ ਤੇਰਾ ਉਸ ਵਾਰ ਦਾ ਉੱਤਰ ਥੋੜ੍ਹਾ ਕੁ ਤਲਖ਼ ਹੋ ਗਿਆ।

Advertisement

ਫਿਰ ਵੀ ਸ਼ੁਕਰ ਕਰ ਤੂੰ ਸੌਖਾ ਹੀ ਬਚ ਗਿਆ। ਇਹ ਤੇਰੀ ਕਾਬਲੀਅਤ ਸੀ ਜਾਂ ਮਹਿਕਮਾਨਾਂ ਬਾਰੀਕੀਆਂ ਦੀ ਡੂੰਘੀ ਜਾਣਕਾਰੀ ਕਿ ਤੈਨੂੰ ਮਿਲੀ ਸਜ਼ਾ ਮੁਅੱਤਲੀ ਤੱਕ ਹੀ ਸੀਮਤ ਰਹੀ, ਪਰ ਪੱਕੀ ਗੱਲ ਇਹ ਐ ਕਿ ਤੂੰ ਇਸ ਨੂੰ ਵਾਰਨਿੰਗ ਹੀ ਸਮਝ- ‘ਜੇ ਮੁੜ ਕਿਸੇ ਨਾਲ ਇਹੋ ਜਿਹੀ ਬਹਿਸਬਾਜ਼ੀ ਕੀਤੀ ਤਾਂ ਬਰਖ਼ਾਸਤੀ ਨੋਟਿਸ ਤੇਰੇ ਹੱਥਾਂ ’ਚ ਹੋਵੇਗਾ। ਫਿਰ ਤੁਰਿਆ ਫਿਰੀਂ ਏਧਰ-ਓਧਰ ਟੱਕਰਾਂ ਮਾਰਦਾ। ਕੋਰਟ-ਕਚਹਿਰੀ ਸਮੇਤ ਉੱਪਰ ਤੱਕ ਤੇਰੀ ਇੱਕ ਨਹੀਂ ਸੁਣਨੀ ਕਿਸੇ ਨੇ।’

Advertisement

ਤੇ ਬੱਸ... ਤੇਰੀ ਉਸ ਵਾਰ ਦੀ ਹੁਕਮ-ਅਦੂਲੀ ਦਾ ਸਿੱਟਾ ਸੀ ਤੇਰੇ ਦਫ਼ਤਰੀ ਲੈਪਟੌਪ ’ਤੇ ਛਪੀ ਤੇਰੀ ਮੁਅੱਤਲੀ ਦੀ ਇਬਾਰਤ, ਜਿਸ ਨੂੰ ਪੜ੍ਹ ਕੇ ਇਹ ਬਹੁਤ ਰੋਈ ਸੀ। ਪਹਿਲਾਂ ਆਪਣੀ ਸੀਟ ’ਤੇ ਬੈਠੀ, ਫਿਰ ਤੇਰੇ ਕਮਰੇ ’ਚ ਆ ਕੇ। ਤੂੰ ਇਬਾਰਤੀ ਹੁਕਮ ਪੜ੍ਹ ਕੇ ਏਨਾ ਪ੍ਰੇਸ਼ਾਨ ਨਹੀਂ ਸੀ ਹੋਇਆ, ਜਿੰਨਾ ਇਹਨੂੰ ਰੋਂਦੀ ਨੂੰ ਦੇਖ ਕੇ ਹੋਇਆ ਸੀ। ਕਈ ਸੌ ਯਤਨ ਕਰਨੇ ਪਏ ਸਨ ਤੈਨੂੰ ਇਸ ਨੂੰ ਢਾਰਸ ਦੇਣ ਲਈ, ਤੂੰ ਬੇਹੱਦ ਠਰ੍ਹੰਮੇ ਨਾਲ ਆਖਿਆ ਸੀ ਇਸ ਨੂੰ ‘ਹੌਸਲਾ ਰੱਖ ਬੀਬਾ, ਹਿੰਮਤ ਨ੍ਹੀਂ ਹਾਰਨੀ। ਇਹ ਬਦਲੀਆਂ ਚਾਰਜਸ਼ੀਟਾਂ-ਮੁਅੱਤਲੀਆਂ ਤਾਂ ਮੇਰੇ ਪਿੱਛੇ-ਪਿੱਛੇ ਹੀ ਰਹਿੰਦੀਆਂ ਨੇ। ਕਈ ਵਾਰ ਤਾਂ ਮੇਰੇ ਪੁੱਜਣ ਤੋਂ ਪਹਿਲਾਂ ਹੀ ਅੱਪੜ ਜਾਂਦੀਆਂ ਅਗਲੇ ਥਾਂ ’ਤੇ। ਤੂੰ ਕਾਹਨੂੰ ਦਿਲ ਛੋਟਾ ਕਰਦੀ ਐਂ! ਹਿੰਮਤ ਰੱਖ, ਹਿੰਮਤ। ਜਿਹਨੇ ਵੀ ਗ਼ਲਤ-ਮਲਤ ਹੁਕਮਾਂ ਤੋਂ ਇਨਕਾਰੀ ਹੋਣਾ, ਉਹਨੂੰ ਇਹੋ ਜਿਹੀ ਬਦਸਲੂਕੀ ਤਾਂ ਝੱਲਣੀ ਹੀ ਪਊ!’

ਉਸ ਵਾਰ ਦਾ ਵਿਰਲਾਪ ਤੇਰੇ ਤੋਂ ਦੇਖ ਨਹੀਂ ਸੀ ਹੋਇਆ। ਆਪਣੀ ਸੀਟ ਤੋਂ ਉੱਠ ਕੇ ਤੂੰ ਇਸ ਦੇ ਲਾਗੇ ਜਾ ਖੜੋਇਆ ਸੀ। ਇਸ ਦਾ ਸਿਰ-ਮੂੰਹ ਪਲੋਸਦੇ ਨੇ ਮਸਾਂ ਰੋਣੋਂ ਰੋਕਿਆ ਸੀ ਇਸ ਨੂੰ। ਇਸ ਦੇ ਘਰ-ਬਾਹਰ, ਬਾਲ ਬੱਚਿਆਂ ਬਾਰੇ ਪੁੱਛਣਾ, ਤੈਨੂੰ ਉਸ ਦਿਨ ਮੁਨਾਸਿਬ ਨਹੀਂ ਸੀ ਲੱਗਾ। ਉਂਝ ਉਸ ਦਿਨ ਦੇ ਤੇਰੇ ਵਿਹਾਰ ਨੇ ਇਸ ਨੂੰ ਢਾਰਸ ਵੀ ਬਹੁਤ ਦਿੱਤੀ ਸੀ ਅਤੇ ਤੇਰੇ ਲਈ ਬਣਿਆ ਮਾਣ-ਸਤਿਕਾਰ ਹੋਰ ਵੀ ਕਿੰਨਾ ਵਧ ਗਿਆ ਸੀ ਇਸ ਅੰਦਰ।

ਇਹ ਉਸ ਮਾਣ-ਸਤਿਕਾਰ ਦਾ ਹੀ ਹਿੱਸਾ ਏ ਕਿ ਤੂੰ ਹੁਣ ਤੱਕ ਯਾਦ ਰੱਖਿਆ ਇਸ ਨੂੰ। ਮੁਅੱਤਲੀ ਹੁਕਮ ਰੱਦ ਕਰਵਾ ਕੇ ਮੁੜੇ ਨੂੰ ਤੈਨੂੰ ਇਹ ਦਫ਼ਤਰ ਨਹੀਂ ਸੀ ਲੱਭੀ। ਲੱਭਦੀ ਵੀ ਕਿਵੇਂ? ਇਸ ਨੂੰ ਮੰਜੇ ਤੱਕ ਸੀਮਿਤ ਕਰਨ ਵਿੱਚ ਇਸ ਦੇ ਘਰ ਨਾਲੋਂ ਵੱਧ ਤੇਰੇ ਦਫ਼ਤਰ ਦਾ ਹਿੱਸਾ ਐ। ...ਤੇਰੀ ਥਾਂ ਆਉਣ ਵਾਲਾ ਅਧਿਕਾਰੀ ਤੇਰੇ ਵਰਗਾ ਅੜੀਅਲ ਸੀ ਉਹ। ਉਂਜ ਵੀ ਹੁਸ਼ਿਆਰ ਸੀ ਹਰ ਪਾਸਿਉਂ। ਪੂਰੀ ਬਿੜਕ ਰੱਖਦਾ ਸੀ ਉੱਪਰ ਹੇਠਾਂ ਦੀ। ਇਕੱਠੀ ਬਿੜਕ ਹੀ ਨਹੀਂ, ਪੂਰੀ ਸਮਰੱਥਾ ਰੱਖਦਾ ਸੀ ਆਸੇ-ਪਾਸੇ ਉੱਪਰ-ਹੇਠਾਂ ਅਨੁਸਾਰ ਢਲਣ-ਸਮੋਣ ਦੀ। ਇਸ ਨੂੰ ਵੀ ਉਸ ਨੇ ਆਪਣੇ ਹਿਸਾਬ ਨਾਲ ਢਾਲਣ-ਤੋਰਨ ਦੇ ਯਤਨ ਕੀਤੇ। ਬਣਦੀ ਹੱਦ ਤੱਕ ਇਹ ਤੁਰਦੀ ਵੀ ਰਹੀ ਉਸ ਦੇ ਨਾਲ-ਨਾਲ, ਪਰ ਇੱਕ ਥਾਂ ਪੁੱਜ ਕੇ ਇਸ ਤੋਂ ਉਸ ਦੀ ਹਰਕਤ ਬਰਦਾਸ਼ਤ ਨਹੀਂ ਸੀ ਹੋਈ। ਉਸ ਵੱਲੋਂ ਬੋਲੀ ਇਬਾਰਤ-ਕਾਪੀ ਵਗਾਹ ਕੇ ਮਾਰੀ ਸੀ ਇਸ ਨੇ। ਇਹ ਕਾਪੀ ਮੇਜ਼ ’ਤੇ ਤਿਲਕਣ ਦੀ ਥਾਂ ਥੋੜ੍ਹੀ ਕੁ ਹਵਾ ’ਚ ਉੱਲਰ ਗਈ। ਸਾਹਮਣੇ ਆਰਾਮ ਕੁਰਸੀ ਵਰਗੀ ਲੇਟਵੀਂ ਮੁਦਰਾ ’ਚ ਝੂਲਦੇ ਸਾਬ੍ਹ ਦੇ ਮੂੰਹ-ਸਿਰ ’ਤੇ ਨਹੀਂ ਵੱਜੀ, ਤਾਂ ਵੀ ਇਸ ਨੂੰ ਹੁਕਮ-ਅਦੂਲੀ ਸਮੇਤ ਸ਼ਖ਼ਸੀ ਹਮਲਾ ਸੌਖਿਆਂ ਹੀ ਗਰਦਾਨ ਦਿੱਤਾ ਗਿਆ। ਸਿੱਟੇ ਵਜੋਂ ਅਗਲੇ ਹੀ ਦਿਨ ਤੋਂ ਇਹ ਹਰਕਤ ਚਾਰਜਸ਼ੀਟ ’ਤੇ ਤੁਰਦੀ ਛਾਂਟੀ ਨੋਟਿਸ ਤੱਕ ਪੁੱਜ ਗਈ ਸੀ। ਇਸ ਦੇ ਕੋਮਲ-ਚਿੱਤ ਲਈ ਦੂਜਾ ਵੱਡਾ ਝਟਕਾ ਸੀ ਇਹ। ਇਸ ਤੋਂ ਰੱਤੀ ਭਰ ਵੀ ਬਰਦਾਸ਼ਤ ਨਹੀਂ ਸੀ ਹੋਇਆ। ਆਪਣੇ-ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਨਾ ਹਿੰਮਤ ਬਚੀ ਸੀ ਇਸ ’ਚ, ਨਾ ਸੁੱਧ-ਬੁੱਧ। ਛੇਤੀ ਹੀ ਇਹ ਮਨੋ-ਸਥਿਤੀ ਦਿਮਾਗ਼ੀ ਅਸਥਿਰਤਾ ’ਚ ਬਦਲ ਗਈ, ਕਿਸੇ ਨਾਮੁਰਾਦ ਬਿਮਾਰੀ ਨੇ ਕਿੰਨਾ ਕੁਝ ਭੁੱਲਣ ਲਾ ਦਿੱਤਾ। ਜੋ ਕੁਝ ਯਾਦ ਰਿਹਾ, ਉਹ ਅਸਲੋਂ ਹੀ ਬੇਤਰਤੀਬਾ। ਲਗਾਤਾਰ ਬੋਲੀ ਜਾਣ ਨੂੰ ਡਾਕਟਰ ਵੱਖਰੀ ਤਰ੍ਹਾਂ ਦਾ ਨੁਕਸ ਦੱਸਦੇ ਰਹੇ। ਕੋਈ ਵੀ ਦਵਾਈ ਕਾਰਗਰ ਸਿੱਧ ਨਾ ਹੋਈ। ਇਹ ਕਦੇ ਕਿਧਰੇ ਉੱਠ ਤੁਰਦੀ, ਕਦੇ ਕਿਧਰੇ। ਛੋਟੇ-ਛੋਟੇ ਬਾਲ ਇਹਨੂੰ ਫੜ-ਫੜ ਕੇ ਮਸਾਂ ਘਰ ਲਿਆਉਂਦੇ।

ਇਸ ਬੇਹਿਸਾਬੀ ਹਿਲਜੁਲ ਨੇ ਇਸ ਦੀ ਸਰੀਰਕ ਸਮਰੱਥਾ ਸਮੇਤ ਯਾਦ-ਸ਼ਕਤੀ ਨੂੰ ਹੋਰ ਵੀ ਘਟਾ ਦਿੱਤਾ, ਪਰ ‘ਮੈਨੂੰ ਘਰ ਛੱਡ ਆਓ’ ਦੀ ਇਬਾਰਤ ਜਿਵੇਂ ਪੱਕੀ ਇਸ ਦੇ ਮਨ-ਮਸਤਕ ’ਤੇ ਉੱਕਰੀ ਰਹੀ, ਰਾਤ-ਪੁਰ-ਦਿਨੇ ਬਸ ਇੱਕੋ ਹੀ ਰਟ- ‘ਇਹ ਮੇਰਾ ਘਰ ਨ੍ਹੀਂ, ਮੈਨੂੰ ਮੇਰੇ...!’ ਜਿਸ ਨੂੰ ਇਹ ਮੇਰਾ ਘਰ ਕਹਿੰਦੀ ਐ, ਉਸ ਦੀ ਇੱਕ ਛੋਟੀ ਜਿਹੀ ਦਾਸਤਾਨ ਐ। ਤੈਨੂੰ ਇਹ ਭਾਵੇਂ ਐਵੇਂ-ਕਿਵੇਂ ਵੀ ਲੱਗੇ, ਪਰ ਹੈ ਥੋੜ੍ਹਾ ਅਰਥ-ਭਰਪੂਰ।

... ਪਤੀ ਨੂੰ ਸਰਕਾਰੀ ਨੌਕਰੀ ਮਿਲਣ ’ਤੇ ਇਹਨੂੰ ਪਿੰਡ ਤੋਂ ਸ਼ਹਿਰ ’ਚ ਆਉਣਾ ਪਿਆ। ਥੋੜ੍ਹਾ ਕੁ ਚਿਰ ਕਿਰਾਏ ’ਤੇ ਰਹੀ, ਫਿਰ ਆਏ ਦਿਨ ਦੀ ਅਦਲਾ-ਬਦਲੀ ਤੋਂ ਮੁਕਤ ਹੋਣ ਲਈ ਇਹ ਘਰ ਖ਼ਰੀਦ ਲਿਆ, ਛੋਟਾ ਜਿਹਾ। ਸੰਘਣੀ ਵਸੋਂ, ਨਾਲ-ਨਾਲ ਜੁੜਵੇਂ ਮਕਾਨ। ਤੰਗ ਜਿਹੀ ਗਲੀ। ਖੜ੍ਹੇ ਪੈਰ ਏਨੀ ਕੁ ਹੀ ਗੁੰਜਾਇਸ਼ ਬਣੀ, ਤਾਂ ਵੀ ਇਸ ਨੂੰ ਆਪਣਾ ਕਹਿਣ ਦਾ ਚਾਅ ਆਪਣੀ ਤਰ੍ਹਾਂ ਦਾ ਹੁਲਾਸ ਦਿੰਦਾ ਸੀ। ਇਹ ਹੁਲਾਸ ਸੀ ਜਾਂ ਪਤੀ ਦਾ ਅਫ਼ਸਰੀ ਅਹੁਦਾ, ਇਹ ਪੈਂਦੀ ਸੱਟੇ ਆਂਢ-ਗੁਆਂਢ ’ਚ ਭਿੱਜੀ ਨਾ। ਆਂਢੀ-ਗੁਆਂਢੀ ਸਨ ਵੀ ਸਾਧਾਰਨ ਲੋਕ। ਬਹੁਤ ਕੰਮ-ਕਾਜੀ, ਥੋੜ੍ਹੇ ਕੁ ਨੌਕਰੀ ਪੇਸ਼ਾ। ਕੰਮ-ਕਾਰ ਵੀ ਨਿੱਕਾ-ਮੋਟਾ, ਸਾਈਕਲ, ਸਕੂਟਰ ਮਕੈਨਿਕ, ਦਿਹਾੜੀਦਾਰ ਮਿਸਤਰੀ ਜਾਂ ਆਈ ਚਲਾਈ ਵਾਲੇ ਛੋਟੇ ਦੁਕਾਨਦਾਰ, ਪਰ ਘਰ ਮਾਲਕੀ ਸਭ ਦੀ ਆਪਣੀ। ਉਹ ਇੱਕ-ਦੂਜੇ ਦੇ ਘਰੀਂ, ਵਿਹੜੀਂ ਬੇਝਿਜਕ ਹੋ ਕੇ ਵਿਚਰਦੇ। ਕਿਸੇ ਦੀ ਜਾਤ-ਵਰਗ, ਉੱਚੇ-ਨੀਵੇਂ, ਅਹੁਦੇ-ਰੁਤਬੇ ਦੀ ਕਦੇ ਗਿਣਤੀ-ਮਿਣਤੀ ਨਹੀਂ ਸੀ ਕਰਦੇ। ਇਹਨੂੰ ਵੀ ਆਪਣੀ ਭੁੱਲ ਦਾ ਪਛਤਾਵਾ ਹੋਣ ਲੱਗਾ। ਪਹਿਲਾਂ ਵਾਲੀ ਸੰਗ-ਝਿਜਕ ਛੱਡ ਕੇ ਇਹ ਉਨ੍ਹਾਂ ਵਰਗੀ ਬਣਦੀ ਗਈ। ਸੁਆਣੀਆਂ ਸਿਰੇ ਦਾ ਹਾਸਾ-ਠੱਠਾ ਕਰਦੀਆਂ ਇਹਨੂੰ ਵੀ ਸ਼ਾਮਲ ਕਰਦੀਆਂ ਗਈਆਂ। ਇਸ ਦੇ ਘਰ ਜਨਮੇ ਦੋਵੇਂ ਬਾਲ ਵੀ ਜਿਵੇਂ ਇਸ ਦੇ ਘੱਟ, ਉਨ੍ਹਾਂ ਦੇ ਵੱਧ ਹੋਣ। ਇਹਨੇ ਹੋਰ ਵੇਲਾ ਸਾਂਭਿਆ, ਅਧਵਾਟੇ ਰੁਕੀ, ਦਫ਼ਤਰੀ ਨੌਕਰੀ ਲਈ ਲੋੜੀਂਦੀ ਯੋਗਤਾ ਪੂਰੀ ਕਰ ਲਈ। ਪਤੀ ਨੇ ਨੱਠ-ਭੱਜ ਕਰਕੇ ਤੇਰੇ ਮਹਿਕਮੇ ’ਚ ਸਟੈਨੋ ਲਗਵਾ ਲਿਆ। ਬਸ ਐਥੇ ਕੁ ਪੁੱਜ ਕੇ ਇਹਦੇ ਪੈਰ ਥੋੜ੍ਹੇ ਕੁ ਉੱਖੜ ਜਿਹੇ ਗਏ। ਥੋੜ੍ਹੀ ਕੁ ਅਟਕ-ਕਟਕ ਦੀ ਲਪੇਟ ’ਚ ਆ ਗਈ। ਇਹਦੇ ਤਨਖ਼ਾਹਾਂ ਦੀ ਹਉਂ ਸੀ ਜਾਂ ਹੋਰ ਕੋਈ ਲਾਲਸਾ, ਪਤੀ ਦੇਵ ’ਤੇ ਜ਼ੋਰ ਪਾ ਕੇ ਇੱਕ ਪਲਾਟ ਖਰੀਦ ਲਿਆ, ਨਵੀਂ ਉਸਰਦੀ ਕਲੋਨੀ ’ਚ। ਦੌੜ-ਭੱਜ ਕਰਦਿਆਂ ਵੀ ਕੋਠੀ ਉਸਾਰਨ ’ਚ ਦੋ ਸਾਲ ਲੱਗ ਗਏ। ਕੋਠੀ ਤਾਂ ਸ਼ਹਿਰੋਂ ਬਾਹਰ-ਬਾਹਰ। ਇਸ ਦੇ ਸੱਜੇ-ਖੱਬੇ ਵੀ ਇੱਕੋ ਜਿਹੀਆਂ ਹੀ ਇਮਾਰਤਾਂ। ਕੋਈ ਇੱਕ-ਮੰਜ਼ਿਲੀ, ਕੋਈ ਦੋ। ਧੁਰ ਉੱਪਰ ਮੰਮਟੀਆਂ। ਪਾਣੀ ਦੀਆਂ ਟੈਂਕੀਆਂ ਜਿਵੇਂ ਸਾਵੇਂ-ਪੱਧਰੇ ਆਕਾਸ਼ ਨਾਲ ਗੱਲਾਂ ਕਰਦੀਆਂ ਹੋਣ, ਪਰ ਇਨ੍ਹਾਂ ਘਰਾਂ-ਕੋਠੀਆਂ ਦਾ ਆਪਸੀ ਮੇਲ-ਮਿਲਾਪ ਕਰੀਬ ਕਰੀਬ ਜ਼ੀਰੋ। ਨਾ ਕਿਸੇ ਦੀ ਇੱਕ-ਦੂਜੇ ਨਾਲ ਦੁਆ-ਸਲਾਮ, ਨਾ ਇੱਕ-ਦੂਜੇ ਦਾ ਦੁੱਖ-ਸੁੱਖ। ਜਿਹੋ ਜਿਹੇ ਵੱਡੇ ਜੀਅ, ਅਗਾਂਹ ਉਹੋ ਜਿਹੇ ਛੋਟੇ ਬਾਲ। ਸਭ ਆਪਣੇ-ਆਪਣੇ ਮੋਬਾਈਲਾਂ ’ਚ ਗੁੰਮ। ਨਾ ਕੋਈ ਖੇਡ ਦਿਲਚਸਪੀ, ਨਾ ਰੰਗ ਰੰਗੀਲੀ ਦੌੜ-ਭੱਜ। ਇਸ ਥਾਂ ਰਹਿਣ ਵਾਲੇ ਜਾਂ ਤਾਂ ਵੱਡੇ ਕਾਰੋਬਾਰੀ ਸਨ ਜਾਂ ਅਧਿਕਾਰੀ, ਉਨ੍ਹਾਂ ਦਾ ਸਵੇਰੇ ਘਰੋਂ ਜਾਣ ਦਾ ਸਮਾਂ ਤਾਂ ਨਿਸ਼ਚਿਤ, ਪਰ ਆਉਣ ਦਾ ਨਹੀਂ। ਕੋਈ ਵੀ ਦਿਨ ਖੜ੍ਹੇ ਘਰ ਨਾ ਪੁੱਜਦਾ। ਸਭ ਹਨੇਰਾ ਹੁੰਦਿਆਂ ਪਰਤਣ ਲੱਗਦੇ, ਉਹ ਵੀ ਉੱਖੜੇ ਪੈਂਰੀ। ਇਨ੍ਹਾਂ ਦੀਆਂ ਪਤਨੀਆਂ ਹੋਰ

ਵੀ ਅੰਤਰਮੁਖੀ, ਇਕੱਲ ਵਾਸੀ। ਉਨ੍ਹਾਂ ਦਾ ਬਹੁਤਾ ਸਮਾਂ ਮੂੰਹ-ਸਿਰ ਸੰਵਾਰਨ ’ਚ ਲੱਗਦਾ ਜਾਂ ਬਾਜ਼ਾਰੀ ਗੇੜਿਆਂ ਵਿੱਚ। ਹਰ ਕਿਸੇ ਦਾ ਆਪਣਾ-ਆਪਣਾ

ਦਾਇਰਾ, ਆਪਣੇ-ਆਪਣੇ ਖੋਲ, ਜਿਨ੍ਹਾਂ ਵਿੱਚੋਂ ਕਦੇ-ਕਦਾਈ ਬਾਹਰ ਵੱਲ ਝਾਕਦੀਆਂ, ਇਹ ਕਿਸੇ ਓਪਰੇ ਗ੍ਰਹਿ ਦੇ ਜੀਵ-ਜੰਤੂ ਜਾਪਦੀਆਂ।

ਨਵੀਂ ਕੋਠੀ ’ਚ ਪੁੱਜ ਕੇ ਇਹਨੂੰ ਹੋਈ ਨਿਰਾਸ਼ਾ ਪਹਿਲਾਂ ਫ਼ਿਕਰਮੰਦੀ ’ਚ ਬਦਲ ਗਈ, ਫਿਰ ਉਦਾਸੀ ’ਚ। ਸਵੇਰੇ ਸਕੂਲ ਗਏ ਬੱਚੇ ਛੁੱਟੀ ਵੇਲੇ ਪੁਰਾਣੇ ਘਰ ਚਲੇ ਜਾਂਦੇ। ਬਿਨਾਂ ਕੁਝ ਖਾਧੇ-ਪੀਤੇ ਹਮਉਮਰ ਬੱਚਿਆਂ ਨਾਲ ਖੇਡਦੇ ਰਹਿੰਦੇ। ਸ਼ਾਮੀਂ ਦਫ਼ਤਰੋਂ ਮੁੜ ਕੇ ਇਹ ਆਪ ਉਨ੍ਹਾਂ ਨੂੰ ਓਧਰੋਂ ਲਿਆ ਕੇ ਸੰਭਾਲਦੀ। ਅਦਲੀਆਂ-ਬਦਲੀਆਂ ਦੇ ਗੇੜ ’ਚ ਉਲਝਿਆਂ ਪਤੀ ਕਿਧਰੇ ਛੁੱਟੀ ਵਾਲੇ ਦਿਨ ਹੀ ਘਰ ਹੁੰਦਾ। ਸਾਰਾ ਹਫ਼ਤਾ ਤੇਰੀ ਸਟੈਨੋ ਜਿਵੇਂ ਸੂਲੀ ’ਤੇ ਟੰਗੀ ਰਹਿੰਦੀ।

ਇਹ ਵਰਤਾਰਾ ਵੀ ਬਹੁਤਾ ਚਿਰ ਨਾ ਚੱਲਿਆ, ਬਸ... ਥੋੜ੍ਹੇ ਕੁ ਚਿਰ ਚਾਣਚੱਕ ਇਹਦੇ ਗਲ ਆ ਪਏ ਫੰਦੇ ਨੇ ਤਾਂ ਜਿਵੇਂ ਇਹਦਾ ਸਾਹ-ਸੱਤ ਹੀ ਘੁੱਟ ਦਿੱਤਾ। ਉਸ ਵਾਰ ਘਰ ਪਰਤਿਆ ਪਤੀ ਅਗਲੇ ਦਿਨ ਵਾਪਸ ਨਾ ਗਿਆ। ਉਸ ਤੋਂ ਅਗਲੇ ਦਿਨ ਵੀ। ਚਾਰ-ਪੰਜ ਦਿਨ ਇਵੇਂ ਲੰਘ ਗਏ। ਉਹ ਨਾ ਕੁਝ ਬੋਲੇ, ਨਾ ਦੱਸੇ। ਇਸ ਦੇ ਪੁੱਛਣ ’ਤੇ ਹੂੰ-ਹਾਂ ਕਰ ਛੱਡੇ। ਆਖ਼ਰ ਤੰਗ ਪਏ ਨੇ ਹੋਰ ਹੀ ਘੁੰਢੀ ਖੋਲ੍ਹ ਦਿੱਤੀ ਕਿ ਉਸ ਦੀ ਸਰਹੱਦੀ ਜ਼ਿਲ੍ਹੇ ’ਚ ਹੋਈ ਬਦਲੀ ਉਸ ਤੋਂ ਬਰਦਾਸ਼ਤ ਨਹੀਂ ਸੀ ਹੋਈ। ਇਸ ਵਾਰ ਉਸ ਨੂੰ ਜਾਣ-ਬੁੱਝ ਕੇ ਸਰਹੱਦੀ ਜ਼ਿਲ੍ਹੇ ’ਚ ਭੇਜਿਆ ਜਾਣਾ ਸੀ। ਉਸ ਨੇ ਸੌ ਉਪਰਾਲੇ ਕੀਤੇ। ਵੱਡੀ ਤੋਂ ਵੱਡੀ ਕੁਰਸੀ ਤੱਕ ਦੇ ਤਰਲੇ-ਮਿੰਨਤਾਂ ਕੀਤੀਆਂ, ਪਰ ਸਭ ਵਿਅਰਥ।

ਹੇਠੀ-ਨਮੋਸ਼ੀ ’ਚ ਘਿਰਿਆ ਉਹ ਇੱਕ ਦਿਨ ਨੂਰੀ ਦੇ ਘਰ ਪਰਤਣ ਤੋਂ ਪਹਿਲਾਂ ਹੀ ਦੂਰ-ਪਾਰ ਦੀ ਉਡਾਰੀ ਮਾਰ ਗਿਆ। ਸਾਹਮਣੇ ਪਈ ਲਾਸ਼ ਵੱਲ ਦੇਖਦੀ, ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਮਿੱਟੀ ਹੋ ਗਈ। ਸੁੰਨ-ਵੱਟਾ ਹੋਈ ਨੂੰ ਘੜੀ-ਪਲ ਤਾਂ ਸਮਝ ਹੀ ਨਾ ਲੱਗੀ ਇਹ ਹੋਇਆ ਕੀ ਐ। ਉਸ ਦੇ ਪਤੀ ਨੇ ਕੀਤਾ ਕੀ ਐ? ਉਸ ਦੇ ਸਾਲਮ-ਸਬੂਤੇ ਮਰਦ ਨੇ ਧੋਖਾ ਕਿਉਂ ਦਿੱਤਾ ਉਸ ਨੂੰ, ਉਸ ਦੇ ਬਾਲ-ਪਰਿਵਾਰ ਨੂੰ। ਇਹੋ ਜਿਹੀਆਂ ਤਾਂ ਅਖ਼ਬਾਰੀ ਖ਼ਬਰਾਂ ਹੀ ਉਸ ਦਾ ਸਾਹ-ਸੂਤ ਲਿਆ ਕਰਦੀਆਂ ਸਨ। ਉਹ ਅਕਸਰ ਪੁੱਛ ਲਿਆ ਕਰਦੀ ਸੀ ਪਤੀ ਸਮੇਤ ਆਪਣੇ ਹਰ ਸੰਗੀ ਸਨੇਹੀ ਤੋਂ। ਬਹੁਤੀ ਵਾਰ ਤਲਖ਼ ਹੋਈ ਸਿੱਧਾ ਆਖ ਦਿਆ ਕਰਦੀ, ‘ਇਸ ਥਾਂ ਦੇ ਵੱਡੇ-ਵਡੇਰਿਆਂ ਤਾਂ ਉਮਰਾਂ ਗਾਲ ਦਿੱਤੀਆਂ ਸਨ ਕੰਡਿਆਲੇ ਰਾਹਾਂ ’ਤੇ ਤੁਰਦਿਆਂ। ਨਿੱਕੇ-ਨਿੱਕੇ ਬਾਲਾਂ ਤੋਂ ਲੈ ਕੇ ਗੱਭਰੂਆਂ-ਬਿਰਧਾਂ ਤੱਕ ਨੇ ਕੁਰਬਾਨੀ ਦਿੱਤੀ ਸੀ ਆਪਣੀ ਹੋਂਦ-ਅਣਖ ਨੂੰ ਬਚਾਈ ਰੱਖਣ ਲਈ। ਸਾਹ-ਘੁੱਟਵੀਆਂ ਕੋਠੜੀਆਂ, ਦੇਹ-ਸਾੜਵੇਂ ਪਿੰਜਰਿਆਂ ’ਚ ਗੁੱਛਾ ਹੋਇਆਂ ਵੀ ਕਦੇ ਆਤਮ-ਹੱਤਿਆ ਨਹੀਂ ਸੀ ਕੀਤੀ ਤੇ ਹੁਣ ਕੋਈ ਦਿਨ ਖਾਲੀ ਨਹੀਂ ਜਾਂਦਾ। ਕੀ ਹੋ ਗਿਆ ਐ ਇਸ ਮਿੱਟੀ ਦੀ ਅਣਖ ਨੂੰ?’ ਇਸ ਦੇ ਪਤੀ ਸਮੇਤ ਕਿਸੇ ਦੀ ਵੀ ਸੂਝ-ਬੂਝ ਨੇ ਇਸ ਦਾ ਸੰਸਾ ਦੂਰ ਨਹੀਂ ਸੀ ਕੀਤਾ।

ਉਹੀ ਵਰਤਾਰਾ ਆਪਣੇ ਘਰ, ਆਪਣੇ ਸੌਣ ਕਮਰੇ ’ਚ ਵਾਪਰਿਆ ਦੇਖ, ਉਸ ਅੰਦਰੋਂ ਉੱਠਿਆ ਰੋਣ-ਉਬਾਲ ਇੱਕ-ਦੋ ਚੀਕਾਂ ਲੇਰਾਂ ਪਿੱਛੋਂ ਬੰਦ ਹੋ ਗਿਆ। ਸ਼ਾਹ ਕਾਲੀ ਘੇਰਨੀ ’ਚ ਘਿਰੀ ਦੀ ਪਹਿਲਾਂ ਸੁੱਧ-ਬੁੱਧ ਜਾਂਦੀ ਰਹੀ, ਫਿਰ ਬੇਹੋਸ਼ ਹੋਈ ਹੇਠਾਂ ਡਿੱਗ ਪਈ ਫਰਸ਼ ’ਤੇ। ਉਸ ਦੀ ਸਕੂਟਰੀ ਪਿੱਛੇ ਬੈਠ ਕੇ ਘਰ ਆਏ ਦੋਵੇਂ ਬੱਚੇ, ਨਾ ਉਸ ਨੂੰ ਉਠਾਉਣ ਜੋਗੇ, ਨਾ ਸੰਭਾਲਣ ਜੋਗੇ। ਰੋਣ-ਕੁਰਲਾਉਣ ਤੋਂ ਸਿਵਾਏ ਉਨ੍ਹਾਂ ਪਾਸ ਕੋਈ ਚਾਰਾ ਨਹੀਂ ਸੀ ਬਚਿਆ। ਮੋਢੇ ਲਟਕਦਾ ਬਸਤਾ ਵਗਾਹ ਕੇ ਮਾਰਿਆ। ਇੱਕ ਜਣਾ ਦੋ ਕੁ ਪਲਾਟ ਹਟਵੇਂ ਨੇੜਲੇ ਘਰ ਵੱਲ ਦੌੜਿਆ। ਕਾਫ਼ੀ ਸਾਰੀ ਉਡੀਕ ਪਿੱਛੋਂ ਇੱਕ ਸੁਆਣੀ ਉਬਾਸੀਆਂ ਲੈਂਦੀ ਗੇਟ ਖੋਲ੍ਹ ਕੇ ਉਸ ਦੇ ਸਾਹਮਣੇ ਸੀ।

ਖਿੱਲਰੇ ਵਾਲ ਸੰਵਾਰਦੀ ਨੇ ਉਸ ਨੇ ਬੱਚੇ ਦਾ ਰੋਣ-ਧੋਣ ਸੁਣਿਆ। ‘ਚੱਲ ਮੈਂ ਆਈ,’ ਆਖ ਕੇ ਅੰਦਰ ਮੁੜ ਗਈ। ਅੰਦਰੋਂ ਕਿਸੇ ਥਾਂ ਟੈਲੀਫੋਨ ਕਰ ਕੇ ਉਸ ਨੇ ਗੁਆਂਢ ਵਾਪਰੇ ਹਾਦਸੇ ਦਾ ਸਾਰ-ਅੰਸ਼ ਦੱਸ ਦਿੱਤਾ। ਥੋੜ੍ਹੇ ਕੁ ਚਿਰ ਪਿੱਛੋਂ ਉਸ ਦੇ ਪਤੀ ਦੀ ਬਜਾਏ ਕੋਈ ਨੌਕਰ ਮੁੰਡਾ ਸਕੂਟਰ ਭਜਾਉਂਦਾ ਪਹਿਲਾਂ ਉਸ ਪਾਸ ਪੁੱਜਾ, ਫਿਰ ਬੇਹੋਸ਼ ਡਿੱਗੀ ਨੂਰੀ ਪਾਸ। ਉਸ ਨੇ ਹਿੰਮਤ ਕਰ ਕੇ ਨੂਰੀ ਦੇ ਸਿਰ-ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ। ਉਸ ਨੂੰ ਬੈਠਦੀ ਕਰ ਕੇ ਰੋਣ ਜੋਗੀ ਕਰ ਲਿਆ, ਪਰ ਝੱਟ ਹੀ ਕਮਲਿਆਂ ਵਾਂਗ ਅਵਾ-ਤਵਾ ਬੋਲਦੀ ਅੰਦਰ-ਬਾਹਰ ਘੁੰਮਣ ਲੱਗੀ ਨੂੰ ਰੋਕਣ ਦੀ ਉਸ ਦੀ ਹਿੰਮਤ ਨਾ ਹੋਈ। ਦਿਨ ਢਲਦਿਆਂ ਨੂਰੀ ਦੇ ਨਵੇਂ ਆਂਢ-ਗੁਆਂਢ ਨਾਲੋਂ ਕਿਤੇ ਵੱਧ ਉਸ ਦੇ ਪਹਿਲੇ ਘਰ ਦੇ ਮੇਲੀ-ਗੇਲੀ, ਉਸ ਸਮੇਤ ਬਾਲਾਂ ਨੂੰ ਸੰਭਾਲਦੇ ਅਗਲੇ ਕਿਰਿਆ ਕਾਰਜ ਵਿੱਚ ਰੁੱਝੇ ਰਹੇ। ਨਵੇਂ ਘਰ ’ਚ ਆਈ ਨੂੰ ਲੱਗੇ ਇਸ ਪਹਿਲੇ ਝਟਕੇ ਨੇ ਇਸ ਨੂੰ ਸਾਲ ਭਰ ਪੈਰੀਂ ਨਹੀਂ ਸੀ ਆਉਣ ਦਿੱਤਾ। ਕਿਸੇ ਵੀ ਸਾਕ-ਸਬੰਧੀ ਨੇ ਡਿੱਗੀ ਦੀ ਬਾਂਹ ਨਾ ਫੜੀ। ਆਖ਼ਰ ਇਸ ਦੀ ਬਿਰਧ ਮਾਂ ਨੂੰ ਹੀ ਹੱਡ-ਗੋਡੇ ਜੋੜਨੇ ਪਏ, ਮਾਵਾਂ ਤੋਂ ਬਿਨਾਂ ਹੋਰ ਕਿਸਦਾ ਅੰਦਰ ਵਿਲਕਦਾ ਇਹੋ ਜਿਹੀ ਔਖ ਵੇਲੇ। ਮਾਂ ਸੀ ਵੀ ਨਾ ਹੋਇਆਂ ਨਾਲ ਦੀ। ਇੱਕ ਉਮਰੋਂ ਆਤਰ, ਇੱਕ ਅੱਖਾਂ ਤੋਂ ਔਖੀ। ਦਿਨ ਵੇਲੇ ਉਸ ਨੂੰ ਥੋੜ੍ਹਾ-ਬਹੁਤ ਦਿਸਦਾ ਸੀ, ਰਾਤ ਵੇਲੇ ਉਹ ਵੀ ਖ਼ਤਮ। ਉਹਨੇ ਟੱਕਰਾਂ ਮਾਰਦੀ ਨੇ ਲਾਵਾਰਸ ਹੋਏ ਦੋਵੇਂ ਬਾਲ ਸਾਂਭੇ ਤਾਂ ਜ਼ਰੂਰ ਪਰ ਨਾ ਤਾਂ ਉਹ ਠੀਕ ਤਰ੍ਹਾਂ ਪੜ੍ਹ ਸਕੇ, ਨਾ ਠੀਕ ਤਰ੍ਹਾਂ ਰਹਿ-ਵਿਚਰ ਸਕੇ। ਜਿੰਨਾ ਕੁ ਮਿਲਿਆ, ਜਿਵੇਂ ਦਾ ਮਿਲਿਆ ਖਾ-ਪੀ ਲਿਆ। ਨਹੀਂ ਤਾਂ ਭੁੱਖੇ-ਤਿਹਾਏ ਡੌਰ-ਭੌਰ ਹੋਏ ਰਹਿੰਦੇ। ਲਾਚਾਰੀਵੱਸ ਉਹ ਥੋੜ੍ਹੀ-ਬਹੁਤ ਹਿੰਮਤ ਵੀ ਕਰਦੇ, ਪਰ ਬਾਲ ਸਨ, ਕਿੰਨਾ ਕੁ ਧੋ-ਸੰਵਾਰ ਲੈਣਾ ਸੀ ਉਨ੍ਹਾਂ ਆਪਣਾ-ਆਪ? ਡੇਢ-ਦੋ ਸਾਲ ਸਾਰਾ ਟੱਬਰ ਸੁੰਨ-ਵੱਟਾ ਹੋਇਆ, ਮਨੂਰ ਪੱਥਰ ਜਿਹਾ ਬਣਿਆ ਰਿਹਾ। ਕਿਧਰੋਂ ਦੇਸੀ ਦਵਾਈ ਖਾਂਦੀ, ਥੋੜ੍ਹੀ ਕੁ ਠੀਕ ਦਿਸਦੀ ਨੂਰੀ ਦਫ਼ਤਰ ਗਈ ਤਾਂ ਨਵੇਂ ਸਾਬ੍ਹ ਨੇ ਹੋਰ ਹੀ ਚੰਦ ਚਾੜ੍ਹ ਦਿੱਤਾ। ਇਹ ਕਿਸੇ ਪਾਸੇ ਜੋਗੀ ਨਾ ਰਹੀ। ਇਸ ਦਾ ਰੁਜ਼ਗਾਰ ਵੀ ਖੁੱਸਦਾ ਹੋ ਗਿਆ ਤੇ ਥੋੜ੍ਹੀ ਕੁ ਠੀਕ ਹੋਈ ਸੁਰਤ ਮੁੜ ਵਿਚਲ ਗਈ। ਇੱਕ ਤਰ੍ਹਾਂ ਨੀਮ-ਪਾਗਲਾਂ ’ਚ ਸ਼ਾਮਲ ਹੋ ਗਈ। ਹੁਣ ਇਸ ਨੂੰ ਸਮਝ ਨਹੀਂ ਲੱਗਦੀ, ਕਰਨਾ ਕੀ ਐ, ਕੀ ਨਹੀਂ ਕਰਨਾ? ਬੋਲਣਾ ਕੀ ਐ, ਕੀ ਨਹੀਂ ਬੋਲਣਾ? ਇਸ ਨੂੰ ਲੱਗਦਾ ਹੈ ਕਿ ਇਸ ਦੀ ਇਹ ਹਾਲਤ ਨਵੀਂ ਥਾਂ ਨੇ ਬਣਾਈ ਐ। ਇਸ ਦੇ ਪਤੀ ਸਮੇਤ ਇਸ ਦਾ ਰੁਜ਼ਗਾਰ ਵੀ ਇਸੇ ਥਾਂ ਨੇ ਖੋਹਿਆ। ਇਨ੍ਹੀਂ ਦਿਨੀਂ ਇਹ ਨਵੇਂ ਘਰ ਨੂੰ ਹੀ ਸਭ ਤੋਂ ਵੱਡਾ ਦੋਸ਼ੀ ਗਰਦਾਨਦੀ ਹੈ। ਹਰ ਆਏ-ਗਏ ਮੂਹਰੇ ਪਹਿਲਾਂ ਇਹੋ ਤਰਲਾ ਕਰੇਗੀ, ‘ਮੈਨੂੰ ਮੇਰੇ ਘਰ ਛੱਡ ਆਓ..!’

ਪੰਜ-ਛੇ ਦਿਨ ਪਹਿਲਾਂ ਵੀ ਇਉਂ ਹੀ ਵਾਪਰਿਆ। ਇਸ ਦੇ ਪਤੀ ਦਾ ਕਿੰਨਾ ਸਾਰਾ ਦਫ਼ਤਰੀ ਅਮਲਾ ਅਫ਼ਸੋਸ ਕਰਨ ਆਇਆ। ਸੱਚਮੁੱਚ ਦੀ ਹਮਦਰਦੀ ਵਜੋਂ ਜਾਂ ਐਵੇਂ ਮੂੰਹ-ਮੁਲਾਹਜ਼ਾ ਰੱਖਣਨ। ਇਸ ਦੀ ਨੂਰੀ ਨੂੰ ਬਹੁਤੀ ਸਮਝ ਨਹੀਂ ਸੀ ਲੱਗੀ। ਸਮਝਣ ਜੋਗੀ ਰਹੀ ਵੀ ਕਿੱਥੇ ਸੀ। ਇਹ ਡੌਰ-ਭੌਰ ਹੋਈ ਉਨ੍ਹਾਂ ਵੱਲ ਦੇਖਦੀ ਰਹੀ। ਪਹਿਲਾਂ ਵੀ ਆਉਂਦੇ ਰਹੇ ਦੋ-ਤਿੰਨਾਂ ਨੂੰ ਪਛਾਣਦੀ ਵੀ ਰਹੀ। ਉਹ ਜਿੰਨਾ ਚਿਰ ਬੈਠੇ, ਇਸ ਦੇ ਪਤੀ ਦੀਆਂ ਸਿਫ਼ਤਾਂ ਕਰਦੇ ਰਹੇ। ਉਸ ਨੂੰ ਨੇਕ-ਦਿਲ, ਮਿਹਨਤੀ, ਇਮਾਨਦਾਰ, ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਵਰਗੇ ਵਿਸ਼ੇਸ਼ਣਾਂ ਨਾਲ ਨਿਵਾਜਦੇ ਰਹੇ। ਉਂਝ ਉਸ ਨਾਲ ਰਹਿੰਦੇ-ਵਿਚਰਦੇ ਤਾਂ ਉਸ ਨੂੰ ਭੋਂਦੂ, ਡਰਾਕਲ ਵਰਗੇ ਲਕਬਾਂ ਨਾਲ ਹੀ ਨਿਵਾਜਦੇ ਰਹੇ ਸਨ। ਦਫ਼ਤਰੀ ਹਿੱਸੇ-ਪੱਤੀ ’ਚ ਵਿਘਨਪਾਊ ਅਨਸਰ ਹੀ ਸਮਝਦੇ, ਪਰ ਹੁਣ ਉਸ ਦੇ ਘਰ ਪੁੱਜ ਕੇ ਉਨ੍ਹਾਂ ਪੂਰਾ ਜ਼ਾਬਤਾ ਰੱਖਿਆ ਸੀ। ਉਸ ਨੂੰ ਆਪਣੇ ਘਰ-ਪਰਿਵਾਰ ਦਾ ਸੁੱਘੜ-ਸਿਆਣਾ ਜੀਅ ਆਖ ਕੇ ਉਸ ਦੇ ਬਾਲ-ਬੱਚਿਆਂ ਦੀ ਪੂਰੀ-ਪੂਰੀ ਸਹਾਇਤਾ ਕਰਦੇ ਰਹਿਣ ਦੇ ਵਾਅਦੇ ਕੀਤੇ ਸਨ।

ਇਹ ਉਨ੍ਹਾਂ ਦੀ ਬਾਤ-ਚੀਤ ਦਾ ਅਸਰ ਸੀ ਜਾਂ ਹੋਰ ਕਿਸੇ ਕਿਸਮ ਦੀ ਰਾਹਤ, ਨੂਰੀ ਆਮ ਕਰਕੇ ਚੁੱਪ ਹੀ ਰਹੀ, ਲਗਾਤਾਰ ਸੁਣਦੀ ਰਹੀ ਤੇ ਥੋੜ੍ਹਾ-ਬਹੁਤ ਸਮਝਦੀ ਵੀ ਰਹੀ। ਉਨ੍ਹਾਂ ’ਚੋਂ ਤਿੰਨ ਕੁ ਜਣੇ ਇਸ ਨੇ ਪਛਾਣੇ ਵੀ ਸਨ। ਉਨ੍ਹਾਂ ’ਚ ਇੱਕ ਰਾਜਵੀਰ ਨਾਂ ਦਾ ਬੰਦਾ ਪਹਿਲਾਂ ਵੀ ਕਈ ਵਾਰ ਆਉਂਦਾ ਰਿਹਾ ਸੀ ਉਸ ਦੇ ਪਤੀ ਨਾਲ। ਸ਼ਾਮੀਂ ਹਲਕੇ ਜਿਹੇ ਸਰੂਰ ’ਚ ਹੋਏ ਦੋਵੇਂ ਵਾਹਵਾ ਚਿਰ ਗੱਲੀਂ ਪਏ ਰਹਿੰਦੇ। ਉਹ ਬਹੁਤਾ ਸਮਾਂ ਮਹਿਕਮਾਨਾ ਕਾਰਗੁਜ਼ਾਰੀ ’ਚ ਹੀ ਉਲਝਦੇ ਰਹੇ। ਉਸ ਦਾ ਪਤੀ ਹੁੰਗਾਰਾ ਤਾਂ ਭਰਦਾ ਸੀ, ਐਵੇਂ ਢਿੱਲਾ-ਢਿੱਲਾ ਜਿਹਾ। ਜਿਵੇਂ ਉਸ ਨੂੰ ਅੱਧ-ਪਚੱਧ ਦੀ ਹੀ ਜਾਣਕਾਰੀ ਹੋਵੇ ਜਾਂ ਉਸ ਤੋਂ ਵੀ ਘੱਟ, ਪਰ ਰਾਜਵੀਰ ਦੀ ਹਰ ਗੱਲ ਬੜੀ ਨਿੱਠਵੀਂ ਹੁੰਦੀ ਸੀ, ਜਿਨ੍ਹਾਂ ਦਾ ਜ਼ਿਕਰ ਵੀ ਉਹ ਬੜੇ ਠਰ੍ਹੰਮੇ ਨਾਲ ਕਰਦਾ। ਇਹ ਠਰ੍ਹੰਮਾ, ਇਹ ਸੰਜੀਦਗੀ ਉਸ ਦੇ ਮੂੰਹ-ਚਿਹਰੇ ਨੂੰ ਹੋਰ ਵੀ ਨਿਖਾਰਦੇ ਜਾਪਦੇ ਸਨ ਨੂਰੀ ਨੂੰ। ਉਹ ਆਨੀਂ-ਬਹਾਨੀਂ ਉਨ੍ਹਾਂ ਲਾਗੇ ਆ ਬਹਿੰਦੀ। ਉਂਝ ਨੂਰੀ ਦਾ ਧਿਆਨ ਰਾਜਵੀਰ ਵੱਲ ਹੁੰਦਾ। ਉਸ ਦੇ ਹੋਰ ਵੀ ਸੁੰਦਰ ਦਿਸਣ ਲੱਗੇ ਚਿਹਰੇ ਵੱਲ ਹੁੰਦਾ। ਉਸ ਦੇ ਪਤੀ ਦੇ ਹਮਉਮਰ ਰਾਜਵੀਰ ਨੇ ਵੀ ਇਸ ਨੂੰ ਨਿਰਾਸ਼ ਨਹੀਂ ਸੀ ਕੀਤਾ। ਇਸ ਦੀ ਕਰੀਬ ਹਰ ਇੱਕ ਤੱਕਣੀ ਨੂੰ ਪ੍ਰਵਾਨ ਕਰਦਿਆਂ ਢੁਕਵੀਂ ਮੁਸਕਾਨ ਮੋੜੀ ਸੀ ਨੂਰੀ ਵੱਲ ਨੂੰ। ਪੂਰੇ ਜ਼ਾਬਤੇ ’ਚ ਰਹਿੰਦਿਆਂ।

ਉਸ ਦਾ ਇਹ ਵਿਹਾਰ ਨੂਰੀ ਨੂੰ ਕੱਲ੍ਹ ਹੋਏ-ਵਾਪਰੇ ਵਾਂਗ ਕਿੰਨਾ-ਕਿੰਨਾ ਚਿਰ ਯਾਦ ਰਹਿੰਦਾ ਰਿਹਾ। ਬਹੁਤੀ ਵਾਰ ਇਹ ਯਾਦ ਉਸ ਦੀ ਅਗਲੀ ਫੇਰੀ ਦੀ ਉਡੀਕ ਕਰਨ ਲਈ ਉਤਾਵਲੀ ਵੀ ਹੋਈ ਰਹਿੰਦੀ।

...ਪਤੀ ਦੇ ਦਫ਼ਤਰੀ ਅਮਲੇ ਨਾਲ ਆਏ ਰਾਜਵੀਰ ਨੂੰ ਦੇਖਦਿਆਂ ਸਾਰ ਇਨ੍ਹੀਂ ਦਿਨੀਂ ਝੱਲ-ਵਲੱਲੀ ਹੋਈ ਨੂਰੀ ਦੇ ਤਨ-ਮਨ ’ਤੇ ਜਿਵੇਂ ਚੈਨ-ਆਰਾਮ ਦੇ ਛਿੱਟੇ ਤਰੌਂਕੇ ਗਏ ਹੋਣ। ਆਏ ਬੰਦਿਆਂ ਲਾਗੇ ਮਾਂ ਨਾਲ ਬੈਠੀ ਨੇ ਇਸ ਨੇ ਕੋਈ ਓਪਰੀ-ਉਕਾਊ ਹਿਲਜੁਲ ਨਾ ਕੀਤੀ। ਉਸ ਦੀ ਨਿਗਾਹ ਰਾਜਵੀਰ ਦੇ ਚਿਹਰੇ ਦੀ ਪਰਿਕਰਮਾ ਜ਼ਰੂਰ ਕਰਦੀ ਸੀ। ਇਉਂ ਕਰਨ ’ਤੇ ਉਸ ਨੂੰ ਆਪਣਾ ਆਪ ਹੋਰ ਵੀ ਸਹਿਜ ਜਾਪਦਾ ਸੀ। ਫਿਰ ਵੀ ਉਸ ਦੀ ਵਿਚਲਤ ਹੋਈ ਸੁਰਤ ਤੋਂ ਜਿਵੇਂ ਸਾਂਭ ਨਹੀਂ ਹੋਇਆ ਆਪਣਾ-ਆਪ। ਸ਼ੋਕ-ਵਾਰਤਾ ਮੁੱਕੀ ਤੇ ਕਮਰਿਓਂ ਬਾਹਰ ਨਿਕਲਦਿਆਂ ਸਭ ਤੋਂ ਪਿੱਛੋਂ ਜਾਣ ਲੱਗੇ ਰਾਜਵੀਰ ਨਾਲ ਇਹ ਧਾਅ ਕੇ ਆ ਚਿੰਬੜੀ। ਉਸ ਦੁਆਲੇ ਬਾਹਾਂ ਵਗਲ ਕੇ ਉੱਚੀ-ਉੱਚੀ ਰੋਣ ਲੱਗ ਪਈ। ਰੋਂਦੀ-ਰੋਂਦੀ ਮੁੜ ਉਹੀ ਰੱਟ ਲਾਉਂਦੀ ਰਹੀ, ‘ਮੈਨੂੰ ਮੇਰੇ ਘਰ ਛੱਡ ਆਓ... ਮੈਨੂੰ ਮੇਰੇ ਘਰ ਛੱਡ ਆਓ...!’ ਅਜੀਬ ਸਥਿਤੀ ’ਚ ਫਸਿਆ ਰਾਜਵੀਰ ਨੀਵੀਂ ਪਾਈ ਖੜ੍ਹਾ ਰਿਹਾ। ਸ਼ਸ਼ੋਪੰਜ ’ਚ ਘਿਰਿਆ ਉਹ ਨੂਰੀ ਨੂੰ ਇਹ ਵੀ ਨਾ ਕਹਿ ਸਕਿਆ- ‘ਏਹ ਤੇਰਾ ਈ ਘਰ ਐ, ਹੋਰ ਕਿਸੇ ਦਾ ਨ੍ਹੀਂ।’

ਉਵੇਂ ਚੁੱਪ-ਚਾਪ ਖੜੋਤਿਆਂ ਉਸ ਨੇ ਨੂਰੀ ਨੂੰ ਰੋਈ ਜਾਣ ਦਿੱਤਾ। ਫਿਰ ਜਿਵੇਂ ਨੂਰੀ ਨੂੰ ਆਪਣੀ ਭੁੱਲ-ਭਟਕ ਦਾ ਅਹਿਸਾਸ ਹੋ ਗਿਆ ਹੋਵੇ। ਰਾਜਵੀਰ ਦੁਆਲਿਉਂ ਝੱਟ ਦੇਣੀ ਬਾਹਾਂ ਖੋਲ੍ਹ ਕੇ ਬਿਨਾਂ ਉਸ ਵੱਲ ਦੇਖੇ ਕਮਰਿਉਂ ਬਾਹਰ ਨਿਕਲ ਗਈ। ਦਫ਼ਤਰੀ ਅਮਲੇ ਨੂੰ ਗੇਟ ਤੱਕ ਛੱਡ ਕੇ ਮੁੜੀ ਇਸ ਦੀ ਮਾਂ ਨੂੰ ਨੂਰੀ ਦੇ ਉਸ ਦਿਨ ਦੇ ਵਿਹਾਰ ’ਚੋਂ ਇਸ ਦੇ ਤੰਦਰੁਸਤੀ ਵੱਲ ਨੂੰ ਪੁੱਟੇ ਪਹਿਲੇ ਕਦਮ ਦੀ ਆਹਟ ਸੁਣਾਈ ਦਿੱਤੀ ਸੀ।

ਇਹ ਆਹਟ ਉਸ ਨੂੰ ਦੋ ਕੁ ਦਿਨ ਪਿੱਛੋਂ ਨੂਰੀ ਦੇ ਸਹੁਰੇ ਪਿੰਡ ਸ਼ੇਰਗੜ੍ਹੋਂ ਆਈ ਮਕਾਣ ਸਮੇਂ ਹੋਰ ਵੀ ਪੱਸਰਦੀ ਮਹਿਸੂਸ ਹੋਈ। ਮਾਂ ਤਾਂ ਖ਼ੈਰ ਜਾਣਦੀ ਸੀ ਸਾਰਾ ਕੁਝ। ਉਸ ਸਮੇਤ ਉਸ ਦੀ ਸਾਰੀ ਪੀੜ੍ਹੀ ਹੀ ਵਾਕਿਫ਼ ਸੀ ਮਕਾਣੀ ਰਸਮਾਂ ਤੋਂ। ਨੂਰੀ ਵੀ ਜਾਣਦੀ ਸੀ ਕਿੰਨਾ ਕੁਝ। ਵਿਹੜੇ ਸਮੇਤ ਸਹੁਰੇ ਪਿੰਡ ਦੇ ਗੂੜ੍ਹੀ ਸਾਂਝ ਵਾਲੇ ਟੱਬਰਾਂ ਦੇ ਕਿੰਨੇ ਸਾਰੇ ਔਰਤਾਂ-ਮਰਦ, ਉਸ ਦਿਨ ਆਏ ਸਨ ਨੂਰੀ ਨਾਲ ਦੁੱਖ ਸਾਂਝਾ ਕਰਨ। ਚਿੱਟੇ ਦੁਪੱਟੇ, ਚਿੱਟੀਆਂ ਪੱਗਾਂ ਸਿਰਾਂ ’ਤੇ। ਉਹ ਸਾਰੇ ਨੂਰੀ ਦੇ ਘਰ ਤੋਂ ਕਾਫ਼ੀ ਵਿੱਥ ’ਤੇ ਪਿਛਾਂਹ ਟੈਂਪੂ ’ਚੋਂ ਉੱਤਰ ਕੇ ਪੈਦਲ ਚੱਲ ਪਏ। ਮੂਹਰੇ ਇਸਤਰੀਆਂ, ਪਿੱਛੇ ਮਰਦ। ਨਾਲ ਆਈ ਨੈਣ ਨੇ ਉੱਚੀ ਸਾਰੀ ਲੇਰ ਮਾਰੀ ਕੇ ਸਭ ਦੀ ਅਗਵਾਈ ਸਾਂਭ ਲਈ। ਅੱਗੇ-ਅੱਗੇ ਨੈਣ, ਪਿੱਛੇ ਮਾਈਆਂ ਬੀਬੀਆਂ ਦੇ ਵੈਣ। ਘਰ ਸਾਹਮਣੇ ਪੁੱਜ ਕੇ ਉਨ੍ਹਾਂ ਥੋੜ੍ਹਾ ਚਿਰ ਹੋਰ ਪਿੱਟ-ਸਿਆਪਾ ਕੀਤਾ, ਗੋਲ ਘੇਰਾ ਬਣਾ ਕੇ। ਨੂਰੀ ਦੇ ਨਵੇਂ ਆਂਢ-ਗੁਆਂਢ ਲਈ ਅਜੀਬ ਵਰਤਾਰਾ ਸੀ ਇਹ। ਉਨ੍ਹਾਂ ਗੇਟਾਂ ’ਤੇ ਖੜ੍ਹ ਕੇ ਜਾਂ ਛੱਤਾਂ ’ਤੇ ਚੜ੍ਹ ਕੇ ਇਸ ਦਾ ‘ਆਨੰਦ ਮਾਣਿਆ’।

ਫਿਰ ਛੇਤੀ ਹੀ ਉੱਚੀ ਸੁਰ ਦਾ ਰੋਣ-ਧੋਣ ਬੰਦ ਹੋਣ ’ਤੇ ਸਭ ਜਾਣ ਅੰਦਰ ਚਲੇ ਗਏ। ਮਰਦ ਬਾਹਰ ਵਰਾਂਡੇ ’ਚ ਬੈਠ ਨੂਰੀ ਦੇ ਪਹਿਲੇ ਘਰ ਦੇ ਗੁਆਂਢੀਆਂ ਨਾਲ ਗੱਲੀਂ ਪਏ ਅਫ਼ਸੋਸ ਕਰਦੇ ਰਹੇ, ਇਸਤਰੀਆਂ ਦਾ ਸੱਚਾ-ਝੂਠਾ ਰੋਣ-ਡੁਸਕਣ ਅੰਦਰਲੇ ਕਮਰੇ ’ਚ ਪੁੱਜਣ ਤੱਕ ਵੀ ਜਾਰੀ ਰਿਹਾ। ਉਹ ਵਾਰੀ-ਵਾਰੀ ਨੂਰੀ ਗਲ ਲੱਗ ਕੇ ਆਪ ਵੀ ਰੋਈਆਂ, ਉਸ ਨੂੰ ਵੀ ਰੁਆਇਆ।

ਇਹ ਸਾਰਾ ਕੁਝ ਕਰਦਿਆਂ ਨੂਰੀ ਦੀ ਮਾਂ ਉਸ ਦੇ ਵਰਤਾਓ ’ਚ ਥੋੜ੍ਹਾ ਨਹੀਂ, ਕਾਫ਼ੀ ਸਾਰਾ ਠਰ੍ਹੰਮਾ ਦਿੱਸਿਆ ਸਗੋਂ ਵਰਾਂਡੇ ’ਚ ਬੈਠੇ ਮਰਦਾਂ ਕੋਲ ਪੁੱਜ ਕੇ ਉਸ ਨੇ ਚਾਚੇ ਫੁੰਮਣ ਬਾਰੇ, ਤਾਏ ਸੰਤੇ ਬਾਰੇ, ਬਾਬੇ ਈਸ਼ਰ ਸਮੇਤ ਹੋਰ ਕਈਆਂ ਬਾਰੇ ਪੁੱਛਿਆ ਸੀ। ਅੱਗੋਂ ਮਰਦਾਂ ਵੱਲੋਂ ਮਿਲੇ ਉੱਤਰ ਨੇ ਜਿਵੇਂ ਉਸ ਨੂੰ ਹੋਰ ਵੀ ਸਹਿਜ ਕਰ ਦਿੱਤਾ ਹੋਵੇ। ਉਨ੍ਹਾਂ ਕਿਹਾ ਸੀ, “ਉਹ ਸਾਰੇ ਮੋਰਚੇ ’ਚ ਪੁੱਜੇ ਪਏ ਆ। ਜਦ ਦੇ ਗਏ ਆ, ਕੋਈ ਨਹੀਂ ਮੁੜਿਆ। ਸਿਵਾਏ ਲਛਮਣ ਬਾਬੇ ਤੋਂ। ਉਹ ਵੀ ਜਿਉਂਦਾ ਨਹੀਂ ਲਾਸ਼ ਬਣ ਕੇ ਮੁੜਿਆ ਸੀ ਦਿੱਲੀਉਂ। ਥੋੜ੍ਹੇ ਕੁ ਦਿਨ ਪਹਿਲਾਂ। ਜ਼ੋਰਦਾਰ ਮੀਂਹ ਕਾਰਨ ਉਹਦਾ ਤੰਬੂ ਰਾਤ ਭਰ ਡੁੱਬਾ ਰਿਹਾ ਸੀ ਪਾਣੀ ’ਚ। ਉਹਨੇ ਵੀ ਪਿਓ ਦੇ ਪੁੱਤ ਨੇ ਪੂਰਾ ਹੱਠ ਰੱਖਿਆ। ਜਿੰਨਾ ਹੋ ਸਕਿਆ, ਤੰਬੂ ਸਾਂਭੀ ਰੱਖਿਆ। ਆਖ਼ਰ ਵਧੇ ਝੱਖੜ-ਝਾਂਜੇ ਨੇ ਉਸ ਨੂੰ ਬੇਵੱਸ ਕਰ ਦਿੱਤਾ। ਅਗਲੇ ਕਈ ਦਿਨ ਲਗਾਤਾਰ ਚੜ੍ਹੇ ਪੰਜ-ਭੱਠ ਬੁਖਾਰ ਨੇ ਉਹਦੇ ਪ੍ਰਾਣ ਵੀ ਖੋਹ ਲਏ ਸਨ। ਨੂਰੀ ਨੂੰ ਇਕਦਮ ਝਟਕਾ ਤਾਂ ਲੱਗਾ ਸੀ ਲਛਮਣ ਬਾਬੇ ਦਾ ਸੁਣ ਕੇ, ਪਰ ਉਹ ਘਬਰਾਈ ਨਾ। ਉਸੇ ਪਲ ਉਸ ਦੇ ਸਾਹਮਣੇ ਜਿਵੇਂ ਦੋ ਲਾਸ਼ਾਂ ਬਰਾਬਰ-ਬਰਾਬਰ ਪਈਆਂ ਹੋਣ। ਚਿੱਟੇ ਕੱਫਣਾਂ ’ਚ ਢਕੀਆਂ ਹੋਈਆਂ। ਇੱਕ ਦੇ ਹੇਠਾਂ ਉਸ ਦਾ ਵੱਡਾ-ਵਡੇਰਾ ਲਛਮਣ ਬਾਬਾ, ਦੂਜੇ ਹੇਠ ਪਤੀ ਮਲਕੀਤ। ਇੱਕ ਨੇ ਵਾਹੀਯੋਗ ਖੇਤਾਂ ਦੀ ਰਾਖੀ ਕਰਦਿਆਂ ਜਾਨ ਦਿੱਤੀ ਸੀ, ਦੂਜੇ ਨੇ ਆਪਣੀ ਅਣਖ-ਇੱਜ਼ਤ ਨੂੰ ਹਰਫ਼ ਆਉਂਦਾ ਦੇਖ ਕੇ ਆਤਮ-ਹੱਤਿਆ ਕੀਤੀ। ਨਾ ਇੱਕ ਨੇ ਪੂਰੀ ਉਮਰ ਭੋਗੀ, ਨਾ ਦੂਜੇ ਨੇ, ਪਰ ਕਿਉਂ? ਕਿਸ ਨੇ ਕੀਤੇ ਸਨ ਇਹ ਅੱਤਿਆਚਾਰ ਉਨ੍ਹਾਂ ’ਤੇ। ਇਹ ਪ੍ਰਸ਼ਨ ਵਿਕਰਾਲ ਰੂਪ ਧਾਰ ਕੇ ਨੂਰੀ ਸਾਹਮਣੇ ਆ ਖੜੋਇਆ। ਇਹ ਪ੍ਰਸ਼ਨ ਉਸ ਨੇ ਰਾਜਵੀਰ ਤੋਂ ਵੀ ਪੁੱਛਿਆ ਸੀ ਦੋ-ਤਿੰਨ ਵਾਰ। ਥੋੜ੍ਹਾ ਕੁ ਰੰਗ ’ਚ ਹੋਏ ਨੂੰ। ਪੁੱਛਿਆ ਨਹੀਂ, ਇੱਕ ਤਰ੍ਹਾਂ ਦੱਸਿਆ ਸੀ ਉਸ ਨੂੰ ਨੂਰੀ ਨੇ, ‘ਹਰ ਰੋਜ਼ ਤਾਂ ਕੁਝ ਨਾ ਕੁਝ ਵਾਪਰਦਾ ਏਧਰ-ਓਧਰ। ਕਦੀ ਕਿਸੇ ਨੇ ਆਤਮ-ਹੱਤਿਆ ਕੀਤੀ ਹੁੰਦੀ, ਕਦੀ ਕਿਸੇ ਨੂੰ ਜਾਨੋਂ ਮਾਰ ਦਿੱਤਾ ਹੁੰਦਾ। ਨਾ ਬਾਲ-ਬੱਚੇ ਬਚੇ ਹੁੰਦੇ, ਨਾ ਬੁੱਢੇ-ਠੇਰੇ, ਨਾ ਜੁਆਨ ਗੱਭਰੂ। ਕਾਰਨ ਵੀ ਕੋਈ ਨਾ ਕੋਈ ਜੋੜ ਦਿੱਤਾ ਹੁੰਦਾ ਨਾਲ।’ ਇੱਕ ਵਾਰ ਤਾਂ ਨੂਰੀ ਨੇ ਰਾਜਵੀਰ ਨੂੰ ਸਿੱਧਾ ਹੀ ਪੁੱਛ ਲਿਆ ਸੀ ਕਿ ਕਿਸਾਨੀ ਘਰਾਂ ’ਚ ਹੁੰਦੀਆਂ ਮੌਤਾਂ ਆਤਮ-ਹੱਤਿਆਵਾਂ ਹਨ ਜਾਂ ਜ਼ੋਰ-ਜਬਰੀ ਖੋਹੀਆਂ ਜਾਨਾਂ?

ਆਪਣੇ ਸਮਝ-ਸੂਝ ’ਤੇ ਪੂਰਾ ਜ਼ੋਰ ਪਾ ਕੇ ਉਸ ਦਿਨ ਰਾਜਵੀਰ ਨੇ ਨੂਰੀ ਨੂੰ ਦੱਸਿਆ ਸੀ, ‘ਇਹ ਮੌਤਾਂ ਸਾਧਾਰਨ ਮੌਤਾਂ ਹਰਗਿਜ਼ ਨ੍ਹੀਂ। ਇਨ੍ਹਾਂ ਨਾਲ ਇੱਕ ਤਰ੍ਹਾਂ ਸਾਡੇ ਮੁਲਕ ਵਿਸ਼ੇਸ਼ ਕਰ ਕੇ ਸੂਬੇ ਦੀ ਅੱਧਿਉਂ ਵੱਧ ਵਸੋਂ ਦਾ ਅਰਥਚਾਰਾ ਜੁੜਿਆ ਹੋਇਐ। ਅਜੀਬ ਗੱਲ ਦੋਖੋ, ਫ਼ਸਲਾਂ ਨੂੰ ਬੀਜਣ-ਵੱਢਣ ਵਾਲੇ ਹੱਥ ਕਿਸੇ ਗਿਣਤੀ-ਮਿਣਤੀ ’ਚ ਨਹੀਂ। ਇਨ੍ਹਾਂ ਫ਼ਸਲਾਂ ਨੂੰ ਉਗਾਉਣ-ਸਾਂਭਣ ਵਾਲੀ ਕਿਰਤ ਦੀ ਕੋਈ ਕਦਰ-ਕੀਮਤ ਨਹੀਂ। ਸਿਆਸੀ ਟੋਲਿਆਂ ਨੇ ਤਾਂ ਜਿਵੇਂ ਵਾਹੀਵਾਨਾਂ ਦੀ ਅਰਥ ਵਿਵਸਥਾ ਦਾ ਫ਼ਿਕਰ ਕਰਨਾ ਊਈਂ ਛੱਡ ਦਿੱਤਾ ਐ। ਖੇਤੀ ਕਿੱਤੇ ’ਚ ਲੱਗਾ ਕੌਣ ਜਿਉਂਦਾ, ਕੌਣ ਮਰਦਾ ਹੈ, ਇਨ੍ਹਾਂ ਨੂੰ ਕੋਈ ਚਿੰਤਾ ਨਹੀਂ। ਉਹ ਕਿਉਂ ਮਰਦਾ, ਕਿਵੇਂ ਮਰਦਾ ਹੈ, ਇਸ ਦੀ ਕੋਈ ਪਰਵਾਹ ਨਹੀਂ। ਤੂੰ ਹੀ ਦੱਸ ਨੂਰੀ ਜਿਊਣ ਨੂੰ ਕਿਸ ਦਾ ਜੀਅ ਨਹੀਂ ਕਰਦਾ। ਮਰਨਾ ਜਾਂ ਆਪਣੇ ਆਪ ਨੂੰ ਮਾਰਨਾ ਕੋਈ ਸੌਖਾ ਕੰਮ ਐ? ਸੱਚ ਇਹ ਐ ਇਸ ਖੇਡ ਪਿੱਛੇ ਇੱਕ ਵੱਡਾ ਛੜਯੰਤਰ ਐ ਨੂਰੀ। ਇਹ ਮੌਤਾਂ, ਇਹ ਹੱਤਿਆਵਾਂ ਜੋਰ-ਜਬਰੀ ਕੀਤੇ ਗਏ ਕਤਲ ਐ ਨੂਰੀ, ਕਤਲ।’

ਅਚਨਚੇਤ ਰਾਜਵੀਰ ਤੋਂ ਨੂਰੀ ਦਾ ਨਾਂ ਪਤਾ ਨਹੀਂ ਵਾਰ-ਵਾਰ ਕਿਵੇਂ ਸ਼ਾਮਲ ਹੋ ਗਿਆ।

ਲਗਾਤਾਰ ਬੋਲੀ ਗਿਆ ਰਾਜਬੀਰ। ਉਹ ਸੱਚ-ਮੁੱਚ ਭਾਵੁਕ ਹੋ ਗਿਆ ਸੀ। ਉਸ ਨੇ ਸਾਹਮਣੇ ਪਏ ਜੱਗ ’ਚੋਂ ਠੰਢੇ ਪਾਣੀ ਦੇ ਚਾਰ-ਪੰਜ ਘੁੱਟ ਇੱਕੋ ਡੀਕੇ ਅੰਦਰ ਲੰਘਾਏ। ਫਿਰ ਰੁਮਾਲ ਨਾਲ ਮੂੰਹ ਸਾਫ਼ ਕੀਤਾ, ਨਾਲ ਹੀ ਅੱਖਾਂ। ਥੋੜ੍ਹਾ ਕੁ ਚਿਰ ਚੁੱਪ ਰਹਿਣ ਪਿੱਛੋਂ ਉਸ ਅੰਦਰੋਂ ਦੁਬਾਰਾ ਨਿਕਲੇ ਬੋਲ ਜਿਵੇਂ ਖੂਹ ’ਚੋਂ ਸੁਣਾਈ ਦਿੱਤੇ ਹੋਣ। ਉਹਨੇ ਆਖਿਆ ਸੀ, ‘ਕਸੂਰ ਇਕੱਲੇ ਪ੍ਰਬੰਧ ਦਾ ਹੀ ਨਹੀਂ, ਆਪਣਾ ਵੀ ਐ ਸਾਡਾ। ਅਸੀਂ ਵੀ ਆਪਣੀ ਹਉਂ ’ਚ ਵਿਚਰਦੇ, ਖਾਹ-ਮਖਾਹ ਕਰਜ਼ਈ ਹੁੰਦੇ ਰਹਿੰਨੇ ਆਂ।’

ਨੂਰੀ ਅੱਗੋਂ ਚੁੱਪ। ਇਹ ਚੁੱਪ ਰਾਜਵੀਰ ਦੇ ਆਖੇ, ਦੱਸੇ ਨਾਲ ਅਸਹਿਮਤ ਹੋਣ ਦੀ ਸੀ ਜਾਂ ਸਹਿਮਤ ਦੀ, ਉਸ ਤੋਂ ਝੱਟ-ਪੱਟ ਕੋਈ ਨਿਰਣਾ ਨਹੀਂ ਸੀ ਹੋ ਸਕਿਆ। ਫਿਰ ਕਿੰਨਾ ਹੀ ਚਿਰ ਪਿੱਛੋਂ ਤੱਕ ਵੀ ਉਹ ਰਾਜਵੀਰ ਦੇ ਸ਼ਬਦਾਂ ਦੀ ਪੈੜ-ਚਾਲੇ ਤੁਰੀ, ਹਾਂ-ਨਾਂਹ ਦੀ ਸੰਗਿਆ ਵਿਚਕਾਰ ਵਿਚਰਦੀ ਰਹੀ। ਹੁਣ ਇਹ ਕਿਸ ਤੋਂ ਪੁੱਛੇਗੀ ਕਿ ਉਸ ਦੇ ਪਤੀ ਨੇ ਆਤਮ-ਹੱਤਿਆ ਕੀਤੀ ਜਾਂ ਉਸ ਨੂੰ ਜਬਰੀ ਕਤਲ ਕੀਤਾ ਗਿਆ? ਸਹੁਰੇ ਪਿੰਡੋਂ ਅਫ਼ਸੋਸ ਕਰਨ ਆਏ ਵੱਡੇ-ਵਡੇਰਿਆਂ ਤੋਂ ਪੁੱਛਣ ਦੀ ਉਸ ਦੀ ਹਿੰਮਤ ਨਾ ਹੋਈ। ਵਾਪਸ ਪਿੰਡ ਨੂੰ ਜਾਣ ਲਈ ਉੱਠ ਤੁਰਨ ਲੱਗੇ ਫੁੰਮਣ ਚਾਚੇ ਨਾਲ ਝੱਟ ਦੇਣੀ ਚਿੰਬੜ ਕੇ ਨੂਰੀ ਫਿਰ ਉਹੀ ਰਾਗ ਅਲਾਪਣ ਲੱਗ ਪਈ, ‘ਮੈਨੂੰ ਮੇਰੇ ਘਰ ਛੱਡ ਆਓ... ਏਹ ਮੇਰਾ ਘਰ ਨ੍ਹੀਂ... ਮੈਨੂੰ ਮੇਰੇ ਘਰ ਛੱਡ ਆਓ।’ ਉਸ ਦਿਨ ਉਦਾਸੀ-ਪ੍ਰੇਸ਼ਾਨੀ ’ਚ ਘਿਰੇ ਪਿੰਡ ਵਾਸੀ ਹੋਰ ਵੀ ਫ਼ਿਕਰਮੰਦ ਹੋ ਕੇ ਵਾਪਸ ਮੁੜੇ ਸਨ। ਥੋੜ੍ਹੀ ਕੁ ਆਸਵੰਦ ਹੋਈ ਨੂਰੀ ਦੀ ਮਾਂ ਮੁੜ ਨਿਰਾਸ਼ਾ ’ਚ ਘਿਰ ਗਈ ਤਾਂ ਵੀ ਉਸ ਨੇ ਆਸ-ਉਮੀਦ ਦਾ ਪੱਲਾ ਨਹੀਂ ਸੀ ਛੱਡਿਆ। ਉਸ ਦਾ ਯਕੀਨ ਸੀ ਕਿ ਸਿਆਣੇ-ਸੂਝਵਾਨ ਜੀਆਂ ਦੀ ਸੰਗਤ ਨੂਰੀ ਦੀ ਵਿਚਲਤ ਹੋਈ ਸੁਰਤੀ ਨੂੰ ਕਿਸੇ ਵੀ ਦੁਆ-ਦਾਰੂ ਨਾਲੋਂ ਵੱਧ ਰਾਹਤ ਦਿੰਦੀ ਹੈ। ਮਲਕੀਤ ਦਾ ਅਫ਼ਸੋਸ ਕਰਨ ਆਏ ਹਰ ਕਿਸੇ ਨਾਲ ਹੋਈ ਗੱਲਬਾਤ ’ਚ ਉਸ ਨੇ ਨੂਰੀ ਨੂੰ ਸ਼ਾਮਿਲ ਕਰੀ ਰੱਖਿਆ, ਭਾਵੇਂ ‘ਮੈਨੂੰ ਮੇਰੇ ਘਰ...’ ਵਾਲੀ ਰਟ ਨੂਰੀ ਤੋਂ ਬਹੁਤੀ ਨਹੀਂ ਸੀ ਤਿਆਗ ਹੋਈ।

ਤੈਨੂੰ ਵੀ ਜਾਂਦੇ ਨੂੰ ਉਹ ਇਹੀ ਕਹੇਗੀ ‘ਭਾ ਬਣ ਕੇ ਮੇਰਾ ਇਹ ਕੰਮ ਜ਼ਰੂਰ ਕਰ!’ ਕਹੇਗੀ ਹੀ ਨਹੀਂ, ਤਰਲੇ ਕਰੇਗੀ, ਹੱਥ ਵੀ ਜੋੜੇਗੀ। ਜੁੜੇ ਹੱਥ ਸੱਚ-ਮੁੱਚ ਤੇਰੇ ਪੈਰਾਂ ਵੱਲ ਨੂੰ ਝੁਕਣਗੇ। ਤੂੰ ਉਸ ਨੂੰ ਇਉਂ ਕਰਨੋਂ ਮਸਾਂ ਰੋਕ ਸਕੇਂਗਾ। ਉਸ ਦਾ ਸਿਰ ਪਲੋਸੇਂਗਾ। ਉਸ ਨੂੰ ਢਾਰਸ ਦੇਵੇਂਗਾ। ਬਿਲਕੁਲ ਉਵੇਂ ਜਿਵੇਂ ਆਪਣੇ ਦਫ਼ਤਰ ’ਚ ਦਿੱਤਾ ਸੀ। ਤੇਰਾ ਹੱਥ ਲੱਗਦਿਆਂ ਸਾਰ ਇਹ ਵਿਲਕ ਉੱਠੇਗੀ, ਪਹਿਲਾਂ ਹਟਕੋਰੀਂ, ਫਿਰ ਉੱਚੀ-ਉੱਚੀ। ਹੋਰ ਘੜੀ-ਪਲ ਨੂੰ ਤੈਨੂੰ ਇਹ ਬਿਲਕੁਲ ਸਹਿਜ ਜਾਪੇਗੀ। ਸਾਰਾ ਕੁਝ ਨਹੀਂ ਤਾਂ ਕਿੰਨਾ ਕੁਝ ਸੁਣਨ-ਸਮਝਣ ਲੱਗੇਗੀ।

ਹੁਣ ਇਹ ਤੇਰੇ ’ਤੇ ਨਿਰਭਰ ਹੈ ਕਿ ਤੂੰ ਅਗਾਂਹ ਕੀ ਕਰਨਾ ਹੈ। ਤੂੰ ਇਸ ਨੂੰ ਹੋਸ਼-ਬੇਹੋਸ਼ ਵਿਚਕਾਰ ਲਟਕਦਾ ਰੱਖਣਾ ਹੈ ਜਾਂ ਇਸ ਨੂੰ ਸੁਰਤ ਸਿਰ ਕਰਨ ਦਾ ਕੋਈ ਉਪਰਾਲਾ ਕਰਨਾ ਹੈ। ਤੂੰ ਕਝ ਨਾ ਕੁਝ ਜ਼ਰੂਰ ਕਰੇਂਗਾ, ਇਸ ਨੂੰ ਤ੍ਰਿਸ਼ੰਕੂ ਸਥਿਤੀ ’ਚੋਂ ਬਾਹਰ ਕੱਢਣ ਲਈ ਜ਼ਰੂਰ ਹੰਭਲਾ ਮਾਰੇਂਗਾ। ਤੂੰ... ਇਸ ਨੂੰ ਦੱਸੇਂਗਾ, ‘ਤੇਰੀ ਇਹ ਹਾਲਤ ਕੇਵਲ ਨੌਕਰੀ ਖੁੱਸ ਜਾਣ ਕਾਰਨ ਜਾਂ ਪਤੀ ਦੀ ਆਤਮ-ਹੱਤਿਆ ਕਾਰਨ ਹੀ ਨਹੀਂ ਬਣੀ। ਇਹ ਤਾਂ ਹਕੂਮਤੀ ਕਿਸਮ ਦੀਆਂ ਘਟਨਾਵਾਂ ਹਨ, ਜੋ ਇਸ ਵਾਰ ਤੇਰੇ ਸਿਰ ’ਤੇ ਆ ਡਿੱਗੀਆਂ, ਇਕੱਠੀਆਂ।’ ਨਿਸ਼ਚੇ ਹੀ ਤੈਨੂੰ ਉਸ ਵਰਤਾਰੇ ਦੀ ਪੂਰੀ ਜਾਣਕਾਰੀ ਹੈ। ਤੂੰ ਉਸ ਦੀ ਇਬਾਰਤ ਦੇ ਕੁਝ ਨਾ ਕੁਝ ਬਿੰਦੂ ਜ਼ਰੂਰ ਦੱਸੀਂ ਨੂਰੀ ਨੂੰ। ਤੂੰ ਬਹੁਤਾ ਨਹੀਂ ਤਾਂ ਸ਼ਾਮਯੁੱਗੀ ਸ਼ਿਕਾਰ ਕਰਮ ਤੋਂ ਸ਼ੁਰੂ ਕਰ ਕੇ ਸਰਮਾਇਆ ਯੁੱਗ ਦੇ ਪੁਲਾੜੀ ਸਫ਼ਰ ਤੱਕ ਦਾ ਮੋਟਾ-ਮੋਟਾ ਜ਼ਿਕਰ ਜ਼ਰੂਰ ਕਰੀਂ। ਗੁਫ਼ਾਵਾਂ ’ਚ ਸਿਰ ਢਕਣ ਤੋਂ ਲੈ ਕੇ ਸ਼ੀਸ਼ ਮਹਿਲਾਂ ਵਰਗੇ ਰੈਣ-ਬਸੇਰਿਆਂ ਤੱਕ ਪੁੱਜੇ ਅੱਜ ਦੇ ਮਨੁੱਖ ਦੇ ਚੰਗੇ-ਮਾੜੇ ਵਰਤਾਓ ਦਾ ਖੁਲਾਸਾ ਕਰਦਾ ਤੂੰ ਸਾਮੰਤੀ ਤੇ ਰਾਜਸ਼ਾਹੀ ਪ੍ਰਬੰਧਾਂ ਅੰਦਰ ਖੇਤੀ ਕਿਰਤੀਆਂ ਸਮੇਤ ਖੇਤੀ ਜਿਣਸਾਂ ਦੀ ਹੁੰਦੀ ਦੁਰਗਤ ਦਾ ਵਿਸਥਾਰ ਜ਼ਰੂਰ ਦੇਈਂ। ਮਾਨਵੀ ਮੁੱਲਾਂ ਨੂੰ ਪਛਾੜ ਕੇ ਖਾਹ-ਮਖਾਹ ਦੀ ਹਵਸ ਪਿੱਛੇ ਵਿਆਕੁਲ ਹੋਈ ਅਜੋਕੇ ਸਮਿਆਂ ਦੀ ਮਾਨਸਿਕਤਾ ਨੂਰੀ ਨੂੰ ਪਤੀ ਦੀ ਹੱਤਿਆ ਪਿੱਛੇ ਕਾਰਜ਼ਸ਼ੀਲ ਵੱਡੇ ਕਾਰਨਾਂ ਦੀ ਪਛਾਣ ਵੀ ਕਰਵਾਏਗੀ।

ਸੱਚੀ ਗੱਲ ਐ ਇਹ ਸਭ ਕੁਝ ਸੁਣੇਗੀ ਵੀ ਤੇ ਸਮਝੇਗੀ ਵੀ। ਇਹ ਮੁੱਢ ਤੋਂ ਸੂਝਵਾਨ ਰਹੀ ਐ ਇਸ ਪੱਖੋਂ। ਜਿਉਂ-ਜਿਉਂ ਤੂੰ ਇਸ ਦਾ ਜੀਣ-ਥੀਣ ਵਿਚਲਤ ਕਰਨ ਵਾਲੀ ਉਸ ਕਲਮੂੰਹੀ ਲਿਖਤ ਦੇ ਪੱਤਰੇ ਪਰਤਾਈ ਜਾਏਗਾ, ਤਿਉਂ-ਤਿਉਂ ਉਸ ਦੀ ਉਲਝੀ-ਬਿਖਰੀ ਸੁਰਤ ਥਾਂ ਸਿਰ ਹੁੰਦੀ ਜਾਣੀ ਐ। ਤੈਨੂੰ ਇਹ ਯਤਨ ਇੱਕ-ਦੋ ਵਾਰ ਨਹੀਂ, ਕਈ ਵਾਰ ਆ ਕੇ ਕਰਨੇ ਪੈਣੇ ਹਨ। ਪੁਰਾਣੇ ਘਰ ਜਾਂ ਨਵੇਂ ਘਰ ਦਾ ਹਿਸਾਬ-ਕਿਤਾਬ ਤੂੰ ਆਪ ਜੁੜਦਾ ਕਰ ਲਈਂ, ਮੌਕਾ ਵਿਚਾਰ ਕੇ।’

ਸੰਪਰਕ: 94655-74855 (ਵ੍ਹਟਸਐਪ)

ਈ-ਮੇਲ: amarjitsinghdasuya@gmail.com

Advertisement
×