DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੱਦਾਖ ਦਾ ਸਖ਼ਤ ਰੁਖ਼

ਸਖ਼ਤ ਰੁਖ਼ ਅਖਤਿਆਰ ਕਰਦਿਆਂ ਲੱਦਾਖ ਪ੍ਰਸ਼ਾਸਨ ਨੇ ਵਾਤਾਵਰਣ ਪੱਖੋਂ ਬੇਹੱਦ ਸੰਵੇਦਨਸ਼ੀਲ ਇਲਾਕਿਆਂ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਗੱਡੀਆਂ ਚਲਾਉਣ ਵਾਲੇ ਚਾਰ ਸੈਲਾਨੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਹ ਫ਼ੈਸਲਾ ਮਹਿਜ਼ ਨਸੀਹਤਾਂ ਦੇਣ ਦੀ ਬਜਾਏ ਵਾਤਾਵਰਣ ਅਤੇ ਜੰਗਲੀ ਜੀਵਾਂ ਦੀ...

  • fb
  • twitter
  • whatsapp
  • whatsapp
Advertisement

ਸਖ਼ਤ ਰੁਖ਼ ਅਖਤਿਆਰ ਕਰਦਿਆਂ ਲੱਦਾਖ ਪ੍ਰਸ਼ਾਸਨ ਨੇ ਵਾਤਾਵਰਣ ਪੱਖੋਂ ਬੇਹੱਦ ਸੰਵੇਦਨਸ਼ੀਲ ਇਲਾਕਿਆਂ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਗੱਡੀਆਂ ਚਲਾਉਣ ਵਾਲੇ ਚਾਰ ਸੈਲਾਨੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਹ ਫ਼ੈਸਲਾ ਮਹਿਜ਼ ਨਸੀਹਤਾਂ ਦੇਣ ਦੀ ਬਜਾਏ ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਵੱਲ ਇੱਕ ਵੱਡਾ ਕਦਮ ਹੈ। ਇੱਥੇ ਤੇਜ਼ੀ ਨਾਲ ਸੈਲਾਨੀਆਂ ਦੀ ਆਮਦ ਵਧ ਰਹੀ ਹੈ। ਅਜਿਹੇ ਹਾਲਾਤ ਵਿੱਚ ਸਮੇਂ ਸਿਰ ਲਏ ਗਏ ਇਸ ਫ਼ੈਸਲੇ ਨੇ ਸਾਫ਼ ਸੁਨੇਹਾ ਦਿੱਤਾ ਹੈ ਕਿ ਕੁਦਰਤ ਦਾ ਘਾਣ ਕਰਕੇ ਮੌਜ-ਮਸਤੀ ਨਹੀਂ ਕਰਨ ਦਿੱਤੀ ਜਾਵੇਗੀ। ਪੈਂਗੌਂਗ ਝੀਲ, ਚਾਂਗਥਾਂਗ, ਹਾਨਲੇ ਅਤੇ ਨੁਬਰਾ ਘਾਟੀ ਅਸਲ ਵਿੱਚ ਬਹੁਤ ਹੀ ਸੰਵੇਦਨਸ਼ੀਲ ਵਾਤਾਵਰਣਕ ਖੇਤਰ ਹਨ, ਜੋ ਦੁਰਲੱਭ ਜੀਵ-ਜੰਤੂਆਂ ਦਾ ਘਰ ਹਨ। ਸੋਸ਼ਲ ਮੀਡੀਆ ’ਤੇ ਮਸ਼ਹੂਰੀ ਖੱਟਣ ਜਾਂ ਵੈਸੇ ਹੀ ਸ਼ੌਕ ਪੂਰਾ ਕਰਨ ਲਈ ਝੀਲਾਂ, ਨਦੀਆਂ ਅਤੇ ਸੁਰੱਖਿਅਤ ਇਲਾਕਿਆਂ ਵਿੱਚ ਗੱਡੀਆਂ ਵਾੜਨਾ ਮਹਿਜ਼ ਇੱਕ ਗ਼ੈਰ-ਜ਼ਿੰਮੇਵਾਰਾਨਾ ਹਰਕਤ ਨਹੀਂ ਸਗੋਂ ਇਸ ਖਿੱਤੇ ਦੀ ਜੈਵ-ਵਿਭਿੰਨਤਾ ਅਤੇ ਵਾਤਾਵਰਣ ਦੇ ਸੰਤੁਲਨ ’ਤੇ ਸਿੱਧਾ ਹਮਲਾ ਹੈ। ਇੱਕ ਗੱਡੀ ਵੱਲੋਂ ਤਿੱਬਤੀ ਗਜ਼ਲ (ਹਿਰਨ) ਦਾ ਪਿੱਛਾ ਕਰਨ ਦੀਆਂ ਵੀਡੀਓਜ਼ ਤਾਂ ਖ਼ਾਸ ਤੌਰ ’ਤੇ ਮਨ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਹਨ; ਇਹ ਵੀਡੀਓਜ਼ ਜੰਗਲੀ ਜੀਵਾਂ ਪ੍ਰਤੀ ਅੰਨ੍ਹੀ ਬੇਪਰਵਾਹੀ ਨੂੰ ਜੱਗ-ਜ਼ਾਹਿਰ ਕਰਦੀਆਂ ਹਨ।

ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸੋਸ਼ਲ ਮੀਡੀਆ ਦੀ ਨਿਗਰਾਨੀ ਸਮੇਤ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ਲਈ ਲੱਦਾਖ ਪ੍ਰਸ਼ਾਸਨ ਸ਼ਾਬਾਸ਼ੀ ਦਾ ਹੱਕਦਾਰ ਹੈ। ਗੱਡੀਆਂ ਜ਼ਬਤ ਕਰਨਾ ਅਤੇ ਮੋਟੇ ਜੁਰਮਾਨੇ ਲਾਉਣਾ ਇਹ ਸਪੱਸ਼ਟ ਕਰਦਾ ਹੈ ਕਿ ਹੁੱਲੜਬਾਜ਼ ਸੈਲਾਨੀਆਂ ਨਾਲ ਹੁਣ ਨਰਮੀ ਨਾਲ ਨਹੀਂ ਨਜਿੱਠਿਆ ਜਾਵੇਗਾ। ਅਜਿਹੀ ਸਖ਼ਤ ਕਾਰਵਾਈ ਭਵਿੱਖ ਵਿੱਚ ਅਜਿਹੀਆਂ ਮਨਮਰਜ਼ੀਆਂ ਨੂੰ ਠੱਲ੍ਹ ਪਾਉਣ ਅਤੇ ਸੁਰੱਖਿਅਤ ਖੇਤਰਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੋਵੇਗੀ। ਇਹ ਸਖ਼ਤੀ ਪ੍ਰਸ਼ਾਸਨ ਦੇ ਵਾਤਾਵਰਨ ਪੱਖੀ ਸੈਰ-ਸਪਾਟੇ ਦੇ ਸੁਪਨੇ ਦੇ ਬਿਲਕੁਲ ਅਨੁਕੂਲ ਹੈ। ਹਾਲ ਹੀ ਵਿੱਚ ਚੁੱਕੇ ਗਏ ਕਦਮ ਜਿਵੇਂ ਕਿ ਇੱਕ ਵਾਰ ਵਰਤੇ ਜਾਣ ਵਾਲੇ (ਸਿੰਗਲ-ਯੂਜ਼) ਪਲਾਸਟਿਕ ’ਤੇ ਪਾਬੰਦੀ, ਗੰਦਗੀ ਪਾਉਣ ਵਾਲਿਆਂ ਨੂੰ ਜੁਰਮਾਨੇ ਅਤੇ ਲੱਦਾਖ ਟੂਰਿਜ਼ਮ ਡਿਵੈਲਪਮੈਂਟ ਸੋਸਾਇਟੀ ਦਾ ਗਠਨ ਇਹ ਦਰਸਾਉਂਦੇ ਹਨ ਕਿ ਪ੍ਰਸ਼ਾਸਨ ਇੱਕ ਵਿਆਪਕ ਰਣਨੀਤੀ ਤਹਿਤ ਕੰਮ ਕਰ ਰਿਹਾ ਹੈ। ਇਸ ਰਣਨੀਤੀ ਦਾ ਮੁੱਖ ਮਕਸਦ ਸੈਰ-ਸਪਾਟੇ ਤੋਂ ਹੋਣ ਵਾਲੀ ਆਰਥਿਕ ਕਮਾਈ ਅਤੇ ਕੁਦਰਤੀ ਵਾਤਾਵਰਣ ਦੀ ਰਾਖੀ ਵਿਚਾਲੇ ਸਹੀ ਸੰਤੁਲਨ ਬਣਾ ਕੇ ਰੱਖਣਾ ਹੈ।

Advertisement

ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਵਧਦੀ ਭੀੜ ਕਾਰਨ ਪੈਦਾ ਹੋਇਆ ਵਾਤਾਵਰਣਕ ਬੋਝ ਹੁਣ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਲਈ ਖ਼ਤਰਾ ਬਣ ਰਿਹਾ ਹੈ। ਟੂਰ ਆਪਰੇਟਰਾਂ, ਹੋਟਲ ਮਾਲਕਾਂ ਅਤੇ ਸਥਾਨਕ ਭਾਈਚਾਰੇ ਨੂੰ ਸੈਲਾਨੀਆਂ ਨੂੰ ਜ਼ਿੰਮੇਵਾਰੀ ਦਾ ਪਾਠ ਪੜ੍ਹਾਉਣ ਲਈ ਖ਼ੁਦ ਅੱਗੇ ਆਉਣਾ ਪਵੇਗਾ। ਸਖ਼ਤ ਸਜ਼ਾਵਾਂ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮਾਂ, ਸੂਚਨਾ ਬੋਰਡਾਂ ਅਤੇ ਸਾਹਸੀ ਗਤੀਵਿਧੀਆਂ ਲਈ ਨਿਯਮਾਂ ਨੂੰ ਹੋਰ ਕਰੜਾ ਕਰਨਾ ਲਾਜ਼ਮੀ ਹੈ। ਸੈਲਾਨੀਆਂ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਲੱਦਾਖ ਦੇ ਨਿਰਮਲ ਵਾਤਾਵਰਣ ਨੂੰ ਬਚਾਉਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।

Advertisement

Advertisement
×