DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਾਲਿਦਾ ਜ਼ਿਆ ਦਾ ਦੇਹਾਂਤ

ਬੰਗਲਾਦੇਸ਼ ਵਿੱਚ ਚੋਣਾਂ ਹੋਣ ’ਚ ਦੋ ਮਹੀਨਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਮੁਸ਼ਕਿਲਾਂ ਨਾਲ ਜੂਝ ਰਹੇ ਇਸ ਦੇਸ਼ ਵਿੱਚ ਅਹਿਮ ਸਿਆਸੀ ਆਗੂ ਖਾਲਿਦਾ ਜ਼ਿਆ ਦੀ ਇਸ ਸਮੇਂ ਹੋਈ ਮੌਤ ਕਾਰਨ ਵੱਡਾ ਸਿਆਸੀ ਖਲਾਅ ਪੈਦਾ ਹੋ ਗਿਆ ਹੈ। ਸਾਬਕਾ...

  • fb
  • twitter
  • whatsapp
  • whatsapp
Advertisement

ਬੰਗਲਾਦੇਸ਼ ਵਿੱਚ ਚੋਣਾਂ ਹੋਣ ’ਚ ਦੋ ਮਹੀਨਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਮੁਸ਼ਕਿਲਾਂ ਨਾਲ ਜੂਝ ਰਹੇ ਇਸ ਦੇਸ਼ ਵਿੱਚ ਅਹਿਮ ਸਿਆਸੀ ਆਗੂ ਖਾਲਿਦਾ ਜ਼ਿਆ ਦੀ ਇਸ ਸਮੇਂ ਹੋਈ ਮੌਤ ਕਾਰਨ ਵੱਡਾ ਸਿਆਸੀ ਖਲਾਅ ਪੈਦਾ ਹੋ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੀ ਇਸ ਨੇਤਾ ਦੇ ਅਵਾਮੀ ਲੀਗ ਦੀ ਮੁਖੀ ਸ਼ੇਖ ਹਸੀਨਾ ਨਾਲ ਤਿੱਖੇ ਟਕਰਾਅ ਨੇ ਇੱਕ ਸਿਆਸੀ ਯੁੱਗ ਦਾ ਮੁਹਾਂਦਰਾ ਘੜਿਆ। ਜਦੋਂ ਬੰਗਲਾਦੇਸ਼ ’ਚ ਜਮਹੂੁਰੀ ਕਦਰਾਂ ਕੀਮਤਾਂ ’ਚ ਨਿਘਾਰ ਆਉਂਦਾ ਜਾਪਦਾ ਸੀ, ਉਦੋਂ ਖਾਲਿਦਾ ਜ਼ਿਆ ਕੌਮੀ ਮਾਣ ਅਤੇ ਇੱਕ-ਪਾਰਟੀ ਦਬਦਬੇ ਦੇ ਵਿਰੋਧ ਦਾ ਪ੍ਰਤੀਕ ਸੀ। ਹਾਲਾਂਕਿ, ਖਾਲਿਦਾ ਦੇ ਕਾਰਜ ਕਾਲ ਦੌਰਾਨ ਚੁਣੌਤੀਆਂ ਵੀ ਉੱਭਰੀਆਂ ਅਤੇ ਬੀ ਐੈੱਨ ਪੀ ਦੀ ਅਗਵਾਈ ਵਾਲੇ ਗੱਠਜੋੜ ਅੰਦਰ ਕੱਟੜਪੰਥੀ ਤੱਤਾਂ ਦਾ ਉਭਾਰ ਵੀ ਹੋਇਆ। ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਖਾਲਿਦਾ ਜ਼ਿਆ ਨੇ ਬੀ ਐੱਨ ਪੀ ਨੂੰ ਅਵਾਮੀ ਲੀਗ ਦੇ ਮੁੱਖ ਵਿਰੋਧੀ ਵਜੋਂ ਮਜ਼ਬੂਤ ​​ਕੀਤਾ ਅਤੇ ਬੰਗਲਾਦੇਸ਼ ਵਿੱਚ ਦੋ-ਪਾਰਟੀ ਪ੍ਰਣਾਲੀ ਦਾ ਚੱਲਣਾ ਯਕੀਨੀ ਬਣਾਇਆ। ਲੰਘੇ ਡੇਢ ਦਹਾਕੇ ਦੌਰਾਨ ਉਸ ਨੇ ਨਾ ਸਿਰਫ਼ ਸ਼ੇਖ ਹਸੀਨਾ ਦੀ ਅਗਵਾਈ ਹੇਠਲੀ ਸਰਕਾਰ ਖ਼ਿਲਾਫ਼ ਵਿਰੋਧ ਦੀ ਅਗਵਾਈ ਕੀਤੀ ਸਗੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਵੀ ਸਾਹਮਣਾ ਕੀਤਾ। 2018 ਵਿੱਚ ਉਸ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਦੋਸ਼ੀ ਠਹਿਰਾਉਂਦਿਆਂ ਕੈਦ ਦੀ ਸਜ਼ਾ ਸੁਣਾਈ ਗਈ, ਪਰ ਅਗਸਤ 2024 ਵਿੱਚ ਸ਼ੇਖ ਹਸੀਨਾ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਮਗਰੋਂ ਰਾਸ਼ਟਰਪਤੀ ਵੱਲੋਂ ਖਾਲਿਦਾ ਜ਼ਿਆ ਨੂੰ ਮੁਆਫ਼ੀ ਦੇ ਕੇ ਇੱਕ ਦਿਨ ਬਾਅਦ ਰਿਹਾਅ ਕਰ ਦਿੱਤਾ ਗਿਆ।

ਦੋਵਾਂ ਬੇਗਮਾਂ ਦਾ ਇਹ ਤਿੱਖਾ ਟਕਰਾਅ ਹੁਣ ਬੀਤੇ ਦੀ ਗੱਲ ਹੋ ਗਿਆ ਹੈ। ਹਸੀਨਾ ਭਾਰਤ ਵਿੱਚ ਜਲਾਵਤਨੀ ਦੀ ਜ਼ਿੰਦਗੀ ਗੁਜ਼ਾਰ ਰਹੀ ਹੈ। ਉਸ ਦੀ ਬੰਗਲਾਦੇਸ਼ ਵਾਪਸੀ ਸੰਭਵ ਨਹੀਂ ਕਿਉਂਕਿ ਇੱਕ ਵਿਸ਼ੇਸ਼ ਟ੍ਰਿਬਿਊਨਲ ਨੇ ਉਸ ਨੂੰ ‘ਮਨੁੱਖਤਾ ਵਿਰੁੱਧ ਅਪਰਾਧਾਂ’ ਲਈ ਮੌਤ ਦੀ ਸਜ਼ਾ ਸੁਣਾਈ ਹੈ। ਅਵਾਮੀ ਲੀਗ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਨੇ ਬੀ ਐੱਨ ਪੀ ਦੀ ਸਥਿਤੀ ਮਜ਼ਬੂਤ ਕੀਤੀ ਹੈ। ਇੱਕ ਪ੍ਰਮੁੱਖ ਨੇਤਾ ਨੂੰ ਗੁਆਉਣ ਤੋਂ ਬਾਅਦ ਪਾਕਿਸਤਾਨ ਪੱਖੀ ਬੀ ਐੱਨ ਪੀ ਖਾਲਿਦਾ ਦੇ ਪੁੱਤਰ ਅਤੇ ਵਾਰਿਸ, ਤਾਰਿਕ ਰਹਿਮਾਨ ’ਤੇ ਭਰੋਸਾ ਕਰ ਰਹੀ ਹੈ, ਜੋ ਲੰਡਨ ਵਿੱਚ ਪਿਛਲੇ 17 ਸਾਲਾਂ ਤੋਂ ਜਲਾਵਤਨੀ ਦਾ ਜੀਵਨ ਗੁਜ਼ਾਰਨ ਤੋਂ ਬਾਅਦ ਹਾਲ ਹੀ ਵਿੱਚ ਵਤਨ ਪਰਤਿਆ ਹੈ। ਰਹਿਮਾਨ ਨੇ ਇੱਕ ਖੁਸ਼ਹਾਲ ਅਤੇ ਸੁਰੱਖਿਅਤ ਰਾਸ਼ਟਰ ਬਣਾਉਣ ਲਈ ਸਾਰੀਆਂ ਧਿਰਾਂ ਦਾ ਸਮਰਥਨ ਮੰਗ ਕੇ ਸਕਾਰਾਤਮਕ ਪਹਿਲ ਕੀਤੀ ਹੈ।

Advertisement

ਸਰਹੱਦ ਪਾਰ ਬਗ਼ਾਵਤ ਤੇ ਦਹਿਸ਼ਤਗਰਦ ਸਮੂਹਾਂ ਦੁਆਰਾ ਬੰਗਲਾਦੇਸ਼ ਦੀ ਧਰਤੀ ਦੀ ਵਰਤੋਂ ਅਤੇ ਜ਼ਿਆ ਸਰਕਾਰ ਦਾ ਪਾਕਿਸਤਾਨ ਤੇ ਚੀਨ ਨਾਲ ਰਣਨੀਤਕ ਗੱਠਜੋੜ ਖਾਲਿਦਾ ਜ਼ਿਆ ਦੇ ਕਾਰਜਕਾਲ ਦੀ ਉਹ ਨੀਤੀ ਸੀ, ਜਿਸ ਨੇ ਦਿੱਲੀ-ਢਾਕਾ ਸਬੰਧਾਂ ਨੂੰ ਤਣਾਅਪੂਰਨ ਬਣਾਇਆ ਸੀ। ਹੁਣ ਦੁਵੱਲੇ ਸਬੰਧਾਂ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਢਾਕਾ ਦੇ ਅਗਲੀ ਪੀੜ੍ਹੀ ਦੇ ਨੇਤਾ ਟਕਰਾਅ ਦੀ ਬਜਾਏ ਸਹਿਯੋਗ ਦਾ ਰਾਹ ਚੁਣਦੇ ਹਨ ਜਾਂ ਨਹੀਂ।

Advertisement

Advertisement
×