DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਜਲੰਧਰ ਐਕਸਪ੍ਰੈੱਸ’ ਗੁਰਿੰਦਰਵੀਰ

ਮਹਿਜ਼ 10.09 ਸਕਿੰਟਾਂ ਵਿੱਚ ਗੁਰਿੰਦਰਵੀਰ ਸਿੰਘ ਨੇ ਭਾਰਤੀ ਅਥਲੈਟਿਕਸ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਪਰ ਭਾਰਤ ਦੇ ਇਸ ਸਭ ਤੋਂ ਤੇਜ਼ ਦੌੜਾਕ ਦੀ ਕਹਾਣੀ ਸਿਰਫ਼ ਸਮਾਂ ਮਾਪਣ ਵਾਲੀ ਘੜੀ ਦੇ ਅੰਕੜਿਆਂ ਤੱਕ ਹੀ ਸੀਮਤ ਨਹੀਂ ਹੈ। ਇਸ ਕਹਾਣੀ ਨੂੰ...

  • fb
  • twitter
  • whatsapp
  • whatsapp
Advertisement

ਮਹਿਜ਼ 10.09 ਸਕਿੰਟਾਂ ਵਿੱਚ ਗੁਰਿੰਦਰਵੀਰ ਸਿੰਘ ਨੇ ਭਾਰਤੀ ਅਥਲੈਟਿਕਸ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਪਰ ਭਾਰਤ ਦੇ ਇਸ ਸਭ ਤੋਂ ਤੇਜ਼ ਦੌੜਾਕ ਦੀ ਕਹਾਣੀ ਸਿਰਫ਼ ਸਮਾਂ ਮਾਪਣ ਵਾਲੀ ਘੜੀ ਦੇ ਅੰਕੜਿਆਂ ਤੱਕ ਹੀ ਸੀਮਤ ਨਹੀਂ ਹੈ। ਇਸ ਕਹਾਣੀ ਨੂੰ ਪਿੰਡਾਂ ਦੀਆਂ ਧੂੜ ਭਰੀਆਂ ਸੜਕਾਂ, ਅਭਿਆਸ ਦੇ ਮੈਦਾਨਾਂ ਤੱਕ ਦੇ ਥਕਾ ਦੇਣ ਵਾਲੇ ਸਫ਼ਰ ਅਤੇ ਇੱਕ ਪਿਤਾ ਦੀਆਂ ਉਨ੍ਹਾਂ ਖ਼ਾਮੋਸ਼ ਕੁਰਬਾਨੀਆਂ ਨੇ ਘੜਿਆ ਹੈ ਜੋ ਅਕਸਰ ਸੁਰਖ਼ੀਆਂ ਦਾ ਹਿੱਸਾ ਨਹੀਂ ਬਣਦੀਆਂ। ਜਲੰਧਰ ਦੇ ਨੇੜਲੇ ਪਿੰਡ ਪਤਿਆਲ ਦੇ ਇਸ ਅਥਲੀਟ ਨੇ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ 10.10 ਸਕਿੰਟ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਭਾਰਤੀ ਬਣਨ ਦਾ ਮਾਣ ਹਾਸਿਲ ਕੀਤਾ ਹੈ। ਰਾਂਚੀ ਵਿੱਚ ਹੋਏ ਫੈਡਰੇਸ਼ਨ ਕੱਪ ਦੌਰਾਨ ਉਸ ਦੀ ਇਸ ਪ੍ਰਾਪਤੀ ਨੇ ਉਸ ਨੂੰ ਦੇਸ਼ ਦੇ ਸਰਬੋਤਮ ਖਿਡਾਰੀਆਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ ਅਤੇ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ) ਵਿੱਚ ਤਗ਼ਮਾ ਜਿੱਤਣ ਦੀਆਂ ਉਮੀਦਾਂ ਨੂੰ ਮੁੜ ਜਗਾ ਦਿੱਤਾ ਹੈ।

ਫਿਰ ਵੀ ਜੋ ਗੱਲ ਗੁਰਿੰਦਰਵੀਰ ਦੀ ਇਸ ਪ੍ਰਾਪਤੀ ਨੂੰ ਸਹੀ ਮਾਅਨਿਆਂ ਵਿੱਚ ਦਿਲ ਨੂੰ ਛੂਹਣ ਵਾਲੀ ਬਣਾਉਂਦੀ ਹੈ, ਉਹ ਹੈ ਇਸ ਦਾ ਭਾਵੁਕ ਪੱਖ। ਖ਼ਬਰਾਂ ਮੁਤਾਬਿਕ ਉਸ ਦੇ ਪਿਤਾ ਨੇ ਕਿਸ਼ਤਾਂ ’ਤੇ ਇੱਕ ਪੁਰਾਣਾ ਸਕੂਟਰ ਖ਼ਰੀਦਿਆ ਤਾਂ ਜੋ ਉਨ੍ਹਾਂ ਦਾ ਪੁੱਤਰ ਅਭਿਆਸ ਲਈ ਜਾ ਸਕੇ। ਇਹ ਕਹਾਣੀ ਕ੍ਰਿਕਟ ਦੀ ਚਮਕ-ਦਮਕ ਤੋਂ ਦੂਰ ਭਾਰਤੀ ਖੇਡਾਂ ਦੇ ਅਸਲੀ ਹਾਲਾਤ ਨੂੰ ਬਿਆਨ ਕਰਦੀ ਹੈ। ਭਾਰਤੀ ਨੌਸੈਨਾ ਦੇ ਇਸ ਸੇਲਰ-ਅਥਲੀਟ ਦੇ ਸਫ਼ਰ ਵਿੱਚ ਨੌਸੈਨਾ ਦੇ ਯੋਗਦਾਨ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਜਿਸ ਨੇ ਟਰੈਕ ’ਤੇ ਨਵੇਂ ਮੁਕਾਮ ਹਾਸਲ ਕਰਨ ਦੌਰਾਨ ਉਸ ਨੂੰ ਮਾਨਸਿਕ ਟਿਕਾਅ ਅਤੇ ਭਰਪੂਰ ਸਹਿਯੋਗ ਦਿੱਤਾ। ਛੋਟੇ ਕਸਬਿਆਂ ਦੇ ਬਹੁਤ ਸਾਰੇ ਖਿਡਾਰੀ ਮਾਪਿਆਂ ਦੇ ਦ੍ਰਿੜ ਇਰਾਦੇ ਅਤੇ ਕੁਰਬਾਨੀਆਂ ਦੇ ਸਿਰ ’ਤੇ ਹੀ ਅੱਗੇ ਵਧਦੇ ਹਨ। ਹਰ ਰਾਸ਼ਟਰੀ ਰਿਕਾਰਡ ਦੇ ਪਿੱਛੇ ਅਕਸਰ ਇੱਕ ਅਜਿਹਾ ਪਰਿਵਾਰ ਖੜ੍ਹਾ ਹੁੰਦਾ ਹੈ ਜੋ ਆਪਣੇ ਬੱਚੇ ਦੇ ਸੁਪਨਿਆਂ ਲਈ ਆਪਣੇ ਸੁੱਖ-ਆਰਾਮ, ਭਵਿੱਖ ਲਈ ਜੋੜ ਕੇ ਰੱਖੇ ਪੈਸਿਆਂ ਦੀ ਚੁੱਪ-ਚਾਪ ਬਲੀ ਦੇ ਦਿੰਦਾ ਹੈ। ਆਪਣੀ ਇਸ ਇਤਿਹਾਸਕ ਦੌੜ ਤੋਂ ਪਹਿਲਾਂ ਜਲੰਧਰ ਵਿੱਚ ਨੌਜਵਾਨ ਕੁੜੀਆਂ ਨਾਲ ਗੁਰਿੰਦਰਵੀਰ ਦੀ ਮੁਲਾਕਾਤ ਵੀ ਬਰਾਬਰ ਪ੍ਰੇਰਨਾਦਾਇਕ ਸੀ। ਉਸ ਦਾ ਇੱਕ ਸਾਦਾ ਜਿਹਾ ਸੁਨੇਹਾ “ਤੁਸੀਂ ਵੀ ਇੱਥੇ ਤੱਕ ਪਹੁੰਚਣਾ ਹੈ” ਆਪਣੇ ਆਪ ਵਿੱਚ ਬਹੁਤ ਵੱਡੀ ਭਾਵਨਾਤਮਕ ਸ਼ਕਤੀ ਰੱਖਦਾ ਸੀ। ਪਿੰਡਾਂ ਅਤੇ ਸਾਧਾਰਨ ਘਰਾਂ ਵਿੱਚ ਵੱਡੇ ਹੋ ਰਹੇ ਬੱਚਿਆਂ ਲਈ ਆਪਣੇ ਵਰਗੇ ਹੀ ਪਿਛੋਕੜ ਵਾਲੇ ਕਿਸੇ ਇਨਸਾਨ ਨੂੰ ਰਾਸ਼ਟਰੀ ਪੱਧਰ ’ਤੇ ਇਤਿਹਾਸ ਰਚਦੇ ਦੇਖਣਾ ਉਨ੍ਹਾਂ ਦੀਆਂ ਉਮੀਦਾਂ ਅਤੇ ਆਤਮ-ਵਿਸ਼ਵਾਸ ਦੇ ਦਾਇਰੇ ਨੂੰ ਹੋਰ ਵਧਾ ਦਿੰਦਾ ਹੈ।

Advertisement

ਪੰਜਾਬ ਨੇ ਹਮੇਸ਼ਾ ਹੀ ਅਮੀਰੀ ਜਾਂ ਸਹੂਲਤਾਂ ਦੀ ਬਜਾਏ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਖੇਡ ਜਗਤ ਦੇ ਨਾਇਕ ਪੈਦਾ ਕੀਤੇ ਹਨ। ‘ਫਲਾਇੰਗ ਸਿੱਖ’ ਮਿਲਖਾ ਸਿੰਘ ਤੋਂ ਲੈ ਕੇ ‘ਜਲੰਧਰ ਐਕਸਪ੍ਰੈੱਸ’ ਗੁਰਿੰਦਰਵੀਰ ਤੱਕ, ਇਹ ਸਾਰੇ ਇਸ ਗੱਲ ਦਾ ਪ੍ਰਮਾਣ ਹਨ ਕਿ ਜਦੋਂ ਅਨੁਸ਼ਾਸਨ, ਸਹੀ ਮੌਕਾ ਅਤੇ ਪਰਿਵਾਰ ਦਾ ਸਾਥ ਮਿਲ ਜਾਵੇ ਤਾਂ ਹੁਨਰ ਹਮੇਸ਼ਾ ਨਿੱਖਰ ਕੇ ਸਾਹਮਣੇ ਆਉਂਦਾ ਹੈ। ਗੁਰਿੰਦਰਵੀਰ ਦੀ ਇਹ ਤੇਜ਼ ਦੌੜ ਸਿਰਫ਼ ਰਫ਼ਤਾਰ ਤੱਕ ਹੀ ਮਹਿਦੂਦ ਨਹੀਂ ਹੈ; ਇਹ ਰਿਕਾਰਡ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਕਦੇ ਟੁੱਟ ਵੀ ਜਾਵੇ ਪਰ ਅਸਲ ਵਿੱਚ ਇਹ ਦੌੜ ਮਜਬੂਰੀਆਂ ਨੂੰ ਪਿੱਛੇ ਛੱਡ ਕੇ ਉੱਚੀਆਂ ਉਡਾਰੀਆਂ ਭਰਨ ਅਤੇ ਇੱਕ ਨਵੀਂ ਪੀੜ੍ਹੀ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਨ ਬਾਰੇ ਹੈ।

Advertisement

Advertisement
×