ਦੇਸ਼ ਦੇ ਡਾਕਟਰਾਂ ਦੀ ਪ੍ਰਤੀਨਿਧ ਸੰਸਥਾ ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦੁਆਰਾ ਪਤੰਜਲੀ ਦੀ ਬਣਾਈ ਦਵਾਈ ਕੋਰੋਨਿਲ ਦੀ ਤਸਦੀਕ ਕਰਨ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਇਹ ਪ੍ਰਚਾਰ ਕੀਤਾ ਗਿਆ ਸੀ/ਹੈ ਕਿ ਕੋਰੋਨਿਲ ਕੋਵਿਡ-19 ਦੀ ਮਹਾਮਾਰੀ ਲਈ ਕਾਰਗਰ ਦਵਾ ਹੈ। ਆਈਐੱਮਏ ਨੇ ਕੇਂਦਰੀ ਸਿਹਤ ਮੰਤਰੀ ਨੂੰ ਲਿਖੇ ਪੱਤਰ ਵਿਚ ਇਹ ਪੁੱਛਿਆ ਹੈ ਕਿ ‘‘ਦੇਸ਼ ਦੇ ਸਿਹਤ ਮੰਤਰੀ ਅਤੇ ਆਧੁਨਿਕ ਸਿਹਤ ਪ੍ਰਬੰਧ ਅਨੁਸਾਰ ਪੜ੍ਹੇ ਲਿਖੇ ਡਾਕਟਰ ਹੋਣ ਦੇ ਨਾਤੇ ਤੁਹਾਡੇ ਦੁਆਰਾ ਇਕ ਅਵਿਗਿਆਨਕ ਉਤਪਾਦ ਦਾ ਪ੍ਰਚਾਰ ਕਰਨਾ ਕਿੱਥੋਂ ਤਕ ਨੈਤਿਕ ਹੈ? ਇਕ ਝੂਠੇ, ਫਰਜ਼ੀ ਅਤੇ ਅਵਿਗਿਆਨਕ ਉਤਪਾਦ ਦੇ ਜਾਰੀ ਕਰਨ ਨੂੰ ਤੁਸੀਂ ਸਹੀ ਕਿਵੇਂ ਠਹਿਰਾ ਸਕਦੇ ਹੋ? ਜੇ ਕੋਰੋਨਿਲ ਇੰਨੀ ਪ੍ਰਭਾਵਸ਼ਾਲੀ ਹੈ ਤਾਂ ਵੈਕਸੀਨ ਲਗਾਉਣ ’ਤੇ 35,000 ਕਰੋੜ ਰੁਪਏ ਕਿਉਂ ਖਰਚ ਕੀਤੇ ਜਾ ਰਹੇ ਹਨ?’’
ਆਈਐੱਮਏ ਦੁਆਰਾ ਵਰਤੇ ਗਏ ਸ਼ਬਦ ਨਿਸ਼ਚਿਤ ਤੌਰ ’ਤੇ ਸਖ਼ਤ ਹਨ ਪਰ ਕਈ ਵਾਰ ਅਜਿਹੀ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ। ‘ਕੋਰੋਨਿਲ’ ਟੇਬਲਟ ਨੂੰ ਲਾਂਚ ਕਰਨ ਲਈ ਰੱਖੇ ਸਮਾਗਮ ਵਿਚ ਕੇਂਦਰੀ ਸਿਹਤ ਮੰਤਰੀ ਤੋਂ ਇਲਾਵਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਇਸ ਤਰ੍ਹਾਂ ਲੋਕਾਂ ਵਿਚ ਇਹ ਪ੍ਰਭਾਵ ਤਾਂ ਜਾਵੇਗਾ ਹੀ ਕਿ ਇਹ ਦਵਾਈ ਕੋਵਿਡ-19 ਦੇ ਇਲਾਜ ਲਈ ਕਾਰਗਰ ਹੈ। ਆਈਐੱਮਏ ਨੇ ਕੇਂਦਰੀ ਸਿਹਤ ਮੰਤਰੀ ਨੂੰ ਕੌਮੀ ਮੈਡੀਕਲ ਕਮਿਸ਼ਨ (ਜੋ ਪਹਿਲਾਂ ਭਾਰਤੀ ਮੈਡੀਕਲ ਕੌਂਸਲ ਸੀ) ਦੇ ਨੈਤਿਕ ਕੋਡ ਦਾ ਚੇਤਾ ਵੀ ਕਰਵਾਇਆ ਜਿਹੜੀ ਡਾਕਟਰ ਨੂੰ ਕਿਸੇ ਦਵਾਈ ਦਾ ਪ੍ਰਚਾਰ ਕਰਨ ਤੋਂ ਰੋਕਦੀ ਹੈ।
ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਜਟਿਲ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਕੇਂਦਰ ਸਰਕਾਰ ਦੇ ਮੰਤਰੀ ਅਤੇ ਭਾਜਪਾ ਦੇ ਆਗੂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਦੇਸ਼ ਦੀ ਰਵਾਇਤੀ ਸਿਹਤ ਸੰਭਾਲ ਦੀ ਦਵਾ-ਪ੍ਰਣਾਲੀ, ਭਾਵ ਆਯੁਰਵੇਦ ਰਾਹੀਂ ਹਰ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ, ਦੂਸਰੇ ਪਾਸੇ ਸਰਕਾਰ ਆਧੁਨਿਕ ਅਤੇ ਪੱਛਮੀ ਸਿਹਤ ਸੰਭਾਲ ਦੇ ਤਰੀਕੇ (ਭਾਵ ਐਲੋਪੈਥੀ) ਤਹਿਤ ਕੋਵਿਡ-19 ਦੇ ਇਲਾਜ ਲਈ ਵੈਕਸੀਨ ਪੈਦਾ ਕਰਨ, ਲੋਕਾਂ ਨੂੰ ਇਸ ਦੇ ਟੀਕੇ ਲਗਾਉਣ ਅਤੇ ਇਸ ਦੀ ਬਰਾਮਦ ਕਰਨ ’ਤੇ ਜ਼ੋਰ ਲਗਾ ਰਹੀ ਹੈ। ਵਿਰੋਧਾਭਾਸ ਇਹ ਹੈ ਕਿ ਜਦੋਂ ਭਾਜਪਾ ਦੇ ਕਈ ਆਗੂਆਂ ਅਤੇ ਮੰਤਰੀਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਬਹੁਤਿਆਂ ਨੇ ਐਲੋਪੈਥਿਕ ਹਸਪਤਾਲਾਂ ਤੇ ਡਾਕਟਰਾਂ ਦਾ ਸਹਾਰਾ ਲਿਆ ਹੈ ਅਤੇ ਕਈਆਂ ਨੇ ਵਿਦੇਸ਼ਾਂ ਵਿਚ ਜਾ ਕੇ ਵੀ ਇਲਾਜ ਕਰਾਇਆ ਹੈ। ਕਿਸੇ ਦਾ ਆਯੁਰਵੇਦ, ਯੂਨਾਨੀ ਜਾਂ ਦਵਾਈਆਂ ਦੀ ਰਵਾਇਤੀ ਪ੍ਰਣਾਲੀ ਨਾਲ ਕੋਈ ਝਗੜਾ ਨਹੀਂ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਜਿਵੇਂ ਚੀਨ, ਕੋਰੀਆ, ਕਿਊਬਾ ਅਤੇ ਹੋਰਨਾਂ ਦੇਸ਼ਾਂ ਵਿਚ ਉਨ੍ਹਾਂ ਖੇਤਰਾਂ ਦੇ ਰਵਾਇਤੀ ਦਵਾ-ਪ੍ਰਣਾਲੀਆਂ ਅਨੁਸਾਰ ਦਵਾਈਆਂ ਬਣਾਈਆਂ ਅਤੇ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ ਪਰ ਉਨ੍ਹਾਂ (ਦਵਾਈਆਂ) ਦੀਆਂ ਸੀਮਾਵਾਂ ਬਾਰੇ ਵੀ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਂਦੀ ਹੈ। ਰਵਾਇਤੀ ਸਿਹਤ ਸੰਭਾਲ ਦੀਆਂ ਪ੍ਰਣਾਲੀਆਂ ਦੀਆਂ ਬਹੁਤ ਸਾਰੀਆਂ ਦਵਾਈਆਂ ਮਨੁੱਖ ਦੀ ਬਿਮਾਰੀਆਂ ਵਿਰੁੱਧ ਲੜਨ ਦੀ ਅੰਦਰੂਨੀ ਸ਼ਕਤੀ (Immunity) ਨੂੰ ਤਾਂ ਵਧਾ ਸਕਦੀਆਂ ਹਨ ਪਰ ਉਹ ਵਾਇਰਸਾਂ (Viruses) ਨੂੰ ਮਾਰ ਨਹੀਂ ਸਕਦੀਆਂ। ਐਲੋਪੈਥੀ ਵਿਚ ਵੀ ਵਾਇਰਸਾਂ (Viruses) ਨੂੰ ਮਾਰ ਮੁਕਾਉਣ ਵਾਲੀਆਂ ਦਵਾਈਆਂ ਬਹੁਤ ਘੱਟ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਇਕ ਕਿਸਮ ਦੇ ਵਾਇਰਸ ਵਿਰੁੱਧ ਪ੍ਰਭਾਵਸ਼ਾਲੀ ਹੋਣ ਵਾਲੀ ਦਵਾਈ ਦੂਸਰੇ ਵਾਇਰਸ ਨੂੰ ਵੀ ਖ਼ਤਮ ਕਰ ਦੇਵੇ। ਇਕ ਕਿਸਮ ਦੇ ਵਾਇਰਸ ਵਿਚ ਵੀ ਕਈ ਤਰ੍ਹਾਂ ਦੀਆਂ ਉਪ-ਕਿਸਮਾਂ (Strains) ਬਣ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਖ਼ਤਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਭਾਵੇਂ ਕੋਵਿਡ-19 ਦੇ ਵਿਰੁੱਧ ਲੜਨ ਵਾਲੀਆਂ ਕਈ ਵੈਕਸੀਨਜ਼ ਬਣ ਗਈਆਂ ਹਨ ਪਰ ਨਾਲ ਹੀ ਇਹ ਵਾਇਰਸ ਆਪਣੀ ਅੰਦਰੂਨੀ ਬਣਤਰ ਬਦਲ ਰਿਹਾ ਹੈ ਜਿਸ ਕਾਰਨ ਸਿਹਤ ਵਿਗਿਆਨੀ ਤੇ ਡਾਕਟਰ ਇਸ ਸਮੱਸਿਆ ਨਾਲ ਜੂਝ ਰਹੇ ਹਨ ਕਿ ਕੋਈ ਵੈਕਸੀਨ ਕੋਵਿਡ-19 ਦੀਆਂ ਕਿਹੜੀਆਂ ਕਿਸਮਾਂ/ਉਪ-ਕਿਸਮਾਂ ਦੇ ਵਿਰੁੱਧ ਕਾਰਗਰ ਹੈ। ਮਨੁੱਖੀ ਸਰੀਰ ਨਾਲ ਸਬੰਧਤ ਖੋਜ ਨੂੰ ਵਿਗਿਆਨਕ ਲੀਹਾਂ ’ਤੇ ਪਰਖਣ ਲਈ ਬਹੁਤ ਸਮਾਂ ਲੱਗਦਾ ਹੈ। ਅਜਿਹੇ ਸਮਿਆਂ ਵਿਚ ਅਵਿਗਿਆਨਕ ਉਤਪਾਦਾਂ ਨੂੰ ਕੋਵਿਡ-19 ਜਾਂ ਹੋਰ ਕਿਸੇ ਬਿਮਾਰੀ ਦੇ ਇਲਾਜ ਵਜੋਂ ਪੇਸ਼ ਕਰਨਾ ਗ਼ੈਰ-ਪੇਸ਼ੇਵੇਰਾਨਾ ਅਤੇ ਗ਼ੈਰ-ਜ਼ਿੰਮੇਵਾਰੀ ਵਾਲੀ ਕਾਰਵਾਈ ਹੈ।