ਇਰਾਨ ਦੀ ਨਵੀਂ ਚਾਲ
ਤਹਿਰਾਨ ਵੱਲੋਂ ਹਿੰਦ ਮਹਾਸਾਗਰ ਵਿੱਚ ਸਥਿਤ ਅਮਰੀਕੀ-ਬਰਤਾਨਵੀ ਫੌਜੀ ਅੱਡੇ ਡੀਏਗੋ ਗਾਰਸੀਆ ’ਤੇ ਹਮਲਾ ਕਰਨ ਮਗਰੋਂ ਇਜ਼ਰਾਈਲ-ਅਮਰੀਕਾ-ਇਰਾਨ ਜੰਗ ਇੱਕ ਨਾਜ਼ੁਕ ਦੌਰ ਵਿੱਚ ਦਾਖ਼ਲ ਹੋ ਗਈ ਹੈ। ਇਹ ਫ਼ੌਜੀ ਅੱਡਾ ਇਰਾਨ ਤੋਂ ਕਰੀਬ 4000 ਕਿਲੋਮੀਟਰ ਦੂਰ ਹੈ। ਇਰਾਨ ਨੇ ਉਕਤ ਟਾਪੂ ਵੱਲ...
ਤਹਿਰਾਨ ਵੱਲੋਂ ਹਿੰਦ ਮਹਾਸਾਗਰ ਵਿੱਚ ਸਥਿਤ ਅਮਰੀਕੀ-ਬਰਤਾਨਵੀ ਫੌਜੀ ਅੱਡੇ ਡੀਏਗੋ ਗਾਰਸੀਆ ’ਤੇ ਹਮਲਾ ਕਰਨ ਮਗਰੋਂ ਇਜ਼ਰਾਈਲ-ਅਮਰੀਕਾ-ਇਰਾਨ ਜੰਗ ਇੱਕ ਨਾਜ਼ੁਕ ਦੌਰ ਵਿੱਚ ਦਾਖ਼ਲ ਹੋ ਗਈ ਹੈ। ਇਹ ਫ਼ੌਜੀ ਅੱਡਾ ਇਰਾਨ ਤੋਂ ਕਰੀਬ 4000 ਕਿਲੋਮੀਟਰ ਦੂਰ ਹੈ। ਇਰਾਨ ਨੇ ਉਕਤ ਟਾਪੂ ਵੱਲ ਦਰਮਿਆਨੀ ਦੂਰੀ ਵਾਲੀਆਂ ਦੋ ਬੈਲਾਸਟਿਕ ਮਿਜ਼ਾਈਲਾਂ (IRBMs) ਦਾਗ਼ੀਆਂ ਸਨ; ਪਰ ਦੋਵੇਂ ਹੀ ਨਿਸ਼ਾਨੇ ਤੋਂ ਖੁੰਝ ਗਈਆਂ- ਇੱਕ ਨੂੰ ਹਮਲਾ ਕਰ ਕੇ ਡੇਗ ਦਿੱਤਾ ਗਿਆ ਜਦਕਿ ਦੂਜੀ ਹਵਾ ਵਿੱਚ ਹੀ ਨਕਾਰਾ ਹੋ ਗਈ। ਨਿਸ਼ਾਨਾ ਖੁੰਝਣ ਦੇ ਬਾਵਜੂਦ ਸੰਦੇਸ਼ ਸਪੱਸ਼ਟ ਸੀ: ਇਰਾਨ ਪੱਛਮੀ ਏਸ਼ੀਆਂ ਤੋਂ ਕਿਤੇ ਦੂਰ ਤੱਕ ਹਮਲੇ ਕਰਨ ਦਾ ਇਰਾਦਾ ਤੇ ਸਮਰੱਥਾ ਰੱਖਦਾ ਹੈ। ਉਸ ਦੀ ਵਪਾਰਕ ਨੀਤੀ ਸਪੱਸ਼ਟ ਹੈ- ਉਹ ਖੇਤਰੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਅਹਿਮ ਫ਼ੌਜੀ ਟਿਕਾਣਿਆਂ ਨੂੰ ਖ਼ਤਰਾ ਪੈਦਾ ਕਰ ਕੇ ਅਮਰੀਕਾ ਨੂੰ ਡਰਾਉਣਾ ਚਾਹੁੰਦਾ ਹੈ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੰਗ ਹੁਣ ਇੱਕ ਖੇਤਰ ਤੱਕ ਸੀਮਤ ਨਹੀਂ ਰਹੇਗੀ। ਇਸ ਦੇ ਨਾਲ ਹੀ ਵਪਾਰਕ ਕੌਮਾਂਤਰੀ ਟਕਰਾਅ ਵਧਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਜ਼ਰਾਇਲੀ ਫ਼ੌਜ ਮੁਖੀ ਇਆਲ ਜ਼ਮੀਰ ਨੇ ਆਖਿਆ ਹੈ ਕਿ ਇਹ ਮਿਜ਼ਾਈਲਾਂ ਬਰਲਿਨ, ਪੈਰਿਸ ਅਤੇ ਰੋਮ ਵਰਗੀਆਂ ਯੂਰੋਪੀ ਰਾਜਧਾਨੀਆਂ ਤੱਕ ਵੀ ਮਾਰ ਕਰ ਸਕਦੀਆਂ ਹਨ।
ਅੰਤਰ-ਮਹਾਦੀਪੀ ਮਿਜ਼ਾਈਲਾਂ (ਆਈ ਆਰ ਬੀ ਐੱਮ) 3000-5500 ਕਿਲੋਮੀਟਰ ਦੂਰੀ ਤੱਕ ਮਾਰ ਸਕਦੀਆਂ ਹਨ ਜਦਕਿ ਅੰਤਰ-ਮਹਾਦੀਪੀ ਬੈਲਾਸਟਿਕ ਮਿਜ਼ਾਈਲਾਂ (ਆਰ ਸੀ ਬੀ ਐੱਮ) 5500 ਕਿਲੋਮੀਟਰ ਤੋਂ ਵੀ ਵੱਧ ਦੂਰੀ ਤੱਕ ਮਾਰ ਸਕਦੀਆਂ ਹਨ। ਇਹ ਤਣਾਅ ਅਜਿਹੇ ਸਮੇਂ ਵਧ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਜੇਕਰ ਇਰਾਨ ਨੇ 48 ਘੰਟਿਆਂ ਦੇ ਅੰਦਰ-ਅੰਦਰ ਹੋਰਮੁਜ਼ ਜਲ ਮਾਰਗ ਨੂੰ ਪੂਰੀ ਤਰ੍ਹਾਂ ਨਾ ਖੋਲ੍ਹਿਆ ਤਾਂ ਉਸ ਦੇ ਪਾਵਰ ਪਲਾਂਟ ਨੂੰ ਤਬਾਹ ਕਰ ਦਿੱਤਾ ਜਾਵੇਗਾ।
ਜਵਾਬੀ ਕਾਰਵਾਈ ਵਿੱਚ ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਕੋਈ ਹਮਲਾ ਕਰਦਾ ਤਾਂ ਉਹ ਖਾੜੀ ਮੁਲਕਾਂ ਵਿੱਚ ਸਥਿਤ ਪਾਵਰ ਪਲਾਂਟਾਂ ਸਮੇਤ ਅਮਰੀਕੀ ਢਾਂਚੇ ’ਤੇ ਹਮਲਾ ਕਰੇਗਾ। ਹਾਲਾਂਕਿ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਗੱਲ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਕੀ ਉਨ੍ਹਾਂ ਦਾ ਦੇਸ਼ ਅਮਰੀਕਾ ਨਾਲ ਉਦੋਂ ਖੜ੍ਹਾ ਰਹੇਗਾ, ਜਦੋਂ ਟਰੰਪ ਇਰਾਨ ਦੇ ਬਿਜਲੀ ਘਰਾਂ ’ਤੇ ਹਮਲਾ ਕਰਨ ਦਾ ਹੁਕਮ ਦੇਣਗੇ। ਟਰੰਪ ਅਤੇ ਨੇਤਨਯਾਹੂ ਦੇ ਵਿਚਾਲੇ ਵਧਦੇ ਮੱਤਭੇਦ ਕਿਸੇ ਤੋਂ ਲੁਕੇ ਨਹੀਂ ਹਨ। ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲ ਨੂੰ ਚੌਕਸ ਕੀਤਾ ਹੈ ਕਿ ਉਹ ਗੈਸ ਪਲਾਂਟਾਂ ਅਤੇ ਇਰਾਨ ਦੇ ਅਹਿਮ ਟਿਕਾਣਿਆਂ ’ਤੇ ਵਾਰ-ਵਾਰ ਹਮਲੇ ਨਾ ਕਰੇ। ਰਣਨੀਤੀਆਂ ਦਾ ਅਸਰ ਸਹਿਯੋਗੀ ਦੇਸ਼ਾਂ ਵਿਚਾਲੇ ਸਬੰਧਾਂ ’ਤੇ ਪੈਣ ਲੱਗਿਆ ਹੈ। ਹਾਲਾਂਕਿ ਇਰਾਨ ਦੀ ਡੀਏਗੋ ਗਾਰਸੀਆ ਵਾਲੀ ਚਾਲ ਦੇ ਬਾਵਜੂਦ ਬਰਤਾਨੀਆ ਦਾ ਕਹਿਣਾ ਹੈ ਕਿ ਉਹ ਜੰਗ ਵਿੱਚ ਨਹੀਂ ਸ਼ਾਮਲ ਹੋਵੇਗਾ। ਬਰਤਾਨੀਆ ਦਾ ਅਜਿਹਾ ਫ਼ੈਸਲਾ ਟਰੰਪ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ।
ਇਰਾਨ ਵੱਲੋਂ ਇਜ਼ਰਾਈਲ ਦੇ ਪ੍ਰਮਾਣੂ ਟਿਕਾਣੇ ਨੇੜਲੇ ਸ਼ਹਿਰਾਂ ’ਤੇ ਹਮਲੇ ਕਰਨ ਮਗਰੋਂ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਗ਼ਾਲੀਬਫ ਨੇ ਕਿਹਾ ਕਿ ਜੇ ਇਜ਼ਰਾਇਲੀ ਹਕੂਮਤ ਭਾਰੀ ਕਿਲੇਬੰਦੀ ਵਾਲੇ ਦਿਮੋਨਾ ਇਲਾਕੇ ’ਚ ਮਿਜ਼ਾਈਲਾਂ ਫੁੰਡਣ ’ਚ ਨਾਕਾਮ ਰਹੀ ਹੈ ਤਾਂ ਮੰਨ ਲਵੋ ਕਿ ਜੰਗ ਨਵੇਂ ਪੜਾਅ ’ਚ ਦਾਖ਼ਲ ਹੋ ਗਈ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਡੀਏਗੋ ਗਾਰਸੀਆ ’ਤੇ ਹਾਲੀਆ ਮਿਜ਼ਾਈਲ ਹਮਲਿਆਂ ਤੋਂ ਸਾਬਤ ਹੋ ਗਿਆ ਹੈ ਕਿ ਇਰਾਨ ਕੋਲ ਯੂਰੋਪ ਤੱਕ ਮਾਰ ਕਰਨ ਦੀ ਤਾਕਤ ਹੈ ਅਤੇ ਉਹ ਹੁਣ ਪੂਰੀ ਦੁਨੀਆ ਲਈ ਖ਼ਤਰਾ ਬਣ ਗਿਆ ਹੈ। ਇਜ਼ਰਾਈਲ ਦੇ ਸੁਰੱਖਿਆ ਮੰਤਰੀ ਇਤਮਾਰ ਬੇਨ-ਗਵੀਰ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਰਾਨ ਖ਼ਿਲਾਫ਼ ਇਤਿਹਾਸਕ ਜੰਗ ਲੜ ਰਿਹਾ ਹੈ ਅਤੇ ਜਿੱਤ ਹੋਣ ਤੱਕ ਜੰਗ ਜਾਰੀ ਰਹੇਗੀ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਸੰਸਥਾ ਨੇ ‘ਐਕਸ’ ’ਤੇ ਕਿਹਾ ਕਿ ਉਨ੍ਹਾਂ ਨੂੰ ਇਜ਼ਰਾਈਲ ’ਚ ਪਰਮਾਣੂ ਕੇਂਦਰ ਨੂੰ ਨੁਕਸਾਨ ਪਹੁੰਚਣ ਜਾਂ ਰੇਡੀਏਸ਼ਨ ਰਿਸਾਅ ਬਾਰੇ ਕੋਈ ਰਿਪੋਰਟ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਇਰਾਨ ਦੇ ਨਤਾਂਜ਼ ਪਰਮਾਣੂ ਪਲਾਂਟ ’ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਪੈਂਟਾਗਨ ਨੇ ਵੀ ਨਤਾਂਜ਼ ’ਤੇ ਹਮਲੇ ਬਾਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।

