ਡਾ. ਬੀਆਰ ਅੰਬੇਡਕਰ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਦੀ ਮੂਹਰਲੀ ਕਤਾਰ ਦੇ ਆਗੂ ਸਨ/ਹਨ। ਮੰਗਲਵਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਖਨਊ ਵਿਚ ‘ਭਾਰਤ ਰਤਨ ਡਾ. ਅੰਬੇਡਕਰ ਯਾਦਗਾਰ ਅਤੇ ਸਭਿਆਚਾਰਕ ਕੇਂਦਰ’ ਦੀ ਇਮਾਰਤ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਸਮਾਜ ਦੇ ਸਰਬਪੱਖੀ ਵਿਕਾਸ ਲਈ ਬਰਾਬਰੀ ਪਹਿਲੀ ਸ਼ਰਤ ਹੈ। ਬਹੁਜਨ ਸਮਾਜ ਪਾਰਟੀ ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇਸ ਯਾਦਗਾਰ ਦਾ ਨੀਂਹ ਪੱਥਰ ਰੱਖੇ ਜਾਣ ਨੂੰ ਨਾਟਕ ਕਰਾਰ ਦਿੰਦਿਆਂ ਟਿੱਪਣੀ ਕੀਤੀ ਹੈ ਕਿ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ‘ਧੋਖਾ’ ਦਿੱਤਾ ਜਾ ਰਿਹਾ ਹੈ। ਮਾਇਆਵਤੀ ਅਨੁਸਾਰ ਜੇ ਇਹ ‘ਧੋਖਾਧੜੀ’ ਅਤੇ ‘ਨਾਟਕਬਾਜ਼ੀ’ ਨਾ ਹੁੰਦੀ ਤਾਂ ਰਾਸ਼ਟਰਪਤੀ ਯਾਦਗਾਰੀ ਕੇਂਦਰ ਦਾ ਉਦਘਾਟਨ ਕਰ ਰਹੇ ਹੁੰਦੇ, ਨਾ ਕਿ ਨੀਂਹ ਪੱਥਰ ਰੱਖ ਰਹੇ ਹੁੰਦੇ। ਮਾਇਆਵਤੀ ਨੇ ਯੋਗੀ ਸਰਕਾਰ ਦੀ ਤੁਲਨਾ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਨਾਲ ਕਰਦਿਆਂ ਕਿਹਾ ਕਿ ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ।
ਇਨ੍ਹਾਂ ਸਮਿਆਂ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਨੂੰ ਯਾਦ ਕਰਨਾ ਹੋਰ ਅਹਿਮ ਹੋ ਗਿਆ ਹੈ ਕਿਉਂਕਿ ਸਰਕਾਰਾਂ ਨੇ ਲੋਕਾਂ ਦੇ ਮੌਲਿਕ ਅਧਿਕਾਰਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਦੇਸ਼ ਦੇ ਜਾਣੇ ਪਛਾਣੇ ਚਿੰਤਕਾਂ, ਵਿਦਵਾਨਾਂ, ਕਲਾਕਾਰਾਂ, ਪੱਤਰਕਾਰਾਂ, ਵਿਦਿਆਰਥੀ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਅਤੇ ਦੇਸ਼ਧ੍ਰੋਹ ਦੇ ਇਲਜ਼ਾਮ ਲਾ ਕੇ ਜੇਲ੍ਹਾਂ ਵਿਚ ਡੱਕਿਆ ਗਿਆ ਹੈ। ਡਾ. ਅੰਬੇਡਕਰ ਦੇ ਪਰਿਵਾਰ ਨਾਲ ਸਬੰਧਿਤ ਸਮਾਜਿਕ ਕਾਰਕੁਨ ਆਨੰਦ ਤੇਲਤੁੰਬੜੇ ਨੂੰ ਵੀ ਭੀਮਾ ਕੋਰੇਗਾਉਂ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੇਸ਼ ਦੇ ਦਲਿਤ ਅਤੇ ਦਮਿਤ ਲੋਕਾਂ ਦੇ ਮਨਾਂ ਵਿਚ ਡਾ. ਅੰਬੇਡਕਰ ਦੀ ਯਾਦ ਅਮਿੱਟ ਹੈ ਅਤੇ ਉਹ ਉਨ੍ਹਾਂ ਦੀ ਭਾਰਤ ਦੀ ਸਿਆਸਤ ਅਤੇ ਸਮਾਜ ਨੂੰ ਦੇਣ ਤੋਂ ਚੰਗੀ ਤਰ੍ਹਾਂ ਜਾਣੂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਅੰਬੇਡਕਰ ਲਈ ਦੇਸ਼ ਮਹੱਤਵ ਰੱਖਦਾ ਹੈ, ਧਰਮ, ਜਾਤਾਂ ਜਾਂ ਫ਼ਿਰਕਾ ਨਹੀਂ। ਇਹ ਰਾਸ਼ਟਰਪਤੀ ਦੇ ਨਿੱਜੀ ਵਿਚਾਰ ਹੋ ਸਕਦੇ ਹਨ ਕਿਉਂਕਿ ਡਾ. ਅੰਬੇਡਕਰ ਨੇ ਧਰਮ ਦੁਆਰਾ ਪ੍ਰਵਾਨਿਤ ਜਾਤੀ ਵਿਤਕਰਿਆਂ ਵਿਰੁੱਧ ਲਗਾਤਾਰ ਸੰਘਰਸ਼ ਕੀਤਾ।
ਸਿਆਸੀ ਪਾਰਟੀਆਂ ਵਿਚ ਡਾ. ਅੰਬੇਡਕਰ ਦੇ ਵਿਰਸੇ ਨੂੰ ਆਪਣਾ ਦੱਸਣ ਲਈ ਘਮਸਾਣ ਛਿੜਿਆ ਹੋਇਆ ਹੈ। ਡਾ. ਅੰਬੇਡਕਰ ਦੇ ਅਸਲੀ ਵਾਰਿਸ ਇਸ ਦੇਸ਼ ਦੇ ਦਲਿਤ, ਦਮਿਤ ਅਤੇ ਮਿਹਨਤਕਸ਼ ਲੋਕ ਹਨ। ਡਾ. ਅੰਬੇਡਕਰ ਦੀ ਵਿਚਾਰਧਾਰਾ ਜਾਤੀ ਵੰਡ ਵਿਚ ਯਕੀਨ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਅਨੁਕੂਲ ਨਹੀਂ ਹੈ। ਬਸਪਾ ਦੀ ਉਸਾਰੀ ਵਿਚ ਡਾ. ਅੰਬੇਡਕਰ ਦੀ ਵਿਚਾਰਧਾਰਾ ਦੀ ਭੂਮਿਕਾ ਪ੍ਰਮੁੱਖ ਹੈ ਪਰ ਪਾਰਟੀ ਨੇ ਉਸ ਵਿਚਾਰਧਾਰਾ ’ਤੇ ਪਹਿਰਾ ਦੇਣ ਦੀ ਥਾਂ ਕੁਝ ਆਗੂਆਂ ਦੀ ਤਾਕਤ ਵਧਾਉਣ ’ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਪਾਰਟੀ ਹੁਣ ਭਾਜਪਾ ’ਤੇ ਦੋਸ਼ ਲਗਾ ਰਹੀ ਹੈ ਪਰ ਸੱਤਾ ਹਾਸਿਲ ਕਰਨ ਲਈ ਬਸਪਾ ਨੇ ਭਾਜਪਾ ਨਾਲ ਕਈ ਵਾਰ ਸਮਝੌਤੇ ਕੀਤੇ ਹਨ। ਭਾਜਪਾ ਸਰਦਾਰ ਵੱਲਵਭਾਈ ਪਟੇਲ, ਡਾ. ਬੀਆਰ ਅੰਬੇਡਕਰ ਅਤੇ ਹੋਰ ਆਗੂਆਂ ਦੀ ਵਿਰਾਸਤ ’ਤੇ ਆਪਣਾ ਹੱਕ ਜਤਾ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਡਾ. ਅੰਬੇਡਕਰ ਦੀ ਵਿਚਾਰਧਾਰਾ ਸਮਾਜਿਕ ਨਿਆਂ ਅਤੇ ਸਮਤਾ ਨੂੰ ਪਹਿਲ ਦਿੰਦੀ ਹੈ ਜਦੋਂ ਕਿ ਭਾਜਪਾ ਵੰਡੀਆਂ ਪਾਉਣ ਵਾਲੀ ਸਿਆਸਤ ’ਚ ਯਕੀਨ ਰੱਖਦੀ ਹੈ। ਪਿਛਲੇ ਵਰ੍ਹਿਆਂ ਵਿਚ ਡਾ. ਅੰਬੇਡਕਰ ਦੀ ਸੋਚ ਨੂੰ ਵੱਡੇ ਪੱਧਰ ’ਤੇ ਸਵੀਕਾਰ ਕੀਤਾ ਗਿਆ ਹੈ ਅਤੇ ਇਸ ਵਿਚਾਰਧਾਰਾ ਨੇ ਬਹੁਤ ਸਾਰੇ ਲੋਕ ਸੰਘਰਸ਼ਾਂ ਨੂੰ ਬਲ ਦਿੱਤਾ ਹੈ ਜਿਨ੍ਹਾਂ ਵਿਚ ਇਸ ਵੇਲੇ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਿਹਾ ਕਿਸਾਨ ਅੰਦੋਲਨ ਅਤੇ 2020 ਵਿਚ ਚਲਿਆ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ (ਸ਼ਾਹੀਨ ਬਾਗ਼ ਅਤੇ ਕਈ ਹੋਰ ਥਾਵਾਂ ’ਤੇ) ਵੀ ਸ਼ਾਮਿਲ ਹਨ। ਡਾ. ਅੰਬੇਡਕਰ ਦੀਆਂ ਯਾਦਗਾਰਾਂ ਬਣਾਉਣ ਦੇ ਨਾਲ ਨਾਲ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਸਲੀ ਯਾਦਗਾਰ ਦੇਸ਼ ਦੇ ਮਿਹਨਤਕਸ਼ ਅਤੇ ਸੰਘਰਸ਼ਸ਼ੀਲ ਲੋਕਾਂ ਦੇ ਦਿਲਾਂ ਵਿਚ ਹੈ ਜੋ ਉਨ੍ਹਾਂ ਦੀ ਵਿਚਾਰਧਾਰਾ ਤੋਂ ਸੇਧ ਲੈਂਦੇ ਅਤੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਲੜਦੇ ਹਨ।