ਅਮਰੀਕਾ ਵਿਚ ਵਾਹਨ ਬਣਾਉਣ ਵਾਲੀਆਂ ਤਿੰਨ ਵੱਡੀਆਂ ਕੰਪਨੀਆਂ ਦੇ ਕਾਮਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਾਮਿਆਂ ਦੀ ਜਥੇਬੰਦੀ ਯੂਨਾਈਟਿਡ ਆਟੋ ਵਰਕਰਜ਼ ਯੂਨੀਅਨ ਨੇ ਹੜਤਾਲ ਜਨਰਲ ਮੋਟਰਜ਼, ਫੋਰਡ ਅਤੇ ਸਟੇਲੇਂਟਿਸ ਕੰਪਨੀਆਂ ਦੇ ਮਿਸੂਰੀ, ਮਿਸ਼ੀਗਨ ਅਤੇ ਓਹਾਇਓ ਸਥਿਤ ਕੁਝ ਖ਼ਾਸ ਕਾਰਖਾਨਿਆਂ ਤੋਂ ਸ਼ੁਰੂ ਕੀਤੀ ਹੈ। ਲਗਭਗ 13000 ਕਾਮੇ ਹੜਤਾਲ ’ਤੇ ਹਨ। ਯੂਨਾਈਟਿਡ ਆਟੋ ਵਰਕਰਜ਼ ਦੇ 1,46,000 ਮੈਂਬਰ ਹਨ ਅਤੇ ਯੂਨੀਅਨ ਦੇ ਫ਼ੈਸਲੇ ਮੁਤਾਬਿਕ ਅਜੇ ਸਾਰੇ ਮੈਂਬਰ ਹੜਤਾਲ ਵਿਚ ਹਿੱਸਾ ਨਹੀਂ ਲੈਣਗੇ। ਪਹਿਲਾਂ ਇਹ ਯੂਨੀਅਨ ਆਪਣਾ ਧਿਆਨ ਕਿਸੇ ਇਕ ਕੰਪਨੀ ਵਿਚ ਹੜਤਾਲ ਕਰਨ ’ਤੇ ਕੇਂਦਰਿਤ ਕਰਦੀ ਰਹੀ ਹੈ; ਇਹ ਪਹਿਲੀ ਵਾਰ ਹੈ ਕਿ ਯੂਨੀਅਨ ਨੇ ਤਿੰਨ ਵੱਡੀਆਂ ਕੰਪਨੀਆਂ ਵਿਚ ਇਕੋ ਸਮੇਂ ਹੜਤਾਲ ਕੀਤੀ ਹੈ। ਕਾਮੇ ਆਪਣੀਆਂ ਤਨਖਾਹਾਂ ਵਧਾਉਣ ਦੀ ਮੰਗ ਕਰ ਰਹੇ ਹਨ ਜਦੋਂਕਿ ਕੰਪਨੀਆਂ ਤਨਖਾਹਾਂ ਨੂੰ ਓਨਾ ਨਹੀਂ ਵਧਾਉਣਾ ਚਾਹੁੰਦੀਆਂ ਜਿੰਨੇ ਦੀ ਮੰਗ ਯੂਨੀਅਨ ਕਰ ਰਹੀ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਜੇ ਉਹ ਯੂਨੀਅਨ ਦੀਆਂ ਮੰਗਾਂ ਮੰਨਦੇ ਹਨ ਤਾਂ ਉਨ੍ਹਾਂ ਨੂੰ ਕਾਰਾਂ ਤੇ ਹੋਰ ਵਾਹਨਾਂ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ। ਯੂਨੀਅਨ ਦੇ ਆਗੂਆਂ ਨੇ ਕੰਪਨੀਆਂ ਦੇ ਇਨ੍ਹਾਂ ਦਾਅਵਿਆਂ ਨੂੰ ਗਲਤ ਦੱਸਦਿਆਂ ਕਿਹਾ ਹੈ ਕਿ ਇਹ ਕੰਪਨੀਆਂ ਖਰਬਾਂ ਡਾਲਰ ਦੇ ਮੁਨਾਫ਼ੇ ਕਮਾ ਰਹੀਆਂ ਹਨ ਜਦੋਂਕਿ ਕਾਮਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਵਾਹਨਾਂ ਦੀ ਕੀਮਤ ਦਾ 4-5 ਫ਼ੀਸਦੀ ਬਣਦੀਆਂ ਹਨ। ਯੂਨੀਅਨ ਦੇ ਪ੍ਰਧਾਨ ਸ਼ਾਨ ਫੇਨ ਅਨੁਸਾਰ, ‘‘ਅਸੀਂ (ਭਾਵ ਕਾਮੇ) ਸਮੱਸਿਆ ਨਹੀਂ ਹਾਂ। ਸਮੱਸਿਆ ਕਾਰਪੋਰੇਟਾਂ ਦਾ ਲਾਲਚ ਹੈ।’’ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਵਿੱਖਮੁਖੀ ਬਿਜਲਈ ਕਾਰਾਂ ਬਣਾਉਣ ਲਈ ਵੱਡੀ ਪੱਧਰ ’ਤੇ ਨਿਵੇਸ਼ ਕਰਨਾ ਪੈ ਰਿਹਾ ਹੈ।
ਦੋਵੇਂ ਧਿਰਾਂ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ। ਯੂਨਾਈਟਿਡ ਆਟੋ ਵਰਕਰਜ਼ ਯੂਨੀਅਨ ਕੋਲ ਹੜਤਾਲ ਵਾਸਤੇ 800 ਮਿਲੀਅਨ ਡਾਲਰ ਦਾ ਫੰਡ ਹੈ। ਯੂਨੀਅਨ ਹੜਤਾਲ ਕਰਨ ਵਾਲਿਆਂ ਕਾਮਿਆਂ ਨੂੰ 500 ਡਾਲਰ ਪ੍ਰਤੀ ਹਫ਼ਤਾ ਦੇਵੇਗੀ; ਸਾਰੇ ਕਾਮੇ ਹੜਤਾਲ ’ਤੇ ਨਹੀਂ ਜਾਣਗੇ ਕਿਉਂਕਿ ਏਦਾਂ ਕਰਨ ਨਾਲ ਯੂਨੀਅਨ ਦਾ ਫੰਡ 11 ਹਫ਼ਤਿਆਂ ਵਿਚ ਮੁੱਕ ਜਾਵੇਗਾ। ਦੂਸਰੇ ਪਾਸੇ ਕੰਪਨੀਆਂ ਕੋਲ 50 ਤੋਂ 75 ਦਿਨਾਂ ਤਕ ਕੰਮ ਚਲਾਉਣ ਲਈ ਕਲਪੁਰਜ਼ੇ ਮੌਜੂਦ ਹਨ ਅਤੇ ਸਾਰੇ ਕਾਮਿਆਂ ਦੇ ਹੜਤਾਲ ’ਤੇ ਨਾ ਜਾਣ ਕਾਰਨ ਪਲਾਂਟ ਬੰਦ ਵੀ ਨਹੀਂ ਹੋਣਗੇ। ਜਨਰਲ ਮੋਟਰਜ਼ ਵਿਚ 2019 ਵਿਚ ਹੋਈ ਹੜਤਾਲ 40 ਦਿਨ ਚੱਲੀ ਸੀ। ਮਾਹਿਰਾਂ ਅਨੁਸਾਰ ਦੋਵੇਂ ਧਿਰਾਂ ਖ਼ਤਰਿਆਂ ਦਾ ਸਾਹਮਣਾ ਕਰ ਰਹੀਆਂ ਹਨ।
ਇਸ ਸਮੇਂ ਸਟੇਲੇਂਟਿਸ ਦੁਨੀਆ ਵਿਚ ਚੌਥੇ ਨੰਬਰ ਦੀ ਸਭ ਤੋਂ ਵੱਡੀ ਵਾਹਨ ਬਣਾਉਣ ਵਾਲੀ ਕੰਪਨੀ ਹੈ। ਅਮਰੀਕਾ ਦੇ ਸਬੰਧ ਵਿਚ 1908 ਵਿਚ ਸ਼ੁਰੂ ਕੀਤੀ ਗਈ ਜਨਰਲ ਮੋਟਰਜ਼ ਦੇ ਬਣਾਏ ਵਾਹਨ 2022 ਵਿਚ ਅਮਰੀਕਾ ਵਿਚ ਸਭ ਤੋਂ ਵੱਧ ਵਿਕੇ; 2008 ਤਕ ਇਹ ਵਾਹਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੀ; ਹੁਣ ਇਹ ਸਥਾਨ ਟਿਓਟਾ ਨੂੰ ਪ੍ਰਾਪਤ ਹੈ। 1903 ਵਿਚ ਸ਼ੁਰੂ ਕੀਤੀ ਗਈ ਫੋਰਡ ਨੇ ਦੁਨੀਆ ਵਿਚ ਕਿਰਤ ਦੇ ਸਿਧਾਂਤ ਨੂੰ ਬਦਲਣ ਵਿਚ ਵੱਡੀ ਭੂਮਿਕਾ ਨਿਭਾਈ; ਫੋਰਡਇਜ਼ਮ ਦੇ ਨਾਂ ਨਾਲ ਜਾਣੇ ਜਾਂਦੇ ਇਸ ਸਿਧਾਂਤ ਅਨੁਸਾਰ ਹਰ ਕਾਮਾ ਇਕ ਨਿਸ਼ਚਿਤ ਕੰਮ ਕਰਦਾ ਹੈ। ਇਸ ਹੜਤਾਲ ਕਾਰਨ ਇਨ੍ਹਾਂ ਕੰਪਨੀਆਂ ਦੇ ਕੁਝ ਖ਼ਾਸ ਵਾਹਨਾਂ ਦੇ ਉਤਪਾਦਨ ਵਿਚ ਮੁਸ਼ਕਲਾਂ ਆਉਣਗੀਆਂ। ਰਾਸ਼ਟਰਪਤੀ ਜੋਅ ਬਾਇਡਨ ਦੀ ਸਰਕਾਰ ਵੀ ਇਸ ਬਾਰੇ ਚਿੰਤਤ ਹੈ। ਮਾਹਿਰਾਂ ਅਨੁਸਾਰ ਜੇ ਕੰਪਨੀਆਂ ਤੇ ਯੂਨੀਅਨ ਵਿਚਕਾਰ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਇਕ-ਦੋ ਹਫ਼ਤਿਆਂ ਵਿਚ ਹੋਰ ਕਾਮੇ ਹੜਤਾਲ ’ਤੇ ਜਾ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀਆਂ ਕੋਲ ਮੁਨਾਫ਼ਿਆਂ ਕਾਰਨ ਖਰਬਾਂ ਡਾਲਰਾਂ ਦੀ ਦੌਲਤ ਜਮ੍ਹਾ ਹੈ ਜਦੋਂਕਿ ਯੂਨੀਅਨ ਦਾ ਫੰਡ ਸੀਮਤ ਹੈ; ਕੰਪਨੀਆਂ ਆਪਣੀ ਅਥਾਹ ਦੌਲਤ ਕਾਰਨ ਯੂਨੀਅਨ ਦੀ ਤਾਕਤ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਦੂਸਰੇ ਪਾਸੇ ਹੜਤਾਲ ਦੇ ਸੀਮਤ ਹੋਣ ਦੇ ਬਾਵਜੂਦ ਇਸ ਕਾਰਨ ਅਮਰੀਕਾ ਵਿਚ ਬਣ ਰਹੇ ਵਾਹਨਾਂ ਵਿਚ ਹਰ ਹਫ਼ਤੇ 24000 ਵਾਹਨਾਂ ਦੀ ਕਮੀ ਆ ਸਕਦੀ ਹੈ। ਇਹ ਮਸਲੇ ਦਾ ਇਕ ਹੋਰ ਪੱਖ ਇਹ ਹੈ ਕਿ ਇਨ੍ਹਾਂ
ਕੰਪਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਪਲਾਂਟ ਹਨ ਜਿਨ੍ਹਾਂ ’ਤੇ ਹੜਤਾਲ ਦਾ ਕੋਈ ਅਸਰ ਨਹੀਂ ਪਵੇਗਾ। ਅਮਰੀਕੀ ਸਰਕਾਰ ਬਿਜਲਈ ਵਾਹਨ ਬਣਾਉਣ ਲਈ ਖਰਬਾਂ ਡਾਲਰ ਦੀ ਸਬਸਿਡੀ ਦੇ ਰਹੀ ਹੈ ਅਤੇ ਇਸ ਹੜਤਾਲ ਕਾਰਨ ਬਿਜਲਈ ਵਾਹਨ ਬਣਾਉਣ ਦੀ ਕਵਾਇਦ ’ਤੇ ਵੀ ਅਸਰ ਪਵੇਗਾ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਯੂਨੀਅਨ ਨੇ ਅਜੇ ਤਕ ਬਾਇਡਨ ਦੇ ਦੁਬਾਰਾ ਚੁਣੇ ਜਾਣ ਦੇ ਹੱਕ ਜਾਂ ਵਿਰੋਧ ਵਿਚ ਕੋਈ ਪੈਂਤੜਾ ਨਹੀਂ ਲਿਆ ਹੈ। ਅਮਰੀਕਾ ਦੀ ਫਿਲਮੀ ਸਨਅਤ ਵਿਚ 11500 ਤੋਂ ਵੱਧ ਪਟਕਥਾ ਲੇਖਕ ਮਈ ਤੋਂ ਹੜਤਾਲ ’ਤੇ ਹਨ ਜਿਸ ਕਾਰਨ ਫਿਲਮਾਂ ਬਣਾਉਣ ’ਤੇ ਹੀ ਨਹੀਂ ਸਗੋਂ ਫਿਲਮਾਂ ਨੂੰ ਕਈ ਤਰ੍ਹਾਂ ਦੀਆਂ ਵਸਤਾਂ
ਮੁਹੱਈਆ ਕਰਨ ਵਾਲੀਆਂ ਸਨਅਤਾਂ ’ਤੇ ਵੀ ਪ੍ਰਭਾਵ ਪੈ ਰਿਹਾ ਹੈ। ਇਹ ਹੜਤਾਲਾਂ
ਅਮਰੀਕੀ ਸਨਅਤ ਵਿਚਲੇ ਗੰਭੀਰ ਸੰਕਟ ਵੱਲ ਇਸ਼ਾਰਾ ਕਰਦੀਆਂ ਹਨ; ਇਸ ਦਾ ਪ੍ਰਭਾਵ ਅਮਰੀਕਾ ਦੀ ਸਿਆਸਤ ’ਤੇ ਵੀ ਪੈਣਾ ਹੈ।