ਦਵਾਈਆਂ ਦੀ ਅੰਨ੍ਹੇਵਾਹ ਦੁਰਵਰਤੋਂ
ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਔਰਗੇਨਾਈਜ਼ੇਸ਼ਨ (ਸੀ ਡੀ ਐੱਸ ਸੀ ਓ) ਵੱਲੋਂ ਦਰਦ ਨਿਵਾਰਕ ਦਵਾਈਆਂ ਅਤੇ ਐਂਟੀਬਾਇਓਟਿਕਸ ਦੀ ਅੰਨ੍ਹੇਵਾਹ ਅਤੇ ਲਗਾਤਾਰ ਵਰਤੋਂ ਨੂੰ ਰੋਕਣ ਲਈ ਜਾਰੀ ਕੀਤੀ ਗਈ ਹਦਾਇਤ ਦੇਸ਼ ਵਿੱਚ ਜਨਤਕ ਸਿਹਤ ਦੇ ਗੰਭੀਰ ਸੰਕਟ ਵੱਲ ਇਸ਼ਾਰਾ ਕਰਦੀ ਹੈ। ਬਿਮਾਰੀ...
ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਔਰਗੇਨਾਈਜ਼ੇਸ਼ਨ (ਸੀ ਡੀ ਐੱਸ ਸੀ ਓ) ਵੱਲੋਂ ਦਰਦ ਨਿਵਾਰਕ ਦਵਾਈਆਂ ਅਤੇ ਐਂਟੀਬਾਇਓਟਿਕਸ ਦੀ ਅੰਨ੍ਹੇਵਾਹ ਅਤੇ ਲਗਾਤਾਰ ਵਰਤੋਂ ਨੂੰ ਰੋਕਣ ਲਈ ਜਾਰੀ ਕੀਤੀ ਗਈ ਹਦਾਇਤ ਦੇਸ਼ ਵਿੱਚ ਜਨਤਕ ਸਿਹਤ ਦੇ ਗੰਭੀਰ ਸੰਕਟ ਵੱਲ ਇਸ਼ਾਰਾ ਕਰਦੀ ਹੈ। ਬਿਮਾਰੀ ਨੂੰ ਠੀਕ ਕਰਨ ਵਾਲੀਆਂ ਇਹ ਦਵਾਈਆਂ, ਜਿਨ੍ਹਾਂ ਦੀ ਵਰਤੋਂ ਸਿਰਫ਼ ਲੋੜ ਪੈਣ ’ਤੇ ਅਤੇ ਡਾਕਟਰੀ ਦੇਖ-ਰੇਖ ਹੇਠ ਹੀ ਹੋਣੀ ਚਾਹੀਦੀ ਹੈ, ਨੂੰ ਆਮ ਤੌਰ ’ਤੇ ਜਾਂ ਤਾਂ ਬਚਾਅ ਵਜੋਂ ਜਾਂ ਮਾਮੂਲੀ ਜਿਹੀ ਇਨਫੈਕਸ਼ਨ ਲਈ ਵੀ ਲੈ ਲਿਆ ਜਾਂਦਾ ਹੈ, ਜਿਸ ਨਾਲ ਮਨੁੱਖੀ ਸਰੀਰ ਆਪਣੇ ਆਪ ਵੀ ਨਜਿੱਠ ਸਕਦਾ ਹੈ। ਐਂਟੀਬਾਇਓਟਿਕਸ ਦੀ ਇਸ ਬੇਲੋੜੀ ਅਤੇ ਗ਼ਲਤ ਵਰਤੋਂ ਨੇ ਭਾਰਤ ਨੂੰ ਗਲੋਬਲ ਐਂਟੀਮਾਈਕਰੋਬੀਅਲ ਪ੍ਰਤੀਰੋਧ (ਏ ਐੱਮ ਆਰ) ਯਾਨੀ ਦਵਾਈਆਂ ਦੇ ਬੇਅਸਰ ਹੋਣ ਦੇ ਸੰਕਟ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ। ਲੋਕਾਂ ਵਿੱਚ ਇਸ ਬਾਰੇ ਜਾਗਰੂਕਤਾ ਦੀ ਭਾਰੀ ਘਾਟ ਹੈ ਕਿ ਅਜਿਹੀਆਂ ਆਦਤਾਂ ਗੁਰਦਿਆਂ ਦੀਆਂ ਸਮੱਸਿਆਵਾਂ ਅਤੇ ਦਵਾਈਆਂ ਦੇ ਹੋਰ ਖ਼ਤਰਨਾਕ ਮਾੜੇ ਪ੍ਰਭਾਵਾਂ ਦਾ ਕਾਰਨ ਕਿਵੇਂ ਬਣਦੀਆਂ ਹਨ। ਦਵਾਈਆਂ ਦੀ ਦੁਕਾਨ ਤੋਂ ਇਨ੍ਹਾਂ ਦੀ ਆਸਾਨ ਉਪਲਬਧਤਾ ਤਾਂ ਸਿਰਫ਼ ਇਸ ਸਮੱਸਿਆ ਦਾ ਇੱਕ ਹਿੱਸਾ ਹੀ ਬਿਆਨ ਕਰਦੀ ਹੈ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਲੋੜ ਤੋਂ ਵੱਧ ਦਵਾਈਆਂ ਲਿਖਣਾ ਅਤੇ ਜ਼ਿਆਦਾ ਪੈਸੇ ਵਸੂਲਣ ਵਰਗੀਆਂ ਬੁਰਾਈਆਂ ਨੇ ਮੈਡੀਕਲ ਪ੍ਰਣਾਲੀ ਪ੍ਰਤੀ ਆਮ ਲੋਕਾਂ ਵਿੱਚ ਬੇਭਰੋਸਗੀ ਪੈਦਾ ਕਰ ਦਿੱਤੀ ਹੈ। ਵਿੱਤੀ ਮਜਬੂਰੀਆਂ, ਸੱਭਿਆਚਾਰਕ ਮਾਨਤਾਵਾਂ ਅਤੇ ਕੈਮਿਸਟਾਂ ਵੱਲੋਂ ਗ਼ੈਰ-ਰਸਮੀ ਡਾਕਟਰਾਂ ਵਜੋਂ ਬਿਨਾਂ ਰੋਕ-ਟੋਕ ਕੰਮ ਕਰਨ ਦਾ ਰੁਝਾਨ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਰਿਹਾ ਹੈ।
ਜਾਰੀ ਕੀਤੀ ਗਈ ਹਦਾਇਤ ਤੋਂ ਪਤਾ ਲੱਗਦਾ ਹੈ ਕਿ ਸਮੁੱਚੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਪੇਸ਼ੇਵਰ ਵਿਹਾਰ ਦੀ ਘਾਟ ਹੈ ਅਤੇ ਸਰਕਾਰ ਵੱਲੋਂ ਵੀ ਕੋਈ ਸਖ਼ਤ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਇੱਕ ਪ੍ਰਭਾਵਸ਼ਾਲੀ ਬਦਲਾਅ ਲਈ ਨਿਯਮਾਂ ਵਿੱਚ ਬਹੁ-ਪੱਖੀ ਸੁਧਾਰ ਕਰਨ ਦੀ ਲੋੜ ਹੈ। ਸਭ ਤੋਂ ਜ਼ਰੂਰੀ ਕਦਮ ਰਜਿਸਟਰਡ ਡਾਕਟਰਾਂ ਵੱਲੋਂ ਨੈਤਿਕ ਅਤੇ ਜ਼ਿੰਮੇਵਾਰੀ ਵਾਲਾ ਰਵੱਈਆ ਅਪਣਾਉਣਾ ਹੈ। ਇਹ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਮੁਨਾਫ਼ਾਖ਼ੋਰੀ ਦਾ ਰੁਝਾਨ ਹੁਣ ਕਾਬੂ ਤੋਂ ਬਾਹਰ ਹੋਇਆ ਜਾਪਦਾ ਹੈ, ਜਿਸ ਕਾਰਨ ਮਰੀਜ਼ ਮਜਬੂਰਨ ਖ਼ੁਦ ਹੀ ਬਿਮਾਰੀ ਦੀ ਪਛਾਣ (ਸੈਲਫ-ਡਾਇਗਨੋਜ਼) ਕਰਨ ਲੱਗੇ ਹਨ ਅਤੇ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਉਹ ਡਾਕਟਰ ਕੋਲ ਜਾਣ ਤੋਂ ਬਚਦੇ ਹਨ। ਦਵਾਈਆਂ ਦੀ ਪਰਚੀ ਦੀ ਸਖ਼ਤ ਜਾਂਚ ਬਹੁਤ ਜ਼ਰੂਰੀ ਹੈ, ਪਰ ਮਹਿਜ਼ ਕੈਮਿਸਟਾਂ ਦੀਆਂ ਦੁਕਾਨਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਉਣ ਨਾਲ ਕੰਮ ਨਹੀਂ ਚੱਲੇਗਾ। ਇਸ ਨਾਲ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਹੈ ਕਿ ਨਿਯਮਾਂ ਤੋਂ ਬਚਣ ਲਈ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਜਾਵੇਗਾ। ਇਸ ਲਈ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਦਵਾਈਆਂ ਲੈਣ (ਸੈਲਫ-ਮੈਡੀਕੇਸ਼ਨ) ਅਤੇ ਐਂਟੀਬਾਇਓਟਿਕਸ ਦੇ ਬੇਅਸਰ ਹੋਣ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਲਈ ਵਿਆਪਕ ਮੁਹਿੰਮਾਂ ਚਲਾਉਣ ਦੀ ਲੋੜ ਹੈ। ਸੀ ਡੀ ਐੱਸ ਸੀ ਓ ਵੱਲੋਂ ਜਾਰੀ ਇਹ ਸਲਾਹ ਰਾਤੋ-ਰਾਤ ਨਾ ਤਾਂ ਸਿਸਟਮ ਦੀਆਂ ਖ਼ਾਮੀਆਂ ਨੂੰ ਦੂਰ ਕਰ ਸਕਦੀ ਹੈ ਅਤੇ ਨਾ ਹੀ ਲੋਕਾਂ ਦੀਆਂ ਪੁਰਾਣੀਆਂ ਆਦਤਾਂ ਨੂੰ ਬਦਲ ਸਕਦੀ ਹੈ ਪਰ ਇਸ ਨੂੰ ਸਿਹਤ ਸੰਭਾਲ ਅਤੇ ਫਾਰਮਾ ਖੇਤਰ ਵਿੱਚ ਅਸਲ ’ਚ ਜਵਾਬਦੇਹੀ ਤੈਅ ਕਰਨ ਲਈ ਇੱਕ ਪ੍ਰਭਾਵਸ਼ਾਲੀ ਕਦਮ ਸਮਝਣਾ ਚਾਹੀਦਾ ਹੈ ਤਾਂ ਜੋ ਪੈਸੇ ਕਮਾਉਣ ਦੀ ਕਾਹਲ ਦੀ ਥਾਂ ਮਰੀਜ਼ਾਂ ਦੀ ਸਿਹਤ ਨੂੰ ਤਰਜੀਹ ਮਿਲ ਸਕੇ।

