DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਦੀ ਤਰਜੀਹ

ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਦੀਆਂ ਚਿੰਤਾਵਾਂ ਦਰਮਿਆਨ ਘਰੇਲੂ ਕੁਦਰਤੀ ਗੈਸ ਦੀ ਵੰਡ ’ਚ ਤਬਦੀਲੀਆਂ ਬਾਰੇ ਭਾਰਤ ਦਾ ਫ਼ੈਸਲਾ ਊਰਜਾ ਸੁਰੱਖਿਆ ਅਤੇ ਆਰਥਿਕ ਸਥਿਰਤਾ ਵਿਚਕਾਰ ਸੰਤੁਲਨ ਕਾਇਮੀ ਦੀ ਪ੍ਰਕਿਰਿਆ ਵਿਚਲੀਆਂ ਮੁਸ਼ਕਿਲਾਂ ਨੂੰ ਉਜਾਗਰ ਕਰਦਾ ਹੈ। ਤਰਲ ਕੁਦਰਤੀ ਗੈਸ (ਐੱਲ...

  • fb
  • twitter
  • whatsapp
  • whatsapp
Advertisement
ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਦੀਆਂ ਚਿੰਤਾਵਾਂ ਦਰਮਿਆਨ ਘਰੇਲੂ ਕੁਦਰਤੀ ਗੈਸ ਦੀ ਵੰਡ ’ਚ ਤਬਦੀਲੀਆਂ ਬਾਰੇ ਭਾਰਤ ਦਾ ਫ਼ੈਸਲਾ ਊਰਜਾ ਸੁਰੱਖਿਆ ਅਤੇ ਆਰਥਿਕ ਸਥਿਰਤਾ ਵਿਚਕਾਰ ਸੰਤੁਲਨ ਕਾਇਮੀ ਦੀ ਪ੍ਰਕਿਰਿਆ ਵਿਚਲੀਆਂ ਮੁਸ਼ਕਿਲਾਂ ਨੂੰ ਉਜਾਗਰ ਕਰਦਾ ਹੈ। ਤਰਲ ਕੁਦਰਤੀ ਗੈਸ (ਐੱਲ ਐੱਨ ਜੀ) ਸਪਲਾਈ ’ਤੇ ਦਬਾਅ ਕਾਰਨ ਸਰਕਾਰ ਨੇ ਐੱਲ ਪੀ ਜੀ ਉਤਪਾਦਨ, ਘਰਾਂ ਲਈ ਪਾਈਪ ਰਾਹੀਂ ਕੁਦਰਤੀ ਗੈਸ ਪਹੁੰਚਾਉਣ ਅਤੇ ਆਵਾਜਾਈ ਲਈ ਵਾਹਨਾਂ ਵਿੱਚ ਸੀ ਐੱਨ ਜੀ ਨੂੰ ਤਰਜੀਹ ਦਿੱਤੀ ਹੈ। ਅਜਿਹਾ ਕਰਕੇ ਇਸ ਨੇ ਉਦਯੋਗਿਕ ਮੰਗ ਨਾਲੋਂ ਵਧੇਰੇ ਤਰਜੀਹ ਘਰੇਲੂ ਊਰਜਾ ਜ਼ਰੂਰਤਾਂ ਦੀ ਸੁਰੱਖਿਆ ਨੂੰ ਦਿੱਤੀ ਹੈ। ਅਨਿਸ਼ਚਿਤਤਾ ਦੇ ਦੌਰ ਵਿੱਚ ਇਹ ਸਹੀ ਫ਼ੈਸਲਾ ਜਾਪਦਾ ਹੈ। ਜ਼ਰੂਰੀ ਵਸਤਾਂ ਕਾਨੂੰਨ ਨੂੰ ਲਾਗੂ ਕਰਨ ਦਾ ਕੇਂਦਰ ਸਰਕਾਰ ਦਾ ਕਦਮ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦਾ ਹੈ। ਰਿਫਾਇਨਰੀਆਂ ਨੂੰ ਪ੍ਰੋਪੇਨ ਅਤੇ ਬਿਊਟੇਨ ਵਰਗੇ ਮੁੱਖ ਹਾਈਡ੍ਰੋਕਾਰਬਨ ਸਟ੍ਰੀਮਜ਼ ਨੂੰ ਪੈਟਰੋਕੈਮੀਕਲਜ਼ ਦੀ ਥਾਂ ਐੱਲ ਪੀ ਜੀ ਉਤਪਾਦਨ ਵੱਲ ਮੋੜਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਖਾਦ ਪਲਾਂਟਾਂ ਨੂੰ ਪਹਿਲਾਂ ਹੁੰਦੀ ਰਹੀ ਗੈਸ ਸਪਲਾਈ ਦਾ ਸਿਰਫ਼ 70 ਫ਼ੀਸਦੀ ਪ੍ਰਾਪਤ ਹੋਵੇਗਾ ਜਦੋਂਕਿ ਬਹੁਤ ਸਾਰੇ ਨਿਰਮਾਣ ਖੇਤਰਾਂ ਨੂੰ ਖ਼ੁਦ ਨੂੰ ਪਿਛਲੀ ਖਪਤ ਦੇ 80 ਫ਼ੀਸਦੀ ਦੇ ਮੁਤਾਬਿਕ ਢਾਲਣਾ ਪਵੇਗਾ। ਅਜਿਹੀ ਰਾਸ਼ਨਿੰਗ ਨਾਲ ਅਰਥਚਾਰੇ ਦੇ ਕੁਝ ਹਿੱਸਿਆਂ ’ਤੇ ਦਬਾਅ ਪਵੇਗਾ, ਪਰ ਖਾਣਾ ਪਕਾਉਣ ਲਈ ਵਰਤੇ ਜਾਂਦੇ ਈਂਧਣ ਦੀ ਘਾਟ ਨੂੰ ਰੋਕਣ ਲਈ ਇਹ ਇੱਕ ਜ਼ਰੂਰੀ ਉਪਾਅ ਹੈ। ਕੁਝ ਮਹਾਨਗਰਾਂ ਵਿੱਚ ਵਪਾਰਕ ਐੱਲ ਪੀ ਜੀ ਦੀ ਘਾਟ ਦੀਆਂ ਰਿਪੋਰਟਾਂ ਸ਼ਹਿਰੀ ਸਪਲਾਈ ਲੜੀਆਂ ਦੀ ਕਮਜ਼ੋਰੀ ਨੂੰ ਉਜਾਗਰ ਕਰਦੀਆਂ ਹਨ। ਹੋਟਲ ਅਤੇ ਰੈਸਤਰਾਂ ਨੂੰ ਸਭ ਤੋਂ ਪਹਿਲਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸਰਕਾਰ ਦਾ ਦਖਲ ਇਹ ਯਕੀਨੀ ਬਣਾਉਣ ਲਈ ਹੈ ਕਿ ਘਰੇਲੂ ਖਪਤਕਾਰ ਸੁਰੱਖਿਅਤ ਰਹਿਣ।ਇਸ ਦੇ ਨਾਲ ਹੀ ਭਾਰਤ ਚੁੱਪ-ਚਾਪ ਆਪਣੀਆਂ ਕੱਚੇ ਤੇਲ ਦੀਆਂ ਸਪਲਾਈ ਲਾਈਨਾਂ ਨੂੰ ਮਜ਼ਬੂਤ ​​ਕਰ ਰਿਹਾ ਹੈ। ਨਿੱਜੀ ਖੇਤਰ ਦੀ ਤੇਲਸੋਧਕ ਰਿਲਾਇੰਸ ਇੰਡਸਟਰੀਜ਼ ਨੇ ਮਾਰਚ ਡਿਲੀਵਰੀ ਲਈ ਲਗਭਗ ਛੇ ਮਿਲੀਅਨ ਬੈਰਲ ਰੂਸੀ ਕੱਚਾ ਤੇਲ ਖਰੀਦਿਆ ਹੈ ਜਦੋਂਕਿ ਨੀਤੀਘਾੜਿਆਂ ਨੇ ਦੁਹਰਾਇਆ ਹੈ ਕਿ ਦੇਸ਼ ਨੂੰ ਰੂਸ ਤੋਂ ਤੇਲ ਖਰੀਦਣ ਲਈ ਕਿਸੇ ਬਾਹਰੀ ਇਜਾਜ਼ਤ ਦੀ ਲੋੜ ਨਹੀਂ ਹੈ। ਊਰਜਾ ਖਰੀਦ ਵਿੱਚ ਰਣਨੀਤਕ ਖ਼ੁਦਮੁਖਤਿਆਰੀ ਸਬੰਧੀ ਵਿਹਾਰਕ ਪਹੁੰਚ ਅਪਣਾਉਣ ਦੀ ਲੋੜ ਹੈ।

ਮੌਜੂਦਾ ਉਥਲ-ਪੁਥਲ ਤੋਂ ਸਬਕ ਸਪੱਸ਼ਟ ਹਨ। ਹੋਰਮੁਜ਼ ਜਲਮਾਰਗ ਵਰਗੇ ਮਹੱਤਵਪੂਰਨ ਰਾਹਾਂ ’ਚ ਰੁਕਾਵਟਾਂ ਖੜ੍ਹੀਆਂ ਹੋਣ ਨਾਲ ਅਜਿਹੇ ਮਾਰਗਾਂ ਰਾਹੀਂ ਹੁੰਦੀ ਦਰਾਮਦ ’ਤੇ ਭਾਰਤ ਦੀ ਨਿਰਭਰਤਾ ਕਾਰਨ ਦੂਰ-ਦੁਰਾਡੇ ਦੇ ਟਕਰਾਵਾਂ ਦਾ ਵੀ ਸਾਡੇ ਦੇਸ਼ ’ਤੇ ਅਸਰ ਪੈਂਦਾ ਹੈ। ਹੁਣ ਭਾਰਤ ਲਈ ਮੁੱਖ ਚੁਣੌਤੀ ਸਪਲਾਈ ਸਰੋਤਾਂ ਨੂੰ ਵਿਭਿੰਨ ਬਣਾਉਣ, ਘਰੇਲੂ ਉਤਪਾਦਨ ਨੂੰ ਮਜ਼ਬੂਤ ​​ਕਰਨ ਅਤੇ ਤੇਜ਼ੀ ਨਾਲ ਇੱਕ ਸਾਫ਼, ਵਾਤਾਵਰਨ ਪੱਖੀ ਤੇ ਵਧੇਰੇ ਲਚਕੀਲੀ ਊਰਜਾ ਪ੍ਰਣਾਲੀ ਵਿਕਸਿਤ ਤੇ ਮਜ਼ਬੂਤ ਕਰਨ ਦੀ ਹੈ।

Advertisement

Advertisement

Advertisement
×