ਮੌਨਸੂਨ ਦੀ ਚਿਤਾਵਨੀ
ਭਾਰਤ ਨੂੰ ਮੌਨਸੂਨ ਵੱਲੋਂ ਇੱਕ ਅਜਿਹੀ ਚਿਤਾਵਨੀ ਮਿਲ ਰਹੀ ਹੈ, ਜਿਸ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ। ਪਿਛਲਾ ਮਹੀਨਾ ਸੰਨ 1901 ਤੋਂ ਬਾਅਦ ਦੇਸ਼ ਦਾ ਸਭ ਤੋਂ ਗਰਮ ਅਗਸਤ ਦਾ ਮਹੀਨਾ ਰਿਹਾ ਹੈ ਜਦੋਂਕਿ ਮੀਂਹ ਆਮ ਨਾਲੋਂ 16 ਫ਼ੀਸਦੀ ਘੱਟ...
ਭਾਰਤ ਨੂੰ ਮੌਨਸੂਨ ਵੱਲੋਂ ਇੱਕ ਅਜਿਹੀ ਚਿਤਾਵਨੀ ਮਿਲ ਰਹੀ ਹੈ, ਜਿਸ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ। ਪਿਛਲਾ ਮਹੀਨਾ ਸੰਨ 1901 ਤੋਂ ਬਾਅਦ ਦੇਸ਼ ਦਾ ਸਭ ਤੋਂ ਗਰਮ ਅਗਸਤ ਦਾ ਮਹੀਨਾ ਰਿਹਾ ਹੈ ਜਦੋਂਕਿ ਮੀਂਹ ਆਮ ਨਾਲੋਂ 16 ਫ਼ੀਸਦੀ ਘੱਟ ਰਿਹਾ। ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਮੁਤਾਬਿਕ ਸਤੰਬਰ ਵਿੱਚ ਵੀ ਮੀਂਹ ਆਮ ਨਾਲੋਂ ਘੱਟ ਅਤੇ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਤਾਪਮਾਨ ਵੱਧ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਦੋਵਾਂ ਗੱਲਾਂ ਦਾ ਸੁਮੇਲ ਕਿਸੇ ਇੱਕ ਅੰਕੜੇ ਨਾਲੋਂ ਕਿਤੇ ਵੱਧ ਨੁਕਸਾਨਦੇਹ ਹੈ। ਵਧ ਰਹੀ ਗਰਮੀ ਅਤੇ ਕਮਜ਼ੋਰ ਮੌਨਸੂਨ ਕਾਰਨ ਦੇਸ਼ ਨੂੰ ਭਾਰੀ ਗਰਮੀ ਦੇ ਕਹਿਰ, ਫ਼ਸਲਾਂ ਦੇ ਨੁਕਸਾਨ, ਪਾਣੀ ਦੀ ਕਿੱਲਤ ਅਤੇ ਧਰਤੀ ਹੇਠਲੇ ਪਾਣੀ ’ਤੇ ਵੱਡੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੂੰਘੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਮੀਂਹ ਦਾ ਪੈਟਰਨ ਲਗਾਤਾਰ ਅਨਿਯਮਿਤ ਅਤੇ ਅਸਾਵਾਂ ਹੁੰਦਾ ਜਾ ਰਿਹਾ ਹੈ। ਦੇਸ਼ ਦਾ ਔਸਤ ਮੀਂਹ ਕਈ ਵਾਰ ਵੱਖ-ਵੱਖ ਇਲਾਕਿਆਂ ਦੀ ਅਸਲ ਸਥਿਤੀ ਨੂੰ ਲੁਕਾ ਲੈਂਦਾ ਹੈ ਕਿਉਂਕਿ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਪੈ ਜਾਂਦਾ ਹੈ ਜਦੋਂਕਿ ਹੋਰ ਖੇਤਰ ਸੁੱਕੇ ਰਹਿ ਜਾਂਦੇ ਹਨ।
‘ਐੱਲ ਨੀਨੋ’ ਨੇ ਇਸ ਕਮਜ਼ੋਰ ਮੌਨਸੂਨ ਵਿੱਚ ਆਪਣਾ ਅਸਰ ਪਾਇਆ ਹੈ, ਪਰ ਹੁਣ ਮੌਸਮੀ ਤਬਦੀਲੀ ਕਾਰਨ ਕੁਦਰਤੀ ਅਸੰਤੁਲਨ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਲਈ ਭਾਰਤ ਨੂੰ ਸਿਰਫ਼ ਘੱਟ ਮੀਂਹ ਲਈ ਹੀ ਨਹੀਂ ਸਗੋਂ ਮੀਂਹ ਵਿੱਚ ਆ ਰਹੀ ਇਸ ਵੱਡੀ ਅਨਿਸ਼ਚਿਤਤਾ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਹੈ। ਦੇਸ਼ ਦਾ ਉੱਤਰ-ਪੱਛਮੀ ਹਿੱਸਾ ਇੱਕ ਅਹਿਮ ਚਿਤਾਵਨੀ ਦੇ ਰਿਹਾ ਹੈ। ਪੰਜਾਬ ਵਿੱਚ ਇਸ ਖੇਤਰ ਦਾ ਸਭ ਤੋਂ ਵੱਧ 36 ਫ਼ੀਸਦੀ ਮੌਨਸੂਨ ਘਾਟਾ ਦਰਜ ਕੀਤਾ ਗਿਆ ਹੈ ਜਦੋਂਕਿ ਹਰਿਆਣਾ ਵਿੱਚ ਵੀ ਮੀਂਹ ਦੀ ਕਮੀ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਅਗਸਤ ਦੌਰਾਨ 16 ਫ਼ੀਸਦੀ ਅਤੇ ਸਮੁੱਚੇ ਸੀਜ਼ਨ ਦੌਰਾਨ 10 ਫ਼ੀਸਦੀ ਮੀਂਹ ਘੱਟ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਵੀ ਆਮ ਨਾਲੋਂ 13 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।
ਹਿਮਾਚਲ ਵਿੱਚ ਅਜੇ ਵੀ ਭਾਰੀ ਮੀਂਹ, ਢਿੱਗਾਂ ਡਿੱਗਣ ਅਤੇ ਸੜਕਾਂ ਬੰਦ ਹੋਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਇਹ ਵਿਰੋਧਾਭਾਸ ਬਹੁਤ ਕੁਝ ਬਿਆਨ ਕਰਦਾ ਹੈ। ਮੀਂਹ ਘੱਟ ਪੈਣ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਮੌਸਮੀ ਆਫ਼ਤਾਂ ਘਟ ਜਾਣਗੀਆਂ। ਥੋੜ੍ਹੇ ਸਮੇਂ ਲਈ ਪੈਣ ਵਾਲੇ ਭਾਰੀ ਮੀਂਹ ਦੇ ਛਰਾਟੇ ਘੱਟ ਮੀਂਹ ਵਾਲੇ ਮੌਸਮ ਦੌਰਾਨ ਵੀ ਨਾਲ਼ੋ-ਨਾਲ਼ ਆ ਸਕਦੇ ਹਨ। ਪੰਜਾਬ ਅਤੇ ਹਰਿਆਣਾ ਲਈ ਇਸ ਦੇ ਨਤੀਜੇ ਸਿੱਧੇ ਤੌਰ ’ਤੇ ਖੇਤੀਬਾੜੀ ਅਤੇ ਧਰਤੀ ਹੇਠਲੇ ਪਾਣੀ ਨਾਲ ਜੁੜੇ ਹੋਏ ਹਨ। ਮੌਨਸੂਨ ਕਮਜ਼ੋਰ ਹੋਣ ਕਾਰਨ ਟਿਊਬਵੈੱਲਾਂ ਅਤੇ ਸਿੰਜਾਈ ’ਤੇ ਨਿਰਭਰਤਾ ਹੋਰ ਵਧ ਜਾਂਦੀ ਹੈ ਜਦੋਂਕਿ ਉਸੇ ਸਮੇਂ ਧਰਤੀ ਹੇਠਲੇ ਪਾਣੀ ਦੇ ਸੋਮੇ ਪੂਰੀ ਤਰ੍ਹਾਂ ਰੀਚਾਰਜ ਨਹੀਂ ਹੋ ਸਕਦੇ। ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਲਈ ਤਰਜੀਹ ਵੱਖਰੀ ਹੈ, ਪਰ ਇਸ ਨਾਲ ਜੁੜੀ ਹੋਈ ਹੈ ਕਿ ਪਾਣੀ ਦੀ ਯੋਜਨਾਬੰਦੀ ਦੇ ਨਾਲ-ਨਾਲ ਜਲ-ਗ੍ਰਹਿਣ ਖੇਤਰਾਂ (ਕੈਚਮੈਂਟ ਏਰੀਆ) ਦੀ ਸੁਰੱਖਿਆ, ਪਹਾੜਾਂ ਦੀਆਂ ਢਲਾਣਾਂ ਨੂੰ ਸਥਿਰ ਰੱਖਣਾ ਅਤੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਪੂਰੀ ਤਿਆਰੀ ਰੱਖਣੀ ਬਹੁਤ ਜ਼ਰੂਰੀ ਹੈ।

