DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Emergency Alerts: ਸਿਰਫ਼ ਚਿਤਾਵਨੀ ਕਾਫ਼ੀ ਨਹੀ

ਭਾਰਤ ਦਾ ਆਫ਼ਤ ਪ੍ਰਬੰਧਨ ਢਾਂਚਾ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਬੀਤੇ ਸ਼ਨਿੱਚਰਵਾਰ ਨੂੰ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਅਤੇ ਦੂਰਸੰਚਾਰ ਵਿਭਾਗ ਵੱਲੋਂ ਦੇਸ਼ ਵਿਆਪੀ ਟੈਸਟ ਦੌਰਾਨ ਕਰੋੜਾਂ ਫ਼ੋਨਾਂ ’ਤੇ ਵੱਜੀ ‘ਬੇਹੱਦ ਗੰਭੀਰ ਚੇਤਾਵਨੀ’ ਦੀ ਘੰਟੀ ਮਹਿਜ਼ ਇੱਕ ਤਕਨੀਕੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤ ਦਾ ਆਫ਼ਤ ਪ੍ਰਬੰਧਨ ਢਾਂਚਾ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਬੀਤੇ ਸ਼ਨਿੱਚਰਵਾਰ ਨੂੰ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਅਤੇ ਦੂਰਸੰਚਾਰ ਵਿਭਾਗ ਵੱਲੋਂ ਦੇਸ਼ ਵਿਆਪੀ ਟੈਸਟ ਦੌਰਾਨ ਕਰੋੜਾਂ ਫ਼ੋਨਾਂ ’ਤੇ ਵੱਜੀ ‘ਬੇਹੱਦ ਗੰਭੀਰ ਚੇਤਾਵਨੀ’ ਦੀ ਘੰਟੀ ਮਹਿਜ਼ ਇੱਕ ਤਕਨੀਕੀ ਪਰੀਖਣ ਨਹੀਂ ਸੀ। ‘ਸੈੱਲ ਬ੍ਰੌਡਕਾਸਟ’ ਤਕਨੀਕ ਦੀ ਵਰਤੋਂ ਕਰਕੇ ਕਿਸੇ ਖ਼ਾਸ ਖੇਤਰ ਦੇ ਸਾਰੇ ਯੰਤਰਾਂ ’ਤੇ ਇੱਕੋ ਸਮੇਂ ਸੁਨੇਹੇ ਭੇਜੇ ਜਾ ਸਕਦੇ ਹਨ। ਇਹ ਪ੍ਰਣਾਲੀ ਮੋਬਾਈਲ ਨੈੱਟਵਰਕ ਦੇ ਭੀੜ-ਭੜੱਕੇ ਨੂੰ ਲਾਂਭੇ ਰੱਖ ਕੇ, ਇੱਥੋਂ ਤੱਕ ਕਿ ‘ਸਾਈਲੈਂਟ ਮੋਡ’ ’ਤੇ ਲੱਗੇ ਫ਼ੋਨਾਂ ’ਤੇ ਵੀ ਸੁਨੇਹਾ ਪਹੁੰਚਾਉਣ ਦੇ ਸਮਰੱਥ ਹੈ।

ਕਿਸੇ ਵੀ ਆਫ਼ਤ ਦੀ ਸਥਿਤੀ ਵਿੱਚ ਇਹ ਸਮਰੱਥਾ ਸਮੇਂ ਸਿਰ ਨਿਕਾਸੀ ਅਤੇ ਅਫਰਾ-ਤਫਰੀ ਵਿਚਾਲੇ ਇੱਕ ਵੱਡਾ ਫ਼ਰਕ ਸਾਬਤ ਹੋ ਸਕਦੀ ਹੈ। ਪਰ ਅਗੇਤੀ ਚੇਤਾਵਨੀ ਇਸ ਕੜੀ ਦਾ ਸਿਰਫ਼ ਪਹਿਲਾ ਹਿੱਸਾ ਹੈ। ਇਸ ਦੀ ਅਸਲ ਸਾਰਥਿਕਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਚੇਤਾਵਨੀ ਤੋਂ ਬਾਅਦ ਦੀ ਕਾਰਵਾਈ ਕਿਹੋ ਜਿਹੀ ਹੈ। ਇਸ ਸੰਦਰਭ ਵਿੱਚ 112 ਐਮਰਜੈਂਸੀ ਰਿਸਪੌਂਸ ਸਪੋਰਟ ਸਿਸਟਮ ਦੇ ਤਹਿਤ ਹਿਮਾਚਲ ਪ੍ਰਦੇਸ਼ ਪੁਲੀਸ ਦੀ ਕਾਰਗੁਜ਼ਾਰੀ ਕਾਫ਼ੀ ਮਿਸਾਲੀ ਰਹੀ ਹੈ। ਲਗਪਗ ਤਿੰਨ ਮਿੰਟ 36 ਸੈਕਿੰਡ ਦੇ ਔਸਤ ‘ਰਿਸਪੌਂਸ ਟਾਈਮ’ ਅਤੇ ਬਿਨਾਂ ਕਿਸੇ ਦੇਰੀ ਦੇ ਸੂਚਨਾ ਅੱਗੇ ਭੇਜਣ ਦੀ ਪ੍ਰਕਿਰਿਆ ਇਹ ਦਰਸਾਉਂਦੀ ਹੈ ਕਿ ਕਿਵੇਂ ਸਾਂਝਾ ਨਿਗਰਾਨੀ ਕੇਂਦਰ, ਜੀ ਪੀ ਐੱਸ ਨਾਲ ਲੈਸ ਗਸ਼ਤੀ-ਵਾਹਨ ਅਤੇ ਸੁਚਾਰੂ ਕਾਲ ਪ੍ਰਬੰਧਨ ਚੇਤਾਵਨੀਆਂ ਨੂੰ ਅਮਲੀ ਕਾਰਵਾਈ ਵਿੱਚ ਬਦਲ ਸਕਦੇ ਹਨ। ਹਿਮਾਚਲ ਵਰਗੇ ਪਹਾੜੀ ਖੇਤਰਾਂ ਵਿੱਚ ਅਜਿਹੀ ਮੁਸਤੈਦੀ ਬੇਹੱਦ ਅਹਿਮ ਹੈ, ਜਿੱਥੇ ਭੂਗੋਲਿਕ ਸਥਿਤੀ ਅਕਸਰ ਰਾਹਤ ਕਾਰਜਾਂ ਵਿੱਚ ਰੁਕਾਵਟ ਬਣਦੀ ਹੈ।

Advertisement

ਇੱਥੇ ਵੱਡਾ ਸਬਕ ‘ਤਾਲਮੇਲ’ ਦਾ ਹੈ। ਭਾਰਤ ਕੋਲ ਹੁਣ ਇੱਕ ਆਧੁਨਿਕ ਐਮਰਜੈਂਸੀ ਗਰਿੱਡ ਦੇ ਮੁੱਢਲੇ ਤੱਤ ਮੌਜੂਦ ਹਨ: ਇੱਕ ਸਾਂਝਾ ਹੈਲਪਲਾਈਨ ਨੰਬਰ (112), ਅਸਲ ਸਮੇਂ ਵਿੱਚ ਚੇਤਾਵਨੀ ਦੇਣ ਦੀ ਸਮਰੱਥਾ ਅਤੇ ਡੇਟਾ-ਆਧਾਰਿਤ ਪੁਲੀਸਿੰਗ। ਫਿਰ ਵੀ, ਇਹ ਪ੍ਰਣਾਲੀਆਂ ਪੂਰੇ ਦੇਸ਼ ਵਿੱਚ ਇੱਕਸਾਰ ਕੰਮ ਨਹੀਂ ਕਰ ਰਹੀਆਂ। ਕਈ ਸੂਬਿਆਂ ਵਿੱਚ ਮਦਦ ਪਹੁੰਚਣ ਵਿੱਚ ਅਜੇ ਵੀ ਕਾਫ਼ੀ ਸਮਾਂ ਲਗਦਾ ਹੈ, ਜਿਸ ਦਾ ਮੁੱਖ ਕਾਰਨ ਮੁਲਾਜ਼ਮਾਂ ਦੀ ਘਾਟ, ਸਿਖਲਾਈ ਦੀ ਕਮੀ ਅਤੇ ਮਾੜਾ ਬੁਨਿਆਦੀ ਢਾਂਚਾ ਹੈ। ਇਸ ਦੇ ਨਾਲ ਹੀ ਸੰਚਾਰ ਦੀ ਘਾਟ ਇੱਕ ਗੰਭੀਰ ਮੁੱਦਾ ਹੈ। ਹਾਲੀਆ ਟੈਸਟ ਚੇਤਾਵਨੀ ਨੇ ਨਾਗਰਿਕਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਕਿਉਂਕਿ ਆਮ ਲੋਕਾਂ ਨੂੰ ਅਜਿਹੇ ਪਰੀਖਣਾਂ ਦੇ ਨਿਯਮਾਂ ਜਾਂ ਚੇਤਾਵਨੀ ਦੀਆਂ ਕਿਸਮਾਂ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।

Advertisement

ਅਜਿਹੀਆਂ ਪ੍ਰਣਾਲੀਆਂ ’ਤੇ ਲੋਕਾਂ ਦਾ ਭਰੋਸਾ ਜਿੰਨਾ ਤਕਨੀਕ ਦੀ ਮਜ਼ਬੂਤੀ ’ਤੇ ਨਿਰਭਰ ਕਰਦਾ ਹੈ, ਓਨਾ ਹੀ ਲੋਕਾਂ ਦੀ ਜਾਗਰੂਕਤਾ ’ਤੇ ਵੀ ਟਿਕਿਆ ਹੁੰਦਾ ਹੈ। ਹੁਣ ਅੱਗੇ ਵਧਣ ਦਾ ਰਾਹ ਸਾਰੇ ਵਿਭਾਗਾਂ ਦੀ ਇੱਕਮੁੱਠਤਾ ਅਤੇ ਕੰਮ ਦੀ ਇੱਕਸਾਰਤਾ ਵਿੱਚ ਹੈ। ਮਦਦ ਪਹੁੰਚਾਉਣ ਦੇ ਮਿਆਰਾਂ ਨੂੰ ਇੱਕੋ ਜਿਹਾ ਬਣਾ ਕੇ, ਸਥਾਨਕ ਪੱਧਰ ’ਤੇ ਸਮਰੱਥਾ ਵਧਾ ਕੇ ਅਤੇ ਜਨਤਕ ਸੰਪਰਕ ਨੂੰ ਢਾਂਚਾਗਤ ਰੂਪ ਦੇ ਕੇ ਹੀ ਅਸੀਂ ਇਨ੍ਹਾਂ ਵੱਖ-ਵੱਖ ਪ੍ਰਾਪਤੀਆਂ ਨੂੰ ਇੱਕ ਮਜ਼ਬੂਤ ਰਾਸ਼ਟਰੀ ਸੁਰੱਖਿਆ ਘੇਰੇ ਵਿੱਚ ਬਦਲ ਸਕਦੇ ਹਾਂ। ਇਹ ਟੈਸਟ ਅਲਰਟ ਸਿਰਫ਼ ਇੱਕ ਚੇਤਾਵਨੀ ਦੀ ਘੰਟੀ ਨਹੀਂ ਸੀ, ਸਗੋਂ ਇਹ ਸਾਡੀ ਅਗਾਊਂ ਤਿਆਰੀ ਦਾ ਅਸਲ ਹੋਕਾ ਸੀ।

Advertisement
×