DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ-ਪਾਕਿ ਮੈਚ ’ਤੇ ਸਹਿਮਤੀ

ਪਾਕਿਸਤਾਨ 15 ਫਰਵਰੀ ਨੂੰ ਸ੍ਰੀਲੰਕਾ ਵਿੱਚ ਭਾਰਤ ਵਿਰੁੱਧ ਕ੍ਰਿਕਟ ਮੈਚ ਖੇਡਣ ਲਈ ਸਹਿਮਤ ਹੋ ਗਿਆ ਹੈ। ਇਸ ਲਈ ਕੀਤੀ ਗਈ ਗੱਲਬਾਤ ਦੇ ਨਤੀਜੇ ਵਜੋਂ ਉਸ ਤਣਾਅਪੂਰਨ ਸਥਿਤੀ ਦਾ ਹੱਲ ਨਿਕਲ ਆਇਆ ਹੈ, ਜਿਸ ਨੇ ਚੱਲ ਰਹੇ ਟੀ-20 ਵਿਸ਼ਵ ਕੱਪ ਬਾਰੇ...

  • fb
  • twitter
  • whatsapp
  • whatsapp
Advertisement

ਪਾਕਿਸਤਾਨ 15 ਫਰਵਰੀ ਨੂੰ ਸ੍ਰੀਲੰਕਾ ਵਿੱਚ ਭਾਰਤ ਵਿਰੁੱਧ ਕ੍ਰਿਕਟ ਮੈਚ ਖੇਡਣ ਲਈ ਸਹਿਮਤ ਹੋ ਗਿਆ ਹੈ। ਇਸ ਲਈ ਕੀਤੀ ਗਈ ਗੱਲਬਾਤ ਦੇ ਨਤੀਜੇ ਵਜੋਂ ਉਸ ਤਣਾਅਪੂਰਨ ਸਥਿਤੀ ਦਾ ਹੱਲ ਨਿਕਲ ਆਇਆ ਹੈ, ਜਿਸ ਨੇ ਚੱਲ ਰਹੇ ਟੀ-20 ਵਿਸ਼ਵ ਕੱਪ ਬਾਰੇ ਖ਼ਦਸ਼ੇ ਖੜ੍ਹੇ ਕਰ ਦਿੱਤੇ ਸਨ। ਬੰਗਲਾਦੇਸ਼ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਪਾਕਿਸਤਾਨ ਵੱਲੋਂ ਬਾਈਕਾਟ ਦੇ ਦਿੱਤੇ ਸੱਦੇ ਕਾਰਨ ਪੈਦਾ ਹੋਇਆ ਅੜਿੱਕਾ ਹੁਣ ਇੱਕ ਅਸਰਦਾਰ ਸਮਝੌਤੇ ਨਾਲ ਖ਼ਤਮ ਹੋ ਗਿਆ ਹੈ, ਜੋ ਰਾਜਨੀਤਕ ਦਬਦਬੇ ਦੀ ਥਾਂ ਕ੍ਰਿਕਟ ਨੂੰ ਪਹਿਲ ਦਿੰਦਾ ਹੈ। ਦੁਨੀਆ ਵਿੱਚ ਕਿਤੇ ਵੀ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਨਾਲ ਬਹੁਤ ਵੱਡੇ ਵਪਾਰਕ ਹਿੱਤ ਜੁੜੇ ਹੁੰਦੇ ਹਨ, ਭਾਵੇਂ ਮੈਦਾਨ ’ਤੇ ਉਨ੍ਹਾਂ ਦੇ ਮੁਕਾਬਲਿਆਂ ਵਿੱਚ ਹੁਣ ਪਹਿਲਾਂ ਵਰਗੀ ਗੱਲ ਨਹੀਂ ਰਹੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਇਸ ਸੰਕਟ ਨੂੰ ਸੁਲਝਾਉਣ ਲਈ ਪਾਕਿਸਤਾਨੀ ਅਤੇ ਬੰਗਲਾਦੇਸ਼ੀ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ।

​ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ਦੀ ‘ਖੇਡ ਦੇ ਵਡੇਰੇ ਹਿੱਤਾਂ ਲਈ’ ਕੀਤੀ ਗਈ ਅਪੀਲ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਕੀਤੀ ਗਈ ਗੱਲਬਾਤ ਨੇ ਇਹ ਬਿਲਕੁਲ ਸਾਫ਼ ਕਰ ਦਿੱਤਾ ਹੈ ਕਿ ਦੱਖਣੀ ਏਸ਼ੀਆ ਵਿੱਚ ਕ੍ਰਿਕਟ ਅਤੇ ਕੂਟਨੀਤੀ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਆਈ ਸੀ ਸੀ ਨੇ ਸਖ਼ਤੀ ਦੀ ਬਜਾਏ ਸੁਲ੍ਹਾ-ਸਫ਼ਾਈ ਦਾ ਰਾਹ ਚੁਣ ਕੇ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਬੰਗਲਾਦੇਸ਼ ਨੂੰ ਭਰੋਸਾ ਦਿੱਤਾ ਗਿਆ ਕਿ ਹਾਲ ਹੀ ਦੇ ਘਟਨਾਕ੍ਰਮ ਲਈ ਉਸ ’ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਫਿਰ ਵੀ ਸੱਚਾਈ ਇਹੀ ਹੈ ਕਿ ਟੂਰਨਾਮੈਂਟ ਵਿੱਚੋਂ ਬੰਗਲਾਦੇਸ਼ ਨੂੰ ਗ਼ੈਰ-ਵਾਜਬ ਤਰੀਕੇ ਨਾਲ ਬਾਹਰ ਹੋਣ ਤੋਂ ਬਚਾਉਣ ਲਈ ਲੋੜੀਂਦੇ ਯਤਨ ਨਹੀਂ ਕੀਤੇ ਗਏ। ਕ੍ਰਿਕਟ ਦੇ ਦੀਵਾਨੇ ਇਸ ਦੇਸ਼ ਨੂੰ ਸੁਰੱਖਿਆ ਚਿੰਤਾਵਾਂ ਕਾਰਨ ਭਾਰਤ ਵਿੱਚ ਮੈਚ ਖੇਡਣ ਤੋਂ ਇਨਕਾਰ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਈ।

Advertisement

​ਖੁਸ਼ਕਿਸਮਤੀ ਨਾਲ ਭਾਰਤ-ਪਾਕਿਸਤਾਨ ਮੈਚ ਮੁੜ ਲੀਹ ’ਤੇ ਆ ਗਿਆ ਹੈ, ਪਰ ਇਸ ਸਾਰੇ ਘਟਨਾਕ੍ਰਮ ਨੇ ਵਾਰ-ਵਾਰ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਨੂੰ ਉਜਾਗਰ ਕਰ ਦਿੱਤਾ ਹੈ। ਉਪ-ਮਹਾਂਦੀਪ ਵਿੱਚ ਕ੍ਰਿਕਟ ਦੀ ਖੇਡ ਅਜੇ ਵੀ ਸਿਆਸੀ ਟਕਰਾਅ, ਸੁਰੱਖਿਆ ਚਿੰਤਾਵਾਂ ਅਤੇ ਭਰੋਸੇ ਦੀ ਕਮੀ ਦਾ ਸ਼ਿਕਾਰ ਬਣਦੀ ਹੈ। ਹਾਲੇ ਸਭ ਅੱਛਾ ਨਹੀਂ ਹੈ ਅਤੇ ਭਾਰਤ-ਪਾਕਿਸਤਾਨ ਵਿਚਾਲੇ ਦੁਵੱਲੀ ਕ੍ਰਿਕਟ ਦੀ ਬਹਾਲੀ ਬਾਰੇ ਗੱਲ ਕਰਨਾ ਵੀ ਇਸ ਵੇਲੇ ਲੋੜ ਤੋਂ ਜ਼ਿਆਦਾ ਉਮੀਦ ਰੱਖਣ ਵਾਲੀ ਗੱਲ ਹੋਵੇਗੀ। ਸਾਰੀਆਂ ਧਿਰਾਂ ਲਈ ਸਬਕ ਸਪੱਸ਼ਟ ਹੈ: ਕ੍ਰਿਕਟ ਨੂੰ ਖਿੱਚ ਦਾ ਮੁੱਖ ਕੇਂਦਰ ਬਣੀ ਰਹਿਣ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਖੇਡ ਸਿਆਸਤਦਾਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੁੰਦੀ ਰਹੇਗੀ।

Advertisement

Advertisement
×