ਭਾਰਤ-ਪਾਕਿ ਕ੍ਰਿਕਟ ਮੁਕਾਬਲਾ
ਪਿਛਲੇ ਕੁਝ ਸਾਲਾਂ ਵਿੱਚ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਬਦਕਿਸਮਤੀ ਨਾਲ ਇਕਤਰਫ਼ਾ ਮੁਕਾਬਲਾ ਬਣ ਕੇ ਰਹਿ ਗਏ ਹਨ। ਕੋਲੰਬੋ ਦਾ ਮੁਕਾਬਲਾ ਵੀ ਕੋਈ ਵੱਖਰਾ ਨਹੀਂ ਸੀ; ਭਾਰਤ ਦੀ ਵੱਡੀ ਜਿੱਤ ਪਹਿਲਾਂ ਹੀ ਤੈਅ ਲੱਗਦੀ ਸੀ। ਹਰ ਮੈਚ ਦੇ ਨਾਲ ਦੋਵਾਂ ਟੀਮਾਂ ਵਿਚਾਲੇ...
ਪਿਛਲੇ ਕੁਝ ਸਾਲਾਂ ਵਿੱਚ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਬਦਕਿਸਮਤੀ ਨਾਲ ਇਕਤਰਫ਼ਾ ਮੁਕਾਬਲਾ ਬਣ ਕੇ ਰਹਿ ਗਏ ਹਨ। ਕੋਲੰਬੋ ਦਾ ਮੁਕਾਬਲਾ ਵੀ ਕੋਈ ਵੱਖਰਾ ਨਹੀਂ ਸੀ; ਭਾਰਤ ਦੀ ਵੱਡੀ ਜਿੱਤ ਪਹਿਲਾਂ ਹੀ ਤੈਅ ਲੱਗਦੀ ਸੀ। ਹਰ ਮੈਚ ਦੇ ਨਾਲ ਦੋਵਾਂ ਟੀਮਾਂ ਵਿਚਾਲੇ ਪਾੜਾ ਵਧਦਾ ਜਾ ਰਿਹਾ ਹੈ, ਜੋ ਇਸ ਅਖੌਤੀ ‘ਸਭ ਤੋਂ ਤਕੜੇ ਮੁਕਾਬਲੇ’ ਪ੍ਰਤੀ ਖਿੱਚ ਨੂੰ ਹੌਲੀ-ਹੌਲੀ ਖ਼ਤਮ ਰਿਹਾ ਹੈ। ਸ਼ਾਇਦ ਪਾਕਿਸਤਾਨ ਕੋਲ ਹਾਰ ਤੋਂ ਬਚਣ ਦਾ ਇੱਕੋ-ਇੱਕ ਰਸਤਾ ਮੈਚ ਦਾ ਬਾਈਕਾਟ ਕਰਨਾ ਸੀ। ਅਜਿਹਾ ਲਗਭਗ ਹੋ ਹੀ ਗਿਆ ਸੀ, ਜਦ ਤੱਕ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਸਖ਼ਤੀ ਨਾਲ ਦਖ਼ਲ ਨਹੀਂ ਦਿੱਤਾ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਣਨੀਤਕ ਤੌਰ ’ਤੇ ਆਪਣਾ ਫ਼ੈਸਲਾ ਨਹੀਂ ਬਦਲਿਆ। ਹਾਲਾਂਕਿ, ਮੈਦਾਨ ’ਤੇ ਦਿਸੀ ਨਿਰਾਸ਼ਾ ਇਹ ਗੱਲ ਯਾਦ ਕਰਾਉਂਦੀ ਹੈ ਕਿ ਇਸ ‘ਕਮਾਈ ਦੇ ਸਾਧਨ’ ਨੂੰ ਲਗਭਗ ਪੂਰੀ ਤਰ੍ਹਾਂ ਨਿਚੋੜ ਲਿਆ ਗਿਆ ਹੈ ਅਤੇ ਇਹ ਕ੍ਰਿਕਟ ਦੇ ਨਾਲ-ਨਾਲ ਵਪਾਰ ਲਈ ਵੀ ਬੁਰੀ ਖ਼ਬਰ ਹੈ।
ਪਾਕਿਸਤਾਨ ਕਦੇ ਕ੍ਰਿਕਟ ਦੀ ਮਹਾਸ਼ਕਤੀ ਸੀ, ਜਿਸ ਨੂੰ ਇੰਨਾ ਨਿੱਘਰਦੇ ਦੇਖਣਾ ਦੁਖਦਾਈ ਹੈ। ਵਸੀਮ ਅਕਰਮ, ਵਕਾਰ ਯੂਨਿਸ ਅਤੇ ਰਮੀਜ਼ ਰਾਜਾ ਵਰਗੇ ਮਹਾਰਥੀ, ਜੋ 1980ਵਿਆਂ ਤੇ 90ਵਿਆਂ ’ਚ ਭਾਰਤ ਖ਼ਿਲਾਫ਼ ਕਈ ਮੈਚ ਜਿੱਤਣ ਵਾਲੀਆਂ ਟੀਮਾਂ ਦੇ ਮੈਂਬਰ ਸਨ, ਨੇ ਖਿਡਾਰੀਆਂ ਅਤੇ ਪ੍ਰਬੰਧਕਾਂ ’ਤੇ ਤਿੱਖਾ ਹੱਲਾ ਬੋਲਿਆ ਹੈ। ਉਨ੍ਹਾਂ ਨੂੰ ਅਫ਼ਸੋਸ ਇਸ ਗੱਲ ਦਾ ਹੈ ਕਿ ਮੌਜੂਦਾ ਟੀਮ ਰਵਾਇਤੀ ਵਿਰੋਧੀਆਂ ਦਾ ਵੀ ਤਕੜੇ ਹੋ ਕੇ ਮੁਕਾਬਲਾ ਨਹੀਂ ਕਰ ਰਹੀ ਤੇ ਸੌਖਿਆਂ ਹਥਿਆਰ ਸੁੱਟ ਰਹੀ ਹੈ। ਇਸ ਤੋਂ ਇਲਾਵਾ ਵਾਰ-ਵਾਰ ਹੋ ਰਹੀ ਸ਼ਰਮਿੰਦਗੀ ਤੋਂ ਬਚਣ ਲਈ ਅਮਲੀ ਤੌਰ ’ਤੇ ਕੁਝ ਨਹੀਂ ਕੀਤਾ ਜਾ ਰਿਹਾ। ਸਾਬਕਾ ਪਾਕਿਸਤਾਨੀ ਖਿਡਾਰੀਆਂ ਨੂੰ ਮੁੜ ਟੀਮ ਖੜ੍ਹੀ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਦੀ ਝਿਜਕ ਦਰਸਾਉਂਦੀ ਹੈ ਕਿ ਸੁਆਰਥੀ ਸਿਆਸਤਦਾਨ ਬਿਨਾਂ ਕਿਸੇ ਜਵਾਬਦੇਹੀ ਦੇ ਫ਼ੈਸਲੇ ਲੈ ਰਹੇ ਹਨ। ਦੱਸਣਯੋਗ ਹੈ ਕਿ ਇਸ ਸਦੀ ਦੀ ਸ਼ੁਰੂਆਤ ਤੋਂ ਲੈ ਕੇ ਪਾਕਿਸਤਾਨ ਨੇ ਹੁਣ ਤੱਕ ਸਿਰਫ਼ ਦੋ ਆਲਮੀ ਖਿਤਾਬ ਜਿੱਤੇ ਹਨ- 2009 ਦਾ ਟੀ-20 ਵਿਸ਼ਵ ਕੱਪ ਅਤੇ 2017 ਦੀ ਇੱਕ ਰੋਜ਼ਾ ਚੈਂਪੀਅਨਜ਼ ਟਰਾਫੀ।
ਵਿਅੰਗ ਦੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਸਭ ਤੋਂ ਮਹਾਨ ਕ੍ਰਿਕਟ ਖਿਡਾਰੀ ਮੰਨੇ ਜਾਂਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ਵਿੱਚ ਹਨ। ਸ਼ਰੀਫ਼ ਸਰਕਾਰ ਦਾ ਧਿਆਨ ਦੇਸ਼ ਦੀ ਸਭ ਤੋਂ ਉੱਘੀ ਖੇਡ ਨੂੰ ਸੁਰਜੀਤ ਕਰਨ ਲਈ ਇਮਾਨਦਾਰ ਕੋਸ਼ਿਸ਼ਾਂ ਕਰਨ ਦੀ ਬਜਾਏ ਸਿਆਸੀ ਦਬਦਬਾ ਬਣਾਉਣ ਵੱਲ ਵੱਧ ਹੈ। ਖ਼ਾਮੀਆਂ ਨੂੰ ਦੂਰ ਕਰਨ ਲਈ ਗਹਿਰੇ ਆਤਮ-ਮੰਥਨ ਦੀ ਲੋੜ ਹੈ। ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਪਾਕਿਸਤਾਨ ਵਿਸ਼ਵ ਕ੍ਰਿਕਟ ਦੀ ਇੱਕ ਮਾਮੂਲੀ ਜਿਹੀ ਟੀਮ ਬਣ ਕੇ ਰਹਿ ਜਾਵੇਗਾ।

