ਭਾਰਤ ਜਰਮਨੀ ਰਿਸ਼ਤੇ
ਜਰਮਨੀ ਵਿੱਚੋਂ ਲਾਂਘੇ ਲਈ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ੇ ਦੀ ਲੋੜ ਨਾ ਹੋਣ ਦਾ ਐਲਾਨ ਜਰਮਨ ਵਿਦੇਸ਼ ਮੰਤਰੀ ਫਰੈਡਰਿਕ ਮਰਜ਼ ਦੀ ਭਾਰਤ ਫੇਰੀ ਦਾ ਸਭ ਤੋਂ ਅਹਿਮ ਹਾਸਲ ਹੈ। ਇਹ ਭੂ-ਸਿਆਸੀ ਅਤੇ ਕੂਟਨੀਤਕ ਖੇਤਰਾਂ ਤੋਂ ਪਾਰ ਇੱਕ ਲੋਕ-ਕੇਂਦਰਿਤ ਫ਼ੈਸਲਾ ਹੈ।...
ਜਰਮਨੀ ਵਿੱਚੋਂ ਲਾਂਘੇ ਲਈ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ੇ ਦੀ ਲੋੜ ਨਾ ਹੋਣ ਦਾ ਐਲਾਨ ਜਰਮਨ ਵਿਦੇਸ਼ ਮੰਤਰੀ ਫਰੈਡਰਿਕ ਮਰਜ਼ ਦੀ ਭਾਰਤ ਫੇਰੀ ਦਾ ਸਭ ਤੋਂ ਅਹਿਮ ਹਾਸਲ ਹੈ। ਇਹ ਭੂ-ਸਿਆਸੀ ਅਤੇ ਕੂਟਨੀਤਕ ਖੇਤਰਾਂ ਤੋਂ ਪਾਰ ਇੱਕ ਲੋਕ-ਕੇਂਦਰਿਤ ਫ਼ੈਸਲਾ ਹੈ। ਅਕਸਰ ਵੱਡੇ ਰਣਨੀਤਕ ਸਮਝੌਤਿਆਂ ਦੇ ਮੱਦੇਨਜ਼ਰ ਨਜ਼ਰਅੰਦਾਜ਼ ਕੀਤੇ ਜਾਣ ਵਾਲੇ ਵੀਜ਼ਾ-ਮੁਕਤ ਆਵਾਜਾਈ ਵਰਗੇ ਉਪਾਅ ਸਫ਼ਰ ਨੂੰ ਸੁਵਿਧਾਜਨਕ ਬਣਾਉਣ ਦੇ ਨਾਲ ਨਾਲ ਸਦਭਾਵਨਾ ਉਪਜਾਉਂਦੇ ਹਨ। ਭਾਰਤੀ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਵਪਾਰਕ ਯਾਤਰੀਆਂ ਨੂੰ ਇਹ ਕਦਮ ਇੱਕ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਜਰਮਨੀ ਭਾਰਤ ਨੂੰ ਆਪਣੇ ਜਾਂਚੇ ਪਰਖੇ ਮਿੱਤਰ ਵਜੋਂ ਅਹਿਮੀਅਤ ਦਿੰਦਾ ਹੈ। ਮਰਜ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਨੇ ਇਹ ਮੰਨਿਆ ਹੈ ਕਿ ਦੋਵਾਂ ਮੁਲਕਾਂ ਦੇ ਲੋਕਾਂ ਦੇ ਨੇੜਲੇ ਸਬੰਧ ਭਾਰਤ-ਜਰਮਨੀ ਰਣਨੀਤਕ ਭਾਈਵਾਲੀ ਦਾ ਮਜ਼ਬੂਤ ਥੰਮ੍ਹ ਹਨ। ਉੱਚ ਸਿੱਖਿਆ ਅਤੇ ਹੁਨਰ ਵਿਕਾਸ ’ਤੇ ਧਿਆਨ ਇਸ ਸੁਨੇਹੇ ਨੂੰ ਦ੍ਰਿੜ੍ਹਾਉਂਦਾ ਹੈ। ਜਰਮਨੀ ਦੀ ਹੁਨਰਮੰਦ ਕਾਮਿਆਂ, ਖ਼ਾਸਕਰ ਸਿਹਤ ਸੰਭਾਲ ਖੇਤਰ ਵਿੱਚ ਵਧਦੀ ਮੰਗ ਭਾਰਤੀ ਕਾਮੇ ਪੂਰੀ ਕਰ ਸਕਦੇ ਹਨ। ਭਾਰਤ ਵਿੱਚ ਕੈਂਪਸ ਖੋਲ੍ਹਣ ਲਈ ਜਰਮਨ ਯੂਨੀਵਰਸਿਟੀਆਂ ਨੂੰ ਸੱਦਾ ਦੇਣ ਨਾਲ ਲੋੜੀਂਦੇ ਖੇਤਰਾਂ ਵਿੱਚ ਹੁਨਰ ਵਿਕਾਸ ’ਚ ਮਦਦ ਮਿਲ ਸਕਦੀ ਹੈ।
ਜਰਮਨੀ ਦੀ ਰੱਖਿਆ ਵਪਾਰ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਪ੍ਰਤੀ ਵਚਨਬੱਧਤਾ ਅਤੇ ਭਾਰਤ ਸਰਕਾਰ ਦੀ ‘ਮੇਕ ਇਨ ਇੰਡੀਆ’ ਦੀ ਇੱਛਾ ਦਾ ਵੀ ਸੁਮੇਲ ਹੋ ਸਕਦਾ ਹੈ। ਜਰਮਨੀ ਲਈ ਕਿਸੇ ਇੱਕ ਦੇਸ਼ ਜਾਂ ਖੇਤਰ ’ਤੇ ਵਧੇਰੇ ਨਿਰਭਰਤਾ ਦੀ ਥਾਂ ਸਪਲਾਈ ਚੇਨਾਂ ’ਚ ਵਿਭਿੰਨਤਾ ਆਰਥਿਕ ਅਤੇ ਰਣਨੀਤਕ ਲੋੜ ਬਣ ਗਈ ਹੈ।
ਵਿਦੇਸ਼ ਮੰਤਰੀ ਵਜੋਂ ਇਹ ਮਰਜ਼ ਦੀ ਭਾਰਤ (ਸਗੋਂ ਏਸ਼ੀਆ) ਦੀ ਪਹਿਲੀ ਫੇਰੀ ਸੀ, ਜੋ ਬਰਲਿਨ ਦੀਆਂ ਯੋਜਨਾਵਾਂ ਵਿੱਚ ਦਿੱਲੀ ਦੇ ਸਤਿਕਾਰਯੋਗ ਸਥਾਨ ਦਾ ਪ੍ਰਮਾਣ ਹੈ। ਸੰਯੁਕਤ ਰਾਜ ਅਮਰੀਕਾ ਨਾਲ ਅਸਥਿਰ ਸਬੰਧਾਂ ਦੇ ਦੌਰ ਵਿੱਚ ਜਰਮਨੀ ਨਾਲ ਸਬੰਧਾਂ ’ਚ ਮਜ਼ਬੂਤੀ ਭਾਰਤ ਲਈ ਰਾਹਤ ਵਾਲੀ ਗੱਲ ਹੋਵੇਗੀ। ਭਾਰਤ ਤੇ ਜਰਮਨੀ ਦਾ ਇੱਕ-ਦੂਜੇ ਨਾਲ ਮੇਲ-ਜੋਲ ਦਰਸਾਉਂਦਾ ਹੈ ਕਿ ਰਣਨੀਤਕ ਖ਼ੁਦਮੁਖਤਿਆਰੀ ਦਾ ਮਤਲਬ ਰਣਨੀਤਕ ਤੌਰ ’ਤੇ ਅਲੱਗ-ਥਲੱਗ ਹੋਣਾ ਨਹੀਂ ਹੈ। ਵੀਜ਼ਾ-ਮੁਕਤ ਆਵਾਜਾਈ ਅਤੇ ਉੱਚ ਸਿੱਖਿਆ ਬਾਰੇ ਵਿਆਪਕ ਖਾਕੇ ਦੇ ਨਾਲ ਨਾਲ ਸੁਰੱਖਿਆ ਖੇਤਰ ’ਚ ਸਹਿਯੋਗ ਨੂੰ ਤਰਜੀਹ ਦੇ ਕੇ ਦੋਵਾਂ ਦੇਸ਼ਾਂ ਨੇ ਵਿਸ਼ਵਵਿਆਪੀ ਚੁਣੌਤੀਆਂ ਦੇ ਦੌਰ ਵਿੱਚ ਆਪਸੀ ਸਤਿਕਾਰ ਅਤੇ ਵਿਸ਼ਵਾਸ ’ਤੇ ਪ੍ਰਗਟਾਇਆ ਹੈ।

