DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਵਾਜਾਈ ਦੀਆਂ ਚੁਣੌਤੀਆਂ

ਭਾਰਤ ਦੇ ਪਹਿਲੇ ਕੌਮੀ ਘਰੇਲੂ ਯਾਤਰਾ ਸਰਵੇਖਣ ਨੇ ਆਵਾਜਾਈ ਦੇ ਖੇਤਰ ਵਿੱਚ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਬੇਪਰਦ ਕਰ ਦਿੱਤਾ ਹੈ। ਨੈਸ਼ਨਲ ਸਟੈਟਿਸਟਿਕਸ ਔਫਿਸ (ਐੱਨ ਐੱਸ ਓ) ਵੱਲੋਂ ਜੁਲਾਈ 2025 ਤੋਂ ਜੂਨ 2026 ਦੌਰਾਨ ਕੀਤੇ ਗਏ ਇਸ ਸਰਵੇਖਣ ਵਿੱਚ ਲਗਪਗ...

  • fb
  • twitter
  • whatsapp
  • whatsapp
Advertisement

ਭਾਰਤ ਦੇ ਪਹਿਲੇ ਕੌਮੀ ਘਰੇਲੂ ਯਾਤਰਾ ਸਰਵੇਖਣ ਨੇ ਆਵਾਜਾਈ ਦੇ ਖੇਤਰ ਵਿੱਚ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਬੇਪਰਦ ਕਰ ਦਿੱਤਾ ਹੈ। ਨੈਸ਼ਨਲ ਸਟੈਟਿਸਟਿਕਸ ਔਫਿਸ (ਐੱਨ ਐੱਸ ਓ) ਵੱਲੋਂ ਜੁਲਾਈ 2025 ਤੋਂ ਜੂਨ 2026 ਦੌਰਾਨ ਕੀਤੇ ਗਏ ਇਸ ਸਰਵੇਖਣ ਵਿੱਚ ਲਗਪਗ 5 ਲੱਖ ਪਰਿਵਾਰਾਂ ਅਤੇ 20 ਲੱਖ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਸਰਵੇਖਣ ਦੇ ਨਤੀਜੇ ਸਾਡੀ ਆਵਾਜਾਈ ਨੀਤੀ ਲਈ ਦਿਸ਼ਾ-ਨਿਰਦੇਸ਼ਾਂ ਦਾ ਆਧਾਰ ਬਣਨੇ ਚਾਹੀਦੇ ਹਨ। ਦਰਅਸਲ, ਲੋਕ ਆਵਾਜਾਈ ਲਈ ਵੱਡੇ ਪੱਧਰ ’ਤੇ ਦੋਪਹੀਆ ਵਾਹਨਾਂ ਉੱਤੇ ਨਿਰਭਰ ਹਨ। ਕੰਮ ’ਤੇ ਜਾਣ ਲਈ ਕੁੱਲ ਸਫ਼ਰ ਵਿੱਚੋਂ 42.6 ਫ਼ੀਸਦੀ ਦੋਪਹੀਆ ਵਾਹਨਾਂ ਰਾਹੀਂ ਹੁੰਦਾ ਹੈ। ਸ਼ਹਿਰੀ ਕਾਮਿਆਂ ਵਿੱਚ ਇਹ ਅੰਕੜਾ 52.3 ਫ਼ੀਸਦੀ ਤੱਕ ਪਹੁੰਚ ਜਾਂਦਾ ਹੈ। ਆਵਾਜਾਈ ਦੇ ਜਨਤਕ ਸਾਧਨ ਸਿਰਫ਼ 15 ਫ਼ੀਸਦੀ ਦੇ ਕਰੀਬ ਕੰਮਕਾਜੀ ਯਾਤਰੀਆਂ ਨੂੰ ਹੀ ਮੰਜ਼ਿਲ ਤੱਕ ਪਹੁੰਚਾਉਂਦੇ ਹਨ ਜਦੋਂਕਿ ਮੈਟਰੋ ਅਤੇ ਸਬ-ਅਰਬਨ ਰੇਲ ਵਰਗੀਆਂ ਵਿਸ਼ਾਲ ਆਵਾਜਾਈ ਪ੍ਰਣਾਲੀਆਂ ਦੇਸ਼ ਭਰ ਵਿੱਚ ਸਿਰਫ਼ 5 ਫ਼ੀਸਦੀ ਸ਼ਹਿਰੀ ਕਾਮਿਆਂ ਨੂੰ ਹੀ ਇਹ ਸੇਵਾਵਾਂ ਦਿੰਦੀਆਂ ਹਨ। ਪ੍ਰਾਈਵੇਟ ਵਾਹਨਾਂ ਉੱਤੇ ਨਿਰਭਰਤਾ ਉੱਥੇ ਤਾਂ ਸਮਝ ਆਉਂਦੀ ਹੈ ਜਿੱਥੇ ਜਨਤਕ ਆਵਾਜਾਈ ਦੇ ਸਾਧਨ ਭਰੋਸੇਯੋਗ ਨਾ ਹੋਣ, ਪਹੁੰਚ ਤੋਂ ਬਾਹਰ ਹੋਣ ਜਾਂ ਇਨ੍ਹਾਂ ਦਾ ਆਪਸ ਵਿੱਚ ਚੰਗਾ ਤਾਲਮੇਲ ਨਾ ਹੋਵੇ। ਭਾਰਤ ਦੇ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਲਈ ਇਹ ਸਥਿਤੀ ਬਿਲਕੁਲ ਚੰਗੀ ਨਹੀਂ।

ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਦਿੱਲੀ ਇਸ ਗੱਲ ਦੀ ਮਿਸਾਲ ਹਨ ਕਿ ਆਵਾਜਾਈ ਦੇ ਜਨਤਕ ਸਾਧਨ ਆਸਾਨੀ ਨਾਲ ਮਿਲਣ ਤਾਂ ਲੋਕ ਇਨ੍ਹਾਂ ਨੂੰ ਤਰਜੀਹ ਦਿੰਦੇ ਹਨ। ਮੁੱਖ ਚੁਣੌਤੀ ਅਜਿਹੇ ਪ੍ਰਬੰਧ ਨੂੰ ਬਾਕੀ ਸ਼ਹਿਰਾਂ ਵਿੱਚ ਵੀ ਲਾਗੂ ਕਰਨ ਦੀ ਹੈ, ਜੋ ਸਿਰਫ਼ ਮੈਟਰੋ ਲਾਈਨ ਬਣਾਉਣ ਨਾਲ ਨਹੀਂ ਹੋਵੇਗਾ ਸਗੋਂ ਬੱਸਾਂ, ਰੇਲਵੇ, ਪੈਦਲ ਤੁਰਨ, ਸਾਈਕਲਿੰਗ ਅਤੇ ਘਰੋਂ ਨਿਕਲ ਕੇ ਮੰਜ਼ਿਲ ਤੱਕ ਪਹੁੰਚਣ ਦੇ ਸਾਧਨਾਂ ਨੂੰ ਆਪਸ ਵਿੱਚ ਜੋੜਨਾ ਪਵੇਗਾ। ਔਰਤਾਂ ਨਾਲ ਜੁੜੇ ਸਰਵੇਖਣ ਦੇ ਅੰਕੜੇ ਵੀ ਬਹੁਤ ਅਹਿਮ ਹਨ। ਕੰਮ ’ਤੇ ਜਾਣ ਲਈ ਘੱਟੋ-ਘੱਟ ਇੱਕ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀਆਂ ਔਰਤਾਂ ਸਿਰਫ਼ 41.9 ਫ਼ੀਸਦੀ ਹਨ ਜਦੋਂਕਿ ਮਰਦਾਂ ਵਿੱਚ ਇਹ ਅੰਕੜਾ 61.9 ਫ਼ੀਸਦੀ ਹੈ। ਪੇਂਡੂ ਭਾਰਤ ਵਿੱਚ ਇਹ ਪਾੜਾ ਹੋਰ ਵੀ ਵੱਡਾ ਹੈ। ਔਰਤਾਂ ਵੱਲੋਂ ਆਵਾਜਾਈ ਉੱਤੇ ਘੱਟ ਖ਼ਰਚਾ ਕਰਨਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਨ੍ਹਾਂ ਨੂੰ ਆਉਣ-ਜਾਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰੁਜ਼ਗਾਰ ਦੇ ਮੌਕੇ ਵੀ ਘੱਟ ਮਿਲਦੇ ਹਨ।

Advertisement

ਸਫ਼ਰ ਦਾ ਖ਼ਰਚ ਵੱਡੀ ਚਿੰਤਾ ਦਾ ਵਿਸ਼ਾ ਹੈ। ਇੱਕ ਆਮ ਕਾਮਾ ਮਹੀਨੇ ਵਿੱਚ 785 ਰੁਪਏ ਆਵਾਜਾਈ ਉੱਤੇ ਖ਼ਰਚ ਕਰਦਾ ਹੈ, ਪਰ ਸ਼ਹਿਰੀ ਖੇਤਰਾਂ ਵਿੱਚ ਇਹ ਵਧ ਕੇ 1,044 ਰੁਪਏ ਹੋ ਜਾਂਦਾ ਹੈ। ਘੱਟ ਆਮਦਨ ਵਾਲੇ ਪਰਿਵਾਰਾਂ ਲਈ ਆਵਾਜਾਈ ਕੋਈ ਮਾਮੂਲੀ ਖ਼ਰਚਾ ਨਹੀਂ ਹੈ ਸਗੋਂ ਇਹ ਇਸ ਗੱਲ ਨੂੰ ਤੈਅ ਕਰਦਾ ਹੈ ਕਿ ਲੋਕ ਕਿੱਥੇ ਕੰਮ ਜਾਂ ਪੜ੍ਹਾਈ ਕਰਨਗੇ ਅਤੇ ਕਿੱਥੇ ਰਹਿਣਗੇ। ਨੀਤੀਘਾੜਿਆਂ ਨੂੰ ਇਨ੍ਹਾਂ ਸਬੂਤਾਂ ਅਤੇ ਅੰਕੜਿਆਂ ਦੀ ਵਰਤੋਂ ਰੂਟਾਂ ਨੂੰ ਨਵੇਂ ਸਿਰਿਓਂ ਉਲੀਕਣ, ਬੱਸਾਂ/ਰੇਲਾਂ ਦੇ ਗੇੜੇ ਵਧਾਉਣ, ਆਵਾਜਾਈ ਦੇ ਸਾਧਨਾਂ ਨੂੰ ਔਰਤਾਂ ਲਈ ਵਧੇਰੇ ਸੁਰੱਖਿਅਤ ਤੇ ਸੁਖਾਲਾ ਬਣਾਉਣ ਅਤੇ ਪੈਦਲ ਯਾਤਰੀਆਂ ਤੇ ਸਾਈਕਲ ਸਵਾਰਾਂ ਲਈ ਢੁੱਕਵੇਂ ਰਾਹ ਬਣਾਉਣ ਲਈ ਕਰਨਾ ਚਾਹੀਦਾ ਹੈ। ਆਧੁਨਿਕ ਆਵਾਜਾਈ ਨੀਤੀ ਭਾਰਤੀਆਂ ਲਈ ਕਿਫ਼ਾਇਤੀ, ਸੁਰੱਖਿਅਤ ਅਤੇ ਟਿਕਾਊ ਸਫ਼ਰ ਨੂੰ ਯਕੀਨੀ ਬਣਾਵੇ ਅਤੇ ਨਿੱਜੀ ਵਾਹਨਾਂ ਉੱਤੇ ਨਿਰਭਰਤਾ ਨੂੰ ਘਟਾਵੇ।

Advertisement

Advertisement
×