DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Opposition Unity: ‘ਇੰਡੀਆ’ ਦੀ ਮੀਟਿੰਗ

‘ਇੰਡੀਆ’ ਗੱਠਜੋੜ ਦੀ ਸੋਮਵਾਰ ਨੂੰ ਹੋਈ ਮੀਟਿੰਗ ਦਾ ਮੁੱਖ ਮਕਸਦ ਵਿਰੋਧੀ ਧਿਰ ਦੀ ਇਕਜੁੱਟਤਾ ਦਾ ਮੁਜ਼ਾਹਰਾ ਕਰਨਾ ਸੀ, ਪਰ ਇਸ ਦੇ ਉਲਟ ਇਸ ਮੀਟਿੰਗ ਨੇ ਵੱਖ-ਵੱਖ ਖੇਤਰੀ ਪਾਰਟੀਆਂ ਨੂੰ ਇਕਮੁੱਠ ਰੱਖਣ ਦੀਆਂ ਔਕੜਾਂ ਨੂੰ ਹੀ ਜੱਗ ਜ਼ਾਹਿਰ ਕਰ ਦਿੱਤਾ ਹੈ।...

  • fb
  • twitter
  • whatsapp
  • whatsapp
Advertisement

‘ਇੰਡੀਆ’ ਗੱਠਜੋੜ ਦੀ ਸੋਮਵਾਰ ਨੂੰ ਹੋਈ ਮੀਟਿੰਗ ਦਾ ਮੁੱਖ ਮਕਸਦ ਵਿਰੋਧੀ ਧਿਰ ਦੀ ਇਕਜੁੱਟਤਾ ਦਾ ਮੁਜ਼ਾਹਰਾ ਕਰਨਾ ਸੀ, ਪਰ ਇਸ ਦੇ ਉਲਟ ਇਸ ਮੀਟਿੰਗ ਨੇ ਵੱਖ-ਵੱਖ ਖੇਤਰੀ ਪਾਰਟੀਆਂ ਨੂੰ ਇਕਮੁੱਠ ਰੱਖਣ ਦੀਆਂ ਔਕੜਾਂ ਨੂੰ ਹੀ ਜੱਗ ਜ਼ਾਹਿਰ ਕਰ ਦਿੱਤਾ ਹੈ। ਗੱਠਜੋੜ ਸਾਹਮਣੇ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਇਹ ਸਾਬਿਤ ਕਰਨ ਦੀ ਹੈ ਕਿ ਉਹ ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਦਾ ਇੱਕ ਠੋਸ ਤੇ ਭਰੋਸੇਯੋਗ ਬਦਲ ਪੇਸ਼ ਕਰ ਸਕਦਾ ਹੈ।

ਇਸ ਮੀਟਿੰਗ ਦੌਰਾਨ ਲਏ ਗਏ ਫ਼ੈਸਲੇ ਜਿਵੇਂ ਕਿ ਆਪਸੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ, ਵੋਟਰ ਸੂਚੀਆਂ ਦੇ ਐੱਸ ਆਈ ਆਰ ਸਬੰਧੀ ਚਿੰਤਾਵਾਂ ਨੂੰ ਸਾਂਝੇ ਤੌਰ ’ਤੇ ਚੁੱਕਣਾ, ਪ੍ਰੀਖਿਆਵਾਂ ਨਾਲ ਜੁੜੇ ਵਿਵਾਦਾਂ ਕਰਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਨਾ ਅਤੇ ਸੰਸਦ ਅੰਦਰ ਸਾਂਝੀ ਰਣਨੀਤੀ ਤਿਆਰ ਕਰਨਾ- ਗੱਠਜੋੜ ਦੀ ਸਿਆਸੀ ਪਿੜ ਵਿੱਚ ਆਪਣੀ ਮੌਜੂਦਗੀ ਤੇ ਪ੍ਰਸੰਗਿਕਤਾ ਬਣਾਈ ਰੱਖਣ ਦੀ ਕੋਸ਼ਿਸ਼ ਨੂੰ ਜ਼ਾਹਿਰ ਕਰਦੇ ਹਨ। ਹਾਲਾਂਕਿ, ਕਿਸੇ ਰਾਸ਼ਟਰੀ ਪੱਧਰ ਦੇ ਗੱਠਜੋੜ ਨੂੰ ਸਿਰਫ਼ ਅਜਿਹੇ ਮੁੱਦਿਆਂ ਦੇ ਸਿਰ ’ਤੇ ਲੰਮੇ ਸਮੇਂ ਤੱਕ ਜਿਊਂਦਾ ਨਹੀਂ ਰੱਖਿਆ ਜਾ ਸਕਦਾ।

Advertisement

ਇਸ ਗੱਠਜੋੜ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਇਸ ਦੀ ਇਕਜੁੱਟਤਾ ਦਾ ਆਧਾਰ ਕੋਈ ਸਾਂਝਾ ਸ਼ਾਸਨ ਮਾਡਲ ਨਹੀਂ, ਸਗੋਂ ਸਿਰਫ਼ ਭਾਜਪਾ ਦਾ ਵਿਰੋਧ ਹੈ। ਸੱਤਾਧਾਰੀ ਪਾਰਟੀ ਦੀ ਆਲੋਚਨਾ ਕਰਕੇ ਵੱਖ-ਵੱਖ ਵਿਚਾਰਧਾਰਾ ਵਾਲੇ ਸਮੂਹਾਂ ਨੂੰ ਇੱਕ ਮੰਚ ’ਤੇ ਤਾਂ ਲਿਆਂਦਾ ਜਾ ਸਕਦਾ ਹੈ, ਪਰ ਅਖ਼ੀਰ ਵਿੱਚ ਵੋਟਰ ਰੁਜ਼ਗਾਰ, ਮਹਿੰਗਾਈ, ਕਿਸਾਨੀ ਸੰਕਟ, ਆਰਥਿਕ ਵਿਕਾਸ ਅਤੇ ਫੈਡਰਲ ਢਾਂਚੇ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਸਪੱਸ਼ਟ ਜਵਾਬ ਮੰਗਦੇ ਹਨ। ਇਨ੍ਹਾਂ ਅਹਿਮ ਮੁੱਦਿਆਂ ’ਤੇ ਇਸ ਗੱਠਜੋੜ ਨੂੰ ਸਾਂਝਾ ਪ੍ਰੋਗਰਾਮ ਪੇਸ਼ ਕਰਨ ਦੀ ਲੋੜ ਹੈ।

Advertisement

ਇਸ ਦੇ ਨਾਲ ਹੀ ਗੱਠਜੋੜ ਦੇ ਅੰਦਰੂਨੀ ਵਿਰੋਧਾਭਾਸ ਵੀ ਪੂਰੀ ਤਰ੍ਹਾਂ ਪ੍ਰਤੱਖ ਹਨ। ਇਸ ਗੱਠਜੋੜ ਵਿਚਲੀਆਂ ਵੱਖ-ਵੱਖ ਪਾਰਟੀਆਂ ਦੇ ਸੂਬਾਈ ਸਿਆਸਤ ਦੇ ਪੱਖ ਤੋਂ ਆਪਸ ਵਿੱਚ ਭਾਵੇਂ ਕਿੰਨੇ ਵੀ ਵਖਰੇਵੇਂ ਕਿਉਂ ਨਾ ਹੋਣ, ਪਰ ਰਾਸ਼ਟਰੀ ਪੱਧਰ ’ਤੇ ਆਪਸ ਵਿੱਚ ਸਹਿਯੋਗ ਦੇ ਰਾਹ ਵਿੱਚ ਇਹ ਰੁਕਾਵਟਾਂ ਨਹੀਂ ਬਣਨੇ ਚਾਹੀਦੇ ਕਿਉਂਕਿ ਕੌਮੀ ਹਿੱਤ ਸਭ ਦੀ ਤਰਜੀਹ ਹੋਣੇ ਚਾਹੀਦੇ ਹਨ। ਮੀਟਿੰਗ ਵਿੱਚ ਮਮਤਾ ਬੈਨਰਜੀ ਅਤੇ ਅਖਿਲੇਸ਼ ਯਾਦਵ ਦੀ ਮੌਜੂਦਗੀ ਅਹਿਮ ਸੀ, ਪਰ ਡੀ ਐੱਮ ਕੇ ਅਤੇ ‘ਆਪ’ ਦੀ ਗ਼ੈਰਹਾਜ਼ਰੀ ਨੇ ਵੱਖ-ਵੱਖ ਹਿੱਤਾਂ ਵਾਲੇ ਇਸ ਗੱਠਜੋੜ ਦੇ ਅੰਦਰੂਨੀ ਤਾਲਮੇਲ ਦੀਆਂ ਮੁਸ਼ਕਿਲਾਂ ਨੂੰ ਮੁੜ ਉਜਾਗਰ ਕਰ ਦਿੱਤਾ।

ਇਨ੍ਹਾਂ ਸਭ ਵਖਰੇਵਿਆਂ ਦੇ ਬਾਵਜੂਦ ਗੱਠਜੋੜ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ 2024 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹੂੰਝਾਫੇਰ ਜਿੱਤ ਤੋਂ ਰੋਕਣ ਵਿੱਚ ਇਸ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਹ ਵਿਰੋਧੀ ਧਿਰ ਦੇ ਸਾਂਝੇ ਮੰਚ ਵਜੋਂ ਅੱਜ ਵੀ ਸਾਰਥਕ ਹੈ। ਜੇਕਰ ਇਸ ਗੱਠਜੋੜ ਨੇ ਸਿਆਸੀ ਮੈਦਾਨ ਵਿੱਚ ਲੰਮਾ ਸਮਾਂ ਟਿਕਣਾ ਹੈ ਤਾਂ ਇਸ ਨੂੰ ਮਹਿਜ਼ ਪ੍ਰਤੀਕਾਤਮਕ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਸਪੱਸ਼ਟ ਨੀਤੀਗਤ ਏਜੰਡਾ ਪੇਸ਼ ਕਰਨਾ ਪਵੇਗਾ। ਮਜ਼ਬੂਤ ਤਾਲਮੇਲ ਅਤੇ ਸਾਂਝੇ ਦੂਰਦਰਸ਼ੀ ਦ੍ਰਿਸ਼ਟੀਕੋਣ ਨਾਲ ਹੀ ਵੋਟਰਾਂ ਵਿੱਚ ਆਪਣੀ ਭਰੋਸੇਯੋਗਤਾ ਕਾਇਮ ਰੱਖੀ ਜਾ ਸਕਦੀ ਹੈ।

Advertisement
×