ਸ਼ਹਿਰੀ ਹਵਾਬਾਜ਼ੀ ਖੇਤਰ ’ਚ ਸੁਧਾਰ
ਕੇਂਦਰ ਸਰਕਾਰ ਨੇ ਲੋਕ ਸਭਾ ਨੂੰ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ ਜੀ ਸੀ ਏ) ਦੁਆਰਾ ਦੇਸ਼ ਵਿੱਚ ਸਿਰਫ਼ 40 ਉਡਾਣ ਸਿਖਲਾਈ ਸੰਗਠਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਖੁਲਾਸਾ ਉਨ੍ਹਾਂ ਢਾਂਚਾਗਤ ਰੁਕਾਵਟਾਂ ਨੂੰ ਉਜਾਗਰ ਕਰਦਾ ਹੈ, ਜੋ...
ਕੇਂਦਰ ਸਰਕਾਰ ਨੇ ਲੋਕ ਸਭਾ ਨੂੰ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ ਜੀ ਸੀ ਏ) ਦੁਆਰਾ ਦੇਸ਼ ਵਿੱਚ ਸਿਰਫ਼ 40 ਉਡਾਣ ਸਿਖਲਾਈ ਸੰਗਠਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਖੁਲਾਸਾ ਉਨ੍ਹਾਂ ਢਾਂਚਾਗਤ ਰੁਕਾਵਟਾਂ ਨੂੰ ਉਜਾਗਰ ਕਰਦਾ ਹੈ, ਜੋ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਖੇਤਰ ਦੇ ਪਸਾਰ ਦੀ ਰਫ਼ਤਾਰ ਨੂੰ ਧੀਮਾ ਕਰ ਸਕਦੀਆਂ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਦੀਆਂ ਘਟਨਾਵਾਂ ਨੇ ਦਿਖਾਇਆ ਕਿ ਪਾਇਲਟਾਂ ਦੀ ਘਾਟ ਵਿਕਾਸ ਦੀ ਕਹਾਣੀ ਵਿੱਚ ਕਿਵੇਂ ਇੱਕ ਵੱਡੀ ਰੁਕਾਵਟ ਪੈਦਾ ਕਰ ਸਕਦੀ ਹੈ। ਘਰੇਲੂ ਏਅਰਲਾਈਨਾਂ ਨੂੰ ਲਗਭਗ 1,700 ਨਵੇਂ ਹਵਾਈ ਜਹਾਜ਼ ਪ੍ਰਾਪਤ ਹੋਣ ਵਾਲੇ ਹਨ। ਇਸ ਲਈ ਫੌਰੀ ਸੁਧਾਰਾਂ ਦੀ ਲੋੜ ਹੈ। ਇਸ ਖੇਤਰ ਵਿੱਚ ਚੁਣੌਤੀਆਂ ਬਹੁ-ਪਰਤੀ ਹਨ, ਜਿਨ੍ਹਾਂ ਵਿੱਚ ਇੰਸਟ੍ਰੱਕਟਰਾਂ ਦੀ ਬੇਹੱਦ ਘੱਟ ਗਿਣਤੀ, ਸਿਮੂਲੇਟਰਾਂ ਦੀ ਸੀਮਤ ਉਪਲਬਧਤਾ ਅਤੇ ਸਮਰੱਥਾ-ਆਧਾਰਿਤ ਸਿਖਲਾਈ ਦੀ ਘਾਟ ਆਦਿ ਸ਼ਾਮਲ ਹਨ। ਇਸ ਮਸਲੇ ਨੂੰ ਪਾਇਲਟਾਂ ਦੀ ਸਿਖਲਾਈ ਦੇ ਮਾਹੌਲ ’ਚ ਸੰਪੂਰਨ ਸੁਧਾਰ ਅਤੇ ਜਨਤਕ-ਨਿੱਜੀ ਨਿਵੇਸ਼ ਨੂੰ ਯੋਜਨਾਬੱਧ ਕਰ ਕੇ ਹੱਲ ਕੀਤਾ ਜਾ ਸਕਦਾ ਹੈ।
ਸਿਖਲਾਈ, ਮਿਆਰ ਨਿਰਧਾਰਤ ਕਰਨ ਅਤੇ ਅਪ੍ਰੈਂਟਿਸਸ਼ਿਪਾਂ ਨੂੰ ਲਾਜ਼ਮੀ ਬਣਾਉਣ ਲਈ ਏਅਰਲਾਈਨਾਂ ਦੀ ਵਧੇਰੇ ਸ਼ਮੂਲੀਅਤ ਲਾਜ਼ਮੀ ਹੈ। ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣਾ ਯਕੀਨੀ ਬਣਾਉਣ ਖ਼ਾਤਰ ਨਵੇਂ ਡਿਜ਼ਾਈਨ ਕੀਤੇ ਢਾਂਚੇ ਨੂੰ ਆਕਾਰ ਦੇਣ ਵਿੱਚ ਆਲਮੀ ਸਿਖਲਾਈ ਭਾਈਵਾਲਾਂ ਦੀ ਭੂਮਿਕਾ ਵੀ ਅਹਿਮ ਹੈ। ਇਸੇ ਤਰ੍ਹਾਂ ਮੁਹਾਰਤ ਪ੍ਰਾਪਤ ਟੈਕਨੀਸ਼ੀਅਨ ਹੋਣਾ ਅਤੇ ਉੱਨਤ ਸਿਖਲਾਈ ਉਪਕਰਣਾਂ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਵੀ ਇੰਨਾ ਹੀ ਅਹਿਮ ਹੈ। ਸ਼ਹਿਰੀ ਹਵਾਬਾਜ਼ੀ ਖੇਤਰ ’ਚ ਸਹਾਇਕ ਭੂਮਿਕਾਵਾਂ ਨਿਭਾਉਣ ਵਾਲਿਆਂ ਦੀ ਸਿਖਲਾਈ ਲਈ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨਾ ਵੀ ਬਹੁਤ ਮਹੱਤਵਪੂਰਨ ਹੈ। ਤੇਜ਼ੀ ਨਾਲ ਵਧ ਰਹੀ ਹਵਾਈ ਜਹਾਜ਼ਾਂ ਦੀ ਗਿਣਤੀ ਅਤੇ ਸਿਖਲਾਈ ਪ੍ਰਬੰਧਾਂ ਦਰਮਿਆਨ ਖੱਪੇ ਨੂੰ ਪੂਰਨਾ ਵੀ ਲੰਮਾ ਕੰਮ ਹੈ, ਪਰ ਅੱਗੇ ਵਧਣ ਦਾ ਇਹ ਇੱਕੋ ਇੱਕ ਤਰੀਕਾ ਹੈ।
ਆਉਣ ਵਾਲੇ ਸਾਲਾਂ ਵਿੱਚ ਭਾਰਤ ਨੂੰ ਲਗਭਗ 30,000 ਹੋਰ ਪਾਇਲਟਾਂ ਦੀ ਲੋੜ ਹੋਵੇਗੀ। ਇਹ ਬਹੁਤ ਵੱਡਾ ਕੰਮ ਹੈ, ਪਰ ਇਹ ਵਿਲੱਖਣ ਵੀ ਹੈ। ਇਸ ਟੀਚੇ ਦੀ ਪ੍ਰਾਪਤੀ ਦੀ ਦਿਸ਼ਾ ’ਚ ਸਾਨੂੰ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ। ਇਸ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਸੂਬੇ ਨੂੰ ਸ਼ਹਿਰੀ ਹਵਾਬਾਜ਼ੀ ਖੇਤਰ ਲਈ ਇੱਕ ਵੱਡਾ ਕੇਂਦਰ ਬਣਾਉਣ ਦਾ ਦਾਅਵਾ ਆਸ ਦੀ ਕਿਰਨ ਹੈ। ਹਾਲਾਂਕਿ, ਇਸ ਵਾਅਦੇ ’ਤੇ ਅਮਲ ਯਕੀਨੀ ਬਣਾਉਣ ਲਈ ਗੰਭੀਰਤਾ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ ਕਿ ਇਹ ਸਿਰਫ਼ ਵਾਅਦਾ ਤੇ ਦਾਅਵਾ ਹੀ ਨਾ ਰਹਿ ਜਾਵੇ। ਤਿਆਰੀ ਅਤੇ ਦੂਰ-ਦ੍ਰਿਸ਼ਟੀ ਦੀ ਘਾਟ ਕਾਰਨ ਭਾਰਤ ਵਿੱਚ ਸਿਆਸਤਦਾਨਾਂ ਦੇ ਵਾਅਦੇ ਬਹੁਤੀ ਵਾਰ ਪੂਰੇ ਨਹੀਂ ਹੁੰਦੇ। ਇਹੋ ਗੱਲ ਇਨ੍ਹਾਂ ਵਾਅਦਿਆਂ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰੇਗੀ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਵਿਵਸਥਾ ਵਿਚਲੀਆਂ ਇਨ੍ਹਾਂ ਰੁਕਾਵਟਾਂ ਤੋਂ ਦੇਸ਼ ਕਿਵੇਂ ਪ੍ਰਭਾਵਸ਼ਾਲੀ ਢੰਗ ਨਾਲ ਪਾਰ ਪਾਉਂਦਾ ਹੈ।

