ਇਮਤਿਹਾਨਾਂ ਵਿੱਚ ਸੁਧਾਰ
ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਨੇ ਪੇਪਰ ਲੀਕ ਹੋਣ ਦੀ ਅਲਾਮਤ ਨੂੰ ਠੱਲ੍ਹ ਪਾਉਣ ਲਈ ਇੱਕ ਨਿਵੇਕਲਾ ਤਰੀਕਾ ਸੁਝਾਇਆ ਹੈ। ਇਮਤਿਹਾਨ ਵਾਲੇ ਦਿਨ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪ੍ਰਸ਼ਨ ਪੱਤਰ ਤਿਆਰ ਕਰਨ ਦਾ ਉਨ੍ਹਾਂ ਦਾ ਸੁਝਾਅ ਅਜਿਹੇ ਸਿਸਟਮ ਵਿੱਚ ਭਰੋਸੇਯੋਗਤਾ ਮੁੜ ਬਹਾਲ...
ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਨੇ ਪੇਪਰ ਲੀਕ ਹੋਣ ਦੀ ਅਲਾਮਤ ਨੂੰ ਠੱਲ੍ਹ ਪਾਉਣ ਲਈ ਇੱਕ ਨਿਵੇਕਲਾ ਤਰੀਕਾ ਸੁਝਾਇਆ ਹੈ। ਇਮਤਿਹਾਨ ਵਾਲੇ ਦਿਨ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪ੍ਰਸ਼ਨ ਪੱਤਰ ਤਿਆਰ ਕਰਨ ਦਾ ਉਨ੍ਹਾਂ ਦਾ ਸੁਝਾਅ ਅਜਿਹੇ ਸਿਸਟਮ ਵਿੱਚ ਭਰੋਸੇਯੋਗਤਾ ਮੁੜ ਬਹਾਲ ਕਰਨ ਦਾ ਵਧੀਆ ਤਰੀਕਾ ਹੈ। ਪੇਪਰ ਲੀਕ ਦੇ ਮਸਲੇ ਨੂੰ ਲੈ ਕੇ ਜੈੱਨ-ਜ਼ੀ ਵੱਲੋਂ ਜੰਤਰ-ਮੰਤਰ ਦੇ ਨਾਲ ਨਾਲ ਲਗਭਗ ਪੂਰੇ ਦੇਸ਼ ਵਿੱਚ ਕੀਤੇ ਗਏ ਅੰਦੋਲਨ ਮਗਰੋਂ ਹੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਸੀ। ਹੁਣ ਪ੍ਰਣਾਲੀਗਤ ਸੁਧਾਰਾਂ ਨੂੰ ਸਮਰਪਿਤ ਇੱਕ ਕਮੇਟੀ ਦੀ ਅਗਵਾਈ ਕਰ ਰਹੇ ਨੀਲੇਕਣੀ ਨੇ ਤਰਕ ਦਿੱਤਾ ਹੈ ਕਿ ਆਖ਼ਰੀ ਸਮੇਂ ’ਤੇ ਵਿਸ਼ਾਲ ਪ੍ਰਸ਼ਨ ਬੈਂਕ ਵਿੱਚੋਂ ਪਰਚੇ ਤਿਆਰ ਕਰਨ ਨਾਲ ਪੇਪਰ ਲੀਕ ਹੋਣ ਪਿੱਛੇ ਕੰਮ ਕਰਦੇ ਵਪਾਰਕ ਹਿੱਤਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਕੰਪਿਊਟਰ ਆਧਾਰਿਤ ਟੈਸਟਿੰਗ ਵੱਲ ਦੇਸ਼ ਪੱਧਰੀ ਤਬਦੀਲੀ ਨਾਲ ਜੁੜੇ ਉਨ੍ਹਾਂ ਦੇ ਇਸ ਵਿਚਾਰ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਤਕਨੀਕੀ ਨਵੀਨਤਾ ਦੇ ਨਾਲ-ਨਾਲ ਸੰਸਥਾਗਤ ਜਵਾਬਦੇਹੀ ਅਤੇ ਬਰਾਬਰ ਪਹੁੰਚ ਯਕੀਨੀ ਬਣਾਉਣੀ ਵੀ ਓਨੀ ਹੀ ਲਾਜ਼ਮੀ ਹੈ। ਏਆਈ-ਆਧਾਰਿਤ ਪ੍ਰਸ਼ਨ ਪੱਤਰਾਂ ਪਿੱਛੇ ਕੰਮ ਕਰਦੀ ਸੋਚ ਬਹੁਤ ਪ੍ਰਭਾਵਸ਼ਾਲੀ ਹੈ। ਜੇਕਰ ਇਮਤਿਹਾਨ ਤੋਂ ਬਿਲਕੁਲ ਪਹਿਲਾਂ ਸੁਰੱਖਿਅਤ ਢੰਗ ਨਾਲ ਸਵਾਲ ਚੁਣੇ ਜਾਣ ਤਾਂ ਪੇਪਰ ਤੱਕ ਪਹਿਲਾਂ ਪਹੁੰਚ ਬਣਾਉਣ (ਲੀਕ ਹੋਣ) ਦੀ ਸੰਭਾਵਨਾ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਫਿਰ ਵੀ ਗ਼ਲਤੀਆਂ, ਪੱਖਪਾਤ ਅਤੇ ਹੇਰਾਫੇਰੀ ਨੂੰ ਰੋਕਣ ਲਈ ਸੁਤੰਤਰ ਆਡਿਟ ਅਤੇ ਮਨੁੱਖੀ ਨਿਗਰਾਨੀ ਵੀ ਜ਼ਰੂਰੀ ਹੋਵੇਗੀ। ਕੰਪਿਊਟਰ ਆਧਾਰਿਤ ਟੈਸਟਿੰਗ ਬੁਨਿਆਦੀ ਢਾਂਚੇ ਦੇ ਤਜਵੀਜ਼ਤ ਵਿਸਥਾਰ ਵੱਲ ਵੀ ਓਨਾ ਹੀ ਧਿਆਨ ਮੰਗਦੀ ਹੈ। ਭਾਵੇਂ ਭਾਰਤ ਵਿੱਚ ਪਹਿਲਾਂ ਹੀ ਲਗਪਗ 1.5 ਲੱਖ ਪ੍ਰੀਖਿਆ ਕੇਂਦਰ ਮੌਜੂਦ ਹਨ, ਪਰ ਲੱਖਾਂ ਉਮੀਦਵਾਰਾਂ ਜੋਗੀ ਥਾਂ ਬਣਾਉਣ ਲਈ ਸੁਰੱਖਿਅਤ ਇੰਟਰਨੈੱਟ ਕੁਨੈਕਸ਼ਨ ਤੇ ਮਿਆਰੀ ਪ੍ਰੀਖਿਆ ਸਹੂਲਤਾਂ ਦੀ ਲੋੜ ਪਵੇਗੀ। ਪੇਂਡੂ ਵਿਦਿਆਰਥੀਆਂ ਅਤੇ ਆਰਥਿਕ ਤੌਰ ’ਤੇ ਪੱਛੜੇ ਵਰਗਾਂ ਨਾਲ ਸਬੰਧਿਤ ਉਮੀਦਵਾਰਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾ ਸਕਦਾ। ਇਸ ਤੋਂ ਪਹਿਲਾਂ ਬਣੀ ਇੱਕ ਕਮੇਟੀ ਨੇ ਸੁਰੱਖਿਆ, ਪ੍ਰਸ਼ਾਸਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਦੇ ਕੰਮਕਾਜ ਬਾਰੇ ਵਿਆਪਕ ਸਿਫ਼ਾਰਸ਼ਾਂ ਕੀਤੀਆਂ ਸਨ। ਇਸ ਦੇ ਬਾਵਜੂਦ 2026 ’ਚ ਸਾਹਮਣੇ ਆਏ ਨੀਟ ਪੇਪਰ ਲੀਕ ਤੇ ਹੋਰ ਵਿਵਾਦਾਂ ਨੇ ਸਿਫ਼ਾਰਸ਼ਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਅਮਲ ਵਿਚਾਲੇ ਗੰਭੀਰ ਪਾੜਾ ਸਾਹਮਣੇ ਲਿਆਂਦਾ ਹੈ। ਜਦੋਂ ਤੱਕ ਕਿਸੇ ਨਵੀਂ ਕਮੇਟੀ ਦੀਆਂ ਸਿਫ਼ਾਰਸ਼ਾਂ ਠੋਸ ਕਾਰਵਾਈ ਵਿੱਚ ਨਹੀਂ ਬਦਲਦੀਆਂ, ਉਦੋਂ ਤੱਕ ਇਸ ਦਾ ਕੋਈ ਬਹੁਤਾ ਫ਼ਾਇਦਾ ਨਹੀਂ ਹੋਵੇਗਾ।
ਇਮਤਿਹਾਨ ਨੌਜਵਾਨਾਂ ਦਾ ਭਵਿੱਖ ਘੜਦੇ ਹਨ। ਇਸ ਲਈ ਇਨ੍ਹਾਂ ਦੀ ਭਰੋਸੇਯੋਗਤਾ ਜਨਤਕ ਵਿਸ਼ਵਾਸ ਦਾ ਮਸਲਾ ਹੈ। ਨੀਲੇਕਣੀ ਦੀ ਤਕਨੀਕ-ਆਧਾਰਿਤ ਪਹੁੰਚ ਇੱਕ ਮਹੱਤਵਪੂਰਨ ਕਦਮ ਸਾਬਿਤ ਹੋ ਸਕਦੀ ਹੈ, ਬਸ਼ਰਤੇ ਇਸ ਨੂੰ ਪਾਰਦਰਸ਼ੀ, ਸਮਾਵੇਸ਼ੀ ਅਤੇ ਜ਼ਿੰਮੇਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇ। ਭਾਰਤ ਨੂੰ ਇੱਕ ਅਜਿਹੇ ਪ੍ਰੀਖਿਆ ਪ੍ਰਬੰਧ ਦੀ ਲੋੜ ਹੈ, ਜਿਸ ਵਿੱਚ ਹਰ ਵਿਦਿਆਰਥੀ ਬਿਨਾਂ ਕਿਸੇ ਪੱਖਪਾਤ ਤੋਂ ਮੁਕਾਬਲਾ ਅਤੇ ਉਸ ਦੇ ਨਤੀਜਿਆਂ ’ਤੇ ਭਰੋਸਾ ਕਰ ਸਕੇ।

