ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਵਿਚ ਨਾਜਾਇਜ਼ ਸ਼ਰਾਬ ਦਾ ਘਰੇਲੂ ਅਤੇ ਵਪਾਰਕ ਪੱਧਰ ‘ਤੇ ਉਤਪਾਦਨ ਸਖ਼ਤ ਜਾਂਚ ਦੇ ਘੇਰੇ ਹੇਠ ਆ ਗਿਆ ਹੈ। ਸਿਖ਼ਰਲੀ ਅਦਾਲਤ ਦੀਆਂ ਤਿੱਖੀਆਂ ਟਿੱਪਣੀਆਂ ਤੋਂ ਬਾਅਦ ਇਹੋ ਉਮੀਦ ਕੀਤੀ ਜਾ ਸਕਦੀ ਹੈ ਕਿ ਹੁਣ ਇਸ ਸਮੱਸਿਆ ਦੇ ਟਾਕਰੇ ਵਾਸਤੇ ਵਧੇਰੇ ਪ੍ਰਭਾਵੀ ਅਤੇ ਸਮਰੱਥ ਸੰਸਥਾਈ ਨੀਤੀ ਅਮਲ ਵਿਚ ਲਿਆਂਦੀ ਜਾਵੇਗੀ। ਪੰਜਾਬ ਨੇ ਇਸ ਅਲਾਮਤ ਦੇ ਖਾਤਮੇ ਲਈ ਆਪਣੀ ਪ੍ਰਤੀਬੱਧਤਾ ਜ਼ਾਹਿਰ ਕਰਦਿਆਂ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ 36000 ਤੋਂ ਵਧੇਰੇ ਕੇਸ ਦਰਜ ਕੀਤੇ ਗਏ ਹਨ ਅਤੇ ਸ਼ਰਾਬ ਕੱਢਣ ਵਾਲੀਆਂ ਸੈਂਕੜੇ ਭੱਠੀਆਂ ਤਬਾਹ ਕੀਤੀਆਂ ਗਈਆਂ ਹਨ। ਸਿਖ਼ਰਲੀ ਅਦਾਲਤ ਨੇ ਅੰਕੜਿਆਂ ਨੂੰ ਆਧਾਰ ਬਣਾਉਂਦਿਆਂ ਇਹ ਟਿੱਪਣੀ ਕੀਤੀ ਕਿ ਪੁਲੀਸ ਅਤੇ ਆਬਕਾਰੀ ਵਿਭਾਗ ਦੇ ਅਫ਼ਸਰ ਅਜਿਹੇ ਮਾਮਲਿਆਂ ਦੀ ਲਗਾਤਾਰ ਜਾਂਚ ਅਤੇ ਨਿਗਰਾਨੀ ਨਹੀਂ ਕਰਦੇ। ਗ਼ੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਅਤੇ ਨਸ਼ਿਆਂ ਦੀ ਵਧਦੀ ਵਰਤੋਂ ‘ਤੇ ਦੁੱਖ ਜ਼ਾਹਿਰ ਕਰਦਿਆਂ ਸਿਖ਼ਰਲੀ ਅਦਾਲਤ ਨੇ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਖ਼ਤਮ ਹੋ ਜਾਵੇਗੀ।
ਜਿੱਥੇ ਨਸ਼ਿਆਂ ਦੇ ਫੈਲਾਅ ਨੂੰ ਵੱਡੇ ਖ਼ਤਰੇ ਵਜੋਂ ਦੇਖਿਆ ਜਾ ਰਿਹਾ ਹੈ, ਉੱਥੇ ਸੂਬੇ ਵਿਚ ਸ਼ਰਾਬ ਪੀਣ ਵਾਲਿਆਂ ਦੀ ਵਧਦੀ ਗਿਣਤੀ ਵੀ ਕਿਸੇ ਸਮੱਸਿਆ ਤੋਂ ਘੱਟ ਨਹੀਂ ਹੈ; ਗ਼ੈਰ-ਕਾਨੂੰਨੀ ਸ਼ਰਾਬ ਦਾ ਕਾਰੋਬਾਰ ਇਸੇ ਕਾਰਨ ਵਧਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ 2020 ਵਿਚ 123 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਸਨ ਜਿਸ ਵਿਚ ਉਹ ਸਪਿਰਟ ਮਿਲਾਈ ਗਈ ਸੀ ਜੋ ਪੇਂਟ ਦੇ ਕੰਮ ਵਾਸਤੇ ਵਰਤੀ ਜਾਂਦੀ ਹੈ।
ਇਸ ‘ਚ ਕੋਈ ਦੋ ਰਾਇ ਨਹੀਂ ਕਿ ਅਜਿਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਲਈ ਜੁਰਮਾਨੇ ਲਾਉਣਾ ਆਪਣੇ ਆਪ ਵਿਚ ਕੋਈ ਹੱਲ ਨਹੀਂ ਹੋ ਸਕਦਾ। ਸਿਖ਼ਰਲੀ ਅਦਾਲਤ ਨੇ ਸਬੰਧਿਤ ਮਾਮਲਿਆਂ ਦੀ ਢਿੱਲੀ ਜਾਂਚ ਅਤੇ ਦੋਸ਼ ਪੱਤਰ ਆਇਦ ਕਰਨ ‘ਚ ਦੇਰੀ ‘ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਗ਼ੈਰ-ਕਾਨੂੰਨੀ ਸ਼ਰਾਬ ਦਾ ਉਤਪਾਦਨ ਰੋਕਣ ਲਈ ਚੁੱਕੇ ਠੋਸ ਕਦਮਾਂ ਦੀ ਜਾਣਕਾਰੀ ਵੀ ਮੰਗੀ ਗਈ ਹੈ। ਸਰਕਾਰ ਤੋਂ ਇਹ ਪੁੱਛਿਆ ਗਿਆ ਹੈ ਕਿ ਜੁਰਮਾਨੇ ਵਜੋਂ ਵਸੂਲੀ ਰਾਸ਼ੀ ਕਿਸ ਤਰੀਕੇ ਇਸ ਅਲਾਮਤ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਜਾਂ ਇਸ ਗ਼ੈਰ-ਕਾਨੂੰਨੀ ਵਰਤਾਰੇ ਨੂੰ ਠੱਲ੍ਹ ਪਾਉਣ ਅਤੇ ਨਿਗਰਾਨੀ ਰੱਖਣ ਲਈ ਅਮਲਾ ਵਧਾਉਣ ਵਾਸਤੇ ਵਰਤੀ ਜਾ ਸਕਦੀ ਹੈ। ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਰਕਾਰੀ ਅਮਲੇ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ, ਮਿਆਰ ਸਬੰਧੀ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਉਲੰਘਣਾ ਕਰਨ ਵਾਲੀਆਂ ਡਿਸਟਿਲਰੀਆਂ (ਸ਼ਰਾਬ ਫੈਕਟਰੀਆਂ) ਦੇ ਲਾਇਸੈਂਸ ਰੱਦ ਕੀਤੇ ਜਾਣ। ਪੰਜਾਬ ਤੋਂ ਸ਼ਰਾਬ ਦੀ ਤਸਕਰੀ ਹੋਣਾ ਇਕ ਹੋਰ ਵੱਡੀ ਚਿੰਤਾ ਹੈ। ਹਾਲ ਹੀ ਵਿਚ ਫੜੀ ਗਈ ਸ਼ਰਾਬ ਤੋਂ ਸੰਕੇਤ ਮਿਲਦਾ ਹੈ ਜਿਹੜਾ ਸਟਾਕ ਪੰਜਾਬ ਵਿਚ ਵੇਚਣ ਲਈ ਹੁੰਦਾ ਹੈ, ਉਹ ਗ਼ੈਰ-ਕਾਨੂੰਨੀ ਤਰੀਕੇ ਨਾਲ ਹੋਰ ਸੂਬਿਆਂ ਨੂੰ ਭੇਜ ਦਿੱਤਾ ਜਾਂਦਾ ਹੈ। ਭ੍ਰਿਸ਼ਟਾਚਾਰ ਦੀਆਂ ਤੰਦਾਂ ਦੂਰ ਤਕ ਫੈਲੀਆਂ ਹੋਈਆਂ ਹਨ ਤੇ ਪੰਜਾਬ ਦੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਦਾ ਖਾਤਮਾ ਕਰੇ।