DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀੜਤਾਂ ਦੀ ਪਛਾਣ

ਜਬਰ-ਜਨਾਹ ਦੇ ਪੀੜਤਾਂ ਦੀ ਪਛਾਣ ਨਸ਼ਰ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਗੁੱਸਾ ਪੂਰੀ ਤਰ੍ਹਾਂ ਜਾਇਜ਼ ਹੈ। ਇਹ ਮੰਦਭਾਗੀ ਗੱਲ ਹੈ ਕਿ ਦਹਾਕਿਆਂ ਪਹਿਲਾਂ ਸਪੱਸ਼ਟ ਕਾਨੂੰਨੀ ਸੁਰੱਖਿਆ ਉਪਾਅ ਲਾਗੂ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਨੂੰ ਇਸ ਸਬੰਧੀ ਸਖ਼ਤ ਚਿਤਾਵਨੀ...

  • fb
  • twitter
  • whatsapp
  • whatsapp
Advertisement
ਜਬਰ-ਜਨਾਹ ਦੇ ਪੀੜਤਾਂ ਦੀ ਪਛਾਣ ਨਸ਼ਰ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਗੁੱਸਾ ਪੂਰੀ ਤਰ੍ਹਾਂ ਜਾਇਜ਼ ਹੈ। ਇਹ ਮੰਦਭਾਗੀ ਗੱਲ ਹੈ ਕਿ ਦਹਾਕਿਆਂ ਪਹਿਲਾਂ ਸਪੱਸ਼ਟ ਕਾਨੂੰਨੀ ਸੁਰੱਖਿਆ ਉਪਾਅ ਲਾਗੂ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਨੂੰ ਇਸ ਸਬੰਧੀ ਸਖ਼ਤ ਚਿਤਾਵਨੀ ਦੇਣੀ ਪਈ ਹੈ। ਇਹ ਨਿਆਂ ਪ੍ਰਣਾਲੀ ਵਿਚਲੀ ਇੱਕ ਵੱਡੀ ਖਾਮੀ; ਕਾਨੂੰਨ ਅਤੇ ਇਸ ਦੇ ਅਮਲ ਵਿਚਲੇ ਖੱਪੇ ਨੂੰ ਦਰਸਾਉਂਦੀ ਹੈ। 1983 ਵਿੱਚ ਭਾਰਤੀ ਦੰਡ ਵਿਧਾਨ ਵਿੱਚ ਧਾਰਾ 228 ਏ ਦਾ ਵਾਧਾ ਕਰਦਿਆਂ ਜਿਨਸੀ ਅਪਰਾਧਾਂ ਦੇ ਪੀੜਤਾਂ ਦੀ ਪਛਾਣ ਜਨਤਕ ਹੋਣ ਕਰ ਕੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦਾ ਯਤਨ ਕੀਤਾ ਗਿਆ ਸੀ।ਨਿਪੁੰਨ ਸਕਸੈਨਾ ਬਨਾਮ ਯੂਨੀਅਨ ਆਫ਼ ਇੰਡੀਆ ਦੇ ਇਤਿਹਾਸਕ ਫ਼ੈਸਲੇ (2018) ਵਿੱਚ ਇਸ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਦਿਆਂ ਪੀੜਤਾਂ ਦੀ ਪਛਾਣ ਨਸ਼ਰ ਕਰਨ ਵਾਲੇ ਕਿਸੇ ਵੀ ਤਰ੍ਹਾਂ ਦੇ ਸਿੱਧੇ ਜਾਂ ਅਸਿੱਧੇ ਖੁਲਾਸੇ ’ਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਸਪੱਸ਼ਟ ਹੁਕਮਾਂ ਦੇ ਬਾਵਜੂਦ ਉਲੰਘਣਾਵਾਂ ਹਾਲੇ ਵੀ ਲਗਾਤਾਰ ਜਾਰੀ ਹਨ।

ਅਦਾਲਤ ਦੀ ਇਹ ਟਿੱਪਣੀ ਬਹੁਤ ਗੰਭੀਰ ਹੈ ਕਿ ਅਜਿਹੀਆਂ ਖਾਮੀਆਂ ਉਦਾਨਸੀਨਤਾ ਅਤੇ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਹੁੰਦੀਆਂ ਹਨ। ਅਦਾਲਤਾਂ ਸਿਰਫ਼ ਵਿਵਾਦ ਖ਼ਤਮ ਕਰਵਾਉਣ ਵਾਲੀ ਧਿਰ ਨਹੀਂ, ਸਗੋਂ ਉਹ ਸੰਵਿਧਾਨਕ ਨੈਤਿਕਤਾ ਅਤੇ ਮਨੁੱਖੀ ਮਾਣ-ਸਨਮਾਨ ਦੀਆਂ ਰਖਵਾਲੀਆਂ ਹਨ। ਜਦੋਂ ਨਿਆਂਇਕ ਰਿਕਾਰਡ ਹੀ ਪੀੜਤਾਂ ਦੀ ਪਛਾਣ ਨਸ਼ਰ ਕਰਦੇ ਹੋਣ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਣ ਦਾ ਖਦਸ਼ਾ ਖੜ੍ਹਾ ਹੋ ਜਾਂਦਾ ਹੈ। ਇੱਕ ਅਜਿਹੇ ਸਮਾਜ ਵਿੱਚ, ਜਿੱਥੇ ਜਿਨਸੀ ਹਿੰਸਾ ਦੇ ਪੀੜਤਾਂ ਨੂੰ ਅਕਸਰ ਸਮਾਜ ਵਿੱਚੋਂ ਛੇਕੇ ਜਾਣ ਅਤੇ ਜੀਵਨ ਭਰ ਦੇ ਸਦਮੇ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਗੁੰਮਨਾਮੀ ਉਨ੍ਹਾਂ ਲਈ ਜਿਊਣ ਦਾ ਮੌਕਾ ਲੈ ਕੇ ਆਉਂਦੀ ਹੈ। ਪਛਾਣ ਦਾ ਖੁਲਾਸਾ ਸਮਾਜਿਕ ਅਲਹਿਦਗੀ, ਸਰੀਰਕ ਤੇ ਮਨੋਵਿਗਿਆਨਕ ਪੀੜ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਦੋਸ਼ੀ ਦੀ ਥਾਂ ਸਜ਼ਾ ਪੀੜਤ ਨੂੰ ਭੁਗਤਣੀ ਪੈਂਦੀ ਹੈ।

Advertisement

ਅਜਿਹੀਆਂ ਕਮੀਆਂ ਨੂੰ ਬਹੁਤ ਹੀ ਸਾਧਾਰਨ ਤਰੀਕੇ ਨਾਲ ਲੈਣਾ ਜਿਨਸੀ ਅਪਰਾਧਾਂ ਰਾਹੀਂ ਉਜਾਗਰ ਹੋਈਆਂ ਖਾਮੀਆਂ ਨੂੰ ਪਛਾਣਨ ਵਿੱਚ ਅਸਫ਼ਲ ਰਹਿਣਾ ਹੈ। ਸੁਪਰੀਮ ਕੋਰਟ ਵੱਲੋਂ ਆਪਣੇ ਫ਼ੈਸਲੇ ਬਾਰੇ ਸਾਰੇ ਹਾਈ ਕੋਰਟਸ ਨੂੰ ਸੂਚਿਤ ਕਰਨ ਦਾ ਨਿਰਦੇਸ਼ ਇੱਕ ਸਹੀ ਕਦਮ ਹੈ, ਪਰ ਇਸ ਦੇ ਨਾਲ ਸੰਸਥਾਗਤ ਜਵਾਬਦੇਹੀ ਵੀ ਹੋਣੀ ਚਾਹੀਦੀ ਹੈ। ਨਿਆਂਇਕ ਸਿਖਲਾਈ ਦੇ ਨਾਲ ਨਾਲ ਇਸ ਮਾਮਲੇ ਬਾਰੇ ਸੰਵੇਦਨਸ਼ੀਲਤਾ ਵਰਤਣ ਅਤੇ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਜ਼ਰੂਰੀ ਬਣਾਈ ਜਾਣੀ ਚਾਹੀਦੀ ਹੈ। ਪੀੜਤ ਦੀ ਪਛਾਣ ਦੀ ਸੁਰੱਖਿਆ ਤੋਂ ਭਾਵ ਹੈ ਉਸ ਦਾ ਮਾਣ-ਸਨਮਾਨ ਬਣਾਈ ਰੱਖਣਾ, ਨਿਆਂ ਪ੍ਰਣਾਲੀ ਵਿੱਚ ਭਰੋਸੇ ਨੂੰ ਮਜ਼ਬੂਤ ​​ਕਰਨਾ ਅਤੇ ਇਸ ਗੱਲ ਦੀ ਪੁਸ਼ਟੀ ਕਰਨਾ ਕਿ ਕਾਨੂੰਨ ਸਦਾ ਹੀ ਕਮਜ਼ੋਰਾਂ ਦੇ ਪੱਖ ਵਿੱਚ ਮਜ਼ਬੂਤੀ ਨਾਲ ਖੜ੍ਹਾ ਹੈ।

Advertisement

Advertisement
×