DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਰਧਾਲੂਆਂ ਦੀ ਆਸਥਾ ਨੂੰ ਠੇਸ

ਅਯੁੱਧਿਆ ਦੇ ਰਾਮ ਮੰਦਰ ਵਿੱਚ ਨਕਦੀ ਅਤੇ ਕੀਮਤੀ ਸਾਮਾਨ ਸਮੇਤ ਦਾਨ ਵਿੱਚ ਮਿਲੇ ਚੜ੍ਹਾਵੇ ਵਿੱਚ ਘਪਲੇ ਦੇ ਗੰਭੀਰ ਦੋਸ਼ਾਂ ਦੀ ਜਾਂਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਹੈ। ਇੱਥੇ ਸਵਾਲ ਸਿਰਫ਼ ਇੱਕ...

  • fb
  • twitter
  • whatsapp
  • whatsapp
Advertisement

ਅਯੁੱਧਿਆ ਦੇ ਰਾਮ ਮੰਦਰ ਵਿੱਚ ਨਕਦੀ ਅਤੇ ਕੀਮਤੀ ਸਾਮਾਨ ਸਮੇਤ ਦਾਨ ਵਿੱਚ ਮਿਲੇ ਚੜ੍ਹਾਵੇ ਵਿੱਚ ਘਪਲੇ ਦੇ ਗੰਭੀਰ ਦੋਸ਼ਾਂ ਦੀ ਜਾਂਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਹੈ। ਇੱਥੇ ਸਵਾਲ ਸਿਰਫ਼ ਇੱਕ ਵੱਕਾਰੀ ਧਾਰਮਿਕ ਸੰਸਥਾ ‘ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ’ ਦੀ ਸਾਖ ਦਾ ਹੀ ਨਹੀਂ ਹੈ ਸਗੋਂ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਵੀ ਹੈ, ਜਿਨ੍ਹਾਂ ਨੇ ਇਸ ਇਤਿਹਾਸਕ ਮੰਦਰ ਲਈ ਦਿਲ ਖੋਲ੍ਹ ਕੇ ਦਾਨ

ਦਿੱਤਾ ਹੈ। ਦੋਸ਼ ਹਨ ਕਿ ਕਈ ਕਰੋੜ ਰੁਪਏ ਦਾ ਨਕਦ ਦਾਨ ਖ਼ੁਰਦ-ਬੁਰਦ ਕਰ ਦਿੱਤਾ ਗਿਆ ਅਤੇ ਸੋਨੇ-ਚਾਂਦੀ ਦੇ ਅਸਲੀ ਗਹਿਣਿਆਂ ਦੀ ਜਗ੍ਹਾ ਨਕਲੀ ਰੱਖ ਦਿੱਤੇ ਗਏ। ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਦਾਨ ਵਜੋਂ ਮਿਲੀਆਂ 60 ਕਿੱਲੋ ਚਾਂਦੀ ਦੀਆਂ ਇੱਟਾਂ ਦੇ ਗ਼ਾਇਬ ਹੋਣ ਦੀਆਂ ਖ਼ਬਰਾਂ ਨੇ ਚੜ੍ਹਾਵੇ ਦੀ ਸੁਰੱਖਿਆ ਦੇ ਪ੍ਰਬੰਧਾਂ ’ਤੇ ਹੋਰ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

Advertisement

ਉਮੀਦ ਮੁਤਾਬਿਕ ਇਸ ਵਿਵਾਦ ਨੇ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇੱਕ ਵੱਡਾ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਵਿਰੋਧੀ ਧਿਰ ਨੇ ਸੱਤਾਧਾਰੀ ਧਿਰ ’ਤੇ ਦੋਸ਼ੀਆਂ ਦੀ ਪਿੱਠ ਪੂਰਨ ਦੇ ਦੋਸ਼ ਲਾਏ ਹਨ, ਜਦੋਂ ਕਿ ਭਾਜਪਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਅਯੁੱਧਿਆ ਨੂੰ ਬਦਨਾਮ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਦੱਸ ਕੇ ਖ਼ਾਰਜ ਕਰ ਦਿੱਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੰਜਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਸ਼ਰਧਾਲੂਆਂ ਨੇ ਮੰਦਰ ਲਈ 500 ਸਾਲ ਉਡੀਕ ਕੀਤੀ ਹੈ, ਉਨ੍ਹਾਂ ਨੂੰ ਐੱਸ ਆਈ ਟੀ ਦੀ ਜਾਂਚ ਪੂਰੀ ਹੋਣ ਲਈ ਹੋਰ 15 ਦਿਨ ਉਡੀਕ ਕਰਨੀ ਚਾਹੀਦੀ ਹੈ। ਬਿਨਾਂ ਸ਼ੱਕ ਇਸ ਮੰਦਭਾਗੇ ਤੇ ਸੰਵੇਦਨਸ਼ੀਲ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਇੱਕ ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਬੇਹੱਦ ਜ਼ਰੂਰੀ ਹੈ।

Advertisement

ਰਿਕਾਰਡ ਜਨਤਕ ਕਰਨ ਅਤੇ ਇੱਕ ਸੁਤੰਤਰ ਆਡਿਟ ਕਰਵਾਉਣ ਦੀ ਮੰਗ ਨੂੰ ਹੁਣ ਸਿਰੇ ਤੋਂ ਖ਼ਾਰਜ ਨਹੀਂ ਕੀਤਾ ਜਾ ਸਕਦਾ। ਜਿੱਥੇ ਆਮ ਲੋਕਾਂ ਦੇ ਦਾਨ ਅਤੇ ਧਾਰਮਿਕ ਆਸਥਾ ਦਾ ਸਵਾਲ ਹੋਵੇ ਉੱਥੇ ਜਵਾਬਦੇਹੀ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।

ਇਹ ਵਿਵਾਦ ਭਾਰਤ ਦੇ ਵੱਡੇ ਧਾਰਮਿਕ ਅਦਾਰਿਆਂ ਦੀ ਇੱਕ ਪੁਰਾਣੀ ਸਮੱਸਿਆ ਨੂੰ ਵੀ ਉਜਾਗਰ ਕਰਦਾ ਹੈ। ਜਿਹੜੇ ਮੰਦਰਾਂ ਵਿੱਚ ਕਰੋੜਾਂ ਰੁਪਏ ਦਾ ਚੜ੍ਹਾਵਾ ਆਉਂਦਾ ਹੈ ਉੱਥੇ ਆਡਿਟ, ਸਾਮਾਨ ਦੇ ਰੱਖ-ਰਖਾਅ, ਡਿਜੀਟਲ ਟਰੈਕਿੰਗ ਅਤੇ ਗ਼ੈਰ-ਸਰਕਾਰੀ ਨਿਗਰਾਨੀ ਦੇ ਆਧੁਨਿਕ ਪ੍ਰਬੰਧ ਹੋਣੇ ਬੇਹੱਦ ਜ਼ਰੂਰੀ ਹਨ। ਰਾਮ ਮੰਦਰ ਭਾਰਤ ਦੇ ਬਹੁਗਿਣਤੀ ਭਾਈਚਾਰੇ ਦੀਆਂ ਸਾਂਝੀਆਂ ਭਾਵਨਾਵਾਂ ਦਾ ਪ੍ਰਤੀਕ ਹੈ। ਇਸੇ ਅਹਿਮੀਅਤ ਕਰਕੇ ਹਰੇਕ ਦੋਸ਼ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਹਰ ਸ਼ੱਕ-ਸ਼ੁਭੇ ਨੂੰ ਪਾਰਦਰਸ਼ੀ ਢੰਗ ਨਾਲ ਦੂਰ ਕੀਤਾ ਜਾਣਾ ਚਾਹੀਦਾ ਹੈ। ਮੰਦਰ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਬਣਾਈ ਰੱਖਣ ਦਾ ਅਸਲ ਮਤਲਬ ਸ਼ਰਧਾਲੂਆਂ ਦੇ ਅਟੁੱਟ ਵਿਸ਼ਵਾਸ ਨੂੰ ਕਾਇਮ ਰੱਖਣਾ ਹੀ ਹੈ।

Advertisement
×