ਮਨੁੱਖਤਾ ਨੂੰ ਪਹਿਲ
ਪੋਪ ਲੀਓ ਪੰਦਰ੍ਹਵੇਂ ਦੀ ਹਾਲੀਆ ਚਿਤਾਵਨੀ ਕਿ ਆਰਟੀਫੀਸ਼ੀਲ ਇੰਟੈਲੀਜੈਂਸ ‘ਧਰੁਵੀਕਰਨ, ਟਕਰਾਅ, ਡਰ ਅਤੇ ਹਿੰਸਾ’ ਵਿੱਚ ਵਾਧਾ ਕਰ ਸਕਦੀ ਹੈ, ’ਤੇ ਸਾਰੀ ਦੁਨੀਆ ਨੂੰ ਧਿਆਨ ਦੇਣ ਦੀ ਲੋੜ ਹੈ। ਅਜਿਹੇ ਸਮੇਂ ਜਦੋਂ ਰਫ਼ਤਾਰ, ਸਹੂਲਤ ਅਤੇ ਨਵੀਨਤਾ ਲਈ ਏ ਆਈ ਦੀ ਸ਼ਲਾਘਾ...
ਪੋਪ ਲੀਓ ਪੰਦਰ੍ਹਵੇਂ ਦੀ ਹਾਲੀਆ ਚਿਤਾਵਨੀ ਕਿ ਆਰਟੀਫੀਸ਼ੀਲ ਇੰਟੈਲੀਜੈਂਸ ‘ਧਰੁਵੀਕਰਨ, ਟਕਰਾਅ, ਡਰ ਅਤੇ ਹਿੰਸਾ’ ਵਿੱਚ ਵਾਧਾ ਕਰ ਸਕਦੀ ਹੈ, ’ਤੇ ਸਾਰੀ ਦੁਨੀਆ ਨੂੰ ਧਿਆਨ ਦੇਣ ਦੀ ਲੋੜ ਹੈ। ਅਜਿਹੇ ਸਮੇਂ ਜਦੋਂ ਰਫ਼ਤਾਰ, ਸਹੂਲਤ ਅਤੇ ਨਵੀਨਤਾ ਲਈ ਏ ਆਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਪੋਪ ਨੇ ਦੁਨੀਆ ਨੂੰ ਯਾਦ ਦਿਵਾਇਆ ਹੈ ਕਿ ਨੈਤਿਕਤਾ ਤੋਂ ਬਿਨਾਂ ਤਕਨੀਕ ਖ਼ਤਰਨਾਕ ਹੋ ਸਕਦੀ ਹੈ। ਆਪਣੇ ਮੁਢਲੇ ਰੂਪ ਵਿੱਚ ਏ ਆਈ ਕੋਈ ਮਾੜੀ ਚੀਜ਼ ਨਹੀਂ ਹੈ, ਪਰ ਇਹ ਕੋਈ ਨਿਰਪੱਖ ਵਸਤੂ ਵੀ ਨਹੀਂ ਹੈ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਸ ਦੀ ਬਣਤਰ, ਵਰਤੋਂ ਅਤੇ ਇਸ ਨੂੰ ਨਿਯਮਤ ਕਰਨ ਪਿੱਛੇ ਮਨੁੱਖ ਦੀ ਮਨਸ਼ਾ ਕੀ ਹੈ। ਹਾਲੀਆ ਘਟਨਾਵਾਂ ਨੇ ਪੋਪ ਦੀਆਂ ਚਿੰਤਾਵਾਂ ਨੂੰ ਸਹੀ ਸਾਬਤ ਕੀਤਾ ਹੈ। ਦੁਨੀਆ ਭਰ ਦੀਆਂ ਚੋਣਾਂ ਵਿੱਚ ਏ ਆਈ ਵੱਲੋਂ ਤਿਆਰ ਕੀਤੀਆਂ ਡੀਪ ਫੇਕ ਵੀਡੀਓਜ਼ ਅਤੇ ਕਲੋਨ ਕੀਤੀਆਂ ਆਵਾਜ਼ਾਂ ਦੀ ਵਰਤੋਂ ਝੂਠ ਫੈਲਾਉਣ, ਵੋਟਰਾਂ ਨੂੰ ਉਲਝਾਉਣ ਅਤੇ ਲੋਕਤੰਤਰੀ ਸੰਸਥਾਵਾਂ ’ਤੇ ਉਨ੍ਹਾਂ ਦੇ ਭਰੋਸੇ ਨੂੰ ਖੋਰਾ ਲਾਉਣ ਲਈ ਕੀਤੀ ਗਈ ਹੈ। ਧੋਖੇਬਾਜ਼ਾਂ ਨੇ ਆਵਾਜ਼ ਕਲੋਨਿੰਗ ਟੂਲ ਦੀ ਵਰਤੋਂ ਕਰਕੇ ਪਰਿਵਾਰਕ ਮੈਂਬਰਾਂ ਜਾਂ ਅਧਿਕਾਰੀਆਂ ਦੀ ਨਕਲ ਕੀਤੀ ਅਤੇ ਪੀੜਤਾਂ ਤੋਂ ਧੋਖੇ ਨਾਲ ਪੈਸੇ ਉਗਰਾਹੇ ਹਨ। ਜਿਸ ਕੰਮ ਲਈ ਪਹਿਲਾਂ ਇੱਕ ਖ਼ਾਸ ਕਿਸਮ ਦੇ ਹੁਨਰ ਅਤੇ ਵਿਸ਼ੇਸ਼ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਸੀ, ਉਹ ਹੁਣ ਬਹੁਤ ਘੱਟ ਪੈਸੇ ਵਿੱਚ ਵੱਡੇ ਪੱਧਰ ’ਤੇ ਕੀਤਾ ਜਾ ਸਕਦਾ ਹੈ।
ਹੁਣ ਚਿੰਤਾ ਸਿਰਫ਼ ਗ਼ਲਤ ਜਾਣਕਾਰੀ ਤੱਕ ਸੀਮਤ ਨਹੀਂ ਹੈ। ਐਂਥ੍ਰੋਪਿਕ ਦੇ ਉੱਨਤ ਏ ਆਈ ਮਾਡਲ ਮਿਥੋਸ ਨਾਲ ਜੁੜੀਆਂ ਚਿਤਾਵਨੀਆਂ ਦਰਸਾਉਂਦੀਆਂ ਹਨ ਕਿ ਅਗਲਾ ਖ਼ਤਰਾ ਵਿੱਤੀ ਪ੍ਰਣਾਲੀਆਂ ਅਤੇ ਸਾਈਬਰ ਸੁਰੱਖਿਆ ਨਾਲ ਸਬੰਧਤ ਹੋ ਸਕਦਾ ਹੈ। ਜੇਕਰ ਤਾਕਤਵਰ ਏ ਆਈ ਕਮਜ਼ੋਰੀਆਂ ਦੀ ਪਛਾਣ ਕਰ ਸਕਦਾ ਹੈ, ਆਪਣੇ ਪੱਧਰ ’ਤੇ ਹਮਲੇ ਕਰ ਸਕਦਾ ਹੈ ਜਾਂ ਬੈਂਕਿੰਗ ਨੈੱਟਵਰਕਾਂ ’ਤੇ ਧੋਖਾਧੜੀ ਸੰਭਵ ਬਣਾ ਸਕਦਾ ਹੈ ਤਾਂ ਇਸ ਦੇ ਨਤੀਜੇ ਡਿਜੀਟਲ ਦੁਨੀਆ ਤੋਂ ਬਹੁਤ ਅੱਗੇ ਤੱਕ ਜਾ ਸਕਦੇ ਹਨ। ਵਿੱਤੀ ਸੰਕਟ, ਭੁਗਤਾਨ ਵਿੱਚ ਅੜਿੱਕਾ ਅਤੇ ਲੋਕਾਂ ਦੇ ਭਰੋਸੇ ਨੂੰ ਲੱਗਿਆ ਖੋਰਾ ਵੀ ਸਿਆਸੀ ਪ੍ਰਾਪੇਗੰਡੇ ਵਾਂਗ ਸਮਾਜ ਨੂੰ ਅਸਥਿਰ ਕਰ ਸਕਦਾ ਹੈ। ਇਸ ਦੀ ਕੀਮਤ ਵਾਤਾਵਰਨ ਨੂੰ ਵੀ ਤਾਰਨੀ ਪੈਂਦੀ ਹੈ। ਏ ਆਈ ਦਾ ਤੇਜ਼ੀ ਨਾਲ ਵਿਸਥਾਰ ਵਿਸ਼ਾਲ ਡੇਟਾ ਸੈਂਟਰਾਂ ਅਤੇ ਕੋਬਾਲਟ ਅਤੇ ਲਿਥੀਅਮ ਵਰਗੇ ਖਣਿਜਾਂ ’ਤੇ ਨਿਰਭਰ ਕਰਦਾ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਅਕਸਰ ਵਾਤਾਵਰਨ ਅਤੇ ਮਨੁੱਖ ਜਾਤੀ ਨੂੰ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ।
ਫਿਰ ਵੀ ਏ ਆਈ ਨੂੰ ਰੱਦ ਕਰਨਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਸਿਆਣਪ। ਜ਼ਿੰਮੇਵਾਰੀ ਨਾਲ ਇਸ ਦੀ ਵਰਤੋਂ ਕਰਨ ਨਾਲ ਇਹ ਸਿਹਤ, ਸਿੱਖਿਆ, ਐਮਰਜੈਂਸੀ ਸੇਵਾਵਾਂ ਅਤੇ ਉਤਪਾਦਕਤਾ ਵਿੱਚ ਕ੍ਰਾਂਤੀ ਲਿਆ ਸਕਦੀ ਹੈ। ਅਸਲ ਚੁਣੌਤੀ ਸ਼ਾਸਨ ਹੈ। ਸਰਕਾਰਾਂ ਨੂੰ ਮਜ਼ਬੂਤ ਕਾਨੂੰਨ ਬਣਾਉਣੇ ਪੈਣਗੇ, ਕੰਪਨੀਆਂ ਨੂੰ ਆਪਣੇ ਸਿਸਟਮ ਵਿੱਚ ਪਾਰਦਰਸ਼ਤਾ ਅਤੇ ਸੁਰੱਖਿਆ ਸ਼ਾਮਲ ਕਰਨੀ ਪਵੇਗੀ ਅਤੇ ਲੋਕਾਂ ਨੂੰ ਡਿਜੀਟਲ ਸਿੱਖਿਆ ਪ੍ਰਾਪਤ ਕਰਨੀ ਪਵੇਗੀ। ਕੌਮਾਂਤਰੀ ਸਹਿਯੋਗ ਵੀ ਓਨਾ ਹੀ ਜ਼ਰੂਰੀ ਹੈ। ਇਸ ਸਮੇਂ ਦਾ ਮੁੱਖ ਸਵਾਲ ਇਹ ਨਹੀਂ ਹੈ ਕਿ ਮਸ਼ੀਨਾਂ ਸੋਚ ਸਕਦੀਆਂ ਹਨ ਜਾਂ ਨਹੀਂ, ਸਗੋਂ ਇਹ ਹੈ ਕਿ ਕੀ ਮਨੁੱਖ ਜ਼ਿੰਮੇਵਾਰੀ ਨਾਲ ਕੰਮ ਕਰ ਸਕਦੇ ਹਨ।

