ਦਹੇਜ ਖ਼ਾਤਰ ਬਲੀ ਕਦੋਂ ਤੱਕ?
ਭੁਪਾਲ ਵਿੱਚ ਤਵਿਸ਼ਾ ਸ਼ਰਮਾ ਅਤੇ ਗ੍ਰੇਟਰ ਨੋਇਡਾ ਵਿੱਚ ਦੀਪਿਕਾ ਨਾਗਰ ਦੀਆਂ ਮੌਤਾਂ ਇਹ ਸਪੱਸ਼ਟ ਕਰਦੀਆਂ ਹਨ ਕਿ ਦਾਜ, ਘਰੇਲੂ ਹਿੰਸਾ ਅਤੇ ਮਰਦ ਪ੍ਰਧਾਨ ਸੋਚ ਦਾ ਦਬਦਬਾ ਅੱਜ ਵੀ ਭਾਰਤੀ ਪਰਿਵਾਰਾਂ ਵਿੱਚ ਪੈਰ ਪਸਾਰੀ ਬੈਠਾ ਹੈ, ਜੋ ਅਕਸਰ ਸਿੱਖਿਆ, ਅਮੀਰੀ ਅਤੇ...
ਭੁਪਾਲ ਵਿੱਚ ਤਵਿਸ਼ਾ ਸ਼ਰਮਾ ਅਤੇ ਗ੍ਰੇਟਰ ਨੋਇਡਾ ਵਿੱਚ ਦੀਪਿਕਾ ਨਾਗਰ ਦੀਆਂ ਮੌਤਾਂ ਇਹ ਸਪੱਸ਼ਟ ਕਰਦੀਆਂ ਹਨ ਕਿ ਦਾਜ, ਘਰੇਲੂ ਹਿੰਸਾ ਅਤੇ ਮਰਦ ਪ੍ਰਧਾਨ ਸੋਚ ਦਾ ਦਬਦਬਾ ਅੱਜ ਵੀ ਭਾਰਤੀ ਪਰਿਵਾਰਾਂ ਵਿੱਚ ਪੈਰ ਪਸਾਰੀ ਬੈਠਾ ਹੈ, ਜੋ ਅਕਸਰ ਸਿੱਖਿਆ, ਅਮੀਰੀ ਅਤੇ ਸਮਾਜਿਕ ਰੁਤਬੇ ਦੇ ਦਿਖਾਵੇ ਪਿੱਛੇ ਲੁਕਿਆ ਹੁੰਦਾ ਹੈ। ਰਿਪੋਰਟਾਂ ਮੁਤਾਬਿਕ ਦਾਜ ਦੀ ਬਲੀ ਚੜ੍ਹੀਆਂ ਇਨ੍ਹਾਂ ਔਰਤਾਂ ਵਿੱਚੋਂ ਇੱਕ ਔਰਤ ਨੇ ਆਪਣੀ ਮਾਂ ਨੂੰ ਚਿੱਠੀ ਵਿੱਚ ਲਿਖਿਆ ਸੀ ਕਿ ਉਸ ਦਾ ‘ਦਮ ਘੁੱਟਦਾ’ ਹੈ; ਜਦੋਂਕਿ ਦੂਜੀ ਨੂੰ ਸ਼ਾਨਦਾਰ ਵਿਆਹ ਦੇ ਬਾਵਜੂਦ ਕਥਿਤ ਤੌਰ ’ਤੇ ਨਕਦੀ ਅਤੇ ਲਗਜ਼ਰੀ ਕਾਰ ਲਈ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਅੱਜ ਵਿਆਹ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਦੋਵੇਂ ਇਸ ਦੁਨੀਆ ਵਿੱਚ ਨਹੀਂ ਹਨ। ਭਾਰਤ ਨੇ ਛੇ ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ ਦਾਜ ਪ੍ਰਥਾ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਸੀ, ਪਰ ਵਧਦੇ ਉਪਭੋਗਤਾਵਾਦ ਦੇ ਨਾਲ ਇਹ ਮਾੜੀ ਪ੍ਰਥਾ ਹੋਰ ਨਵੇਂ ਰੂਪਾਂ ਵਿੱਚ ਸਾਹਮਣੇ ਆਈ ਹੈ। ਗਹਿਣਿਆਂ ਅਤੇ ਘਰੇਲੂ ਸਾਮਾਨ ਦੀਆਂ ਪੁਰਾਣੀਆਂ ਮੰਗਾਂ ਹੁਣ ਐੱਸ ਯੂ ਵੀ, ਆਲੀਸ਼ਾਨ ਜੀਵਨ ਸ਼ੈਲੀ, ਜਾਇਦਾਦ ਦੇ ਤਬਾਦਲੇ ਅਤੇ ਵਿੱਤੀ ਸੰਪਤੀਆਂ ਵਿੱਚ ਬਦਲ ਗਈਆਂ ਹਨ। ਕਈ ਮਾਮਲਿਆਂ ਵਿੱਚ ਵਿਆਹ ਇੱਕ ਵਪਾਰਕ ਮੰਡੀ ਬਣ ਕੇ ਰਹਿ ਗਿਆ ਹੈ, ਜਿੱਥੇ ਔਰਤਾਂ ਤੋਂ ਨਾ ਸਿਰਫ਼ ਭਾਵਨਾਤਮਕ ਜ਼ਿੰਮੇਵਾਰੀ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ ਸਗੋਂ ਆਪਣੇ ਸਹੁਰੇ ਘਰ ਵਿੱਚ ਆਰਥਿਕ ਮੁਨਾਫ਼ਾ ਲਿਆਉਣ ਦਾ ਦਬਾਅ ਵੀ ਪਾਇਆ ਜਾਂਦਾ ਹੈ।
ਇਸ ਤੋਂ ਵੀ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਮਾਨਸਿਕ ਸ਼ੋਸ਼ਣ ਨੂੰ ਇੱਕ ਆਮ ਗੱਲ ਮੰਨ ਲਿਆ ਜਾਂਦਾ ਹੈ। ਸਮਾਜ ਵਿੱਚ ਇਸ ਗੰਭੀਰ ਮਸਲੇ ਨੂੰ ਬਹੁਤ ਹਲਕੇ ਵਿੱਚ ਲੈਣ ਦਾ ਰੁਝਾਨ ਬਣ ਗਿਆ ਹੈ। ਦੋਵਾਂ ਮਾਮਲਿਆਂ ਵਿੱਚ ਦੁਖਾਂਤ ਦੇ ਵਾਪਰਨ ਤੋਂ ਪਹਿਲਾਂ ਪੀੜਤਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਹਾਲਾਤ ਬਾਰੇ ਦੱਸਿਆ ਸੀ। ਉਨ੍ਹਾਂ ਨੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ, ਜਬਰ ਅਤੇ ਜ਼ਲਾਲਤ ਦਾ ਜ਼ਿਕਰ ਕੀਤਾ ਸੀ। ਅਜਿਹੇ ਚਿਤਾਵਨੀ ਭਰੇ ਸੰਕੇਤਾਂ ਨੂੰ ਅਕਸਰ ਤਾਲਮੇਲ ਦੀ ਕਮੀ ਜਾਂ ਘਰੇਲੂ ਅਣਬਣ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਪਰਿਵਾਰ ਸਮਾਜਿਕ ਨਮੋਸ਼ੀ ਦੇ ਡਰੋਂ ਇਸ ਮਾਮਲੇ ਵਿੱਚ ਸਖ਼ਤ ਦਖ਼ਲ ਦੇਣ ਤੋਂ ਝਿਜਕਦਾ ਹੈ ਜਦੋਂਕਿ ਪੀੜਤਾ ’ਤੇ ਹਰ ਕੀਮਤ ’ਤੇ ਵਿਆਹ ਬਚਾਉਣ ਦਾ ਦਬਾਅ ਪਾਇਆ ਜਾਂਦਾ ਹੈ। ਇਨ੍ਹਾਂ ਮਾਮਲਿਆਂ ਵਿੱਚ ਪੜ੍ਹੇ-ਲਿਖੇ ਸ਼ਹਿਰੀ ਪਰਿਵਾਰਾਂ ਦਾ ਸ਼ਾਮਿਲ ਹੋਣਾ ਇਸ ਭਰਮ ਨੂੰ ਤੋੜਦਾ ਹੈ ਕਿ ਸਾਖਰਤਾ ਆਪਣੇ-ਆਪ ਹੀ ਸਮਾਜਿਕ ਸੁਧਾਰ ਲੈ ਆਉਂਦੀ ਹੈ। ਉੱਚੀਆਂ ਡਿਗਰੀਆਂ ਅਤੇ ਪੇਸ਼ੇਵਰ ਰੁਤਬਾ ਮਨਾਂ ਵਿੱਚ ਡੂੰਘੀਆਂ ਜੜ੍ਹਾਂ ਜਮਾ ਚੁੱਕੀ ਮਰਦ ਪ੍ਰਧਾਨ ਸੋਚ ਨੂੰ ਖ਼ਤਮ ਨਹੀਂ ਕਰਦੇ ਸਗੋਂ ਕਈ ਵਾਰ ਸਮਾਜਿਕ ਰੁਤਬਾ ਅਤੇ ਝੂਠੀ ਸ਼ਾਨ ਅਜਿਹੇ ਸ਼ੋਸ਼ਣ ਨੂੰ ਜਨਤਕ ਹੋਣ ਤੋਂ ਰੋਕਣ ਲਈ ਢਾਲ ਦਾ ਕੰਮ ਕਰਦੀ ਹੈ।
ਸਾਡੀ ਨਿਆਂ ਪ੍ਰਣਾਲੀ ਲਈ ਇਹ ਜ਼ਰੂਰੀ ਹੈ ਕਿ ਉਹ ਦੋਵਾਂ ਮਾਮਲਿਆਂ ਵਿੱਚ ਤੇਜ਼ੀ ਅਤੇ ਪਾਰਦਰਸ਼ਤਾ ਨਾਲ ਜਾਂਚ ਯਕੀਨੀ ਬਣਾਏ, ਪਰ ਇਸ ਦੇ ਨਾਲ ਹੀ ਸਮਾਜ ਨੂੰ ਆਪਣੇ ਅੰਦਰ ਝਾਤ ਮਾਰਨੀ ਵੀ ਓਨੀ ਹੀ ਲਾਜ਼ਮੀ ਹੈ। ਦਾਜ ਦੀ ਪ੍ਰਥਾ ਅੱਜ ਵੀ ਇਸ ਲਈ ਚੱਲ ਰਹੀ ਹੈ ਕਿਉਂਕਿ ਸਾਡਾ ਸਮਾਜ ਇਸ ਨੂੰ ਬਦਲੇ ਹੋਏ ਰੂਪਾਂ ਵਿੱਚ ਪ੍ਰਵਾਨ ਕਰਦਾ ਹੈ। ਕਦੇ ‘ਤੋਹਫ਼ਿਆਂ’ ਦੇ ਨਾਂ ’ਤੇ, ਕਦੇ ਸਮਾਜਿਕ ਰੁਤਬੇ ਦੀ ਦੌੜ ਵਜੋਂ ਅਤੇ ਕਦੇ ਚੁੱਪ-ਚਾਪ ਸਹਿਮਤੀ ਦੇ ਕੇ। ਜਦੋਂ ਤੱਕ ਵਿਆਹ ਨੂੰ ਇੱਕ ਵਿੱਤੀ ਕਾਰੋਬਾਰ ਵਾਂਗ ਦੇਖਣਾ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਸੀਂ ਆਪਣੀਆਂ ਧੀਆਂ ਨੂੰ ਪਰੰਪਰਾ ਦੇ ਮੁਖੌਟੇ ਹੇਠ ਲੁਕੇ ਲਾਲਚ ਦੀ ਭੇਟ ਚੜ੍ਹਾਉਂਦੇ ਰਹਾਂਗੇ।

