DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੋਰਮੁਜ਼ ਝਟਕਾ

ਇਰਾਨ ਉੱਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਅਤੇ ਤਹਿਰਾਨ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਮਗਰੋਂ ਪੈਦਾ ਹੋਏ ਹਾਲਾਤ ਨੇ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਵਾਲੇ ਸਮੁੰਦਰੀ ਜਹਾਜ਼ਾਂ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ, ਜਿਸ ਨਾਲ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ 100...

  • fb
  • twitter
  • whatsapp
  • whatsapp
Advertisement
ਇਰਾਨ ਉੱਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਅਤੇ ਤਹਿਰਾਨ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਮਗਰੋਂ ਪੈਦਾ ਹੋਏ ਹਾਲਾਤ ਨੇ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਵਾਲੇ ਸਮੁੰਦਰੀ ਜਹਾਜ਼ਾਂ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ, ਜਿਸ ਨਾਲ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀਆਂ ਗਈਆਂ ਹਨ। ਇਸ ਨਾਲ ਦੁਨੀਆ ਭਰ ਦੇ ਈਂਧਣ/ਊਰਜਾ ਬਾਜ਼ਾਰਾਂ ਵਿੱਚ ਹਲਚਲ ਮੱਚ ਗਈ ਹੈ। ਭਾਰਤ ਉੱਤੇ ਇਸ ਸੰਕਟ ਦਾ ਅਸਰ ਪਹਿਲਾਂ ਹੀ ਐੱਲ ਪੀ ਜੀ ਦੀ ਘਾਟ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ, ਜਿਸ ਨੇ ਰੈਸਤਰਾਂ, ਛੋਟੇ ਕਾਰੋਬਾਰਾਂ ਅਤੇ ਘਰੇਲੂ ਵਰਤੋਂਕਾਰਾਂ ਨੂੰ ਗੰਭੀਰ ਰੂਪ ਵਿੱਚ ਕੋਈ ਹੋਰ ਹੀਲਾ ਕਰਨ ਲਈ ਮਜਬੂਰ ਕਰ ਦਿੱਤਾ ਹੈ।ਭਾਰਤ ਵਿੱਚ ਖਪਤ ਹੋਣ ਵਾਲੇ ਤੇਲ ਦਾ ਲਗਪਗ 80 ਫ਼ੀਸਦੀ ਹਿੱਸਾ ਦਰਾਮਦ ਕੀਤਾ ਜਾਂਦਾ ਹੈ ਅਤੇ ਇਸ ਸਪਲਾਈ ਦਾ ਇੱਕ ਵੱਡਾ ਹਿੱਸਾ ਹੋਰਮੁਜ਼ ਜਲਡਮਰੂ ਵਿੱਚੋਂ ਹੋ ਕੇ ਲੰਘਦਾ ਹੈ। ਜਦੋਂ ਇਸ ਜਲਮਾਰਗ ਵਿੱਚ ਅੜਿੱਕਾ ਖੜ੍ਹਾ ਹੁੰਦਾ ਹੈ ਤਾਂ ਇਸ ਦਾ ਅਸਰ ਸਮੁੰਦਰ ਵਿੱਚ ਖੜ੍ਹੇ ਟੈਂਕਰਾਂ ਤੋਂ ਘਰਾਂ ਦੀਆਂ ਰਸੋਈਆਂ ਤੱਕ ਤੇਜ਼ੀ ਨਾਲ ਫੈਲਦਾ ਹੈ। ਵਪਾਰਕ ਵੰਡ ਨੂੰ ਸੀਮਤ ਕਰਦੇ ਹੋਏ ਘਰੇਲੂ ਐੱਲ ਪੀ ਜੀ ਸਪਲਾਈ ਨੂੰ ਤਰਜੀਹ ਦੇਣ ਦੇ ਸਰਕਾਰ ਦੇ ਫ਼ੈਸਲੇ ਨੇ ਸਾਡੀ ਊਰਜਾ ਸੁਰੱਖਿਆ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਾਹਤ ਇੱਕ ਅਣਕਿਆਸੀ ਦਿਸ਼ਾ ਤੋਂ ਆਈ ਹੈ। ਅਮਰੀਕਾ, ਜਿਸ ਨੇ ਪਹਿਲਾਂ ਨਵੀਂ ਦਿੱਲੀ ’ਤੇ ਰੂਸੀ ਕੱਚੇ ਤੇਲ ਦੀ ਖਰੀਦ ਘਟਾਉਣ ਲਈ ਦਬਾਅ ਪਾਇਆ ਸੀ, ਨੇ ਇੱਕ ਮਹੀਨੇ ਲਈ ਪਾਬੰਦੀਆਂ ’ਤੇ ਛੋਟ ਦੇ ਦਿੱਤੀ, ਜਿਸ ਨਾਲ ਹੁਣ ਭਾਰਤ ਰੂਸੀ ਕੱਚਾ ਤੇਲ ਖਰੀਦ ਸਕਦਾ ਹੈ। ਇਸ ਅਚਾਨਕ ਹੋਈ ਤਬਦੀਲੀ ਨਾਲ ਵਿਸ਼ਵ ਊਰਜਾ ਰਾਜਨੀਤੀ ਦੀ ਲੈਣ-ਦੇਣ ਦੀ ਪ੍ਰਕਿਰਤੀ ਉਜਾਗਰ ਹੋਈ ਹੈ। ਜਿਸ ਨੂੰ ਬੀਤੇ ਕੱਲ੍ਹ ਅਸਵੀਕਾਰਯੋਗ ਦੱਸਿਆ ਜਾ ਰਿਹਾ ਸੀ, ਅੱਜ ਉਹ ਲਾਜ਼ਮੀ ਹੋ ਗਿਆ ਹੈ।

Advertisement

ਕੂਟਨੀਤਕ ਨਜ਼ਰੀਏ ਤੋਂ ਵੇਖੀਏ ਤਾਂ ਇਸ ਸੰਕਟ ਤੋਂ ਵੀ ਇੱਕ ਮਹੱਤਵਪੂਰਨ ਸਬਕ ਸਿੱਖਣ ਨੂੰ ਮਿਲਦਾ ਹੈ। ਪੱਛਮੀ ਏਸ਼ੀਆ ਵਿਚਲੇ ਟਕਰਾਅ ਦੇ ਸ਼ੁਰੂਆਤੀ ਦਿਨਾਂ ਵਿੱਚ ਭਾਰਤ ਦਾ ਝੁਕਾਅ ਸਪੱਸ਼ਟ ਰੂਪ ਨਾਲ ਇਜ਼ਰਾਈਲ ਵੱਲ ਦਿਖਾਈ ਦਿੱਤਾ ਸੀ, ਜੋ ਰਣਨੀਤਕ ਸਬੰਧਾਂ ਤੇ ਰਾਜਨੀਤਕ ਸੰਕੇਤ ਦੋਵਾਂ ਨੂੰ ਦਰਸਾਉਂਦਾ ਸੀ। ਜਿਉਂ-ਜਿਉਂ ਇਸ ਟਕਰਾਅ ਦਾ ਅਸਰ ਊਰਜਾ ਬਾਜ਼ਾਰਾਂ ’ਤੇ ਪੈਣਾ ਸ਼ੁਰੂ ਹੋਇਆ, ਤਿਉਂ-ਤਿਉਂ ਹੀ ਨਵੀਂ ਦਿੱਲੀ ਮੁੜ ਆਪਣੇ ਰਵਾਇਤੀ ਮੱਧ ਮਾਰਗ ’ਤੇ ਪਰਤ ਆਈ ਕਿ ਕੌਮੀ ਹਿੱਤਾਂ ਨੂੰ ਤਰਜੀਹ ਦਿੰਦੇ ਹੋਏ ਸਾਰੇ ਪੱਖਾਂ ਨਾਲ ਸਬੰਧ ਬਣਾ ਕੇ ਰੱਖੇ ਜਾਣੇ ਚਾਹੀਦੇ ਹਨ। ਨੀਤੀਆਂ ਬਣਾਉਣ ਤੇ ਲਾਗੂ ਕਰਨ ਲਈ ਇਹੋ ਪਹੁੰਚ ਹੀ ਅਪਣਾਈ ਜਾਣੀ ਚਾਹੀਦੀ ਹੈ। ਸਪਲਾਈ ਰੂਟਾਂ ਵਿੱਚ ਵੰਨ-ਸੁਵੰਨਤਾ ਲਿਆਉਣਾ, ਰਣਨੀਤਕ ਪੈਟਰੋਲੀਅਮ ਭੰਡਾਰਾਂ ਦਾ ਵਿਸਥਾਰ ਕਰਨਾ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ’ਚ ਨਿਵੇਸ਼ ’ਚ ਤੇਜ਼ੀ ਲਿਆਉਣਾ ਹੁਣ ਸਿਰਫ਼ ਆਰਥਿਕ ਟੀਚੇ ਨਹੀਂ ਸਗੋਂ ਰਣਨੀਤਕ ਲੋੜ ਵੀ ਹਨ। ਜਦੋਂ ਦੂਰ-ਦੁਰਾਡੇ ਦਾ ਇੱਕ ਜਲਮਾਰਗ ਕਰੋੜਾਂ ਲੋਕਾਂ ਦੇ ਰੋਜ਼ਾਨਾ ਖਾਣੇ ਵਿੱਚ ਰੁਕਾਵਟ ਖੜ੍ਹੀ ਕਰ ਸਕਦਾ ਹੈ ਤਾਂ ਊਰਜਾ ਦੇ ਖੇਤਰ ਵਿੱਚ ਕਾਰਗਰ ਨੀਤੀਆਂ ’ਤੇ ਅਮਲ ਕਰਨਾ ਕੌਮੀ ਲੋੜ ਬਣ ਜਾਂਦਾ ਹੈ।

Advertisement

Advertisement
×