ਹਰਿਆਣਾ ਲਈ ਉਮੀਦ
ਜਨਮ ਸਮੇਂ ਲਿੰਗ ਅਨੁਪਾਤ (ਐੱਸ ਆਰ ਬੀ) ਵਿੱਚ ਅਹਿਮ ਸੁਧਾਰ ਹਰਿਆਣਾ ਲਈ ਸ਼ੁਭ ਸੰਕੇਤ ਹੈ ਕਿਉਂਕਿ ਹਾਲ ਹੀ ਦੇ ਦਹਾਕਿਆਂ ਵਿੱਚ ਇਸ ਗੁਆਂਢੀ ਸੂਬੇ ਵਿੱਚ ਲਿੰਗਕ ਅਸੰਤੁਲਨ ਪੈਦਾ ਹੋ ਗਿਆ ਸੀ। ਸੂਬਾਈ ਸਰਕਾਰ ਨੇ ਇਸ ਬਦਲਾਅ ਦਾ ਮੁੱਖ ਕਾਰਨ ਗ਼ੈਰ-ਕਾਨੂੰਨੀ...
ਜਨਮ ਸਮੇਂ ਲਿੰਗ ਅਨੁਪਾਤ (ਐੱਸ ਆਰ ਬੀ) ਵਿੱਚ ਅਹਿਮ ਸੁਧਾਰ ਹਰਿਆਣਾ ਲਈ ਸ਼ੁਭ ਸੰਕੇਤ ਹੈ ਕਿਉਂਕਿ ਹਾਲ ਹੀ ਦੇ ਦਹਾਕਿਆਂ ਵਿੱਚ ਇਸ ਗੁਆਂਢੀ ਸੂਬੇ ਵਿੱਚ ਲਿੰਗਕ ਅਸੰਤੁਲਨ ਪੈਦਾ ਹੋ ਗਿਆ ਸੀ। ਸੂਬਾਈ ਸਰਕਾਰ ਨੇ ਇਸ ਬਦਲਾਅ ਦਾ ਮੁੱਖ ਕਾਰਨ ਗ਼ੈਰ-ਕਾਨੂੰਨੀ ਗਰਭਪਾਤ ਕਰਨ ਤੇ ਕਰਵਾਉਣ ਵਾਲਿਆਂ ’ਤੇ ਕਾਰਵਾਈ ਨੂੰ ਦੱਸਿਆ ਹੈ। ਐੱਸ ਆਰ ਬੀ ਦੀ ਨੇੜਿਓਂ ਪੜਤਾਲ ਕਰਨ ਲਈ 2025 ਵਿੱਚ ਬਣਾਈ ਗਈ ਇੱਕ ਵਿਸ਼ੇਸ਼ ਟਾਸਕ ਫੋਰਸ ਨੇ ਸਮੇਂ-ਸਮੇਂ ’ਤੇ ਸਮੀਖਿਆਵਾਂ ਅਤੇ ਛਾਪਿਆਂ ਰਾਹੀਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ। ਗਰਭ ਗਿਰਾਉਣ ਵਾਲੀਆਂ (ਐੱਮ ਟੀ ਪੀ- ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ) ਕਿੱਟਾਂ ਦੀ ਵਿਕਰੀ ਨੂੰ ਨਿਯਮਿਤ ਕਰਨ ਨਾਲ ਜ਼ਮੀਨੀ ਪੱਧਰ ’ਤੇ ਮਹੱਤਵਪੂਰਨ ਫ਼ਰਕ ਦਿਸਿਆ ਹੈ।
ਸਾਲ 2015 ਵਿੱਚ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪਹਿਲਕਦਮੀ ਦੇ ਸ਼ੁਰੂਆਤੀ ਸਾਲਾਂ ਵਿੱਚ ਸਕਾਰਾਤਮਕ ਨਤੀਜੇ ਨਿਕਲੇ ਕਿਉਂਕਿ ਲਿੰਗ ਅਨੁਪਾਤ ਵਧਿਆ, ਪਰ 2019 ਤੋਂ ਬਾਅਦ ਇਹ ਨਕਾਰਾਤਮਕ ਰੁਝਾਨ ਮੁੜ ਉੱਭਰਿਆ, ਜਿਸ ਦੀ ਵਿਰੋਧੀ ਧਿਰ ਨੇ ਵੀ ਆਲੋਚਨਾ ਕੀਤੀ। ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਮਹਿਜ਼ ਇੱਕ ਮਹੀਨਾ ਪਹਿਲਾਂ ਲੋਕ ਸਭਾ ਵਿੱਚ ਇਹ ਮੁੱਦਾ ਉਠਾਇਆ ਸੀ।
ਲਿੰਗਕ ਅਸੰਤੁਲਨ ’ਚ ਸੁਧਾਰ ਦੇ ਸੰਕੇਤ ਆਸ ਬੰਨ੍ਹਾਉਣ ਵਾਲੇ ਹਨ, ਪਰ ਇਸ ਮਾਮਲੇ ਵਿੱਚ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚੋਂ ਸਿਰਫ਼ ਅੱਧੇ ਹੀ ਰਾਜ ਦੀ ਐੱਸ ਆਰ ਬੀ ਔਸਤ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਰਿਵਾੜੀ, ਰੋਹਤਕ, ਸੋਨੀਪਤ ਅਤੇ ਗੁਰੂਗ੍ਰਾਮ ਵਰਗੇ ਪਿੱਛੇ ਰਹਿ ਰਹੇ ਜ਼ਿਲ੍ਹਿਆਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪੰਚਕੂਲਾ, ਫਤਿਆਬਾਦ ਅਤੇ ਪਾਣੀਪਤ ਵਰਗੇ ਮੋਹਰੀ ਜ਼ਿਲ੍ਹੇ ਵੀ ਇਸ ਦਿਸ਼ਾ ਵਿੱਚ ਢਿੱਲ ਨਹੀਂ ਵਰਤ ਸਕਦੇ।
ਜਨ ਜਾਗਰੂਕਤਾ ਮੁਹਿੰਮਾਂ ਡੂੰਘੀਆਂ ਜੜ੍ਹਾਂ ਜਮਾਈ ਬੈਠੀ ਲਿੰਗ ਦੇ ਆਧਾਰ ’ਤੇ ਪੱਖਪਾਤ ਵਾਲੀ ਸੋਚ ਦਾ ਮੁਕਾਬਲਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਸਿਹਤ, ਪੁਲੀਸ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗਾਂ ਦਰਮਿਆਨ ਵਧੀਆ ਤਾਲਮੇਲ ਨਿਰੰਤਰ ਨਿਗਰਾਨੀ ਅਤੇ ਸਖ਼ਤੀ ਨਾਲ ਕਾਨੂੰਨ ਲਾਗੂ ਕਰਨ ਦੀ ਕੁੰਜੀ ਹੈ। ਗਰਭਪਾਤ ਕਰਵਾਉਣ ਵਾਲੀਆਂ ਔਰਤਾਂ, ਖ਼ਾਸ ਕਰਕੇ ਪਹਿਲਾਂ ਹੀ ਇੱਕ ਜਾਂ ਵੱਧ ਧੀਆਂ ਦੀਆਂ ਮਾਵਾਂ, ਨੂੰ ਟਰੈਕ ਕਰਨ ਲਈ ਵਰਤੀ ਜਾਂਦੀ ਰਿਵਰਸ ਟਰੈਕਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਅੰਤਰਰਾਜੀ ਗਰਭਪਾਤ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਮਿਲ ਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਆਪਣੀ ਜੇਤੂ ਐਥਲੀਟ ਧੀਆਂ ਲਈ ਪ੍ਰਸਿੱਧ ਹਰਿਆਣਾ ਰਾਜ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਧੀਆਂ ਨੂੰ ਬਚਾਉਣ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਯਤਨ ਲਗਾਤਾਰ ਗੰਭੀਰਤਾ ਨਾਲ ਕੀਤੇ ਜਾਣ। ਇਹ ਗੱਲ ਸਿਰਫ ਹਰਿਆਣਾ ’ਤੇ ਹੀ ਨਹੀਂ ਢੁੱਕਦੀ ਪੰਜਾਬ ਤੇ ਹੋਰਾਂ ਰਾਜਾਂ ਨੂੰ ਵੀ ਇਸ ਸਬੰਧੀ ਓਨੀ ਹੀ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ।

