DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਾਕੀ ਨੇ ਕੀਤਾ ਨਿਰਾਸ਼

ਇਹ ਬੇਹੱਦ ਨਿਰਾਸ਼ਾਜਨਕ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਵਿਸ਼ਵ ਕੱਪ ਵਿੱਚ ਤਗ਼ਮੇ ਦੀ ਦੌੜ ਤੋਂ ਬਾਹਰ ਹੋ ਗਈ ਹੈ। ਟੋਕੀਓ (2021) ਅਤੇ ਪੈਰਿਸ (2024) ਦੀਆਂ ਲਗਾਤਾਰ ਦੋ ਕਾਂਸੀ ਦੇ ਤਗ਼ਮੇ ਵਾਲੀਆਂ ਓਲੰਪਿਕ ਜਿੱਤਾਂ ਦੇ ਮੱਦੇਨਜ਼ਰ ਟੀਮ ਤੋਂ ਉਮੀਦਾਂ ਬਹੁਤ...

  • fb
  • twitter
  • whatsapp
  • whatsapp
Advertisement
ਇਹ ਬੇਹੱਦ ਨਿਰਾਸ਼ਾਜਨਕ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਵਿਸ਼ਵ ਕੱਪ ਵਿੱਚ ਤਗ਼ਮੇ ਦੀ ਦੌੜ ਤੋਂ ਬਾਹਰ ਹੋ ਗਈ ਹੈ। ਟੋਕੀਓ (2021) ਅਤੇ ਪੈਰਿਸ (2024) ਦੀਆਂ ਲਗਾਤਾਰ ਦੋ ਕਾਂਸੀ ਦੇ ਤਗ਼ਮੇ ਵਾਲੀਆਂ ਓਲੰਪਿਕ ਜਿੱਤਾਂ ਦੇ ਮੱਦੇਨਜ਼ਰ ਟੀਮ ਤੋਂ ਉਮੀਦਾਂ ਬਹੁਤ ਜ਼ਿਆਦਾ ਸਨ। ਚੱਲ ਰਹੇ ਹਾਕੀ ਵਿਸ਼ਵ ਕੱਪ ਦੌਰਾਨ ਟੀਮ ਅਹਿਮ ਮੌਕਿਆਂ ’ਤੇ ਲੜਖੜਾ ਗਈ ਅਤੇ ਇੰਗਲੈਂਡ, ਨੈਦਰਲੈਂਡਜ਼ ਤੇ ਅਰਜਨਟੀਨਾ ਵਿਰੁੱਧ ਮੈਚ ਹਾਰ ਗਈ। ਕਪਤਾਨ ਅਤੇ ਮੁੱਖ ਡਰੈਗ-ਫਲਿੱਕਰ ਹਰਮਨਪ੍ਰੀਤ ਸਿੰਘ, ਜੋ ਪੂਰੀ ਤਰ੍ਹਾਂ ਫਿੱਟ ਨਹੀਂ ਸਨ, ’ਤੇ ਕਪਤਾਨੀ ਦੀ ਜ਼ਿੰਮੇਵਾਰੀ ਦਾ ਬਹੁਤ ਜ਼ਿਆਦਾ ਬੋਝ ਜਾਪਦਾ ਸੀ। ਕਮਜ਼ੋਰ ਪੈ ਰਹੀ ਪਾਕਿਸਤਾਨੀ ਟੀਮ ਵਿਰੁੱਧ 5-3 ਦੀ ਜਿੱਤ ਨਾਲ ਵੀ ਕੋਈ ਬਹੁਤਾ ਸਕੂਨ ਨਹੀਂ ਮਿਲਿਆ, ਭਾਵੇਂ ਕਿ ਮੈਚ ਤੋਂ ਬਾਅਦ ਦੋਵੇਂ ਧਿਰਾਂ ਵੱਲੋਂ ਆਪਸੀ ਮਿਲਣੀ ਕ੍ਰਿਕਟ ਦੇ ਮੈਦਾਨ ਵਿੱਚ ਦਿਖਾਈ ਦੇਣ ਵਾਲੀ ਕੁੜੱਤਣ ਤੋਂ ਬਿਲਕੁਲ ਵੱਖਰਾ ਅਤੇ ਮਨ ਨੂੰ ਟੁੰਬਣ ਵਾਲਾ ਦ੍ਰਿਸ਼ ਸੀ।ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਟੀਮ ਪੁਰਾਣੇ ਖਿਡਾਰੀਆਂ ਦੀ ਥਾਂ ਨਵੇਂ ਖਿਡਾਰੀ ਲਿਆਉਣ ਦੀ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਨਹੀਂ ਸੰਭਾਲ ਸਕੀ। ਹੋਣਹਾਰ ਨੌਜਵਾਨਾਂ ਨੂੰ ਲੋੜੀਂਦੇ ਮੌਕੇ ਨਹੀਂ ਦਿੱਤੇ ਜਾ ਰਹੇ। ਲਾਸ ਏਂਜਲਸ ਓਲੰਪਿਕਸ ਵਿੱਚ ਹੁਣ ਦੋ ਸਾਲਾਂ ਤੋਂ ਵੀ ਘੱਟ ਸਮਾਂ ਬਾਕੀ ਰਹਿੰਦਾ ਹੈ। ਅਜਿਹੇ ਵਿੱਚ ਭਾਰਤ ਬੈਕ-ਅੱਪ ਤਿਆਰ ਕੀਤੇ ਬਿਨਾਂ ਸਿਰਫ਼ ਤਜਰਬੇਕਾਰ ਖਿਡਾਰੀਆਂ ਦੇ ਭਰੋਸੇ ਨਹੀਂ ਬੈਠ ਸਕਦਾ। ਅੱਜ ਦੇ ਮੁਕਾਬਲੇਬਾਜ਼ ਹਾਕੀ ਦੇ ਦੌਰ ਵਿੱਚ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਪਿਛਲੇ ਦੋ ਪ੍ਰੋ ਲੀਗ ਸੀਜ਼ਨਾਂ ਵਿੱਚ ਅੱਠਵੇਂ ਸਥਾਨ ’ਤੇ ਰਹਿਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਟੀਮ ਨੂੰ ਹੁਣ ਨਵੇਂ ਸਿਰਿਓਂ ਰਣਨੀਤੀ ਬਣਾਉਣ ਦੀ ਲੋੜ ਹੈ।

ਮਹਿਲਾ ਟੀਮ, ਜਿਸ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਵਾਲੀਆਂ ਕਈ ਖਿਡਾਰਨਾਂ ਵੀ ਸ਼ਾਮਿਲ ਸਨ, ਨੇ ਚੀਨ ਅਤੇ ਆਸਟਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਨੂੰ ਡਰਾਅ ’ਤੇ ਰੋਕ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਮਹਿਜ਼ ਕੁਝ ਫ਼ਰਕ ਨਾਲ ਸੈਮੀਫਾਈਨਲ ਵਿੱਚ ਪਹੁੰਚਣੋਂ ਖੁੰਝ ਗਈ। ਖਿਡਾਰਨਾਂ ਦਾ ਮੰਨਣਾ ਹੈ ਕਿ ਮਹਿਲਾ ਹਾਕੀ ਲੀਗ ਨੇ ਉਨ੍ਹਾਂ ਨੂੰ ਆਤਮ-ਵਿਸ਼ਵਾਸ ਅਤੇ ਵੱਡਾ ਤਜਰਬਾ ਦਿੱਤਾ ਹੈ। ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਇਸ ਲੀਗ ਨੂੰ ਬਚਾਉਣ ਦੀ ਮੰਗ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਭਾਵੇਂ ਪੁਰਸ਼ ਟੀਮ ਹੋਵੇ ਜਾਂ ਮਹਿਲਾ ਟੀਮ, ਭਾਰਤੀ ਹਾਕੀ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਭਾਰਤ ਵਿੱਚ ਕ੍ਰਿਕਟ ਦੇ ਮੁਕਾਬਲੇ ਪੱਛੜ ਰਹੀ ਇਸ ਖੇਡ ਨੂੰ ਜਿਸ ਅਸਲ ਚੀਜ਼ ਦੀ ਲੋੜ ਹੈ, ਉਹ ਹੈ ਇੱਕ ਮਜ਼ਬੂਤ ਪ੍ਰਬੰਧ, ਜੋ ਲਗਾਤਾਰ ਵਿਸ਼ਵ ਪੱਧਰੀ ਖਿਡਾਰੀ ਤਿਆਰ ਕਰ ਸਕੇ। ਵਿਸ਼ਵ ਕੱਪ ਤੋਂ ਮਿਲੇ ਸਬਕ ਨੂੰ 2028 ਦੀਆਂ ਓਲੰਪਿਕ ਖੇਡਾਂ ਅਤੇ ਅੱਗੇ ਦੀ ਤਿਆਰੀ ਦਾ ਆਧਾਰ ਬਣਾਉਣਾ ਚਾਹੀਦਾ ਹੈ।

Advertisement

Advertisement

Advertisement
×