ਸਵਰਾਜਬੀਰ
ਸ਼ੁੱਕਰਵਾਰ ਕਿਸਾਨਾਂ ਦੀ ਇਤਿਹਾਸਕ ਜਿੱਤ ਹੋਈ। ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਦੇਸ਼ ਦੇ ਕਿਸਾਨਾਂ ਲਈ ਵਿਜੈ ਦਿਵਸ ਬਣ ਗਿਆ। ਇਸ ਜਿੱਤ ਦੇ ਮਾਅਨੇ ਏਨੇ ਵਿਆਪਕ ਤੇ ਵਸੀਹ ਹਨ ਕਿ ਸਾਨੂੰ ਉਨ੍ਹਾਂ ਨੂੰ ਸਮਝਣ ਅਤੇ ਆਪਣੀਆਂ ਜ਼ਿੰਦਗੀਆਂ ਵਿਚ ਸਮੋਣ ਲਈ ਨਾ ਸਿਰਫ਼ ਸਮਾਂ ਲੱਗੇਗਾ ਸਗੋਂ ਇਸ ਜਿੱਤ ਤੋਂ ਮਿਲੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਬੌਧਿਕ ਅਤੇ ਜ਼ਮੀਨੀ ਪੱਧਰ ’ਤੇ ਅਜਿਹੇ ਯਤਨ ਕਰਨੇ ਪੈਣਗੇ ਜਿਨ੍ਹਾਂ ਰਾਹੀਂ ਅਸੀਂ ਕਿਸਾਨ ਸੰਘਰਸ਼ ਦੀਆਂ ਪ੍ਰਾਪਤੀਆਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾ ਸਕੀਏ। ਇੱਕੀਵੀਂ ਸਦੀ ਦੇ ਸਭ ਤੋਂ ਲੰਮੇ ਸੰਘਰਸ਼ ਵਿਚ ਹੋਈ ਇਹ ਅਜ਼ੀਮ ਅਤੇ ਇਤਿਹਾਸਕ ਜਿੱਤ ਕਿਸਾਨਾਂ ਦੇ ਮਹਾਨ ਏਕੇ ਕਾਰਨ ਸੰਭਵ ਹੋਈ। ਸਭ ਵਰਗਾਂ ਦੇ ਲੋਕਾਂ, ਮਜ਼ਦੂਰਾਂ, ਚਿੰਤਕਾਂ, ਵਿਦਵਾਨਾਂ, ਗਾਇਕਾਂ, ਰੰਗਕਰਮੀਆਂ, ਕਲਾਕਾਰਾਂ ਤੇ ਸਮਾਜਿਕ ਕਾਰਕੁਨਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਪਰ ਅੰਦੋਲਨ ਦੀ ਬੁਨਿਆਦ ਕਿਸਾਨਾਂ ਦਾ ਬੇਮਿਸਾਲ ਸਿਦਕ, ਸਿਰੜ, ਹਿੰਮਤ, ਧੀਰਜ, ਏਕਾ ਤੇ ਜੇਰਾ ਸਨ ਜਿਸ ’ਤੇ ਪਲ-ਦਰ-ਪਲ ਇਸ ਜਿੱਤ ਦੀ ਇਮਾਰਤ ਉੱਸਰਦੀ ਗਈ।
ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ’ਤੇ ਡੇਰੇ ਲਗਾਇਆਂ ਲਗਭਗ ਇਕ ਸਾਲ ਹੋਣ ਲੱਗਾ ਹੈ ਪਰ ਪੰਜਾਬ ਦੇ ਕਿਸਾਨ ਸਵਾ ਸਾਲ ਤੋਂ ਜ਼ਿਆਦਾ ਸਮੇਂ ਤੋਂ ਇਸ ਸੰਘਰਸ਼ ਵਿਚ ਜੁਟੇ ਹੋਏ ਹਨ। ਜਿੱਥੇ ਇਹ ਜਿੱਤ ਸਾਂਝੀਵਾਲਤਾ, ਜਮਹੂਰੀਅਤ ਅਤੇ ਲੋਕ-ਪੱਖੀ ਤਾਕਤਾਂ ਦੀ ਜਿੱਤ ਹੈ, ਉੱਥੇ ਇਸ ਦਾ ਆਧਾਰ ਪੰਜਾਬ ਦੀ ਵਲੂੰਧਰੀ ਆਤਮਾ ਵਿਚ ਆਇਆ ਉਹ ਤੂਫ਼ਾਨ ਹੈ ਜਿਹੜਾ 5 ਜੂਨ 2020 (ਜਦ ਖੇਤੀ ਆਰਡੀਨੈਂਸ ਜਾਰੀ ਕੀਤੇ ਗਏ) ਤੋਂ ਬਾਅਦ ਉਦੈ ਹੋਇਆ। ਇਹ ਕੋਵਿਡ-19 ਦੀ ਮਹਾਮਾਰੀ ਦੇ ਭਿਆਨਕ ਸਮੇਂ ਸਨ ਜਦ ਮਹਾਮਾਰੀ ਦੀ ਮਾਰ ਅਤੇ 24 ਮਾਰਚ 2020 ਨੂੰ ਅਚਾਨਕ ਕੀਤੀ ਗਈ ਤਾਲਾਬੰਦੀ ਨੇ ਮਨੁੱਖੀ ਸਮਝ ਨੂੰ ਭੁਚਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਸਮਿਆਂ ਵਿਚ ਇਸ ਦੇਸ਼ ਦੇ ਲੋਕਾਂ ਵਿਰੁੱਧ ਸਾਜ਼ਿਸ਼ਾਂ ਰਚੀਆਂ ਗਈਆਂ; ਖੇਤੀ ਆਰਡੀਨੈਂਸ ਜਾਰੀ ਕੀਤੇ ਗਏ, ਸਨਅਤੀ ਕਾਮਿਆਂ ਦੇ ਹੱਕਾਂ ਨੂੰ ਸੀਮਤ ਕਰਨ ਲਈ ਕਿਰਤ ਕੋਡ ਬਣਾਏ ਗਏ, ਜਨਤਕ ਅਸਾਸਿਆਂ ਦਾ ਨਿੱਜੀਕਰਨ ਆਦਿ ਕੀਤਾ ਗਿਆ।
ਕੇਂਦਰ ਸਰਕਾਰ ਦੁਆਰਾ ਖੇਤੀ ਸਬੰਧੀ ਤਿੰਨ ਆਰਡੀਨੈਂਸ ਜਾਰੀ ਕਰਨ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਵਿਚ ਚੇਤਨਾ ਜਾਗਣੀ ਸ਼ੁਰੂ ਹੋਈ ਕਿ ਇਹ ਆਰਡੀਨੈਂਸ ਕਿਸਾਨ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਹਨ। ਪੰਜਾਬ ਦੇ ਕਿਸਾਨ ਕੋਲ ਉਚੇਰੀ ਪੱਧਰ ਦੀ ਖੇਤੀ ਕਰਨ, ਖੇਤੀ ਦੇ ਮਸ਼ੀਨੀਕਰਨ, ਜਿਣਸ ਨੂੰ ਮੰਡੀਆਂ ਵਿਚ ਉਚਿਤ ਭਾਅ ’ਤੇ ਵੇਚਣ ਅਤੇ ਬੈਂਕਾਂ ਤੇ ਸਹਿਕਾਰੀ ਸਮਿਤੀਆਂ ਦੇ ਕਰਜ਼ਿਆਂ ਨਾਲ ਨਿਪਟਣ ਦਾ ਵੱਡਾ ਤਜਰਬਾ ਹੈ ਜਿਹੜਾ ਬਾਕੀ ਸੂਬਿਆਂ ਦੇ ਕਿਸਾਨਾਂ ਕੋਲ ਘੱਟ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਕਿਸਾਨਾਂ ਵਿਚ ਇਨ੍ਹਾਂ ਆਰਡੀਨੈਂਸਾਂ, ਜੋ ਬਾਅਦ ਵਿਚ ਕਾਨੂੰਨ ਬਣ ਗਏ, ਬਾਰੇ ਸਮਝ ਇੰਨੀ ਜਲਦੀ ਪਣਪੀ। ਇਸ ਸੋਚ-ਸਮਝ ਨੂੰ ਤਿੱਖੀ ਕਰਨ ਵਿਚ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਨੇ ਫ਼ੈਸਲਾਕੁਨ ਭੂਮਿਕਾ ਨਿਭਾਈ।
ਕਿਸਾਨ ਆਗੂਆਂ ਕੋਲ ਕਈ ਦਹਾਕਿਆਂ ਤੋਂ ਕਿਸਾਨਾਂ ਨੂੰ ਜਥੇਬੰਦ ਕਰਨ ਅਤੇ ਸਥਾਨਕ ਘੋਲ ਲੜਨ ਦਾ ਲੰਮਾ ਤਜਰਬਾ ਸੀ। ਇਹ ਆਗੂ ਵੱਖ-ਵੱਖ ਵਿਚਾਰਧਾਰਾਵਾਂ ਨਾਲ ਪ੍ਰਣਾਏ ਹੋਏ ਹਨ ਅਤੇ ਤਿੱਖੇ ਵਿਚਾਰਧਾਰਕ ਸੰਘਰਸ਼ਾਂ ’ਚੋਂ ਗੁਜ਼ਰ ਚੁੱਕੇ ਸਨ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰੀ ਅਤੇ ਅਤਿਵਾਦੀ ਤਸ਼ੱਦਦ ਦਾ ਸਾਹਮਣਾ ਕੀਤਾ ਅਤੇ ਅਜਿਹੀਆਂ ਤਾਕਤਾਂ ਦੇ ਲਾਏ ਗਏ ਪੱਛਾਂ ਦੀ ਪੀੜ ਉਨ੍ਹਾਂ ਦੀਆਂ ਯਾਦਾਂ ਵਿਚ ਵਸੀ ਹੋਈ ਸੀ। ਇਨ੍ਹਾਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਨੇ ਕਿਸਾਨਾਂ ਨੂੰ ਘੋਰ ਨਿਰਾਸ਼ਾ ਵਿਚ ਡੁੱਬਦੇ ਤੇ ਖ਼ੁਦਕੁਸ਼ੀਆਂ ਕਰਦੇ ਵੇਖਿਆ ਸੀ ਅਤੇ ਸਿਆਸੀ ਜਮਾਤ ਤੇ ਪ੍ਰਸ਼ਾਸਨ ਤੋਂ ਮਿਲਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਸੀ। ਉਨ੍ਹਾਂ ਨੇ ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਅਤੇ ਸੰਤਾਨ ਨੂੰ ਮਜਬੂਰੀਵੱਸ ਵਿਦੇਸ਼ਾਂ ਵੱਲ ਜਾਂਦੇ ਵੇਖਿਆ ਸੀ।
ਕਿਸਾਨ ਅੰਦੋਲਨ ਨੇ ਪੰਜਾਬ ਨੂੰ ਮੁੜ ਊਰਜਿਤ ਕਰਦਿਆਂ ਪੰਜਾਬੀਅਤ ਦੀ ਨਵੀਂ ਬਾਤ ਪਾਈ। 1980ਵਿਆਂ ਵਿਚ ਅਤਿਵਾਦ ਅਤੇ ਸਰਕਾਰੀ ਤਸ਼ੱਦਦ ਦਾ ਵਲੂੰਧਰਿਆ ਪੰਜਾਬ 1990ਵਿਆਂ ਵਿਚ ਨਸ਼ਿਆਂ ਦੀ ਝੋਲੀ ਵਿਚ ਜਾ ਡਿੱਗਿਆ ਸੀ ਅਤੇ ਪਰਵਾਸ, ਨਸ਼ੇ, ਬੇਰੁਜ਼ਗਾਰੀ ਅਤੇ ਉਦਾਸੀਨਤਾ ਪੰਜਾਬ ਨੂੰ ਬਿਆਨ ਕਰਨ ਵਾਲੇ ਚਿੰਨ੍ਹ ਬਣ ਗਏ ਸਨ। ਕਿਸਾਨ ਅੰਦੋਲਨ ਨੇ ਪੰਜਾਬ ਨੂੰ ਉਸ ਉਪਰਾਮਤਾ ਤੇ ਉਦਾਸੀ ਦੇ ਆਲਮ ਵਿਚੋਂ ਬਾਹਰ ਕੱਢਿਆ ਅਤੇ ਸੰਘਰਸ਼ ਦਾ ਉਹ ਸੰਖ ਪੂਰਿਆ ਜਿਸ ਦੀ ਆਵਾਜ਼ ਚੌਹਾਂ ਕੂਟਾਂ ਵਿਚ ਸੁਣਾਈ ਦਿੱਤੀ। ਅੰਦੋਲਨ ਨੇ ਪੰਜਾਬੀ ਬੰਦੇ ਦੇ ਵੇਗ ਦੇ ਭਿੰਨ ਭਿੰਨ ਪਸਾਰਾਂ ਨੂੰ ਵੀ ਬੜੀ ਸਜਗਤਾ ਨਾਲ ਬਣਾਇਆ, ਸ਼ਿੰਗਾਰਿਆ, ਸਿਰਜਿਆ ਅਤੇ ਅਪਣਾਇਆ। ਅੰਦੋਲਨ ਦਾ ਇਕ ਵਿਸ਼ੇਸ਼ ਪੱਖ ਸਿਆਸੀ ਪਾਰਟੀਆਂ ਨੂੰ ਕਿਸਾਨ ਅੰਦੋਲਨ ਅਤੇ ਸਟੇਜਾਂ ’ਤੇ ਕੋਈ ਸਥਾਨ (ਸਪੇਸ) ਨਾ ਦੇਣਾ ਵੀ ਸੀ। ਇਹ ਵੱਖਰੀ ਤਰ੍ਹਾਂ ਦੀ ਨਰੋਈ ਅਤੇ ਸਿਹਤਮੰਦ ਸਿਆਸਤ ਸੀ ਜਿਸ ਦਾ ਰਵਾਇਤੀ ਸਿਆਸੀ ਪਾਰਟੀਆਂ ਦੀ ਗੰਧਲੀ ਤੇ ਉਦਾਸੀਨਤਾ ਪੈਦਾ ਕਰਨ ਵਾਲੀ ਸਿਆਸਤ ਨਾਲ ਕੋਈ ਵਾਹ-ਵਾਸਤਾ ਨਹੀਂ ਸੀ।
ਕਿਸਾਨ ਘੋਲ ਇਕ ਸਿਖਰ ਤੋਂ ਦੂਸਰੀ ਸਿਖਰ ਵੱਲ ਵਧਿਆ ਪਰ 26-27 ਨਵੰਬਰ 2020 ਦੇ ‘ਦਿੱਲੀ ਚੱਲੋ’ ਦੇ ਸੱਦੇ ਨੇ ਇਸ ਨੂੰ ਅਜਿਹੇ ਮੋੜ ’ਤੇ ਲੈ ਆਂਦਾ ਜਿਸ ’ਤੇ ਉਸ ਦਾ ਸਾਹਮਣਾ ਸਿੱਧਾ ਕੇਂਦਰ ਸਰਕਾਰ ਦੀ ਅਸੀਮ ਸ਼ਕਤੀ ਨਾਲ ਹੋਇਆ; ਅਜਿਹੀ ਤਾਕਤ, ਜਿਸ ਕੋਲ ਅਨੰਤ ਸੁਰੱਖਿਆ ਬਲ, ਪ੍ਰਚਾਰ ਕਰਨ ਦੀ ਅਥਾਹ ਤਾਕਤ, ਕਾਨੂੰਨਾਂ ਦੇ ਹੱਕ ਵਿਚ ਬੋਲਣ ਵਾਲੇ ਅਰਥਸ਼ਾਸਤਰੀਆਂ ਦੀ ਫ਼ੌਜ, ਕਿਸਾਨਾਂ ਨੂੰ ਭੰਡਣ (ਜਿਵੇਂ ਉਨ੍ਹਾਂ ਨੂੰ ਅਤਿਵਾਦੀ, ਨਕਸਲੀ, ਖ਼ਾਲਿਸਤਾਨੀ ਆਦਿ ਕਹਿ ਕੇ ਭੰਡਿਆ ਗਿਆ) ਲਈ ਸੋਸ਼ਲ ਮੀਡੀਆ ਅਤੇ ਸੱਤਾ ਦੇ ਹੋਰ ਸਾਧਨ ਮੌਜੂਦ ਹਨ। ਇਹ ਕਿਸਾਨ ਜਥੇਬੰਦੀਆਂ, ਉਨ੍ਹਾਂ ਦੇ ਆਗੂਆਂ ਅਤੇ ਕਿਸਾਨਾਂ ਦਾ ਸਿਦਕ, ਸਿਰੜ, ਜ਼ਬਤ, ਸਮਝ, ਜੀਰਾਂਦ ਅਤੇ ਅਜਿਹੇ ਹੋਰ ਲੋਕ-ਪੱਖੀ ਜਜ਼ਬੇ ਹੀ ਸਨ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਸਜੀਵ, ਜਮਹੂਰੀ ਅਤੇ ਸ਼ਾਂਤਮਈ ਬਣਾਈ ਰੱਖਿਆ ਅਤੇ ਅਜਿਹੇ ਜਜ਼ਬਿਆਂ ਸਦਕਾ ਹੀ ਕਿਸਾਨ ਆਗੂ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਅਥਾਹ ਸ਼ਕਤੀ ਦਾ ਸਾਹਮਣਾ ਕਰ ਸਕੇ।
ਇਸ ਸਵਾ ਸਾਲ ਨੇ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦੇਸ਼ ਦੇ ਹੋਰ ਸੂਬਿਆਂ ਨੂੰ ਇਕ ਨਵੀਂ ਵਿਸ਼ਵ-ਦ੍ਰਿਸ਼ਟੀ ਦਿੱਤੀ; ਇਸ ਸਮੇਂ ਦੌਰਾਨ ਦੁਨੀਆ ਤੇ ਦੇਸ਼ ਦੇ ਵਿਕਾਸ ਲਈ ਰਾਮਬਾਣ ਦੱਸੇ ਜਾ ਰਹੇ ਵਿਕਾਸ ਦੇ ਕਾਰਪੋਰੇਟ ਆਧਾਰਿਤ ਮਾਡਲ ’ਤੇ ਵੱਡੇ ਸਵਾਲ ਉੱਠੇ; ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਕਾਰਪੋਰੇਟ-ਮੋਹ ਦਾ ਪਰਦਾਫਾਸ਼ ਹੋਇਆ; ਕਾਰਪੋਰੇਟ-ਪੱਖੀ ਚਿੰਤਕਾਂ ਦੁਆਰਾ ਬੁਣੇ ਗਏ ਬਿਰਤਾਂਤ ਨੂੰ ਤਰਕਮਈ ਢੰਗ ਨਾਲ ਚੁਣੌਤੀ ਦਿੱਤੀ ਗਈ; ਕਿਸਾਨ ਅੰਦੋਲਨ ਨੇ ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਮੁੱਦਿਆਂ ਤੋਂ ਦੂਰ ਰੱਖਣ ਦੀ ਸਿਆਸਤ ਨੂੰ ਲਲਕਾਰਿਆ।
ਮਨੁੱਖੀ ਜੀਵਨ ਦੇ ਹਰ ਪਲ ਵਿਚ ਜ਼ਿੰਦਗੀ ਦੇ ਸੱਚ-ਝੂਠ, ਸੁੱਖ-ਦੁੱਖ, ਪ੍ਰੇਮ-ਨਫ਼ਰਤ, ਪ੍ਰੇਸ਼ਾਨੀਆਂ, ਮੁਸ਼ਕਲਾਂ, ਮਜਬੂਰੀਆਂ, ਦਿੱਕਤਾਂ, ਦੁੱਖ-ਦੁਸ਼ਵਾਰੀਆਂ, ਸੰਭਾਵਨਾਵਾਂ, ਆਸਾਂ-ਉਮੀਦਾਂ, ਜਸ਼ਨ, ਸਫਲਤਾਵਾਂ-ਅਸਫਲਤਾਵਾਂ, ਓਪਰਾਪਣ-ਆਪਣਾਪਣ, ਲੱਚਰਤਾ, ਧੋਖੇਬਾਜ਼ੀ, ਕੁਟਿਲਤਾ, ਮੱਕਾਰੀ, ਜ਼ੁਲਮ, ਸੰਘਰਸ਼, ਵਫ਼ਾ ਸਭ ਹਾਜ਼ਰ ਹੁੰਦੇ ਹਨ ਪਰ ਜਦ ਲੋਕ ਸਾਂਝੇ ਸੰਘਰਸ਼ ਕਰਦੇ ਹਨ ਤਾਂ ਮਨੁੱਖ ਦੇ ਸੱਚੇ, ਸੁਹਜਮਈ ਤੇ ਸੰਘਰਸ਼ਸ਼ੀਲ ਨਕਸ਼ ਉਜਾਗਰ ਹੁੰਦੇ ਹਨ। ਸ਼ੁੱਕਰਵਾਰ ਕੁਹਜ ਦੀ ਹਾਰ ਹੋਈ; ਮਨੁੱਖੀ ਸੁਹਜ ਦਾ ਜਲੌਅ ਆਪਣੀ ਪੂਰੀ ਤਾਕਤ ਨਾਲ ਚਮਕਿਆ। ਲੋਕ-ਵਿਰੋਧੀ ਤਾਕਤਾਂ ਦੀ ਬਨਾਉਟੀ ਚਮਕ ਮੱਧਮ ਪੈ ਗਈ।
ਇਹ ਨਹੀਂ ਕਿ ਇਸ ਸਮੇਂ ਵਿਚ ਕਿਸਾਨ-ਵਿਰੋਧੀ ਤਾਕਤਾਂ ਚੁੱਪ ਹੋ ਕੇ ਬੈਠ ਗਈਆਂ। ਉਨ੍ਹਾਂ ਨੇ ਕਿਸਾਨ ਸੰਘਰਸ਼ ਨੂੰ ਜੜ੍ਹਾਂ ਤੋਂ ਉਖਾੜਨ ਤੇ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ। 26 ਜਨਵਰੀ 2021 ਨੂੰ ਲਾਲ ਕਿਲੇ ਦੇ ਬਾਹਰ ਹੋਈਆਂ ਘਟਨਾਵਾਂ ਉਨ੍ਹਾਂ ਦੁਆਰਾ ਕੀਤਾ ਗਿਆ ਅਜਿਹਾ ਹੀ ਯਤਨ ਸੀ ਜਿਸ ਨੇ ਕਿਸਾਨ ਅੰਦੋਲਨ ਦੀ ਆਤਮਾ ਨੂੰ ਜ਼ਖ਼ਮੀ ਕੀਤਾ ਪਰ ਉਸ ਜ਼ਖ਼ਮ ਕਾਰਨ ਕਿਸਾਨਾਂ ਦੇ ਇਰਾਦੇ ਹੋਰ ਮਜ਼ਬੂਤ ਹੋਏ ਅਤੇ ਉਨ੍ਹਾਂ ਦੇ ਆਗੂਆਂ ਨੂੰ ਤਜਰਬਾ ਹੋਇਆ ਕਿ ਕਿਸਾਨ-ਵਿਰੋਧੀ ਅਨਸਰਾਂ ਨਾਲ ਕਿਵੇਂ ਸਿੱਝਣਾ ਹੈ। ਇਸੇ ਸਮੇਂ ਵਿਚ ਕਿਸਾਨ ਸੰਸਦ ਹੋਈ ਜਿਸ ਵਿਚ ਦੇਸ਼ ਦੇ ਨਾਮਵਰ ਚਿੰਤਕਾਂ, ਸਮਾਜਿਕ ਕਾਰਕੁਨਾਂ ਅਤੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸੇ ਦੌਰਾਨ ਲਖੀਮਪੁਰ ਖੀਰੀ ਦਾ ਦੁਖਾਂਤ ਹੋਇਆ; ਅੰਦੋਲਨ ਵਿਚ 700 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਗਈਆਂ; ਇਨ੍ਹਾਂ ਕੁਰਬਾਨੀਆਂ ਨੂੰ ਲੋਕ-ਮਨ ਨੇ ਲੋਕ-ਸ਼ਹੀਦ ਮੰਨਿਆ ਅਤੇ ਕਿਸਾਨ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਹੋਰ ਵੱਡੇ ਜੇਰਿਆਂ ਨਾਲ ਅੰਦੋਲਨ ਦੇ ਸਫ਼ਰ ’ਤੇ ਅਗਾਂਹ ਵਧੇ।
ਇਸ ਅੰਦੋਲਨ ਦਾ ਖ਼ਾਸਾ ਇਨਕਲਾਬੀ ਸੀ/ਹੈ। ਸਿਆਸੀ ਚਿੰਤਨ ਦੇ ਖੇਤਰ ਵਿਚ ਕਈ ਦਹਾਕਿਆਂ ਤੋਂ ਇਹ ਬਹਿਸ ਚਲਦੀ ਆ ਰਹੀ ਹੈ ਕਿ ਕਿਸਾਨਾਂ ਵਿਚ ਸਿਆਸੀ ਚੇਤਨਾ, ਖ਼ਾਸ ਕਰਕੇ ਇਨਕਲਾਬੀ ਸਿਆਸੀ ਚੇਤਨਾ ਦਾ ਵਿਕਾਸ ਹੋ ਸਕਦਾ ਹੈ ਜਾਂ ਨਹੀਂ। ਰਵਾਇਤੀ ਤੌਰ ’ਤੇ ਦਲੀਲ ਦਿੱਤੀ ਜਾਂਦੀ ਰਹੀ ਸੀ ਕਿ ਕਿਸਾਨ ਵੱਧ ਜਾਂ ਘੱਟ ਜ਼ਮੀਨ ਦੇ ਮਾਲਕ ਹੋਣ ਕਾਰਨ ਮਾਲਕੀ/ ਮਲਕੀਅਤ/ਜਾਇਦਾਦ ਦੇ ਸੰਕਲਪ ਨਾਲ ਏਨੇ ਬੱਝੇ ਹੁੰਦੇ ਹਨ ਕਿ ਉਨ੍ਹਾਂ ਦੀ ਚੇਤਨਾ ਜਾਇਦਾਦ ਦੇ ਇਸ ਅਧਿਕਾਰ ਨੂੰ ਸੁਰੱਖਿਅਤ ਕਰਨ ਤਕ ਸੀਮਤ ਹੁੰਦੀ ਹੈ ਪਰ ਇਤਿਹਾਸ ਦੇ ਵੱਖ ਵੱਖ ਮੋੜਾਂ ’ਤੇ ਕਿਸਾਨ ਬਗ਼ਾਵਤਾਂ ਅਤੇ ਅੰਦੋਲਨਾਂ ਨੇ ਇਹ ਸਿੱਧ ਕੀਤਾ ਹੈ ਕਿ ਕਿਸਾਨ ਇਕ ਜਮਾਤ ਵਜੋਂ ਵੀ ਸਿਆਸੀ ਤੌਰ ’ਤੇ ਚੇਤਨ ਹੁੰਦੇ ਹਨ ਅਤੇ ਉਨ੍ਹਾਂ ਦੀ ਚੇਤਨਾ ਵਿਚ ਸਾਰੇ ਸਮਾਜ, ਅਰਥਚਾਰੇ ਤੇ ਸਿਆਸਤ ਨੂੰ ਬਦਲਣ ਦਾ ਤਸੱਵਰ ਵੀ ਉਗਮਦਾ ਅਤੇ ਵਿਕਸਿਤ ਹੁੰਦਾ ਹੋਇਆ ਪ੍ਰੌੜ੍ਹ ਸ਼ਕਲ ਅਖ਼ਤਿਆਰ ਕਰਦਾ ਹੈ। ਕਿਸਾਨ ਅੰਦੋਲਨ ਵਿਚ ਇਹ ਸਾਰੇ ਗੁਣ ਮੌਜੂਦ ਸਨ/ਹਨ ਜਿਹੜੇ ਕਿਸੇ ਸਮਾਜ ਦੀ ਪੁਨਰ-ਸਿਰਜਣਾ ਦੀ ਜ਼ਮੀਨ ਤਿਆਰ ਕਰਨ ਲਈ ਚਾਹੀਦੇ ਹਨ।
ਇਸ ਲਈ ਸਾਡੇ ਸਾਹਮਣੇ ਵੱਡੇ ਸਵਾਲ ਇਹ ਹਨ ਕਿ ਕਿਸਾਨ ਅੰਦੋਲਨ ਤੋਂ ਪ੍ਰਾਪਤ ਹੋਈਆਂ ਨੈਤਿਕ ਕਦਰਾਂ-ਕੀਮਤਾਂ, ਇਸ ਦੀ ਸੰਗਰਾਮਮਈ ਨੁਹਾਰ, ਇਸ ਤੋਂ ਪੈਦਾ ਹੋਈ ਊਰਜਾ ਅਤੇ ਚੇਤਨਾ ਨੂੰ ਆਪਣੇ ਜੀਵਨ ਵਿਚ ਕਿਵੇਂ ਸਮੋਇਆ ਅਤੇ ਪ੍ਰਫੁੱਲਿਤ ਰੱਖਿਆ ਜਾਵੇ। ਇਸ ਅੰਦੋਲਨ ਨੇ ਸਾਨੂੰ ਸਿਖਾਇਆ ਹੈ ਕਿ ਮਨੁੱਖ ਹੋਣ ਦੇ ਅਰਥਾਂ ਦੀ ਸਹੀ ਤਰਜਮਾਨੀ ਉਸ (ਮਨੁੱਖ) ਦੇ ਸੰਗਠਿਤ ਅਤੇ ਸੰਘਰਸ਼ਸ਼ੀਲ ਹੋਣ ਵਿਚ ਪਈ ਹੁੰਦੀ ਹੈ; ਸਮਾਜਿਕ ਏਕਤਾ, ਭਾਈਚਾਰੇ ਅਤੇ ਸਾਂਝੀਵਾਲਤਾ ਵਿਚ ਹੁੰਦੀ ਹੈ; ਨੀਅਤ ਦੇ ਸਾਫ਼ ਹੋਣ ਅਤੇ ਇਰਾਦਿਆਂ ਦੀ ਦ੍ਰਿੜ੍ਹਤਾ ਵਿਚ ਹੁੰਦੀ ਹੈ। ਇਨ੍ਹਾਂ ਜਜ਼ਬਿਆਂ ਬਾਰੇ ਗੱਲਾਂ ਕਰਨੀਆਂ ਤਾਂ ਸੌਖੀਆਂ ਹਨ ਪਰ ਇਨ੍ਹਾਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾਉਣਾ ਵੱਡੀ ਚੁਣੌਤੀ ਹੈ।
ਭਗਤ ਕਬੀਰ ਜੀ ਦਾ ਕਹਿਣਾ ਹੈ, ‘‘ਅੰਧਿਆਰੇ ਦੀਪਕ ਚਹੀਐ।।’’ ਭਾਵ ਹਨੇਰੇ ਵਿਚ ਦੀਪਕ ਦੀ ਜ਼ਰੂਰਤ ਹੁੰਦੀ ਹੈ। ਮਨੁੱਖ ਆਪਣੇ ਅਨੁਭਵ ਵਿਚੋਂ ਅਸਲੀ ਗਿਆਨ ਪ੍ਰਾਪਤ ਕਰਦੇ ਅਤੇ ਅਨੁਭਵ, ਗਿਆਨ ਅਤੇ ਵਿਰਸੇ ’ਚੋਂ ਮਿਲਦੀਆਂ ਕਨਸੋਆਂ ਨਾਲ ਆਪਣੇ ਭਵਿੱਖ ਦੀ ਘਾੜਤ ਘੜਦੇ ਹਨ। ਕਿਸਾਨ ਅੰਦੋਲਨ ਨੇ ਪੰਜਾਬੀਆਂ ਲਈ ਸੰਘਰਸ਼ਮਈ ਚੇਤਨਾ ਦਾ ਸੰਸਾਰ ਸੰਜੋਣ ਦੀ ਉਮੀਦ ਦਾ ਦੀਪਕ ਜਗਾਇਆ ਹੈ। ਪੰਜਾਬੀਆਂ ਨੇ ਇਸ ਦੀਪਕ ਦੀ ਲੋਅ ਵਿਚ ਆਪਣਾ ਭਵਿੱਖ ਸਿਰਜਣਾ ਹੈ।
ਕਿਸਾਨ ਅੰਦੋਲਨ ਦੇ ਸਿਰਜੇ ਆਦਰਸ਼ਮਈ ਸੰਸਾਰ ਅਤੇ ਤਲਖ਼ ਹਕੀਕਤਾਂ ਵਿਚ ਟਕਰਾਅ ਹੋਣਾ ਲਾਜ਼ਮੀ ਹੈ। ਇਨ੍ਹਾਂ ਵਿਚੋਂ ਇਕ ਹਕੀਕਤ ਹੁਕਮਰਾਨਾਂ ਦੇ ਮਨਾਂ ਵਿਚ ਲੁਕੀਆਂ ਸਾਜ਼ਿਸ਼ਾਂ ਹਨ। ਉਨ੍ਹਾਂ ਨੇ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ ਹਨ ਪਰ ਨਾਲ ਹੀ ਕਿਹਾ ਹੈ ਕਿ ਸਰਕਾਰ ਖੇਤੀ ਦਾ ਨਵਾਂ ਮਾਡਲ ਬਣਾਉਣ ਦਾ ਯਤਨ ਕਰੇਗੀ। ਕਿਸਾਨ ਜਥੇਬੰਦੀਆਂ ਨੂੰ ਇਸ ਬਾਰੇ ਸਪੱਸ਼ਟ ਤੌਰ ’ਤੇ ਚੇਤਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਹੁਣ ਹੋਣ ਵਾਲੇ ਵਾਰ ਜ਼ਿਆਦਾ ਲੁਕਵੇਂ ਤੇ ਘਾਤਕ ਹੋ ਸਕਦੇ ਹਨ। ਇਕ ਹੋਰ ਤਲਖ਼ ਹਕੀਕਤ 2022 ਦੀਆਂ ਨਜ਼ਦੀਕ ਆ ਰਹੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹਨ।
ਪੰਜਾਬ ਦੇ ਸੰਦਰਭ ਵਿਚ ਚੋਣਾਂ ਦੀ ਦੁਨੀਆ ਪੰਜਾਬ ਦੀ ਕਲੇਸ਼ਮਈ ਸਿਆਸਤ ਦੀ ਉਹ ਦੁਨੀਆ ਹੈ ਜਿਸ ਤੋਂ ਪੰਜਾਬੀ ਬਚ ਨਹੀਂ ਸਕਦੇ। ਇਹ ਦੁਨੀਆ ਤਾਕਤ ਤੇ ਸੱਤਾ ਦੀ ਹੈ ਜਿਸ ਨੇ ਆਉਣ ਵਾਲੇ ਪੰਜ ਸਾਲਾਂ ਲਈ ਉਨ੍ਹਾਂ ਨੁਮਾਇੰਦਿਆਂ ਨੂੰ ਚੁਣਨਾ ਹੈ ਜਿਨ੍ਹਾਂ ਨੇ ਇਨ੍ਹਾਂ ਮੁਸ਼ਕਿਲ ਸਮਿਆਂ ਵਿਚ ਸੂਬੇ ਦੇ ਹਰ ਖੇਤਰ (ਖੇਤੀ, ਵਿੱਦਿਆ, ਸਿਹਤ, ਬੁਨਿਆਦੀ ਢਾਂਚੇ ਆਦਿ) ਨੂੰ ਸੇਧ ਦੇਣੀ ਹੈ। ਕਿਸਾਨ ਅੰਦੋਲਨ ਨੇ ਪੰਜਾਬੀਆਂ ਦੇ ਮਨਾਂ ਵਿਚ ਉਦਾਸੀਨਤਾ ਨੂੰ ਖ਼ਤਮ ਕਰਕੇ ਸਾਡੀਆਂ ਆਸਾਂ, ਉਮੰਗਾਂ ਅਤੇ ਉਮੀਦਾਂ ਨੂੰ ਨਵੀਂ ਤਰਤੀਬ ਦਿੱਤੀ ਹੈ। ਲੋਕਾਂ ਦੇ ਮਨਾਂ ਵਿਚ ਡੂੰਘੇ ਤੌਖ਼ਲੇ ਹਨ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਸਿਆਸਤ ਹੁਣੇ ਹੁਣੇ ਸਿਰਜੇ ਗਏ ਸਾਡੇ ਆਦਰਸ਼ਮਈ ਸੰਸਾਰ ਨੂੰ ਬੇਤਰਤੀਬ ਨਾ ਕਰ ਦੇਵੇ। ਕਿਸੇ ਕਿਸਾਨ ਜਥੇਬੰਦੀ ਜਾਂ ਆਗੂ ਦੁਆਰਾ ਕਿਸੇ ਵੀ ਰਵਾਇਤੀ ਪਾਰਟੀ ਨਾਲ ਸਾਂਝ ਪਾਉਣੀ ਬੇਹੱਦ ਸੰਵੇਦਨਸ਼ੀਲ ਮਸਲਾ ਬਣ ਸਕਦਾ ਹੈ। ਇਸ ਵੇਲੇ ਪੰਜਾਬੀਆਂ ਦੀਆਂ ਉਮੀਦਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ’ਤੇ ਕੇਂਦਰਿਤ ਹਨ। ਇਹ ਹਕੀਕਤਾਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਲਈ ਵੀ ਓਨੀਆਂ ਹੀ ਹਕੀਕੀ ਹਨ। ਕਿਸਾਨ ਆਗੂਆਂ ਨੇ ਇਸ ਖ਼ਿੱਤੇ (ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼) ਦੀ ਸਮਾਜਿਕ ਅਤੇ ਸਿਆਸੀ ਵਿਆਕਰਨ ਤਾਂ ਲਿਖ ਦਿੱਤੀ ਹੈ ਪਰ ਇਸ ਵਿਆਕਰਨ ਅਨੁਸਾਰ ਭਵਿੱਖ ਦੀ ਇਬਾਰਤ ਲਿਖਣਾ ਵੀ ਕਿਸਾਨ ਅੰਦੋਲਨ ਦੇ ਫ਼ਰਜ਼ਾਂ ਵਿਚ ਸ਼ਾਮਿਲ ਹੈ। ਵਧਾਈਆਂ ਸਵੀਕਾਰ ਕਰਨ ਅਤੇ ਖ਼ੁਸ਼ੀਆਂ ਮਨਾਉਣ ਦੇ ਨਾਲ ਨਾਲ ਕਿਸਾਨ ਆਗੂਆਂ ਨੂੰ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਦੀ ਉਸ ਨਵੀਂ ਦੁਨੀਆ ਦਾ ਸਾਹਮਣਾ ਕਰਨਾ ਪੈਣਾ ਹੈ ਜਿਹੜੀ ਉਨ੍ਹਾਂ ਦੇ ਅਰਥ-ਭਰਪੂਰ ਸੰਘਰਸ਼ ਵਿਚੋਂ ਜਨਮੀ ਹੈ।