DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਹਾੜ, ਤੀਰਥ ਯਾਤਰਾ ਅਤੇ ਕੂੜਾ

ਤੀਰਥ ਯਾਤਰਾ ਮਨ ਉੱਤੇ ਰੂਹਾਨੀ ਛਾਪ ਛੱਡ ਕੇ ਜਾਣੀ ਚਾਹੀਦੀ ਹੈ ਨਾ ਕਿ ਪਿੱਛੇ ਪਲਾਸਟਿਕ ਦਾ ਕੂੜਾ। ਪਰ ਹਿਮਾਲਿਆ ਖੇਤਰ ਵਿੱਚ ਧਾਰਮਿਕ ਸੈਰ-ਸਪਾਟੇ ਦਾ ਬੋਝ ਲਗਾਤਾਰ ਵਧ ਰਿਹਾ ਹੈ। ਕੇਦਾਰਨਾਥ ਦੇ ਤਾਜ਼ਾ ਅੰਕੜੇ ਇੱਕ ਗੰਭੀਰ ਚੇਤਾਵਨੀ ਪੇਸ਼ ਕਰ ਰਹੇ ਹਨ।...

  • fb
  • twitter
  • whatsapp
  • whatsapp
Advertisement

ਤੀਰਥ ਯਾਤਰਾ ਮਨ ਉੱਤੇ ਰੂਹਾਨੀ ਛਾਪ ਛੱਡ ਕੇ ਜਾਣੀ ਚਾਹੀਦੀ ਹੈ ਨਾ ਕਿ ਪਿੱਛੇ ਪਲਾਸਟਿਕ ਦਾ ਕੂੜਾ। ਪਰ ਹਿਮਾਲਿਆ ਖੇਤਰ ਵਿੱਚ ਧਾਰਮਿਕ ਸੈਰ-ਸਪਾਟੇ ਦਾ ਬੋਝ ਲਗਾਤਾਰ ਵਧ ਰਿਹਾ ਹੈ। ਕੇਦਾਰਨਾਥ ਦੇ ਤਾਜ਼ਾ ਅੰਕੜੇ ਇੱਕ ਗੰਭੀਰ ਚੇਤਾਵਨੀ ਪੇਸ਼ ਕਰ ਰਹੇ ਹਨ। ਇਸ ਪਵਿੱਤਰ ਸਥਾਨ ਨੇ ਅਪਰੈਲ ਤੋਂ ਅਗਸਤ ਦੇ ਵਿਚਕਾਰ 50.30 ਟਨ ਕੂੜਾ ਪੈਦਾ ਕੀਤਾ ਹੈ, ਜੋ ਕਿ 2023 ਤੋਂ 2025 ਦੌਰਾਨ ਕਿਸੇ ਵੀ ਪੂਰੇ ਸਾਲ ਨਾਲੋਂ ਵੱਧ ਹੈ। ਇਸ ਦੇ ਉਲਟ, ‘ਕੈਰੀ ਮੀ ਬੈਕ’ ਮੁਹਿੰਮ ਤਹਿਤ ਲਗਪਗ 5,000 ਸ਼ਰਧਾਲੂਆਂ ਨੇ 18 ਕਿਲੋਮੀਟਰ ਲੰਮੇ ਪੈਦਲ ਰਸਤੇ ਤੋਂ 12 ਟਨ ਤੋਂ ਵੱਧ ਕੰਪਰੈੱਸਡ ਪਲਾਸਟਿਕ ਵਾਪਸ ਹੇਠਾਂ ਉਤਾਰਿਆ ਹੈ। ਇਹ ਇੱਕ ਸ਼ਲਾਘਾਯੋਗ ਕਦਮ ਹੈ, ਜੋ ਸ਼ਰਧਾਲੂਆਂ ਨੂੰ ਵਾਤਾਵਰਣ ਸੰਭਾਲ ਵਿੱਚ ਭਾਈਵਾਲ ਬਣਾਉਂਦਾ ਹੈ। ਪਰ ਇਹ ਕਿਸੇ ਜ਼ਿੰਮੇਵਾਰ ਸੈਰ-ਸਪਾਟਾ ਨੀਤੀ ਦਾ ਬਦਲ ਨਹੀਂ ਹੋ ਸਕਦਾ। ਅਸਲ ਤੇ ਵੱਡਾ ਸਵਾਲ ਇਹ ਹੈ ਕਿ ਪਹਾੜਾਂ ਤੱਕ ਇੰਨਾ ਕੂੜਾ ਪਹੁੰਚ ਹੀ ਕਿਉਂ ਰਿਹਾ ਹੈ? ਇਹ ਸਮੱਸਿਆ ਸਿਰਫ਼ ਕੇਦਾਰਨਾਥ ਤੱਕ ਸੀਮਤ ਨਹੀਂ ਹੈ। ਇਸ ਸਾਲ ਦੀ ਚਾਰ ਧਾਮ ਯਾਤਰਾ ਦੌਰਾਨ ਸਤੰਬਰ ਦੇ ਮੱਧ ਤੱਕ 792 ਟਨ ਤੋਂ ਵੱਧ ਕੂੜਾ ਇਕੱਠਾ ਕੀਤਾ ਜਾ ਚੁੱਕਾ ਸੀ, ਜਦੋਂ ਕਿ ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਘਾਟੀ ਨੂੰ ਮਿਲਾ ਕੇ ਇਹ ਅੰਕੜਾ 800 ਟਨ ਨੂੰ ਪਾਰ ਕਰ ਗਿਆ ਹੈ। 3,000 ਮੀਟਰ ਤੋਂ ਵੱਧ ਦੀ ਉਚਾਈ ਉੱਤੇ ਪਲਾਸਟਿਕ ਦੀਆਂ ਬੋਤਲਾਂ, ਲਿਫ਼ਾਫ਼ੇ ਅਤੇ ਵਰਤ ਕੇ ਸੁੱਟਣ ਵਾਲੀਆਂ ਚੀਜ਼ਾਂ ਆਮ ਮਿਲ ਰਹੀਆਂ ਹਨ। ਇਸ ਤੋਂ ਸਪੱਸ਼ਟ ਸਬਕ ਮਿਲਦਾ ਹੈ ਕਿ ਹਿਮਾਲਿਆ ਨੂੰ ਲੋੜੀਂਦੇ ਕੂੜਾ-ਕਰਕਟ ਦੇ ਨਿਪਟਾਰੇ ਤੋਂ ਬਿਨਾਂ ਸਿਰਫ਼ ਕੂੜੇ ਦੀ ਖਪਤ ਵਾਲਾ ਖੇਤਰ ਬਣਾਇਆ ਜਾ ਰਿਹਾ ਹੈ।

ਰਾਹਤ ਦੀ ਗੱਲ ਹੈ ਕਿ ਇਸ ਦੀਆਂ ਕੁਝ ਸਕਾਰਾਤਮਕ ਮਿਸਾਲਾਂ ਵੀ ਮੌਜੂਦ ਹਨ। ਇਸ ਸਾਲ ਅਮਰਨਾਥ ਯਾਤਰਾ ਦੇ ਰਸਤੇ ’ਤੇ ਮੁੜ ਵਰਤੋਂ ਯੋਗ ਭਾਂਡਿਆਂ ਅਤੇ ਪਾਣੀ ਭਰਨ ਦੀਆਂ ਸਹੂਲਤਾਂ (ਵਾਟਰ-ਰਿਫਿਲਿੰਗ ਫੈਸਿਲਿਟੀਜ਼) ਨੇ ਸ਼ਰਧਾਲੂਆਂ ਦੀ ਗਿਣਤੀ ਵਿੱਚ 17 ਫ਼ੀਸਦੀ ਵਾਧੇ ਦੇ ਬਾਵਜੂਦ, ਪ੍ਰਤੀ ਸ਼ਰਧਾਲੂ ਕੂੜੇ ਨੂੰ 15 ਫ਼ੀਸਦੀ ਤੱਕ ਘਟਾਉਣ ਵਿੱਚ ਮਦਦ ਕੀਤੀ ਹੈ। ਅਜਿਹੇ ਉਪਰਾਲੇ ਮਿਆਰ ਬਣਨੇ ਚਾਹੀਦੇ ਹਨ। ਪ੍ਰਸ਼ਾਸਨ ਨੂੰ ਸਿਰਫ਼ ਅਪੀਲਾਂ ਕਰਨ ਤੋਂ ਉੱਪਰ ਉੱਠ ਕੇ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ: ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਨੂੰ ਨੇਮਬੱਧ ਕੀਤਾ ਜਾਵੇ, ਬੋਤਲਾਂ ਅਤੇ ਪੈਕਿੰਗ ਵਾਪਸ ਕਰਨ ’ਤੇ ਰਿਫੰਡ (ਪੈਸੇ ਮੋੜਨ) ਦਾ ਨਿਯਮ ਬਣਾਇਆ ਜਾਵੇ, ਪਾਣੀ ਭਰਨ ਵਾਲੇ ਕੇਂਦਰਾਂ ਦਾ ਦਾਇਰਾ ਵਧਾਇਆ ਜਾਵੇ, ਕੂੜੇ ਨੂੰ ਸਰੋਤ ’ਤੇ ਹੀ ਵੱਖ-ਵੱਖ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਦੁਕਾਨਦਾਰਾਂ ਨੂੰ ਉਸ ਕੂੜੇ ਪ੍ਰਤੀ ਜਵਾਬਦੇਹ ਬਣਾਇਆ ਜਾਵੇ ਜੋ ਉਨ੍ਹਾਂ ਦੇ ਉਤਪਾਦਾਂ ਕਾਰਨ ਪੈਦਾ ਹੁੰਦਾ ਹੈ। ਤੀਰਥ ਯਾਤਰਾਵਾਂ ਦੀ ਗਿਣਤੀ ਨੂੰ ਪਹਾੜਾਂ ਦੀ ਵਿਗਿਆਨਕ ਤੌਰ ’ਤੇ ਤੈਅ ਕੀਤੀ ਗਈ ਭਾਰ ਸਹਿਣ ਦੀ ਸਮਰੱਥਾ (ਕੈਰਿੰਗ ਕਪੈਸਿਟੀ) ਨਾਲ ਜੋੜਿਆ ਜਾਣਾ ਚਾਹੀਦਾ ਹੈ। ਸ਼ਰਧਾ ਦਾ ਮਤਲਬ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਤੋਂ ਛੋਟ ਮਿਲਣਾ ਨਹੀਂ ਹੋ ਸਕਦਾ। ਕਿਸੇ ਪਵਿੱਤਰ ਪਹਾੜ ਦੀਆਂ ਹੱਦਾਂ ਦਾ ਆਦਰ ਕਰਨਾ ਉਸ ਆਸਥਾ ਦਾ ਆਦਰ ਕਰਨ ਦਾ ਹੀ ਹਿੱਸਾ ਹੈ ਜਿਸ ਦੀ ਉਹ ਤਰਜਮਾਨੀ ਕਰਦਾ ਹੈ। ਸ਼ਰਧਾਲੂ ਕੂੜਾ ਵਾਪਸ ਹੇਠਾਂ ਲਿਆ ਸਕਦੇ ਹਨ ਪਰ ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਪਹਾੜਾਂ ਨੂੰ ਬੇਲਗ਼ਾਮ ਯਾਤਰਾ ਦੇ ਨਤੀਜੇ ਨਾ ਭੁਗਤਣੇ ਪੈਣ।

Advertisement

Advertisement
Advertisement
×