DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਦਿਲ ਦੀਆਂ ਬਿਮਾਰੀਆਂ

ਦਿਲ ਦੀਆਂ ਬਿਮਾਰੀਆਂ ਹੁਣ ਸਿਰਫ਼ ਵੱਡੀ ਉਮਰ ਦੇ ਲੋਕਾਂ ਦਾ ਹੀ ਰੋਗ ਨਹੀਂ ਰਹੀਆਂ। ਉੱਤਰੀ ਭਾਰਤ ਵਿੱਚ ਬਹੁਤ ਸਾਰੇ ਨੌਜਵਾਨ ਦਿਲ ਦੇ ਗੰਭੀਰ ਰੋਗਾਂ ਦੀ ਲਪੇਟ ਵਿੱਚ ਆ ਰਹੇ ਹਨ, ਜੋ ਇਸ ਖਿੱਤੇ ਦੇ ਲੋਕਾਂ ਦੀ ਸਿਹਤ ਵਿੱਚ ਆ ਰਹੇ...

  • fb
  • twitter
  • whatsapp
  • whatsapp
Advertisement

ਦਿਲ ਦੀਆਂ ਬਿਮਾਰੀਆਂ ਹੁਣ ਸਿਰਫ਼ ਵੱਡੀ ਉਮਰ ਦੇ ਲੋਕਾਂ ਦਾ ਹੀ ਰੋਗ ਨਹੀਂ ਰਹੀਆਂ। ਉੱਤਰੀ ਭਾਰਤ ਵਿੱਚ ਬਹੁਤ ਸਾਰੇ ਨੌਜਵਾਨ ਦਿਲ ਦੇ ਗੰਭੀਰ ਰੋਗਾਂ ਦੀ ਲਪੇਟ ਵਿੱਚ ਆ ਰਹੇ ਹਨ, ਜੋ ਇਸ ਖਿੱਤੇ ਦੇ ਲੋਕਾਂ ਦੀ ਸਿਹਤ ਵਿੱਚ ਆ ਰਹੇ ਚਿੰਤਾਜਨਕ ਬਦਲਾਅ ਵੱਲ ਇਸ਼ਾਰਾ ਹੈ। ਪੰਜਾਬ ਅਤੇ ਹਰਿਆਣਾ ਤੋਂ ਆਈਆਂ ਤਾਜ਼ਾ ਰਿਪੋਰਟਾਂ ਇਸ ਹਕੀਕਤ ਉੱਤੇ ਮੋਹਰ ਲਾਉਂਦੀਆਂ ਹਨ। ਇੱਕ ਪਾਸੇ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਦਿਲ ਦੇ ਵੱਡੇ ਅਤੇ ਗੰਭੀਰ ਇਲਾਜਾਂ ਦੀ ਲੋੜ ਪੈ ਰਹੀ ਹੈ, ਉੱਥੇ ਹੀ ਦੂਜੇ ਪਾਸੇ ਹਰਿਆਣਾ ਵਿੱਚ ਫੈਲ ਰਹੇ ‘ਟੈਲੀ-ਈ ਸੀ ਜੀ’ ਨੈੱਟਵਰਕ ਨੇ ਇਹ ਵਿਖਾ ਦਿੱਤਾ ਹੈ ਕਿ ਵੇਲੇ ਸਿਰ ਬਿਮਾਰੀ ਦੀ ਪਛਾਣ ਕਰਕੇ ਕਿਵੇਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਹ ਦੋਵੇਂ ਗੱਲਾਂ ਰਲ ਕੇ ਸਾਡੇ ਇਲਾਕੇ ਦੀ ਇਸ ਵਧ ਰਹੀ ਸਮੱਸਿਆ ਨੂੰ ਉਜਾਗਰ ਕਰਦੀਆਂ ਹਨ ਅਤੇ ਇਸ ਨਾਲ ਨਜਿੱਠਣ ਦੇ ਰਾਹ ਵੀ ਦੱਸਦੀਆਂ ਹਨ।

ਸੁਸਤ ਜੀਵਨ-ਸ਼ੈਲੀ, ਬਾਜ਼ਾਰੂ/ਡੱਬਾਬੰਦ ਖਾਣੇ, ਮੋਟਾਪਾ, ਤੰਬਾਕੂ ਦੀ ਵਰਤੋਂ, ਨਸ਼ੇ, ਲਗਾਤਾਰ ਮਾਨਸਿਕ ਤਣਾਅ, ਨੀਂਦ ਦੀ ਘਾਟ ਅਤੇ ਛੋਟੀ ਉਮਰੇ ਹੀ ਸ਼ੂਗਰ ਤੇ ਬਲੱਡ ਪ੍ਰੈੱਸ਼ਰ ਦੀ ਬਿਮਾਰੀ ਦਾ ਹੋਣਾ- ਇਹ ਸਾਰੇ ਕਾਰਨ ਮਿਲ ਕੇ ਇੱਕ ਵੱਡਾ ਖ਼ਤਰਾ ਬਣ ਚੁੱਕੇ ਹਨ। ਬਹੁਤ ਸਾਰੇ ਨੌਜਵਾਨ ਪੜ੍ਹਾਈ, ਕੰਮ-ਕਾਰ ਜਾਂ ਮੋਬਾਈਲ-ਟੀਵੀ ਦੀਆਂ ਸਕਰੀਨਾਂ ਅੱਗੇ ਘੰਟਿਆਂਬੱਧੀ ਸਮਾਂ ਲੰਘਾ ਦਿੰਦੇ ਹਨ, ਜਿਸ ਕਰਕੇ ਕਸਰਤ ਜਾਂ ਮਨਪ੍ਰਚਾਵੇ ਲਈ ਸਮਾਂ ਹੀ ਨਹੀਂ ਬਚਦਾ। ਪੜ੍ਹਾਈ ਦੇ ਬੋਝ, ਬੇਰੁਜ਼ਗਾਰੀ ਅਤੇ ਆਰਥਿਕ ਅਨਿਸ਼ਚਿਤਤਾ ਕਰਕੇ ਵਧਦਾ ਮਾਨਸਿਕ ਤਣਾਅ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਹੋਰ ਵਧਾਉਂਦਾ ਹੈ। ਇਸ ਦੇ ਬਾਵਜੂਦ ਛਾਤੀ ਵਿੱਚ ਦਰਦ, ਸਾਹ ਚੜ੍ਹਨਾ ਜਾਂ ਬਿਨਾਂ ਵਜ੍ਹਾ ਥਕਾਵਟ ਵਰਗੇ ਲੱਛਣਾਂ ਨੂੰ ਅਕਸਰ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਕਿਉਂਕਿ ਅਜੇ ਵੀ ਦਿਲ ਦੇ ਰੋਗਾਂ ਨੂੰ ਸਿਰਫ਼ ਬਜ਼ੁਰਗਾਂ ਦੀ ਬਿਮਾਰੀ ਹੀ ਮੰਨਿਆ ਜਾਂਦਾ ਹੈ।

Advertisement

ਇਹੋ ਉਹ ਥਾਂ ਹੈ ਜਿੱਥੇ ਹਸਪਤਾਲਾਂ ਦੀ ਲੋੜ ਪੈਣ ਤੋਂ ਪਹਿਲਾਂ ਹੀ ਸਰਕਾਰੀ ਸਿਹਤ ਤੰਤਰ ਨੂੰ ਸੁਚੇਤ ਹੋ ਕੇ ਕਦਮ ਚੁੱਕਣੇ ਪੈਣਗੇ। ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿੱਚ ਚੱਲਦੇ ਸਿਹਤ ਪ੍ਰੋਗਰਾਮਾਂ ਅੰਦਰ ਬਲੱਡ ਪ੍ਰੈੱਸ਼ਰ, ਸ਼ੂਗਰ ਅਤੇ ਕੋਲੈਸਟਰੋਲ ਦੀ ਨਿਯਮਿਤ ਜਾਂਚ ਨੂੰ ਜ਼ਰੂਰੀ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਜਾਗਰੂਕਤਾ ਮੁਹਿੰਮਾਂ ਰਾਹੀਂ ਨੌਜਵਾਨਾਂ ਨੂੰ ਬਿਮਾਰੀ ਦੇ ਮੁੱਢਲੇ ਲੱਛਣ ਪਛਾਣਨ ਅਤੇ ਵੇਲੇ ਸਿਰ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਚੰਗੀ ਖ਼ੁਰਾਕ, ਸਰੀਰਕ ਕਸਰਤ ਅਤੇ ਮਾਨਸਿਕ ਸਿਹਤ ਵੱਲ ਵੀ ਸਰਕਾਰੀ ਨੀਤੀਆਂ ਵਿੱਚ ਛੂਤ ਦੀਆਂ ਬਿਮਾਰੀਆਂ ਜਿੰਨਾ ਹੀ ਧਿਆਨ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਤਕਨਾਲੋਜੀ ਵੀ ਇੱਕ ਆਸ ਦੀ ਕਿਰਨ ਦਿਖਾਉਂਦੀ ਹੈ। ਟੈਲੀ-ਮੈਡੀਸਨ (ਫੋਨ ਜਾਂ ਵੀਡੀਓ ਕਾਲ ਰਾਹੀਂ ਡਾਕਟਰੀ ਇਲਾਜ), ਦੂਰ-ਦੁਰਾਡੇ ਬੈਠ ਕੇ ਈ ਸੀ ਜੀ ਦੀ ਜਾਂਚ ਅਤੇ ਐਮਰਜੈਂਸੀ ਵਿੱਚ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਤੱਕ ਪਹੁੰਚਾਉਣ ਦਾ ਮਜ਼ਬੂਤ ਪ੍ਰਬੰਧ ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਵੀ ਮਾਹਿਰ ਡਾਕਟਰਾਂ ਦੀ ਸਹੂਲਤ ਪਹੁੰਚਾ ਸਕਦਾ ਹੈ, ਜਿਸ ਨਾਲ ‘ਗੋਲਡਨ ਆਵਰ’ (ਦਿਲ ਦਾ ਦੌਰਾ ਪੈਣ ਤੋਂ ਬਾਅਦ ਦੇ ਪਹਿਲੇ ਇੱਕ ਘੰਟੇ) ਵਿੱਚ ਹੀ ਇਲਾਜ ਸ਼ੁਰੂ ਹੋਣਾ ਯਕੀਨੀ ਬਣੇਗਾ। ਅਜਿਹੇ ਨਵੇਂ ਤਜਰਬਿਆਂ ਨੂੰ ਬਿਮਾਰੀਆਂ ਤੋਂ ਬਚਾਅ ਦੀ ਇੱਕ ਵੱਡੀ ਯੋਜਨਾ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।

Advertisement

Advertisement
×