DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖੇਡਾਂ ਦਾ ਹਰਿਆਣਾ ਮਾਡਲ

ਜਦੋਂ ਜਾਪਾਨ ਦੇ ਆਇਚੀ-ਨਾਗੋਯਾ ਵਿੱਚ ਵੀਹਵੀਆਂ ਏਸ਼ਿਆਈ ਖੇਡਾਂ ਦੀ ਮਸ਼ਾਲ ਜਗਾਈ ਗਈ ਤਾਂ ਭਾਰਤੀ ਦਲ ਦੀ ਅਗਵਾਈ ਝੱਜਰ ਦੀ ਰਹਿਣ ਵਾਲੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨੇ ਕੀਤੀ। ਉਹ ਇਸ ਵੱਡੀ ਹਕੀਕਤ ਦੀ ਸਿਰਫ਼ ਇੱਕ ਝਲਕ ਹੈ...

  • fb
  • twitter
  • whatsapp
  • whatsapp
Advertisement

ਜਦੋਂ ਜਾਪਾਨ ਦੇ ਆਇਚੀ-ਨਾਗੋਯਾ ਵਿੱਚ ਵੀਹਵੀਆਂ ਏਸ਼ਿਆਈ ਖੇਡਾਂ ਦੀ ਮਸ਼ਾਲ ਜਗਾਈ ਗਈ ਤਾਂ ਭਾਰਤੀ ਦਲ ਦੀ ਅਗਵਾਈ ਝੱਜਰ ਦੀ ਰਹਿਣ ਵਾਲੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨੇ ਕੀਤੀ। ਉਹ ਇਸ ਵੱਡੀ ਹਕੀਕਤ ਦੀ ਸਿਰਫ਼ ਇੱਕ ਝਲਕ ਹੈ ਕਿ ਮਹਾਦੀਪੀ ਪੱਧਰ ’ਤੇ ਮੁਕਾਬਲਾ ਕਰ ਰਹੇ ਭਾਰਤ ਦੇ ਪੰਜ ਸੌ ਤਿੰਨ ਕੁਸ਼ਲ ਖਿਡਾਰੀਆਂ ਵਿੱਚੋਂ ਅੱਸੀ ਖਿਡਾਰੀ ਇਕੱਲੇ ਹਰਿਆਣਾ ਤੋਂ ਹਨ। ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ਼ ਦੋ ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਹਰਿਆਣਾ ਦੀ ਇਹ ਵੱਡੀ ਪ੍ਰਤੀਨਿਧਤਾ ਉੱਥੋਂ ਦੇ ਖ਼ਾਸ ਪ੍ਰਬੰਧਕੀ ਢਾਂਚੇ ਦਾ ਨਤੀਜਾ ਹੈ। ‘ਹਰਿਆਣਾ ਮਾਡਲ’ ਇਸ ਲਈ ਕਾਮਯਾਬ ਹੈ ਕਿਉਂਕਿ ਇਹ ਖੇਡਾਂ ਵਿੱਚ ਆਉਣ ਵਾਲੀ ਆਰਥਿਕ ਅਨਿਸ਼ਚਿਤਤਾ ਨੂੰ ਖ਼ਤਮ ਕਰਦਾ ਹੈ। ਆਪਣੀ ‘ਮੈਡਲ-ਟੂ-ਜੌਬ’ ਯਾਨੀ ਤਗ਼ਮੇ ਬਦਲੇ ਨੌਕਰੀ ਦੀ ਨੀਤੀ ਰਾਹੀਂ ਸੂਬਾ ਸਰਕਾਰ ਅੰਤਰਰਾਸ਼ਟਰੀ ਪੱਧਰ ’ਤੇ ਤਗ਼ਮੇ ਜਿੱਤਣ ਵਾਲਿਆਂ ਨੂੰ ਮੋਟੇ ਨਕਦ ਇਨਾਮ ਅਤੇ ਰੁਜ਼ਗਾਰ ਦੇ ਮੌਕੇ ਦਿੰਦੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਨੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹਰ ਪਾਸੇ ਪਹੁੰਚਾਇਆ ਹੈ। ਜਿੱਥੇ ਦੂਜੇ ਸੂਬੇ ਅਕਸਰ ਵਧੀਆ ਸਹੂਲਤਾਂ ਸ਼ਹਿਰਾਂ ਤੱਕ ਹੀ ਸੀਮਤ ਰੱਖਦੇ ਹਨ, ਉੱਥੇ ਹਰਿਆਣਾ ਦੇ ਸਿੰਥੈਟਿਕ ਟਰੈਕ, ਸ਼ੂਟਿੰਗ ਰੇਂਜ ਅਤੇ ਮੈਟ ਵਾਲੇ ਅਖਾੜੇ ਸੋਨੀਪਤ, ਰੋਹਤਕ ਅਤੇ ਭਿਵਾਨੀ ਵਰਗੇ ਪੇਂਡੂ ਜ਼ਿਲ੍ਹਿਆਂ ਦੇ ਅੰਦਰ ਤੱਕ ਫੈਲੇ ਹੋਏ ਹਨ। ਪੇਂਡੂ ਨੌਜਵਾਨਾਂ, ਖ਼ਾਸ ਕਰਕੇ ਧੀਆਂ ਲਈ ਖੇਡਾਂ ਸਮਾਜ ਵਿੱਚ ਅੱਗੇ ਵਧਣ ਅਤੇ ਉੱਚਾ ਮੁਕਾਮ ਹਾਸਲ ਕਰਨ ਦਾ ਇੱਕ ਮਜ਼ਬੂਤ ਜ਼ਰੀਆ ਬਣ ਗਈਆਂ ਹਨ।

ਪਰ ਇਸ ਕਾਮਯਾਬ ਖੇਡ ਨਰਸਰੀ ਵਿੱਚ ਅਜੇ ਵੀ ਕਈ ਗੰਭੀਰ ਕਮੀਆਂ ਤੇ ਚੁਣੌਤੀਆਂ ਮੌਜੂਦ ਹਨ। ਰਾਸ਼ਟਰੀ ਕੁਸ਼ਤੀ ਅਤੇ ਮੁੱਕੇਬਾਜ਼ੀ ਫੈਡਰੇਸ਼ਨਾਂ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਸਾਹਮਣੇ ਆਈਆਂ ਪ੍ਰਸ਼ਾਸਕੀ ਰੁਕਾਵਟਾਂ, ਖਿਡਾਰੀਆਂ ਦੀ ਸੁਰੱਖਿਆ ਨਾਲ ਜੁੜੇ ਫ਼ਿਕਰ ਅਤੇ ਬਿਨਾਂ ਕਿਸੇ ਪੱਕੀ ਨੀਤੀ ਜਾਂ ਦੂਰਅੰਦੇਸ਼ੀ ਦੇ ਚਲਾਏ ਜਾ ਰਹੇ ਪ੍ਰਬੰਧ ਹਰਿਆਣਾ ਦੇ ਇਸ ਮਾਣਮੱਤੇ ਖੇਡ ਢਾਂਚੇ ਦੀ ਰੀੜ੍ਹ ਦੀ ਹੱਡੀ ਲਈ ਵੱਡਾ ਖ਼ਤਰਾ ਬਣ ਰਹੇ ਹਨ। ਇਸ ਤੋਂ ਇਲਾਵਾ ਖੇਡ ਵਿਗਿਆਨ ਦੀ ਵੱਡੀ ਘਾਟ ਅਤੇ ਹੇਠਲੇ ਪੱਧਰ ’ਤੇ ਵਿਗਿਆਨਕ ਅੰਕੜਿਆਂ ਯਾਨੀ ਡੇਟਾ ਉੱਤੇ ਆਧਾਰਿਤ ਸਿਖਲਾਈ ਦੀ ਅਣਹੋਂਦ ਕੱਚੀ ਪ੍ਰਤਿਭਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਤੋਂ ਰੋਕ ਸਕਦੀ ਹੈ।

Advertisement

ਹਰਿਆਣਾ ਦੇ ਖਿਡਾਰੀ ਨਾਗੋਯਾ ਵਿੱਚ ਸੂਬੇ ਦੀਆਂ ਉਮੀਦਾਂ ਨੂੰ ਅੱਗੇ ਵਧਾ ਰਹੇ ਹਨ ਤੇ ਨਾਲ ਹੀ ਉਹ ਪੂਰੇ ਭਾਰਤ ਲਈ ਇੱਕ ਅਹਿਮ ਸੁਨੇਹਾ ਵੀ ਦੇ ਰਹੇ ਹਨ ਕਿ ਕਿਸੇ ਵੀ ਮਹਾਨ ਦੇਸ਼ ਦੀਆਂ ਖੇਡ ਇੱਛਾਵਾਂ ਸਿਰਫ਼ ਇੱਕੋ ਸੂਬੇ ਜਾਂ ਗਿਣਤੀ ਦੀਆਂ ਕੁਝ ਕੁ ਖੇਡਾਂ ਦੇ ਭਰੋਸੇ ਲੰਮੇ ਸਮੇਂ ਤੱਕ ਪੂਰੀਆਂ ਨਹੀਂ ਹੋ ਸਕਦੀਆਂ। ਜੇਕਰ ਭਾਰਤ ਨੇ ਆਉਣ ਵਾਲੇ ਸਮੇਂ ਵਿੱਚ ਇੱਕ ਅਸਲ ਬਹੁ-ਖੇਡ ਮਹਾਸ਼ਕਤੀ ਬਣਨਾ ਹੈ ਤਾਂ ਦੇਸ਼ ਦੇ ਬਾਕੀ ਸੂਬਿਆਂ ਨੂੰ ਵੀ ਅੱਗੇ ਆਉਣਾ ਪਵੇਗਾ। ਉਨ੍ਹਾਂ ਨੂੰ ਪਹੁੰਚਯੋਗ ਬੁਨਿਆਦੀ ਢਾਂਚੇ, ਉੱਚ ਪੱਧਰੀ ਵਿਗਿਆਨਕ ਸਿਖਲਾਈ, ਸਮਰੱਥ ਕੋਚਿੰਗ ਅਤੇ ਪੁਖ਼ਤਾ ਖਿਡਾਰੀ ਸਹਾਇਤਾ ਪ੍ਰਣਾਲੀਆਂ ਵਿੱਚ ਭਾਰੀ ਨਿਵੇਸ਼ ਕਰਨਾ ਪਵੇਗਾ। ਨਾਗੋਯਾ ਵਿੱਚ ਜਿੱਤੇ ਗਏ ਤਗ਼ਮੇ ਬਿਨਾਂ ਸ਼ੱਕ ਤਾਰੀਫ਼ ਦੇ ਹੱਕਦਾਰ ਹੋਣਗੇ ਪਰ ਅਸਲ ਜਿੱਤ ਇਹੀ ਹੋਵੇਗੀ ਕਿ ਹਰਿਆਣਾ ਮਾਡਲ ਵਰਗੇ ਸੁਨਹਿਰੀ ਮੌਕੇ ਹਰ ਜਗ੍ਹਾ ਹੋਣਹਾਰ ਨੌਜਵਾਨਾਂ ਨੂੰ ਮਿਲਣ।

Advertisement

Advertisement
×