DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਲਵਾਰਾ ਨੇ ਭਰੀ ਉਡਾਣ

ਦਹਾਕਿਆਂ ਦੀ ਉਡੀਕ, ਵਾਰ-ਵਾਰ ਟਲਦੀਆਂ ਰਹੀਆਂ ਤਰੀਕਾਂ ਅਤੇ ਸਿਆਸੀ ਲਾਰਿਆਂ ਤੋਂ ਬਾਅਦ, ਹਲਵਾਰਾ ਹਵਾਈ ਅੱਡੇ ’ਤੇ ਪਹਿਲੀ ਕਮਰਸ਼ੀਅਲ ਫਲਾਈਟ ਦੀ ਲੈਂਡਿੰਗ ਦਾ ਦ੍ਰਿਸ਼ ਪੰਜਾਬ ਲਈ ਭਾਵਨਾਤਮਕ ਅਤੇ ਆਰਥਿਕ ਮਹੱਤਵ ਰੱਖਦਾ ਹੈ। ਲੁਧਿਆਣੇ ਲਈ, ਦਿੱਲੀ-ਹਲਵਾਰਾ ਸੰਪਰਕ ਰਾਸ਼ਟਰੀ ਅਤੇ ਗਲੋਬਲ ਬਾਜ਼ਾਰਾਂ ਦਾ...

  • fb
  • twitter
  • whatsapp
  • whatsapp
Advertisement

ਦਹਾਕਿਆਂ ਦੀ ਉਡੀਕ, ਵਾਰ-ਵਾਰ ਟਲਦੀਆਂ ਰਹੀਆਂ ਤਰੀਕਾਂ ਅਤੇ ਸਿਆਸੀ ਲਾਰਿਆਂ ਤੋਂ ਬਾਅਦ, ਹਲਵਾਰਾ ਹਵਾਈ ਅੱਡੇ ’ਤੇ ਪਹਿਲੀ ਕਮਰਸ਼ੀਅਲ ਫਲਾਈਟ ਦੀ ਲੈਂਡਿੰਗ ਦਾ ਦ੍ਰਿਸ਼ ਪੰਜਾਬ ਲਈ ਭਾਵਨਾਤਮਕ ਅਤੇ ਆਰਥਿਕ ਮਹੱਤਵ ਰੱਖਦਾ ਹੈ। ਲੁਧਿਆਣੇ ਲਈ, ਦਿੱਲੀ-ਹਲਵਾਰਾ ਸੰਪਰਕ ਰਾਸ਼ਟਰੀ ਅਤੇ ਗਲੋਬਲ ਬਾਜ਼ਾਰਾਂ ਦਾ ਇੱਕ ਪ੍ਰਵੇਸ਼ ਦੁਆਰ ਹੈ। ਇਸ ਸ਼ੁਰੂਆਤ ਦਾ ਮੱਧ ਪੰਜਾਬ ਵਿੱਚ ਭਾਰੀ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯਾਤਰੀਆਂ ਲਈ ਆਵਾਜਾਈ ਦੇ ਪ੍ਰਬੰਧ ਕੀਤੇ, ਸਿਆਸੀ ਆਗੂ ਇਸ ਦਾ ਸਿਹਰਾ ਲੈਣ ਲਈ ਕਾਹਲੇ ਦਿਸੇ ਅਤੇ ਖ਼ਬਰਾਂ ਮੁਤਾਬਿਕ ਰਸਮੀ ਤੌਰ ’ਤੇ ਸੰਚਾਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਿਕਟਾਂ ਦੀ ਭਾਰੀ ਮੰਗ ਦੇਖਣ ਨੂੰ ਮਿਲੀ। ਇਹ ਉਤਸ਼ਾਹ ਬਿਲਕੁਲ ਜਾਇਜ਼ ਵੀ ਹੈ। ਲੁਧਿਆਣਾ ਦੇ ਨਿਰਯਾਤਕਾਂ, ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੀ ਲੰਬੇ ਸਮੇਂ ਤੋਂ ਇਹ ਸ਼ਿਕਾਇਤ ਸੀ ਕਿ ਚੰਡੀਗੜ੍ਹ ਅਤੇ ਅੰਮ੍ਰਿਤਸਰ ’ਤੇ ਨਿਰਭਰਤਾ ਕਾਰਨ ਕਾਰੋਬਾਰੀ ਗਤੀਸ਼ੀਲਤਾ ਹੌਲੀ ਹੁੰਦੀ ਸੀ ਅਤੇ ਆਵਾਜਾਈ ਦੀ ਲਾਗਤ ਵਧਦੀ ਸੀ।

ਹਲਵਾਰਾ ਦੀ ਇਹ ਸ਼ੁਰੂਆਤ ਇੱਕ ਅਹਿਮ ਮੋੜ ’ਤੇ ਹੋਈ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ‘ਉਡਾਨ’ (ਯੂ ਡੀ ਏ ਐੱਨ) ਖੇਤਰੀ ਸੰਪਰਕ ਯੋਜਨਾ ਦਾ ਵਿਸਤਾਰ ਕਰਦਿਆਂ ਇਸ ਦਾ ਬਜਟ ਮੂਲ 4,500 ਕਰੋੜ ਰੁਪਏ ਤੋਂ ਵਧਾ ਕੇ ਲਗਪਗ 28,840 ਕਰੋੜ ਰੁਪਏ ਕਰ ਦਿੱਤਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ 100 ਨਵੇਂ ਹਵਾਈ ਅੱਡੇ ਅਤੇ ਹਵਾਈ ਪੱਟੀਆਂ ਵਿਕਸਿਤ ਕਰਨਾ ਹੈ। ਹਾਲਾਂਕਿ, ਖੇਤਰੀ ਸੰਪਰਕ ਅਜੇ ਵੀ ਅਸੰਤੁਲਿਤ ਹੈ। ਉੱਤਰੀ ਭਾਰਤ ਦੇਸ਼ ਦੇ ਕੁੱਲ ਯਾਤਰੀ ਟਰੈਫ਼ਿਕ ਵਿੱਚ ਲਗਪਗ 30% ਹਿੱਸਾ ਪਾਉਂਦਾ ਹੈ, ਪਰ ਇਸ ਦੇ ਬਾਵਜੂਦ ਕਈ ਛੋਟੇ ਹਵਾਈ ਅੱਡੇ ਅਜੇ ਵੀ ਗਾਹਕਾਂ ਦੀ ਕਮੀ ਅਤੇ ਅਨਿਯਮਿਤ ਉਡਾਣਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ।

Advertisement

ਇਹੀ ਕਾਰਨ ਹੈ ਕਿ ਹਲਵਾਰਾ ਦੀ ਸਫਲਤਾ ਨੂੰ ਪਹਿਲਾਂ ਹੀ ਪੱਕਾ ਮੰਨ ਕੇ ਨਹੀਂ ਬੈਠਿਆ ਜਾ ਸਕਦਾ। ਧੂਮ-ਧਾਮ ਨਾਲ ਸ਼ੁਰੂ ਕੀਤੇ ਗਏ ਕਈ ਹਵਾਈ ਅੱਡੇ ਬਾਅਦ ਵਿੱਚ ਬਹੁਤ ਘੱਟ ਵਰਤੋਂ ਵਿੱਚ ਆਏ ਹਨ। ਏਅਰਲਾਈਨਾਂ ਦੇ ਨਿਰੰਤਰ ਸੰਚਾਲਨ ਤੋਂ ਬਿਨਾਂ ਖੜ੍ਹਾ ਕੀਤਾ ਗਿਆ ਬੁਨਿਆਦੀ ਢਾਂਚਾ ਆਰਥਿਕ ਸੰਪਤੀ ਬਣਨ ਦੀ ਬਜਾਏ ਜਲਦੀ ਹੀ ਚਿੱਟਾ ਹਾਥੀ ਬਣ ਕੇ ਰਹਿ ਜਾਂਦਾ ਹੈ। ਫਿਰ ਵੀ, ਹਲਵਾਰਾ ਕੋਲ ਕੁਝ ਵਿਸ਼ੇਸ਼ ਲਾਭ ਮੌਜੂਦ ਹਨ। ਹਵਾਈ ਸੈਨਾ ਦੇ ਬੇਸ ਦਾ ਵਿਸਤਾਰ ਕਰਕੇ ਵਿਕਸਿਤ ਕੀਤਾ ਗਿਆ ਇਸ ਹਵਾਈ ਅੱਡੇ ਦਾ ਟਰਮੀਨਲ ਇੱਕ ਸਮੇਂ ਵਿੱਚ 300 ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ, ਜਦੋਂ ਕਿ ‘ਏਅਰ ਇੰਡੀਆ’ ਨੇ ਦਿੱਲੀ ਲਈ ਰੋਜ਼ਾਨਾ ਦੋ ਉਡਾਣਾਂ ਨਾਲ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਲੁਧਿਆਣਾ ਦਾ ਉਦਯੋਗਿਕ ਮਾਹੌਲ ਇਸ ਹਵਾਈ ਅੱਡੇ ਨੂੰ ਯਾਤਰੀਆਂ ਦਾ ਇੱਕ ਅਜਿਹਾ ਕੁਦਰਤੀ ਆਧਾਰ ਦੇ ਰਿਹਾ ਹੈ, ਜੋ ‘ਉਡਾਨ’ ਯੋਜਨਾ ਦੇ ਕਈ ਹੋਰ ਹਵਾਈ ਅੱਡਿਆਂ ਨੂੰ ਕਦੇ ਨਸੀਬ ਨਹੀਂ ਹੋਇਆ। ਪਰ ਅਸਲ ਪ੍ਰੀਖਿਆ ਉਦੋਂ ਸ਼ੁਰੂ ਹੋਵੇਗੀ ਜਦੋਂ ਸ਼ੁਰੂਆਤੀ ਤਾੜੀਆਂ ਦੀ ਗੂੰਜ ਮੱਧਮ ਪੈ ਜਾਵੇਗੀ। ਇਸ ਹਵਾਈ ਸੰਪਰਕ ਦਾ ਭਰੋਸੇਯੋਗ, ਕਿਫ਼ਾਇਤੀ ਅਤੇ ਵਪਾਰਕ ਤੌਰ ’ਤੇ ਟਿਕਾਊ ਹੋਣਾ ਬਹੁਤ ਜ਼ਰੂਰੀ ਹੈ। ਕਾਰਗੋ (ਮਾਲ-ਢੋਆ-ਢੁਆਈ) ਦੀ ਸਹੂਲਤ, ਹਵਾਈ ਅੱਡੇ ਤੱਕ ਪਹੁੰਚਣ ਲਈ ਸਥਾਨਕ ਆਵਾਜਾਈ ਦੇ ਸਾਧਨ ਅਤੇ ਹੋਰ ਰੂਟਾਂ ਦਾ ਵਿਸਤਾਰ ਹੀ ਇਹ ਤੈਅ ਕਰੇਗਾ ਕਿ ਕੀ ਹਲਵਾਰਾ ਸੱਚਮੁੱਚ ਪੰਜਾਬ ਦੀ ਆਰਥਿਕਤਾ ਦੀ ਨੁਹਾਰ ਬਦਲ ਸਕਦਾ ਹੈ ਜਾਂ ਨਹੀਂ। ਸੂਬਾ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਹਵਾਈ ਅੱਡੇ ਦੀ ਹਵਾਈ ਪੱਟੀ ਹਮੇਸ਼ਾ ਰੁੱਝੀ ਰਹੇ।

Advertisement

Advertisement
×