DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਾਸਿਆਂ ’ਤੇ ਪਹਿਰੇਦਾਰੀ

ਸੋਸ਼ਲ ਮੀਡੀਆ ਸਿਆਸੀ ਮੀਮਜ਼ ਨਾਲ ਭਰਿਆ ਹੋਇਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਾਸਰਸ ਕਲਾਕਾਰਾਂ (ਕਾਮੇਡੀਅਨ) ਲਈ ਤਾਕਤਵਰ ਸਿਆਸਤਦਾਨਾਂ ’ਤੇ ਵਿਅੰਗ ਕਰ ਕੇ ਬਚ ਨਿਕਲਣਾ ਸੌਖਾ ਹੈ। ਹੈਦਰਾਬਾਦ ਦੇ ਰਹਿਣ ਵਾਲੇ ਸਟੈਂਡ-ਅੱਪ ਕਾਮੇਡੀਅਨ ਸ਼ਰਤ ਉਦੈ ਦਾ ਬੰਗਲੁਰੂ ਵਿਚਲਾ...

  • fb
  • twitter
  • whatsapp
  • whatsapp
Advertisement

ਸੋਸ਼ਲ ਮੀਡੀਆ ਸਿਆਸੀ ਮੀਮਜ਼ ਨਾਲ ਭਰਿਆ ਹੋਇਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਾਸਰਸ ਕਲਾਕਾਰਾਂ (ਕਾਮੇਡੀਅਨ) ਲਈ ਤਾਕਤਵਰ ਸਿਆਸਤਦਾਨਾਂ ’ਤੇ ਵਿਅੰਗ ਕਰ ਕੇ ਬਚ ਨਿਕਲਣਾ ਸੌਖਾ ਹੈ। ਹੈਦਰਾਬਾਦ ਦੇ ਰਹਿਣ ਵਾਲੇ ਸਟੈਂਡ-ਅੱਪ ਕਾਮੇਡੀਅਨ ਸ਼ਰਤ ਉਦੈ ਦਾ ਬੰਗਲੁਰੂ ਵਿਚਲਾ ਸ਼ੋਅ ਸ਼ਨਿੱਚਰਵਾਰ ਸ਼ਾਮ ਉਸ ਸਮੇਂ ਰੁਕ ਗਿਆ, ਜਦੋਂ ਤੇਲਗੂ ਦੇਸਮ ਪਾਰਟੀ (ਟੀ ਡੀ ਪੀ) ਦੇ ਸਮਰਥਕਾਂ ਦੇ ਇੱਕ ਸਮੂਹ ਨੇ ਸਟੇਜ ’ਤੇ ਆ ਕੇ ਉਸ ਦਾ ਘਿਰਾਓ ਕਰ ਲਿਆ ਅਤੇ ਦਰਸ਼ਕਾਂ ਦੇ ਸਾਹਮਣੇ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨ ਲਈ ਕਿਹਾ। ਉਦੈ ਨੂੰ ਆਪਣੀ ਪੇਸ਼ਕਾਰੀ ਰੋਕਣ ਲਈ ਮਜਬੂਰ ਹੋਣਾ ਪਿਆ ਅਤੇ ਆਪਣੇ ਦੋ ਸਾਲ ਪੁਰਾਣੇ ਚੁਟਕਲਿਆਂ ਲਈ ਮੁੜ ਮੁਆਫ਼ੀ ਮੰਗਣੀ ਪਈ, ਜਿਸ ਵਿੱਚ ਉਸ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਅਤੇ ਸੂਬਾਈ ਮੰਤਰੀ ਨਾਰਾ ਲੋਕੇਸ਼ (ਮੁੱਖ ਮੰਤਰੀ ਦੇ ਪੁੱਤਰ) ਨੂੰ ਨਿਸ਼ਾਨਾ ਬਣਾਇਆ ਸੀ। ਇਹ ਬਹੁਤ ਚਿੰਤਾਜਨਕ ਹੈ ਕਿ ਡਰਾਉਣ-ਧਮਕਾਉਣ ਦਾ ਇਹ ਸਿਲਸਿਲਾ ਇੰਨੀ ਬੇਬਾਕੀ ਨਾਲ ਸ਼ਰ੍ਹੇਆਮ ਚੱਲ ਰਿਹਾ ਹੈ।

ਇਹ ਘਟਨਾ ਹਾਸੇ-ਠੱਠੇ ਰਾਹੀਂ ਪ੍ਰਗਟਾਏ ਜਾਣ ਵਾਲੇ ਵਿਰੋਧ ਪ੍ਰਤੀ ਲਗਾਤਾਰ ਘਟ ਰਹੀ ਸਹਿਣਸ਼ੀਲਤਾ ਦੀ ਪ੍ਰਤੱਖ ਉਦਾਹਰਨ ਹੈ। ਹਾਸਰਸ (ਕਾਮੇਡੀ) ਹਮੇਸ਼ਾ ਕੁਝ ਲੋਕਾਂ ਨੂੰ ਨਾਰਾਜ਼ ਕਰਕੇ ਹੀ ਵਧਦਾ-ਫੁੱਲਦਾ ਹੈ। ਖ਼ਾਸ ਕਰਕੇ ਸਿਆਸੀ ਵਿਅੰਗ ਲੰਮੇ ਸਮੇਂ ਤੋਂ ਸੱਤਾ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਆਇਆ ਹੈ। ਨਾਇਡੂ ਅਤੇ ਲੋਕੇਸ਼ ਬਾਰੇ ਸੁਣਾਏ ਚੁਟਕਲਿਆਂ ਦਾ 2024 ਵਿੱਚ ਵੀ ਤਿੱਖਾ ਵਿਰੋਧ ਹੋਇਆ ਸੀ, ਜਿਸ ਕਾਰਨ ਸ਼ਰਤ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਪਈ ਸੀ। ਹੁਣ ਉਸ ’ਤੇ ਮੁੜ ਦਬਾਅ ਬਣਾਉਣ ਦੀ ਇਹ ਕੋਸ਼ਿਸ਼ ਸਾਫ਼ ਇਸ਼ਾਰਾ ਕਰਦੀ ਹੈ ਕਿ ਸਿਆਸੀ ਹਿੱਤਾਂ ਦੀ ਪੂਰਤੀ ਲਈ ਲੋਕਾਂ ਦੇ ਗੁੱਸੇ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।

Advertisement

ਉਦੈ ਨਾਲ ਵਾਪਰੀ ਇਹ ਘਟਨਾ ਇੱਕ ਅਫ਼ਸੋਸਨਾਕ ਵਰਤਾਰੇ ਦਾ ਹਿੱਸਾ ਹੈ। ਇਸੇ ਮਹੀਨੇ ਦੇ ਸ਼ੁਰੂ ਵਿੱਚ ਆਂਧਰਾ ਪ੍ਰਦੇਸ਼ ਪੁਲੀਸ ਨੇ ਹਾਸਰਸ ਕਲਾਕਾਰ ਅਨੂਦੀਪ ਕਾਤੀਕਲਾ ਅਤੇ ਰਫ਼ੀਕ ਮੁਹੰਮਦ ਨੂੰ ਅਜਿਹੀਆਂ ਵੀਡੀਓਜ਼ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਉਨ੍ਹਾਂ ਨੇ ਉਪ ਮੁੱਖ ਮੰਤਰੀ ਪਵਨ ਕਲਿਆਣ ਬਾਰੇ ਚੁਟਕਲੇ ਸੁਣਾਏ ਸਨ। ਪਿਛਲੇ ਸਾਲ ਮਾਰਚ ਵਿੱਚ ਸ਼ਿਵ ਸੈਨਾ ਦੇ ਕਾਰਕੁਨਾਂ ਨੇ ਮੁੰਬਈ ਦੇ ਇੱਕ ਹੋਟਲ ਵਿੱਚ ਸਿਰਫ਼ ਇਸ ਲਈ ਭੰਨ-ਤੋੜ ਕੀਤੀ ਸੀ ਕਿਉਂਕਿ ਬੇਬਾਕ ਕਾਮੇਡੀਅਨ ਕੁਨਾਲ ਕਾਮਰਾ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ‘ਗ਼ੱਦਾਰ’ ਕਹਿ ਦਿੱਤਾ ਸੀ। ਜਦੋਂ ਹਾਸੇ ’ਤੇ ਪਹਿਰੇਦਾਰੀ ਹੋ ਜਾਵੇ ਅਤੇ ਕਲਾਕਾਰਾਂ ਨੂੰ ਧਮਕਾਇਆ ਜਾਣ ਲੱਗੇ ਤਾਂ ਇਸ ਦਾ ਨੁਕਸਾਨ ਸਿਰਫ਼ ਕਿਸੇ ਇੱਕ ਸ਼ੋਅ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਹ ਬੋਲਣ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੁੰਦਾ ਹੈ। ਅਸਲ ਸਮੱਸਿਆ ਹਾਸਰਸ (ਕਾਮੇਡੀ) ਵਿੱਚ ਨਹੀਂ, ਸਗੋਂ ਉਨ੍ਹਾਂ ਲੋਕਾਂ ਦੀ ਅਸੁਰੱਖਿਆ ਦੀ ਭਾਵਨਾ ਵਿੱਚ ਹੈ ਜੋ ਆਪਣੇ ਉੱਤੇ ਹੱਸੇ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਹੁਣ ਇਹ ਸਿਆਸੀ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਅੰਨ੍ਹੇ ਭਗਤਾਂ ਨੂੰ ਨੱਥ ਪਾਉਣ ਅਤੇ ਪੁਲੀਸ ਨੂੰ ਵੀ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।

Advertisement

Advertisement
×