ਗੋਪਾਲ ਸਿੰਘ ਤੇ ਬਸ਼ੀਰ ਅਹਿਮਦ

ਗੋਪਾਲ ਸਿੰਘ ਤੇ ਬਸ਼ੀਰ ਅਹਿਮਦ

ਦੇਸ਼ ਦੀਆਂ ਬਹੁਤ ਸਾਰੀਆਂ ਅਖ਼ਬਾਰਾਂ ਅਤੇ ਨਿਊਜ਼ ਪੋਰਟਲਾਂ ਨੇ ਪਾਕਿਸਤਾਨੀ ਅਖ਼ਬਾਰ ‘ਡਾਨ’ ਦੇ ਹਵਾਲੇ ਨਾਲ ਚੜ੍ਹਦੇ ਪੰਜਾਬ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਰਦਾਰ ਗੋਪਾਲ ਸਿੰਘ ਅਤੇ ਪੰਜਾਬ ਦੀ ਵੰਡ ਕਾਰਨ 74 ਸਾਲ ਪਹਿਲਾਂ ਵਿਛੜੇ ਉਨ੍ਹਾਂ ਦੇ ਦੋਸਤ ਲਹਿੰਦੇ ਪੰਜਾਬ ਦੇ ਜਨਾਬ ਮੁਹੰਮਦ ਬਸ਼ੀਰ ਦੇ ਇਤਫ਼ਾਕਨ ਮਿਲਣ ਬਾਰੇ ਖ਼ਬਰਾਂ ਛਾਪੀਆਂ ਹਨ। ਜਿਸ ਦਿਨ ਗੋਪਾਲ ਸਿੰਘ ਕਰਤਾਰਪੁਰ ਸਾਹਿਬ ਪਹੁੰਚੇ, ਉਸ ਦਿਨ ਮੁਹੰਮਦ ਬਸ਼ੀਰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ। 1947 ਤੋਂ ਪਹਿਲਾਂ ਦੋਵੇਂ ਦੋਸਤ ਇਕੱਠੇ ਗੁਰਦੁਆਰੇ ਆਇਆ ਕਰਦੇ ਸਨ। ਦੋਵਾਂ ਨੇ ਇਕੱਠੇ ਖਾਣਾ ਖਾਧਾ, ਯਾਦਾਂ ਸਾਂਝੀਆਂ ਕੀਤੀਆਂ ਅਤੇ ਸ਼ਾਮ ਦੇ ਪੰਜ ਵਜੇ ਗੋਪਾਲ ਸਿੰਘ ਵਾਪਸ ਚੜ੍ਹਦੇ ਪੰਜਾਬ ਪਰਤ ਆਏ। ਅਖ਼ਬਾਰਾਂ ਵਿਚ ਇਸ ਭਾਵੁਕ ਮਿਲਣੀ ਅਤੇ ਇਤਫ਼ਾਕ ਦਾ ਵਾਰ ਵਾਰ ਜ਼ਿਕਰ ਹੋ ਰਿਹਾ ਹੈ; ਇੰਟਰਨੈੱਟ ’ਤੇ ਦੋਹਾਂ ਦੋਸਤਾਂ ਦੀ ਮਿਲਣੀ ਦੀ ਤਸਵੀਰ ਬਾਰੇ ਕਈ ਲੋਕਾਂ ਨੇ ਕਿਹਾ ਹੈ ਕਿ ਇਹ ਕਿਸੇ ਫ਼ਿਲਮ ਵਾਂਗ ਹੈ।

ਪੰਜਾਬ ਅਤੇ ਬੰਗਾਲ ਦੀ 1947 ਵਿਚ ਹੋਈ ਵੰਡ ਮਨੁੱਖਤਾ ਦਾ ਵੱਡਾ ਦੁਖਾਂਤ ਸੀ। ਪੰਜਾਬ ਦੀ ਵੰਡ ਵੇਲੇ ਪੰਜਾਬੀਆਂ ਨੂੰ ਨਹੀਂ ਪੁੱਛਿਆ ਗਿਆ ਕਿ ਉਹ ਕੀ ਚਾਹੁੰਦੇ ਹਨ। ਸਦੀਆਂ ਤੋਂ ਹਕੂਮਤਾਂ ਦੇ ਬਦਲਾਉ ਅਤੇ ਬਾਹਰੀ ਹਮਲਿਆਂ ਦੇ ਦੁੱਖ ਭੋਗਦੇ ਆਏ ਪੰਜਾਬੀਆਂ ਨੂੰ ਯਕੀਨ ਸੀ ਕਿ ਹਕੂਮਤਾਂ ਬਦਲਦੀਆਂ ਹਨ ਪਰ ਸਦੀਆਂ ਤੋਂ ਇਕ ਥਾਂ ’ਤੇ ਵੱਸਦੇ ਲੋਕ ਉੱਥੇ ਹੀ ਵੱਸਦੇ ਰਹਿੰਦੇ ਹਨ। ਕੱਟੜਪੰਥੀ ਜਥੇਬੰਦੀਆਂ, ਸਿਆਸੀ ਪਾਰਟੀਆਂ ਤੇ ਬਸਤੀਵਾਦੀ ਹਾਕਮਾਂ ਨੇ ਅਜਿਹਾ ਜ਼ਹਿਰੀਲਾ ਮਾਹੌਲ ਬਣਾਇਆ ਜਿਸ ਵਿਚ ਪੰਜਾਬੀਆਂ ਦੀ ਸਦੀਆਂ ਤੋਂ ਕਮਾਈ ਸਾਂਝ ਲੀਰੋ-ਲੀਰ ਹੋ ਗਈ। ਪੰਜਾਬੀਆਂ ਨੇ ਆਪਣੇ ਆਪ ਨੂੰ ਕੋਹਿਆ, ਲਗਭਗ 10 ਲੱਖ ਪੰਜਾਬੀ ਮਾਰੇ ਗਏ, ਲੱਖਾਂ ਬੇਘਰ ਹੋਏ ਅਤੇ ਔਰਤਾਂ ਦੀ ਬੇਪਤੀ ਹੋਈ; ਦੋਹਾਂ ਪੰਜਾਬਾਂ ਦੇ ਲੋਕ ਉਹ ਅੱਧੇ-ਅਧੂਰੇ ਫਰਦ ਬਣ ਕੇ ਰਹਿ ਗਏ। ਲਹਿੰਦੇ ਪੰਜਾਬ ਦੇ ਵਾਸੀਆਂ ਦੀ ਜ਼ਿੰਦਗੀ ’ਚੋਂ ਗੁਰਦੁਆਰਿਆਂ ਵਿਚ ਗੂੰਜਦੀ ਬਾਣੀ, ਮੰਦਰਾਂ ਦੇ ਟੱਲਾਂ ਦੀ ਆਵਾਜ਼ ਤੇ ਲੰਗਰ ਦੀਆਂ ਰਹਿਮਤਾਂ ਮਨਫ਼ੀ ਹੋ ਗਈਆਂ। ਚੜ੍ਹਦੇ ਪੰਜਾਬ ਦੇ ਵਾਸੀਆਂ ਦੀ ਜ਼ਿੰਦਗੀ ਮਸਜਿਦਾਂ ਦੀ ਅਜ਼ਾਨਾਂ ਅਤੇ ਦਰਗਾਹਾਂ ’ਚੋਂ ਉੱਠਦੇ ਸੂਫ਼ੀ ਫ਼ਕੀਰਾਂ ਦੇ ਬੋਲਾਂ ਤੋਂ ਵਿਰਵੀ ਹੋ ਗਈ। ਇਨ੍ਹਾਂ ਘਾਟਿਆਂ ਦੇ ਨਤੀਜੇ ਦੋਹਾਂ ਪੰਜਾਬਾਂ ਨੇ ਭੁਗਤੇ; ਦੋਵੇਂ ਕੱਟੜਪੰਥੀ ਰਾਹਾਂ ’ਤੇ ਚੱਲਦੇ ਰਹੇ ਅਤੇ ਵੱਡੇ ਸੰਤਾਪਾਂ ਵਿਚੋਂ ਲੰਘੇ ਹਨ।

ਇਸ ਸਭ ਕੁਝ ਦੇ ਬਾਵਜੂਦ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਿਚਲੀ ਸਦੀਆਂ ਪੁਰਾਣੀ ਸੱਭਿਆਚਾਰਕ ਸਾਂਝ ਅਜੇ ਵੀ ਕਾਇਮ ਹੈ। ਦੋਹਾਂ ਪੰਜਾਬਾਂ ਵਿਚ ਸਿੱਖ ਗੁਰੂਆਂ, ਸੂਫ਼ੀ ਫ਼ਕੀਰਾਂ ਅਤੇ ਭਗਤੀ ਲਹਿਰ ਦੇ ਸੰਤਾਂ ਦੇ ਬੋਲ ਅਜੇ ਵੀ ਗੂੰਜਦੇ ਹਨ। ਦੋਹਾਂ ਪੰਜਾਬਾਂ ਦੇ ਗਾਇਕਾਂ ਨੇ ਇਸ ਸੱਭਿਆਚਾਰਕ ਪੂੰਜੀ ਨੂੰ ਸਾਂਭਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਰੂਹਾਨੀ ਅਤੇ ਭਾਵਨਾਤਮਕ ਪੱਧਰ ’ਤੇ ਦੋਹਾਂ ਪੰਜਾਬਾਂ ਦੇ ਬਾਸ਼ਿੰਦੇ ਪੁਰਾਣੀ ਸਾਂਝ ਅਤੇ ਮਿਲਾਪ ਦਾ ਕਾਲਪਨਿਕ ਸੰਸਾਰ ਉਸਾਰਦੇ ਰਹਿੰਦੇ ਹਨ। ਸਰਦਾਰ ਗੋਪਾਲ ਸਿੰਘ ਅਤੇ ਜਨਾਬ ਬਸ਼ੀਰ ਅਹਿਮਦ ਵਿਚਕਾਰ ਹੋਈ ਮਿਲਣੀ ਅਜਿਹੇ ਭਾਵਨਾਤਮਕ ਸੰਸਾਰ ਵਿਚ ਹੋਣ ਵਾਲੀਆਂ ਹਲਚਲਾਂ ਦੀ ਨਿਸ਼ਾਨਦੇਹੀ ਕਰਦੀ ਹੈ। ਇਹ ਸਹੀ ਹੈ ਕਿ ਇਤਿਹਾਸ ਨੇ ਦੋਹਾਂ ਪੰਜਾਬਾਂ ਨੂੰ ਵੱਖ ਵੱਖ ਕਰ ਦਿੱਤਾ ਹੈ ਪਰ ਇਸ ਦੇ ਨਾਲ ਇਹ ਵੀ ਸਹੀ ਹੈ ਕਿ ਟੋਟੇ ਟੋਟੇ ਹੋਏ ਪੰਜਾਬ ਦੀ ਆਤਮਾ ਹਮੇਸ਼ਾ ਇਹ ਕਾਮਨਾ ਕਰਦੀ ਹੈ ਕਿ ਉਹ ਮੁੜ ਇਕ ਹੋ ਜਾਵੇ। ਸਿਆਸਤ ਤੇ ਇਤਿਹਾਸ ਦੀ ਤਲਖ਼ ਹਕੀਕਤ ਇਹ ਹੈ ਕਿ ਅਜਿਹਾ ਮਿਲਣ ਨੇੜ-ਭਵਿੱਖ ਵਿਚ ਸੰਭਵ ਨਹੀਂ ਹੈ ਪਰ ਦੋਹਾਂ ਦੇਸ਼ਾਂ ਵਿਚ ਦੁਸ਼ਮਣੀ ਘਟਾਉਣੀ, ਨਫ਼ਰਤ ਦੀਆਂ ਦੀਵਾਰਾਂ ਨੂੰ ਡੇਗਣਾ, ਆਪਸੀ ਮੇਲ-ਮਿਲਾਪ ਦੇ ਮੌਕੇ ਬਣਾਉਣਾ ਅਤੇ ਸੱਭਿਆਚਾਰਕ ਸਾਂਝ ਵਧਾਉਣੀ ਤਾਂ ਮੁਮਕਿਨ ਹੈ। ਜ਼ਰੂਰਤ ਹੈ ਕਿ ਦੋਹਾਂ ਦੇਸ਼ਾਂ ਦੀ ਸਿਆਸੀ ਜਮਾਤ ਨਫ਼ਰਤ ਦੀ ਸਿਆਸਤ ਤੋਂ ਬਾਹਰ ਆਏ ਅਤੇ ਦੋਹਾਂ ਪੰਜਾਬਾਂ ਅਤੇ ਬੰਗਾਲਾਂ ਵਿਚ ਸਾਂਝੀਵਾਲਤਾ ਤੇ ਸੱਭਿਆਚਾਰਕ ਸਾਂਝ ਨੂੰ ਵਧਾਇਆ ਜਾਵੇ। ਇਸ ਨਾਲ ਵਪਾਰਕ ਵਿਕਾਸ ਤੇ ਆਰਥਿਕ ਖ਼ੁਸ਼ਹਾਲੀ ਦੇ ਰਾਹ-ਰਸਤੇ ਵੀ ਖੁੱਲ੍ਹਦੇ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਖੁੱਲ੍ਹਿਆ ਕਰਤਾਰਪੁਰ ਲਾਂਘਾ ਅਜਿਹੀ ਪਹਿਲਕਦਮੀ ਹੈ ਜੋ ਦੋਹਾਂ ਦੇਸ਼ਾਂ ਦੇ ਸਬੰਧ ਸੁਧਾਰਨ ਵਿਚ ਇਤਿਹਾਸਕ ਭੂਮਿਕਾ ਨਿਭਾ ਸਕਦੀ ਹੈ; ਸਰਦਾਰ ਗੋਪਾਲ ਸਿੰਘ ਅਤੇ ਜਨਾਬ ਬਸ਼ੀਰ ਅਹਿਮਦ ਦੀ ਭਾਵੁਕ ਮੁਲਾਕਾਤ ਜਿਹੇ ਹਜ਼ਾਰਾਂ ਹੋਰ ਮੰਜ਼ਰ ਵੇਖਣ ਨੂੰ ਮਿਲ ਸਕਦੇ ਹਨ। ਜ਼ਰੂਰਤ ਨਫ਼ਰਤ ਭਰੀ, ਕੱਟੜਪੰਥੀ ਸਿਆਸਤ ਤੋਂ ਬਾਹਰ ਆਉਣ ਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All